ਗਰਮੀਆਂ ਵਿਚ ਹੁੰਦੀਆਂ ਬਰਸਾਤਾਂ ਅਤੇ ਸ਼ਹਿਰੀ ਬਿਜਲੀ ਦੀ ਸਹੂਲਤ ਹੋਣ ਕਾਰਨ ਪਤਾ ਹੀ ਨਾ ਚੱਲਣਾ ਕਿ ਗਰਮੀ ਕਦੋਂ ਨਿਕਲ ਗਈ। ਬਾਕੀ ਪੁਲਿਸ ਲਾਈਨ ਦੇ ਕੁਆਰਟਰਾਂ ਦਾ ਮਾਹੌਲ ਬਹੁਤ ਹੀ ਭਾਈਚਾਰੇ ਵਾਲਾ ਸੀ। ਬੱਚਿਆਂ ਲਈ ਪਾਰਕ, ਝੂਟੇ ਲੈਣ ਲਈ ਝੂਲੇ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਨ।

ਬਜ਼ੁਰਗ ਸਾਡੀ ਜ਼ਿੰਦਗੀ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ। ਦਾਦੀਆਂ-ਨਾਨੀਆਂ ਦੀਆਂ ਪਾਈਆਂ ਬਾਤਾਂ ਅਤੇ ਬਚਪਨ ’ਚ ਦਿੱਤੀਆਂ ਲੋਰੀਆਂ ਬੱਚੇ ਨੂੰ ਕਦੇ ਵੀ ਨਹੀਂ ਭੁੱਲਦੀਆਂ। ਖ਼ਾਸ ਕਰਕੇ ਲੜਕੀ ਦੀ ਸ਼ਖ਼ਸੀਅਤ ’ਤੇ ਉਸ ਦੀ ਨਾਨੀ ਅਤੇ ਦਾਦੀ ਦੀ ਸ਼ਖ਼ਸੀਅਤ ਦਾ ਪ੍ਰਭਾਵ ਹਮੇਸ਼ਾ ਲਈ ਰਹਿੰਦਾ ਹੈ। ਅਜਿਹੀ ਹੀ ਇਕ ਅਭੁੱਲ ਯਾਦ ਹੈ ਜਦੋਂ ਮੇਰੀ ਦਾਦੀ ਜੀ ਵੱਲੋਂ ਦਿੱਤਾ ਗਿਆ ਅਸ਼ੀਰਵਾਦ ਮੇਰੇ ਲਈ ਵਰਦਾਨ ਸਾਬਿਤ ਹੋਇਆ।
ਗੱਲ ਨੱਬੇ ਦੇ ਦਹਾਕੇ ਦੀ ਹੈ ਜਦੋਂ ਪੰਜਾਬ ਦੇ ਹਾਲਾਤ ਖ਼ਰਾਬ ਸਨ। ਸ਼ਾਮ ਨੂੰ ਦਿਨ ਖੜ੍ਹੇ ਹੀ ਦਰਵਾਜ਼ੇ ਬੰਦ ਹੋ ਜਾਂਦੇ ਸਨ। ਉਸ ਸਮੇਂ ਪਿੰਡਾਂ ’ਚ ਰਹਿੰਦੇ ਨੌਕਰੀ ਕਰਦੇ ਲੋਕਾਂ ਨੇ ਸ਼ਹਿਰਾਂ ਵੱਲ ਮੂੰਹ ਮੋੜ ਲਿਆ ਸੀ ਤੇ ਪੁਲਿਸ ਮੁਲਾਜ਼ਮ ਤਾਂ ਇੱਕਾ-ਦੁੱਕਾ ਹੀ ਪਿੰਡਾਂ ’ਚ ਰਹਿ ਗਏ ਸਨ। ਅਜਿਹਾ ਇਸ ਲਈ ਸੀ ਕਿਉਂਕਿ ਖ਼ਤਰਨਾਕ ਹਾਲਾਤ ਦੇ ਮੱਦੇਨਜ਼ਰ ਉਹ ਆਪਣੇ ਬੱਚਿਆਂ ਤੇ ਪਰਿਵਾਰ ਦੀ ਸੁਰੱਖਿਆ ਲਈ ਸ਼ਹਿਰੀਂ ਜਾ ਵਸੇ ਸਨ।
