ਮੈਂ ਇਸ ਪਿਆਰੇ ਪਲ ਨੂੰ ਬਹੁਤ ਜ਼ਿਆਦਾ ਡੂੰਘਾਈ ਵਿਚ ਮਾਣਨਾ ਚਾਹੁੰਦੀ ਸੀ ਪਰ ਜਦੋਂ ਅਸੀਂ ਆਪਣੀ ਜ਼ਿੰਦਗੀ ’ਚ ਬਹੁਤ ਜ਼ਿਆਦਾ ਰੁੱਝੇ ਹੋਈਏ ਤਾਂ ਫਿਰ ਇਹੋ ਜਿਹੇ ਪਲਾਂ ਨੂੰ ਲੰਬਾ ਸਮਾਂ ਮਾਣਨ ਦਾ ਸਾਡੇ ਆਪਣੇ ਕੋਲ ਸਮਾਂ ਹੀ ਨਹੀਂ ਹੁੰਦਾ। ਮੇਰੀ ਵੱਡੀ ਬੇਟੀ ਜੰਨਤ ਤੈਰਾਕੀ ਦੀ ਪੰਜਾਬ ਦੀ ਗੋਲਡ ਮੈਡਲਿਸਟ ਹੈ। ਉਸ ਦੀ ਗੇਮ ਕਰਕੇ ਤੇ ਮੇਰੇ ਛੋਟੀ ਬੇਟੀ ਕਰਕੇ ਮੇਰਾ ਪੂਰਾ ਸਮਾਂ ਵਿਅਸਤ ਹੈ।

ਹਰ ਮਨੁੱਖ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ, ਅੰਦਰਲੀ ਤੇ ਬਾਹਰਲੀ। ਬਾਹਰਲੀ ਜ਼ਿੰਦਗੀ ਦਾ ਵੀ ਇਕ ਸਫ਼ਰ ਹੈ ਤੇ ਅੰਦਰਲੀ ਦੁਨੀਆ ਦਾ ਵੀ। ਜ਼ਿੰਦਗੀ ਦੇ ਅੱਧੇ ਤੋਂ ਵੱਧ ਪੜਾਅ ਤੱਕ ਮੇਰੇ ’ਤੇ ਅੰਦਰਲੀ ਦੁਨੀਆ ਦਾ ਅਸਰ ਵੱਧ ਰਿਹਾ। ਬਚਪਨ, ਜਵਾਨੀ ਤੇ ਵਿਆਹ, ਸਭ ਅੰਦਰਲੀ ਦੁਨੀਆ ਜਿਉਂਦੇ ਹੀ ਲੰਘੇ।
ਨਾ ਬਚਪਨ ਗੁਜ਼ਾਰਦਿਆਂ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਈ, ਨਾ ਜਵਾਨੀ ’ਚ ਪੈਸੇ ਪ੍ਰਤੀ ਕੋਈ ਤਾਂਘ ਬਣੀ ਤੇ ਨਾ ਹੀ ਵਿਆਹ ਕਰਵਾਉਣ ਲੱਗਿਆਂ ਕਿਸੇ ਪ੍ਰਤੀ ਕੋਈ ਮਿਥਿਆ ਦਾਇਰਾ ਜਾਂ ਸੰਕਲਪ ਮਹਿਸੂਸ ਹੋਇਆ। ਕਮੀ ਹੋਵੇ ਪਰ ਉਹ ਮਹਿਸੂਸ ਨਾ ਹੋਵੇ, ਦੁੱਖ ਹੋਵੇ ਪਰ ਉਹ ਮਹਿਸੂਸ ਨਾ ਹੋਵੇ, ਕਾਦਰ ਦੀ ਕੁਦਰਤ ਦਾ ਇਹ ਰਾਜ਼ ਵੀ ਮੈਨੂੰ ਬਹੁਤ ਸਮੇਂ ਬਾਅਦ ਸਮਝ ਆਇਆ। ਬਸ ਇਕ ਅਲੌਕਿਕ ਦੁਨੀਆ ਸੀ ਜੋ ਹਮੇਸ਼ਾ ਤੋਂ ਮੈਨੂੰ ਆਪਣੇ ਵੱਲ ਖਿੱਚਦੀ ਸੀ ਤੇ ਮੈਂ ਬਿਨਾਂ ਕਿਸੇ ਸਮਝ ਦੇ ਲਗਾਤਾਰ ਇਸ ਵਹਾਅ ਨਾਲ ਵਹਿ ਰਹੀ ਸਾਂ।
ਬਾਹਰਲੀ ਦੁਨੀਆ ਦੀ ਵੀ ਹਰੇਕ ਚੀਜ਼ ਪਿਆਰੀ ਲੱਗਦੀ ਸੀ-ਨੱਚਣਾ, ਹੱਸਣਾ, ਰੋਣਾ, ਘੁੰਮਣਾ, ਖਾਣਾ-ਪੀਣਾ ਇਹ ਸਭ ਉੱਚ ਦਰਜੇ ਦਾ ਮਾਣਿਆ ਪਰ ਇਨ੍ਹਾਂ ਸਭਨਾਂ ਤੋਂ ਅੱਗੇ ਇਕ ਚੀਜ਼ ਸੀ ਜੋ ਮੇਰੀ ਰੂਹ ਦੀ ਮੁੱਖ ਲੋੜ ਸੀ ਜਿਸ ਨਾਲ ਮੈਂ ਆਪਣੀ ਅਲੌਕਿਕ ਦੁਨੀਆ ’ਚ ਡੁੱਬ ਕੇ ਅਨੰਦਿਤ ਹੋ ਉੱਠਦੀ ਸੀ। ਉਹ ਸੀ ਮੇਰਾ ਇਕਾਂਤ। ਹਰ ਦਿਨ ਮੈਨੂੰ ਕੁਝ ਘੰਟੇ ਇਕਾਂਤ ਦੇ ਚਾਹੀਦੇ ਸਨ ਤਾਂ ਜੋ ਮੈਂ ਆਪਣੀ ਰੂਹ ਦੀ ਖੁਰਾਕ ਲੈ ਸਕਾਂ ਤੇ ਅਗਲੇ ਦਿਨ ਲਈ ਜ਼ਿੰਦਗੀ ਚਾਅ ਨਾਲ ਜਿਉਣ ਲਈ ਤਿਆਰ ਹੋ ਜਾਵਾਂ। ਇਕਾਂਤ ’ਚ ਮਿਲਦੇ ਅਲੌਕਿਕ ਆਨੰਦ ਤੇ ਦੋਸਤਾਂ ਵਰਗੇ ਭੈਣ-ਭਰਾ ਹੋਣ ਕਰ ਕੇ ਘਰ ਤੋਂ ਬਾਹਰ ਕੋਈ ਵੀ ਰਿਸ਼ਤਾ ਬਣਾਉਣ ਦੀ ਮਨ ਨੂੰ ਲੋੜ ਹੀ ਮਹਿਸੂਸ ਨਹੀਂ ਸੀ ਹੋਈ।
ਪਹਿਲਾਂ ਤਾਂ ਇਹ ਇਕਾਂਤ ਅਣਜਾਣੇ ਰੂਪ ’ਚ ਮੇਰੇ ਨਾਲ ਤੁਰ ਰਿਹਾ ਸੀ, ਫਿਰ ਜਦੋਂ ਮਨ ਦੀ ਪਰੋੜਤਾ ਦੀ ਨੀਂਹ ਬੱਝਣੀ ਸ਼ੁਰੂ ਹੋਈ, ਤਾਂ ਮੈਂ ਇਨ੍ਹਾਂ ਅਹਿਸਾਸਾਂ ਨੂੰ ਸ਼ਬਦਾਂ ਵਿਚ ਪਿਰੋਣਾ ਸ਼ੁਰੂ ਕੀਤਾ। ਇਕਾਂਤ ’ਚ ਬੈਠ ਕੇ ਕੁਝ ਅਲੌਕਿਕ ਮਹਿਸੂਸ ਕਰਨਾ ਤੇ ਸ਼ਬਦਾਂ ਰਾਹੀਂ ਉਸ ਨੂੰ ਕਾਗਜ਼ ’ਤੇ ਉਲੀਕਣਾ, ਬਸ ਇਹੀ ਮੇਰਾ ਸਭ ਤੋਂ ਪਿਆਰਾ ਤੇ ਕੀਮਤੀ ਸਮਾਂ ਹੁੰਦਾ ਸੀ। ਇਹੀ ਮੇਰਾ ਰੱਬ ਨੂੰ ਧਿਆਉਣਾ ਸੀ, ਇਹੀ ਮੇਰੀ ਸਾਧਨਾ ਸੀ, ਸੱਚ ਕਹਾਂ ਤਾਂ ਇਹੀ ਮੇਰੀ ਜ਼ਿੰਦਗੀ ਸੀ। ਜਿਸ ਅਲੌਕਿਕ ਆਨੰਦ ਨੂੰ ਮੈਂ ਇਕਾਂਤ ’ਚ ਮਹਿਸੂਸ ਕਰਦੀ ਸਾਂ, ਉਸ ਨੂੰ ਮੈਂ ਖ਼ੁਦਾ ਆਖਦੀ ਸਾਂ। ਤਾਂ ਹੀ ਜਦੋਂ ਮੈਂ ਅੰਦਰਲੇ ਸ਼ਬਦਾਂ ਨੂੰ ਸੰਗ੍ਰਹਿ ਕਰਨਾ ਸ਼ੁਰੂ ਕੀਤਾ ਤਾਂ ਉਸ ਕਿਤਾਬ ਦਾ ਨਾਂ ਮੈਂ ਰੱਖਿਆ ‘ਹੇ ਖ਼ੁਦਾ’ ਜਾਂ ਮੈਂ ਕਹਿ ਦੇਵਾਂ ਕਿ ਖ਼ੁਦਾ ਨੇ ਇਹ ਨਾਂ ਮੈਥੋਂ ਆਪ ਰਖਵਾਇਆ। ਬਾਕੀ ਹਰੇਕ ਅਹਿਸਾਸ ਨੂੰ ਬਿਆਨ ਕਰਨ ਦੀ ਇਕ ਮਰਿਆਦਾ ਹੈ।
ਮਰਿਆਦਾ ਦੀ ਉਲੰਘਣਾ ਕਈ ਵਾਰ ਅਹਿਸਾਸ ਨੂੰ ਬੇਸੁਆਦਾ ਕਰ ਦਿੰਦੀ ਹੈ। ਬਸ ਬੜੇ ਆਨੰਦ ਦੇ ਵਿਚ ‘ਹੇ ਖ਼ੁਦਾ’ ਕਿਤਾਬ ਦੇ ਨਾਲ ਜ਼ਿੰਦਗੀ ਦਾ ਸਫ਼ਰ ਬੜੇ ਸਹਿਜ ਰੂਪ ਨਾਲ ਅੱਗੇ ਵਧ ਰਿਹਾ ਸੀ। ਹਰ ਰੋਜ਼ ਕਲਮ ਖ਼ੁਦਾ ਲਈ ਲਿਖੇ ਸ਼ਬਦ ਉਸ ਨੂੰ ਭੇਟ ਕਰਦੀ ਸੀ ਤੇ ਰੂਹ ਬਾਗੋਬਾਗ ਹੋ ਉੱਠਦੀ ਸੀ। ਇਹ ਸ਼ਬਦ ਮੈਨੂੰ ਖ਼ੁਦਾ ਦਾ ਆਪਣੇ ਨੇੜੇ ਹੋਣ ਦਾ ਅਹਿਸਾਸ ਕਰਵਾਉਂਦੇ ਸਨ। ਅੰਦਰਲੀ ਦੁਨੀਆ ਦਾ ਸਫ਼ਰ ਬੜਾ ਸੋਹਣਾ ਲੱਗ ਰਿਹਾ ਸੀ। ਮੰਜ਼ਿਲ ਵੀ ਸਾਹਮਣੇ ਵਿਖਾਈ ਦਿੰਦੀ ਸੀ। ਹੁਣ ਨਾ ਕਿਸੇ ਦੀ ਯਾਦ ਸਤਾਉਂਦੀ ਸੀ ਤੇ ਨਾ ਹੀ ਕਿਤੇ ਜਾਣ ਨੂੰ ਦਿਲ ਕਰਦਾ ਸੀ।
