ਅਜਿਹੇ ਨਤੀਜੇ ’ਤੇ ਪੁੱਜਣ ਦੀ ਭੁੱਲ ਨਹੀਂ ਕੀਤੀ ਜਾਣੀ ਚਾਹੀਦੀ ਕਿ ਸਿਰਫ਼ ਤਿਉਹਾਰਾਂ ’ਤੇ ਹੀ ਨਕਲੀ ਜਾਂ ਮਿਲਾਵਟੀ ਖੁਰਾਕੀ ਪਦਾਰਥ ਬਣਦੇ-ਵਿਕਦੇ ਹਨ।

ਹੋਲੀ ਨੇੜੇ ਆਉਂਦੇ ਹੀ ਦੇਸ਼ ਭਰ ਵਿਚ ਅਜਿਹੀਆਂ ਖ਼ਬਰਾਂ ਆਉਣ ਦਾ ਸਿਲਸਿਲਾ ਕਾਇਮ ਹੋ ਗਿਆ ਹੈ ਕਿ ਨਕਲੀ ਖੋਆ, ਪਨੀਰ ਜਾਂ ਫਿਰ ਮਿਲਾਵਟੀ ਮਠਿਆਈਆਂ ਬਰਾਮਦ। ਬੀਤੇ ਹਫ਼ਤੇ ਆਗਰਾ ਤੋਂ ਮਿਲੀ ਇਕ ਖ਼ਬਰ ਅਨੁਸਾਰ ਰਾਜਸਥਾਨ ਤੋਂ ਲਿਆਂਦਾ ਗਿਆ 1,320 ਕਿੱਲੋ ਮਿਲਾਵਟੀ ਖੋਇਆ ਬਰਾਮਦ ਕੀਤਾ ਗਿਆ।
ਕਾਨਪੁਰ ਤੋਂ ਆਈ ਇਕ ਹੋਰ ਖ਼ਬਰ ਇਹ ਕਹਿੰਦੀ ਹੈ ਕਿ ਹੋਲੀ ਅਤੇ ਰਮਜ਼ਾਨ ਦੇ ਮੌਕੇ ’ਤੇ 50 ਲੱਖ ਰੁਪਏ ਮੁੱਲ ਦੇ 10,000 ਕਿੱਲੋ ਪੁਰਾਣੇ ਅਤੇ ਖ਼ਰਾਬ ਖਜੂਰਾਂ ਦੇ ਪੈਕਟਾਂ ’ਤੇ ਨਵੇਂ ਲੇਬਲ ਲਗਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਖਪਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸੇ ਦਿਨ ਦੀ ਇਕ ਹੋਰ ਖ਼ਬਰ ਮੁਤਾਬਕ ਕਾਨਪੁਰ ਵਿਚ ਹੀ 600 ਕਿੱਲੋ ਮਿਲਾਵਟੀ ਖੋਇਆ ਵੀ ਫੜਿਆ ਗਿਆ। ਇਸ ਤੋਂ ਇਲਾਵਾ ਲਗਪਗ 2 ਲੱਖ ਰੁਪਏ ਤੋਂ ਵੱਧ ਮੁੱਲ ਦੀ ਕਟੀ ਹੋਈ ਸੁਪਾਰੀ ਵੀ ਜ਼ਬਤ ਕੀਤੀ ਗਈ ਜਿਸ ਨੂੰ ਮਿਲਾਵਟੀ ਪਾਏ ਜਾਣ ’ਤੇ ਨਸ਼ਟ ਕੀਤਾ ਗਿਆ।
ਬੀਤੇ ਦਿਨੀਂ ਲਖਨਊ ਤੋਂ ਮਿਲੀ ਇਕ ਹੋਰ ਖ਼ਬਰ ਵਿਚ ਦੱਸਿਆ ਗਿਆ ਕਿ ਖੁਰਾਕੀ ਸੁਰੱਖਿਆ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਨੇ ਮਿਲਾਵਟੀ ਖੁਰਾਕੀ ਪਦਾਰਥਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਵਿਚ ਲਗਪਗ 13 ਕੁਇੰਟਲ ਸੜੇ ਹੋਏ ਅਤੇ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਖਜੂਰ ਨਸ਼ਟ ਕਰਵਾਏ। ਇਸੇ ਮੁਹਿੰਮ ਤਹਿਤ 2,000 ਕਿੱਲੋ ਹਲਦੀ ਅਤੇ 20,000 ਕਿੱਲੋ ਸੁਪਾਰੀ ਵੀ ਜ਼ਬਤ ਕੀਤੀ ਗਈ ਕਿਉਂਕਿ ਉਨ੍ਹਾਂ ਦੇ ਖ਼ਰਾਬ ਹੋਣ ਦਾ ਸੰਦੇਹ ਸੀ।
ਸਹਾਰਨਪੁਰ ਤੋਂ ਮਿਲੀ ਇਕ ਖ਼ਬਰ ਅਨੁਸਾਰ, ਖੁਰਾਕ ਵਿਭਾਗ ਨੇ ਰਾਮਪੁਰ ਮਨਿਹਾਰਨ ਕਸਬੇ ਵਿਚ ਲਗਪਗ 6.5 ਕੁਇੰਟਲ ਮਿਲਾਵਟੀ ਪਨੀਰ ਬਰਾਮਦ ਕੀਤਾ। ਹਾਲ ਹੀ ਵਿਚ ਭੀਲਵਾੜਾ ਵਿਚ ਇਕ ਕੋਲਡ ਸਟੋਰੇਜ ਤੋਂ ਵੱਡੀ ਮਾਤਰਾ ਵਿਚ ਸ਼ੱਕੀ ਮਿਲਾਵਟੀ ਮਸਾਲੇ ਜ਼ਬਤ ਕੀਤੇ ਗਏ। ਇਨ੍ਹਾਂ ਵਿਚ 2,300 ਕਿੱਲੋ ਲਾਲ ਮਿਰਚ ਪਾਊਡਰ ਅਤੇ 1,700 ਕਿੱਲੋ ਸਾਬਤ ਧਨੀਏ ਨੂੰ ਮਿਲਾਵਟੀ ਹੋਣ ਦੇ ਸ਼ੱਕ ਵਿਚ ਜ਼ਬਤ ਕੀਤਾ ਗਿਆ।
ਇਸੇ ਮਹੀਨੇ ਗੁਜਰਾਤ ਦੇ ਸਾਬਰਕਾਂਠਾ ਵਿਚ ਡਿਟਰਜੈਂਟ, ਕਾਸਟਿਕ ਸੋਡਾ, ਯੂਰੀਆ ਆਦਿ ਦੀ ਵਰਤੋਂ ਕਰ ਕੇ ਨਕਲੀ ਦੁੱਧ ਅਤੇ ਲੱਸੀ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਇਹ ਫੈਕਟਰੀ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਸੀ। ਬੀਤੇ ਦਿਨੀਂ ਆਂਧਰ ਪ੍ਰਦੇਸ਼ ਦੇ ਇਕ ਕਸਬੇ ਵਿਚ ਮਿਲਾਵਟੀ-ਜ਼ਹਿਰੀਲਾ ਦੁੱਧ ਪੀਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 15-20 ਦਿਨਾਂ ਦੀਆਂ ਹੀ ਦੇਸ਼ ਭਰ ਤੋਂ ਆਈਆਂ ਖ਼ਬਰਾਂ ਦਾ ਜਾਇਜ਼ਾ ਲਿਆ ਜਾਵੇ ਤਾਂ ਉਨ੍ਹਾਂ ਦਾ ਜ਼ਿਕਰ ਕਰਨ ਲਈ ਇਹ ਪੂਰਾ ਪੰਨਾ ਜਾਂ ਫਿਰ ਅਖ਼ਬਾਰ ਵੀ ਘੱਟ ਪੈ ਸਕਦੀ ਹੈ। ਇਨ੍ਹਾਂ ਖ਼ਬਰਾਂ ਦੇ ਆਧਾਰ ’ਤੇ ਅਜਿਹੇ ਕਿਸੇ ਨਤੀਜੇ ’ਤੇ ਪੁੱਜਣ ਦੀ ਭੁੱਲ ਨਹੀਂ ਕੀਤੀ ਜਾਣੀ ਚਾਹੀਦੀ ਕਿ ਸਿਰਫ਼ ਤਿਉਹਾਰਾਂ ’ਤੇ ਹੀ ਨਕਲੀ ਜਾਂ ਮਿਲਾਵਟੀ ਖੁਰਾਕੀ ਪਦਾਰਥ ਬਣਨ ਅਤੇ ਵਿਕਣ ਲੱਗਦੇ ਹਨ। ਦਰਅਸਲ, ਇਹ ਕੰਮ ਸਾਲ ਭਰ ਬਿਨਾਂ ਕਿਸੇ ਰੋਕ-ਟੋਕ ਦੇ ਚੱਲਦਾ ਰਹਿੰਦਾ ਹੈ।
ਕਿਸੇ ਨੂੰ ਇਸ ਨਤੀਜੇ ’ਤੇ ਵੀ ਨਹੀਂ ਪੁੱਜਣਾ ਚਾਹੀਦਾ ਕਿ ਜਿਨ੍ਹਾਂ ਵਿਭਾਗਾਂ ’ਤੇ ਮਿਲਾਵਟੀ, ਨਕਲੀ, ਘਟੀਆ ਖੁਰਾਕੀ ਸਮੱਗਰੀ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਹੈ, ਉਹ ਮਿਲਾਵਟਖੋਰਾਂ ਵਿਰੁੱਧ ਸਦਾ ਚੌਕਸ ਰਹਿੰਦੇ ਹਨ। ਸੱਚ ਇਹ ਹੈ ਕਿ ਅਜਿਹੇ ਵਿਭਾਗ ਸਿਰਫ਼ ਸਿਰਫ਼ ਤਿਉਹਾਰਾਂ ਦੇ ਸਮੇਂ ਹੀ ਚੌਕਸ ਅਤੇ ਸਰਗਰਮ ਦਿਖਾਈ ਦਿੰਦੇ ਹਨ।
ਇਹ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਚੌਕਸੀ-ਸਰਗਰਮੀ ਉਸ ਮਿਲਾਵਟੀ ਅਤੇ ਨਕਲੀ ਖੁਰਾਕੀ ਸਮੱਗਰੀ ਦਾ ਇਕ ਹਿੱਸਾ ਹੀ ਫੜ ਪਾਉਂਦੀ ਹੈ ਜੋ ਬਾਜ਼ਾਰ ਵਿਚ ਵਿਕਣ ਲਈ ਆ ਜਾਂਦੀ ਹੈ। ਕਲਪਨਾ ਕਰੋ ਕਿ ਆਪਣੇ ਦੇਸ਼ ਵਿਚ ਕਿੰਨੇ ਹੀ ਲੋਕ ਟਨਾਂ ਦੇ ਹਿਸਾਬ ਨਾਲ ਮਿਲਾਵਟੀ, ਨਕਲੀ ਅਤੇ ਸਿਹਤ ਲਈ ਖ਼ਤਰਨਾਕ ਖ਼ੁਰਾਕੀ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਜਿਹਾ ਕਰ ਕੇ ਬਿਮਾਰ ਹੋਣ ਲਈ ਮਜਬੂਰ ਹਨ? ਮਿਲਾਵਟੀ ਅਤੇ ਨਕਲੀ ਖ਼ੁਰਾਕੀ ਸਮੱਗਰੀ ਖ਼ਿਲਾਫ਼ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਦੌਰਾਨ ਅਜਿਹੀ ਸੂਚਨਾ ਤਾਂ ਆਉਂਦੀ ਹੈ ਕਿ ਸ਼ੱਕੀ ਖ਼ੁਰਾਕੀ ਪਦਾਰਥਾਂ ਦੇ ਨਮੂਨੇ ਪ੍ਰੀਖਣ ਲਈ ਭੇਜੇ ਗਏ ਪਰ ਇਹ ਖ਼ਬਰ ਮੁਸ਼ਕਲ ਨਾਲ ਹੀ ਮਿਲਦੀ ਹੈ ਕਿ ਇਨ੍ਹਾਂ ਨਮੂਨਿਆਂ ਦੇ ਨਤੀਜੇ ਕੀ ਰਹੇ?