ਮੇਰੇ ਪਿਤਾ ਜੀ ਪੁਲਿਸ ਵਿਭਾਗ ’ਚ ਨੌਕਰੀ ਕਰਦੇ ਸਨ। ਉਹ ਪੇਂਡੂ ਸੱਭਿਆਚਾਰ ਅਤੇ ਪਿੰਡ ’ਚ ਹੀ ਰਹਿਣਾ ਪਸੰਦ ਕਰਦੇ ਸਨ ਪਰ ਮੇਰੇ ਦਾਦਾ- ਦਾਦੀ ਜੀ ਅਤੇ ਹੋਰ ਰਿਸ਼ਤੇਦਾਰਾਂ ਦੇ ਕਹਿਣ ’ਤੇ ਉਨ੍ਹਾਂ ਨੇ ਜ਼ਿਲ੍ਹਾ ਰੂਪਨਗਰ ਵਿਖੇ ਬਦਲੀ ਕਰਵਾ ਲਈ। ਸਾਨੂੰ ਪੁਲਿਸ ਲਾਈਨ ’ਚ ਕੁਆਰਟਰ ਮਿਲ ਗਿਆ। ਮੈਂ ਅਤੇ ਮੇਰਾ ਭਰਾ ਅਜੇ ਬਹੁਤ ਛੋਟੇ ਸਨ। ਸਾਡੀ ਪੜ੍ਹਾਈ ਦੀ ਸ਼ੁਰੂਆਤ ਇੱਥੋਂ ਹੀ ਹੋਈ। ਪੰਜਾਬ ਰਾਜ ਬਿਜਲੀ ਬੋਰਡ ਦਾ ਰੋਪੜ ਥਰਮਲ ਪਲਾਟ (ਆਰਟੀਪੀ) ਬਹੁਤ ਹੀ ਵਧੀਆ ਮਾਡਲ ਸਕੂਲ ਸੀ ਜਿਸ ਵਿਚ ਸਾਨੂੰ ਦਾਖ਼ਲ ਕਰਵਾਇਆ ਗਿਆ, ਵਧੀਆ ਸਹੂਲਤਾਂ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਸ਼ਹਿਰ ਰੂਪਨਗਰ ਬਹੁਤ ਹੀ ਰਮਣੀਕ ਵਾਤਾਵਰਨ ਵਾਲਾ ਹੈ।
ਗਰਮੀਆਂ ਵਿਚ ਹੁੰਦੀਆਂ ਬਰਸਾਤਾਂ ਅਤੇ ਸ਼ਹਿਰੀ ਬਿਜਲੀ ਦੀ ਸਹੂਲਤ ਹੋਣ ਕਾਰਨ ਪਤਾ ਹੀ ਨਾ ਚੱਲਣਾ ਕਿ ਗਰਮੀ ਕਦੋਂ ਨਿਕਲ ਗਈ। ਬਾਕੀ ਪੁਲਿਸ ਲਾਈਨ ਦੇ ਕੁਆਰਟਰਾਂ ਦਾ ਮਾਹੌਲ ਬਹੁਤ ਹੀ ਭਾਈਚਾਰੇ ਵਾਲਾ ਸੀ। ਬੱਚਿਆਂ ਲਈ ਪਾਰਕ, ਝੂਟੇ ਲੈਣ ਲਈ ਝੂਲੇ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਨ। ਸਾਉਣ ਮਹੀਨੇ ਤੀਆਂ ਦੇ ਦਿਨਾਂ ’ਚ ਨਾਨੀ ਜੀ ਮੇਰੀ ਮੰਮੀ ਦਾ ਸੰਧਾਰਾ ਲੈ ਕੇ ਆਉਂਦੇ ਤਾਂ ਸਾਨੂੰ ਚਾਅ ਚੜ੍ਹ ਜਾਂਦਾ। ਕਦੇ ਦਾਦੀ ਜੀ ਤੇ ਦਾਦਾ ਜੀ ਨੇ ਆ ਜਾਣਾ। ਉਨ੍ਹਾਂ ਦੀਆਂ ਬਾਤਾਂ ਸੁਣਨ ਲਈ ਅਸੀਂ ਉਨ੍ਹਾਂ ਨੂੰ ਉਡੀਕਦੇ ਰਹਿੰਦੇ ਸਾਂ। ਉਸ ਸਮੇਂ ਫੋਨ ਦੀ ਸਹੂਲਤ ਨਹੀਂ ਸੀ। ਅਸੀਂ ਜ਼ੁਕਾਮ ਨਾਲ ਆਈ ਛਿੱਕ ਨੂੰ ਹੀ ਇਹ ਮੰਨਣਾ ਕਿ ਅੱਜ ਦਾਦੀ ਜਾਂ ਨਾਨੀ ਨੇ ਆਉਣਾ ਹੈ।
ਸਮਾਂ ਬੀਤਿਆ ਤੇ ਅਸੀਂ ਕਲਾਸ-ਦਰ-ਕਲਾਸ ਅੱਗੇ ਚੱਲਦੇ ਗਏ। ਮੈਂ ਅਜੇ ਅੱਠਵੀਂ ਜਮਾਤ ਵਿਚ ਦਾਖ਼ਲਾ ਭਰਿਆ ਸੀ ਅਤੇ ਭਰਾ ਦਸਵੀਂ ਜਮਾਤ ਵਿਚ ਸੀ। ਅਚਾਨਕ ਦਾਦੀ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਗਈ। ਕੁਝ ਸਮਾਂ ਤਾਂ ਉਸ ਸਬਰ-ਸੰਤੋਖ ਦੀ ਮੂਰਤ ਨੇ ਗੌਲਿਆ ਹੀ ਨਾ, ਕਿਉਂਕਿ ਉਹ ਆਪਣੀ ਸਿਹਤ ਦੇ ਨਾਲੋਂ ਸਾਡੀ ਪੜ੍ਹਾਈ ਦਾ ਜ਼ਿਆਦਾ ਫ਼ਿਕਰ ਕਰਦੀ ਸੀ ਪਰ ਜਦੋਂ ਅੱਖਾਂ ਦੀ ਰੋਸ਼ਨੀ ਬਿਲਕੁਲ ਧੁੰਦਲੀ ਹੀ ਹੋ ਗਈ ਅਤੇ ਘਰ ਦੇ ਕੰਮਕਾਜ, ਰੋਟੀ ਪਕਾਉਣੀ ਵੀ ਮੁਸ਼ਕਲ ਹੋ ਗਈ ਤਾਂ ਮੇਰੇ ਦਾਦਾ ਜੀ ਨੇ ਮੇਰੇ ਮਾਤਾ -ਪਿਤਾ ਨੂੰ ਪਿੰਡ ਆਉਣ ਲਈ ਕਿਹਾ।
ਉਸ ਸਮੇਂ ਬਜ਼ੁਰਗਾਂ ਦਾ ਫ਼ੈਸਲਾ ਅਟੱਲ ਹੁੰਦਾ ਸੀ। ਮੇਰੇ ਮਾਤਾ-ਪਿਤਾ ਨੇ ਪਿੰਡ ਜਾਣ ਲਈ ਤਿਆਰੀ ਸ਼ੁਰੂ ਕਰ ਦਿੱਤੀ। ਭਾਵੇਂ ਬਦਲੀ ਕਰਵਾਉਣੀ ਅਜੇ ਔਖੀ ਸੀ ਪਰ ਮੇਰੇ ਮਾਤਾ ਜੀ ਸਾਡੇ ਨਾ ਕਟਵਾਉਣ ਲਈ ਸਕੂਲ ਗਏ। ਜਦੋਂ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸਬੰਧੀ ਬੇਨਤੀ ਕੀਤੀ ਤਾਂ ਪ੍ਰਿੰਸੀਪਲ ਮੈਡਮ ਬਹੁਤ ਔਖੇ ਹੋਏ। ਉਨ੍ਹਾਂ ਮੇਰੀ ਮਾਤਾ ਜੀ ਨੂੰ ਕਿਹਾ ਕਿ ਤੁਹਾਨੂੰ ਬੱਚਿਆਂ ਦੇ ਭਵਿੱਖ ਦਾ ਕੋਈ ਫ਼ਿਕਰ ਨਹੀਂ, ਤੁਹਾਡੇ ਬੱਚੇ ਪੜ੍ਹਾਈ ’ਚ ਬਹੁਤ ਹੁਸ਼ਿਆਰ ਹਨ। ਜੇਕਰ ਤੁਸੀਂ ਸਕੂਲ ਬਦਲੋਗੇ ਤਾਂ ਇਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ।
