ਅਰਦਾਸ ਲਫ਼ਜ਼ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ-ਅਰਜ਼+ਦਾਸ਼ਤ ਜਿਸ ਵਿਚ ਅਰਜ਼ ਦਾ ਅਰਥ ਹੈ ‘ਬੇਨਤੀ’ ਅਤੇ ਦਾਸ਼ਤ ਦਾ ਅਰਥ ਹੈ ‘ਪੇਸ਼ ਕਰਨਾ।’ ਅਰਦਾਸ ਜੀਵ ਵੱਲੋਂ ਪਰਪਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਹਰ ਧਰਮ ਵਿਚ ਅਰਦਾਸ ਜਾਂ ਰੱਬ ਅੱਗੇ ਬੇਨਤੀ ਕਰਨ ਦਾ ਕੋਈ ਨਾ ਕੋਈ ਤਰੀਕਾ ਹੈ ਪਰ ਸਿੱਖ ਧਰਮ ਵਿਚ ਕੀਤੀ ਜਾਂਦੀ ਅਰਦਾਸ ‘ਸਰਬੱਤ ਦੇ ਭਲੇ’ ਲਈ ਹੁੰਦੀ ਹੈ। ਗੁਰੂ ਦਾ ਸਿੱਖ ਦੁੱਖ ਤੇ ਸੁੱਖ, ਖ਼ੁਸ਼ੀ ਤੇ ਗਮੀ ਵਿਚ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ।

ਅਰਦਾਸ ਲਫ਼ਜ਼ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ-ਅਰਜ਼+ਦਾਸ਼ਤ ਜਿਸ ਵਿਚ ਅਰਜ਼ ਦਾ ਅਰਥ ਹੈ ‘ਬੇਨਤੀ’ ਅਤੇ ਦਾਸ਼ਤ ਦਾ ਅਰਥ ਹੈ ‘ਪੇਸ਼ ਕਰਨਾ।’ ਅਰਦਾਸ ਜੀਵ ਵੱਲੋਂ ਪਰਪਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਹਰ ਧਰਮ ਵਿਚ ਅਰਦਾਸ ਜਾਂ ਰੱਬ ਅੱਗੇ ਬੇਨਤੀ ਕਰਨ ਦਾ ਕੋਈ ਨਾ ਕੋਈ ਤਰੀਕਾ ਹੈ ਪਰ ਸਿੱਖ ਧਰਮ ਵਿਚ ਕੀਤੀ ਜਾਂਦੀ ਅਰਦਾਸ ‘ਸਰਬੱਤ ਦੇ ਭਲੇ’ ਲਈ ਹੁੰਦੀ ਹੈ। ਗੁਰੂ ਦਾ ਸਿੱਖ ਦੁੱਖ ਤੇ ਸੁੱਖ, ਖ਼ੁਸ਼ੀ ਤੇ ਗਮੀ ਵਿਚ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਸਿੱਖਾਂ ਦੇ ਜੀਵਨ ਦਾ ਕੋਈ ਵੀ ਕਾਰਜ ਤੇ ਧਾਰਮਿਕ ਸਮਾਗਮ ਅਰਦਾਸ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦਾ। ਅਰਦਾਸ ਹੋਣ ਸਮੇਂ ਸੰਗਤ ਵਿਚ ਸ਼ਾਮਲ ਸਭ ਲੋਕਾਂ ਨੂੰ ਹੱਥ ਜੋੜ ਕੇ ਖਲੋਣਾ ਹੁੰਦਾ ਹੈ। ਪਰਮ ਪਿਤਾ ਪਰਮਾਤਮਾ ਹੀ ਸਭ ਕੁਝ ਕਰਨ-ਕਰਾਵਣ ਵਾਲਾ ਹੈ। ਉਹੀ ਸਾਡੇ ਮਾਤਾ-ਪਿਤਾ ਦੇ ਸਮਾਨ ਹੈ। ਅਸੀਂ ਉਸ ਅੱਗੇ ਅਰਦਾਸ ਕਰਦੇ ਹਾਂ ਤਾਂ ਸਾਡੇ ਕਾਰਜ ਆਪਣੇ-ਆਪ ਹੀ ਰਾਸ ਹੋ ਜਾਂਦੇ ਹਨ। ਤੂ ਠਾਕੁਰੁ ਤੁਮ ਪਹਿ ਅਰਦਾਸਿ।। ਜੀਉ ਪਿੰਡੁ ਸਭੁ ਤੇਰੀ ਰਾਸਿ।।