ਜੇ ਕਦੇ ਅਜਿਹੀ ਖ਼ਬਰ ਆ ਵੀ ਜਾਂਦੀ ਹੈ ਤਾਂ ਇਹ ਪਤਾ ਲੱਗਣਾ ਮੁਸ਼ਕਲ ਹੁੰਦਾ ਹੈ ਕਿ ਮਿਲਾਵਟੀ ਜਾਂ ਫਿਰ ਨਕਲੀ ਖ਼ੁਰਾਕੀ ਸਮੱਗਰੀ ਬਣਾਉਣ-ਵੇਚਣ ਵਾਲਿਆਂ ਨੂੰ ਸਜ਼ਾ ਕੀ ਮਿਲੀ? ਅਜਿਹੀ ਖ਼ਬਰ ਮੁਸ਼ਕਲ ਨਾਲ ਇਸ ਲਈ ਆਉਂਦੀ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਸਜ਼ਾ ਮਿਲਣ ਦੇ ਮਾਮਲੇ ਬਹੁਤ ਹੀ ਦੁਰਲਭ ਹਨ। ਸਿਰਫ਼ ਇਸ ਤੋਂ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਕਿ ਆਪਣੇ ਦੇਸ਼ ਵਿਚ ਨਕਲੀ, ਮਿਲਾਵਟੀ ਜਾਂ ਫਿਰ ਘਟੀਆ ਕਿਸਮ ਦੀ ਖ਼ੁਰਾਕੀ ਸਮੱਗਰੀ ਬਣਦੀ ਅਤੇ ਵਿਕਦੀ ਰਹਿੰਦੀ ਹੈ। ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਦਵਾਈਆਂ ਦੇ ਮਾਮਲੇ ਵਿਚ ਵੀ ਇਹੀ ਸਥਿਤੀ ਹੈ।
ਅਕਸਰ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਿ ਫਲਾਣੀਆਂ ਦਵਾਈਆਂ ਦੇ ਸੈਂਪਲ ਫੇਲ੍ਹ। ਬੀਤੇ ਦਿਨ ਦੀ ਇਕ ਖ਼ਬਰ ਇਹ ਕਹਿੰਦੀ ਹੈ ਕਿ ਦੇਸ਼ ਭਰ ਵਿਚ ਨਿਰਮਿਤ 215 ਦਵਾਈਆਂ ਦੇ ਸੈਂਪਲ ਫੇਲ੍ਹ ਪਾਏ ਗਏ। ਕੇਂਦਰੀ ਦਵਾ ਮਾਨਕ ਨਿਯੰਤਰਣ ਸੰਗਠਨ ਵੱਲੋਂ ਜਾਰੀ ਡਰੱਗ ਅਲਰਟ ਮੁਤਾਬਕ ਇਨ੍ਹਾਂ ’ਚੋਂ 71 ਦਵਾਈਆਂ ਹਿਮਾਚਲ ਵਿਚ ਬਣੀਆਂ ਹਨ। ਇਹ ਦਵਾਈਆਂ ਮੁੱਖ ਤੌਰ ’ਤੇ ਐਲਰਜੀ, ਦਮਾ, ਦਰਦ-ਬੁਖ਼ਾਰ ਦੀਆਂ ਹਨ। ਇਸ ਤੋਂ ਇਲਾਵਾ ਕੁਝ ਐਂਟੀਬਾਇਓਟਿਕਸ ਅਤੇ 16 ਕਫ ਕੋਲਡ ਸਿਰਪ ਵੀ ਹਨ। ਅਜਿਹੇ ਡਰੱਗ ਅਲਰਟ ਨਵੇਂ ਨਹੀਂ ਹਨ ਅਤੇ ਨਾ ਹੀ ਉਹ ਕਦੇ-ਕਦਾਈਂ ਜਾਰੀ ਹੁੰਦੇ ਹਨ।
ਉਹ ਜਾਰੀ ਹੀ ਹੁੰਦੇ ਰਹਿੰਦੇ ਹਨ ਪਰ ਨੀਤੀ-ਘਾੜਿਆਂ ਦਾ ਦੋਇਮ ਦਰਜੇ ਦੀਆਂ ਖ਼ੁਰਾਕੀ ਵਸਤਾਂ ਅਤੇ ਦਵਾਈਆਂ ਵੱਲ ਧਿਆਨ ਉਦੋਂ ਹੀ ਜਾਂਦਾ ਹੈ ਜਦ ਲੋਕ ਗੰਭੀਰ ਰੂਪ ਵਿਚ ਬਿਮਾਰ ਹੋ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਤੁਸੀਂ ਉਨ੍ਹਾਂ ਖ਼ਬਰਾਂ ਤੋਂ ਵੀ ਅਣਜਾਣ ਨਹੀਂ ਹੋ ਸਕਦੇ ਜੋ ਇਹ ਦੱਸਦੀਆਂ ਹਨ ਕਿ ਨਕਲੀ ਟੁੱਥਪੇਸਟ, ਸਾਬਣ ਵਰਗੇ ਉਤਪਾਦ ਬਣਾਉਣ ਵਾਲੀਆਂ ਫੈਕਟਰੀਆਂ ਫੜੀਆਂ ਗਈਆਂ।
ਬੀਤੇ ਅਗਸਤ ਵਿਚ ਜੈਪੁਰ ਵਿਚ ਅਜਿਹੀ ਹੀ ਇਕ ਫੈਕਟਰੀ ਵਿਚ ਨਾਮੀ ਟੁੱਥਪੇਸਟ, ਕਰੀਮ, ਸਾਬਣ ਆਦਿ ਦੇ ਨਾਲ-ਨਾਲ ਬ੍ਰਾਂਡਡ ਕੰਪਨੀਆਂ ਦਾ ਨਕਲੀ ਘਿਉ ਬਣ ਰਿਹਾ ਸੀ। ਇਸੇ ਤਰ੍ਹਾਂ ਦਿੱਲੀ ਵਿਚ ਇਕ ਫੈਕਟਰੀ ਨਕਲੀ ਈਨੋ ਬਣਾਉਂਦੀ ਹੋਈ ਫੜੀ ਗਈ ਸੀ। ਜਿਸ ਦੇਸ਼ ਵਿਚ ਜਾਨਲੇਵਾ ਘਟੀਆ ਖ਼ੁਰਾਕੀ ਸਮੱਗਰੀ ਇੰਨੇ ਵੱਡੇ ਪੈਮਾਨੇ ’ਤੇ ਬਣ ਰਹੀ ਹੋਵੇ, ਉਹ ਆਖ਼ਰ ਵਿਕਸਤ ਕਿਵੇਂ ਬਣ ਸਕਦਾ ਹੈ? ਜਿੱਥੇ ਅਜਿਹੇ ਮਾੜੇ ਕੰਮ ਧੜੱਲੇ ਨਾਲ ਹੋ ਰਹੇ ਹਨ, ਉੱਥੇ ਏਆਈ ਸਮਿੱਟ ਵਿਚ ਕਿਸੇ ਯੂਨੀਵਰਸਿਟੀ ਵੱਲੋਂ ਚੀਨੀ ਰੋਬੋਟਿਕ ਡੌਗ ਨੂੰ ਆਪਣਾ ਦੱਸ ਕੇ ਪੇਸ਼ ਕਰਨ ’ਚ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
-ਰਾਜੀਵ ਸਚਾਨ
-(ਲੇਖਕ ‘ਦੈਨਿਕ ਜਾਗਰਣ’ ਵਿਚ ਐਸੋਸੀਏਟ ਐਡੀਟਰ ਹੈ)।
-response@jagran.com