ਮੇਰੀ ਮਾਤਾ ਜੀ ਨੇ ਬੇਵਸੀ ਪ੍ਰਗਟ ਕੀਤੀ। ਸਾਡੀ ਬੇਨਤੀ ’ਤੇ ਜਮਾਤ ਇੰਚਾਰਜ ਅਤੇ ਮੈਡਮ ਪ੍ਰਿੰਸੀਪਲ ਨੇ ਬਹੁਤ ਹੀ ਦੁਖੀ ਮਨ ਨਾਲ ਸਾਡੇ ਸਰਟੀਫਿਕੇਟ ਦੇ ਦਿੱਤੇ ਅਤੇ ਪ੍ਰਿੰਸੀਪਲ ਨੇ ਕਿਹਾ ਕਿ ਜੇ ਭਵਿੱਖ ’ਚ ਵੀ ਤੁਹਾਡਾ ਫ਼ੈਸਲਾ ਬਦਲੇ ਤਾਂ ਸਕੂਲ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹਨ। ਸਕੂਲ ਛੱਡਣ ਤੇ ਸਾਡੇ ਆਂਢ-ਗੁਆਂਢ ਦੀਆਂ ਸਖੀਆਂ -ਸਹੇਲੀਆਂ ਨੂੰ ਛੱਡਣ ਦਾ ਜੋ ਉਦਰੇਵਾ ਮੇਰੇ ਮਨ ’ਚ ਸੀ, ਉਹ ਬਾਲ ਮਨ ਦੇ ਨਾਲ ਮੈਂ ਹੀ ਮਹਿਸੂਸ ਕਰ ਸਕਦੀ ਸੀ। ਅਸੀਂ ਪਿੰਡ ਦਾਦਾ-ਦਾਦੀ ਕੋਲ ਆ ਗਏ। ਸਾਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾ ਦਿੱਤਾ ਗਿਆ।
ਸਕੂਲੀ ਮਾਹੌਲ ’ਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। ਕਿੱਥੇ ਮਾਡਲ ਸਕੂਲ, ਸ਼ਹਿਰੀ ਬੱਚੇ ਅਤੇ ਦੂਜੇ ਪਾਸੇ ਸਰਕਾਰੀ ਸਕੂਲ ਅਤੇ ਪੇਂਡੂ ਮਾਹੌਲ ਸੀ। ਸਕੂਲ’ਚ ਅਧਿਆਪਕਾਂ ਦੀਆਂ ਲੋੜੀਂਦੀਆਂ ਪੋਸਟਾਂ ਦੀ ਘਾਟ ਸੀ। ਉਸ ਸਮੇਂ ਪਿੰਡਾਂ ’ਚ ਬਿਜਲੀ ਬਹੁਤ ਘੱਟ ਰਹਿੰਦੀ ਸੀ। ਮੱਛਰ-ਮੱਖੀਆਂ ਦੀ ਬਹੁਤਾਤ ਸੀ ਜਿਸ ਕਾਰਨ ਪੇਂਡੂ ਮਾਹੌਲ ’ਚ ਮਨ ਲਾਉਣਾ ਬਹੁਤ ਔਖੀ ਗੱਲ ਸੀ। ਸਿੱਟੇ ਵਜੋਂ ਮੇਰਾ ਭਰਾ ਰੋਂਦਾ-ਕਰਲਾਉਂਦਾ, ਉਸ ਨੂੰ ਬੁਖ਼ਾਰ ਚੜ੍ਹ ਜਾਂਦਾ।