ਕੋਈ ਵਿਰਲਾ ਹੀ ਜੀਵ ਹੋਵੇਗਾ ਜਿਸ ਨੇ ਕਦੇ ਅਰਦਾਸ ਭਾਵ ਪ੍ਰਭੂ ਪਿਤਾ ਅੱਗੇ ਬੇਨਤੀ ਨਾ ਕੀਤੀ ਹੋਵੇ। ਅਸੀਂ ਸਭ ਜਾਚਕ ਹਾਂ ਤੇ ਪਰਮਾਤਮਾ ਦਾਤਾ ਹੈ ਪਰ ਅਰਦਾਸ ਸਿਖਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਜਾਚਕ ਬਣੀਏ। ਮਨ ਨੀਵਾਂ ਕਰ ਕੇ ਤੇ ਸਰਬੱਤ ਦੇ ਭਲੇ ਨੂੰ ਸਨਮੁੱਖ ਰੱਖ ਕੇ ਕੀਤੀ ਅਰਦਾਸ ਸੰਪੂਰਨ ਹੁੰਦੀ ਹੈ। ਆਓ, ਹਮੇਸ਼ਾ ਪਰਮਾਤਮਾ ਤੋਂ ਸੁਮੱਤ, ਚੰਗੀ ਸੰਗਤ, ਮਿੱਠਾ ਬੋਲਣਾ, ਭਰੋਸੇ ਵਿਚ ਰਹਿਣ ਤੇ ਉਸ ਦੇ ਨਾਮ ਨੂੰ ਹਿਰਦੇ ਵਿਚ ਵਸਾਉਣ ਦੀ ਅਰਦਾਸ ਕਰੀਏ।
ਸੁਣੀ ਅਰਦਾਸਿ ਸੁਆਮੀ ਮੇਰੈ
ਸਰਬ ਕਲਾ ਬਣਿ ਆਈ।।
ਪ੍ਰਗਟ ਭਈ ਸਗਲੇ ਜੁਗ ਅੰਤਰਿ
ਗੁਰ ਨਾਨਕ ਕੀ ਵਡਿਆਈ।।
ਅਰਦਾਸ ਉਹੀ ਪ੍ਰਵਾਨ ਹੁੰਦੀ ਹੈ ਜਿਸ ਵਿਚ ਕਿਸੇ ਦਾ ਮਾੜਾ ਨਾ ਚਾਹਿਆ ਜਾਵੇ, ਜਿਸ ਅਰਦਾਸ ਵਿਚ ਸਵਾਰਥ ਜਾਂ ਫਰੇਬ ਜਾਂ ਧੋਖਾ ਹੋਵੇ, ਅਜਿਹੀ ਅਰਦਾਸ ਰੱਬ ਕਬੂਲ ਨਹੀਂ ਕਰਦਾ। ਆਪੇ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਦਾ ਮਾੜਾ ਚਾਹੇ ਕੀਤੀ ਗਈ ਅਰਦਾਸ ਹੀ ਸੰਪੂਰਨ ਹੁੰਦੀ ਹੈ। ਸੱਚੇ ਅਤੇ ਸੁੱਚੇ ਮਨ ਨਾਲ ਕੀਤੀ ਗਈ ਅਰਦਾਸ ਮਨੁੱਖ ਦੇ ਸਾਰੇ ਕਾਰਜ ਰਾਸ ਕਰਦੀ ਹੈ। ਅਰਦਾਸ ਵਿਚ ਅਥਾਹ ਤਾਕਤ ਹੈ। ਗੁਰਬਾਣੀ ਦੱਸਦੀ ਹੈ ਕਿ ਜਦ ਸਾਰੇ ਦਰਵਾਜ਼ੇ ਬੰਦ ਹੋ ਜਾਣ, ਮਨੁੱਖ ਨੂੰ ਕੋਈ ਆਸਰਾ ਨਾ ਮਿਲੇ ਤੇ ਉਸ ਉੱਪਰ ਮੁਸ਼ਕਲਾਂ ਦੇ ਪਹਾੜ ਟੁੱਟ ਜਾਣ ਤਾਂ ਅਜਿਹੀ ਅਵਸਥਾ ਵਿਚ ਵੀ ਮਨੁੱਖ ਨੂੰ ਪਰਮਾਤਮਾ ਦੀ ਆਸ ਨਹੀਂ ਛੱਡਣੀ ਚਾਹੀਦੀ ਸਗੋਂ ਮੁਸੀਬਤਾਂ ਨਾਲ ਟਕਰਾਉਂਦਿਆਂ ਦਿ੍ਰੜ ਹੋ ਕੇ ਪ੍ਰਭੂ ਨੂੰ ਯਾਦ ਕਰਦਿਆਂ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਜਿਸ ਕੋਲ ਨਾਮ ਦੀ ਦਾਤ ਹੋਵੇ ਭਾਵ ਜਿਸ ਦੇ ਹਿਰਦੇ ਵਿਚ ਪਰਮ-ਸ਼ਕਤੀ ਦੀ ਯਾਦ ਹੋਵੇ, ਉਸ ਵਿਚ ਆਪੇ ਹੀ ਨਿਮਰਤਾ, ਭਰੋਸਾ ਤੇ ਸਹਿਣਸ਼ੀਲਤਾ ਆ ਜਾਂਦੇ ਹਨ ਅਤੇ ਅਜਿਹੇ ਮਨੁੱਖ ਦਾ ਮਨ ਪੰਜ ਵਿਕਾਰਾਂ ਭਾਵ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਤੋਂ ਉੱਚਾ ਉੱਠ ਜਾਂਦਾ ਹੈ।
-ਰੱਬੀ ਕੌਰ।