ਮੇਰੇ ਦਾਦਾ-ਦਾਦੀ ਬਾਤਾਂ ਪਾ ਕੇ ਸਾਡਾ ਮਨ ਪਰਚਾਉਣ ਦੀਆਂ ਕੋਸ਼ਿਸ਼ਾਂ ਕਰਦੇ। ਦਾਦੀ ਵਿਚਾਰੀ ਹਰ ਸਮੇਂ ਆਪਣੇ-ਆਪ ਨੂੰ ਕੋਸਦੀ, ਕਹਿੰਦੀ ਕਿ ਜੇਕਰ ਮੈਨੂੰ ਇਹ ਚੰਦਰੀਆਂ ਅੱਖਾਂ ਧੋਖਾ ਨਾ ਦਿੰਦੀਆਂ ਪੁੱਤ, ਮੈਂ ਤੁਹਾਨੂੰ ਕਦੇ ਵੀ ਵਾਪਸ ਨਾ ਬੁਲਾਉਂਦੀ। ਉਹ ਗੁਰੂਘਰ ਦੀ ਸੇਵਾ ਤੇ ਸਿਮਰਨ ’ਚ ਅਟੁੱਟ ਵਿਸ਼ਵਾਸ ਰੱਖਦੀ ਸੀ।
ਉਹ ਹਰ ਸਮੇਂ ਇਹੀ ਅਰਦਾਸ ਕਰਦੀ ਕਿ ਪਰਮਾਤਮਾ ਭਾਵੇਂ ਤੂੰ ਮੈਥੋਂ ਅੱਖਾਂ ਦੀ ਰੋਸ਼ਨੀ ਲੈ ਲਈ ਹੈ ਪਰ ਮੇਰੇ ਪੋਤਾ-ਪੋਤੀ ਨੂੰ ਜ਼ਿੰਦਗੀ ’ਚ ਜ਼ਰੂਰ ਕਾਮਯਾਬ ਕਰਨਾ। ਉਹ ਹਰ ਸਮੇਂ ਅਸੀਸਾਂ ਦਿੰਦੀ ਰਹਿੰਦੀ। ਪੰਜਾਬੀ ਦੇ ਮਕਬੂਲ ਕਹਾਣੀਕਾਰ ਕੁਲਵੰਤ ਵਿਰਕ ਦੀ ਕਹਾਣੀ ‘ਖੱਬਲ’ ਅਨੁਸਾਰ ਜ਼ਿੰਦਗੀ ਦਾ ਕੁਦਰਤੀ ਵਹਾਅ ਵਿਚ ਵਗਣਾ, ਕੁਦਰਤ ਦਾ ਸਿਧਾਂਤ ਹੀ ਹੈ। ਮੈਂ ਹਰ ਕਲਾਸ ’ਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਦੀ।
ਮੇਰਾ ਭਰਾ ਵੀ ਪੜ੍ਹਨ ’ਚ ਹੁਸ਼ਿਆਰ ਸੀ। ਮੈਂ ਗਣਿਤ ਵਿਸ਼ੇ ’ਚ ਅੱਵਲ ਦਰਜੇ ’ਤੇ ਰਹਿੰਦਿਆਂ ਮਾਸਟਰ ਡਿਗਰੀ ਅਤੇ ਬੀਐੱਡ ਕੀਤੀ। ਮੇਰੇ ਭਰਾ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਤਕਨੀਕੀ ਸਿੱਖਿਆ ’ਚ ਡਿਗਰੀ ਪ੍ਰਾਪਤ ਕੀਤੀ ਅਤੇ ਵਿਦੇਸ਼ੀ ਧਰਤੀ ’ਤੇ ਜਾਣ ਦਾ ਫ਼ੈਸਲਾ ਕੀਤਾ। ਉਹ ਅਮਰੀਕਾ ਜਾ ਵਸਿਆ। ਮੈਂ ਸਕੂਲੀ ਸਿੱਖਿਆ ਵਿਭਾਗ ’ਚ ਜਦੋਂ 2008 ਸਮੇਂ ਅਧਿਆਪਕ ਭਰਤੀ ਹੋਈ ਤਾਂ ਪੰਜਾਬ ਸਰਕਾਰ ਨੇ ਪੇਂਡੂ ਸਕੂਲਾਂ ਦੀਆਂ ਘੱਟ ਸਹੂਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਪੇਂਡੂ ਵਿਦਿਆਰਥੀਆਂ ਨੂੰ ਮੈਰਿਟ ’ਚ ਪੰਜ ਨੰਬਰ ਵੱਧ ਦਿੱਤੇ।
ਭਾਵੇਂ ਮੇਰਾ ਨੰਬਰ ਸਿਲੈਕਸ਼ਨ ਸੂਚੀ ’ਚ ਆ ਰਿਹਾ ਸੀ ਪਰ ਜਦੋਂ ਇਹ ਨੰਬਰ ਮੈਨੂੰ ਮਿਲੇ ਤਾਂ ਸੱਚਮੁੱਚ ਮੈਨੂੰ ਇੰਜ ਜਾਪਿਆ ਕਿ ਇਹ ਵਾਧੂ ਨੰਬਰ ਮੇਰੀ ਦਾਦੀ ਦੀ ਅਸੀਸ ਹਨ। ਅੱਜ ਦਾਦੀ ਨੂੰ ਪਰਮਾਤਮਾ ਕੋਲ ਗਿਆਂ ਭਾਵੇਂ ਬਹੁਤ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਵੱਲੋਂ ਦਿੱਤੀਆਂ ਅਸੀਸਾਂ ਸਦਕਾ ਅੱਜ ਮੇਰਾ ਭਰਾ ਅਮਰੀਕਾ ਵਿਚ ਸਾਫਟਵੇਅਰ ਇੰਜੀਨੀਅਰ ਹੈ ਤੇ ਆਪਣੇ ਪਰਿਵਾਰ ਸਮੇਤ ਉੱਥੇ ਰਹਿ ਰਿਹਾ ਹੈ ਅਤੇ ਮੈਂ ਬਤੌਰ ਮੈਥ ਮਿਸਟ੍ਰੈਸ ਸਕੂਲੀ ਸਿੱਖਿਆ ਵਿਭਾਗ ’ਚ ਸੇਵਾਵਾਂ ਨਿਭਾ ਰਹੀ ਹਾਂ।
ਮੈਂ ਅੱਜ ਵੀ ਵਿਦਿਆਰਥੀਆਂ ਨੂੰ ਮੋਬਾਈਲ ਦੀਆਂ ਗੇਮਾਂ ਨੂੰ ਛੱਡ ਕੇ ਦਾਦੀਆਂ-ਨਾਨੀਆਂ ਦੀਆਂ ਬਾਤਾਂ ਸੁਣਨ ਲਈ ਪ੍ਰੇਰਿਤ ਕਰਦੀ ਹਾਂ। ਅੰਤ ’ਚ ਲੰਬਾ ਸਮਾਂ ਪਹਿਲਾਂ ਪੜ੍ਹੀ ਪਹਿਲੀ ਜਮਾਤ ਦੇ ਕਾਇਦੇ ਵਿਚ ਇਹ ਕਵਿਤਾ ਮੇਰੀ ਪਿਆਰੀ ਦਾਦੀ ਨੂੰ ਸਮਰਪਿਤ ਹੈ-‘ਪਿਆਰੀ ਪਿਆਰੀ ਦਾਦੀ ਮਾਂ, ਡਾਢਾ ਪਿਆਰ ਜਤਾਉਂਦੀ ਆ। ਲਾਡਾਂ ਨਾਲ ਬੁਲਾਉਂਦੀ ਆ, ਪਿਆਰੀ-ਪਿਆਰੀ ਦਾਦੀ ਮਾਂ।
-ਰੁਪਿੰਦਰਜੀਤ ਕੌਰ ਰੋੜੇਵਾਲਾ
-ਈਮੇਲ: noordhindsa0033@gmail.com