ਬਸ ਇਕਾਂਤ ਸਰੂਰ ਦੇ ਰਿਹਾ ਸੀ। ਇਕੱਠ, ਸ਼ੋਰ-ਸ਼ਰਾਬਾ ਕੁਝ ਪਲਾਂ ਲਈ ਤਾਂ ਚੰਗਾ ਲੱਗਦਾ ਸੀ, ਫਿਰ ਬਹੁਤ ਜਲਦ ਮਨ ਇਕਾਂਤ ਦਾ ਆਨੰਦ ਲੱਭਣ ਲੱਗ ਜਾਂਦਾ ਸੀ। ਕੋਈ ਵੀ ਸਰੀਰਕ ਜਾਂ ਮਾਨਸਿਕ ਵੱਡੀ ਲੋੜ ਮਹਿਸੂਸ ਨਹੀਂ ਸੀ ਹੁੰਦੀ, ਸਿਰਫ਼ ਇਕ ਵੱਡਾ ਫ਼ਰਜ਼ ਸੀ ਆਪਣੇ ਦੋਨਾਂ ਬੱਚਿਆਂ ਦਾ ਸੁਚੱਜੇ ਢੰਗ ਨਾਲ ਪਾਲਣ-ਪੋਸ਼ਣ ਕਰ ਕੇ ਉਨ੍ਹਾਂ ਨੂੰ ਵੱਡਿਆਂ ਕਰਨਾ। ਬੱਚਿਆਂ ਦੀ ਪਰਵਰਿਸ਼ ’ਤੇ ਮੈਂ ਆਪਣੀ ਜਿੰਦ-ਜਾਨ ਲਾ ਦੇਣਾ ਚਾਹੁੰਦੀ ਸੀ। ਮੈਂ ਆਪਣਾ ਪੂਰਾ ਸਮਾਂ ਬੱਚਿਆਂ ਨੂੰ ਦੇਣਾ ਚਾਹੁੰਦੀ ਸਾਂ। ਮੇਰੀਆਂ ਦੋਵੇਂ ਬੇਟੀਆਂ ਜੰਨਤ ਕੌਰ ਤੇ ਨਦਰ ਕੌਰ ਨੂੰ ਮੈਂ ਸ਼ਹਿਜ਼ਾਦੀਆਂ ਵਾਂਗ ਪਾਲਣਾ ਚਾਹੁੰਦੀ ਸਾਂ। ਬਸ ਪੂਰੇ ਸਮੇਂ ਵਿੱਚੋਂ ਕੁਝ ਸਮਾਂ ਮੈਨੂੰ ਮੇਰੇ ਇਕਾਂਤ ਲਈ ਕੱਢਣਾ ਪੈਂਦਾ ਸੀ ਕਿਉਂਕਿ ਉਹਦੇ ਬਿਨਾਂ ਮੇਰਾ ਗੁਜ਼ਾਰਾ ਨਹੀਂ ਸੀ।
ਜਦੋਂ ਮੇਰੇ ਦੋਵੇਂ ਬੱਚੇ ਵੱਡੇ ਹੋਣ ਲੱਗੇ, ਇਕ ਮਾਂ ਹੋਣ ਦੇ ਨਾਤੇ ਮੈਨੂੰ ਅਹਿਸਾਸ ਹੋਇਆ ਕਿ ਹੁਣ ਸਿਰਫ਼ ਅੰਦਰਲੀ ਦੁਨੀਆ ਜਿਉਣਾ ਹੀ ਮੇਰੇ ਬੱਚਿਆਂ ਦਾ ਸਰਬਪੱਖੀ ਵਿਕਾਸ ਨਹੀਂ ਹੈ, ਮੈਨੂੰ ਅੰਦਰਲੀ ਤੇ ਬਾਹਰਲੀ, ਦੋਵਾਂ ਦੁਨੀਆ ਵਿਚਾਲੇ ਸੰਤੁਲਨ ਬਣਾ ਕੇ ਰੱਖਣਾ ਪਵੇਗਾ। ਇਕ ਪਲ ਮੇਰੀ ਜ਼ਿੰਦਗੀ ’ਚ ਅਜਿਹਾ ਆਇਆ ਜਦੋਂ ਮੇਰੇ ਮਨ ਦੀ ਦੁਨੀਆ ਬਿਖਰ ਜਿਹੀ ਗਈ, ਮੇਰੀ ਕਲਮ ਦੀ ਠੁਣਕਦੀ ਤੋਰ ਡਗਮਗਾ ਗਈ। ਮੇਰੀ ਰੂਹਾਨੀਅਤ ’ਚ ਉਲਝਣ ਜਿਹੀ ਪੈਦਾ ਹੋ ਗਈ। ਹੋਇਆ ਇੰਜ ਕਿ ਮੈਂ ਤੇ ਮੇਰੀ ਨਨਾਣ, ਦੋਵੇਂ ਇਕੱਠੀਆਂ ਪ੍ਰੈਗਨੈਂਟ ਹੋਈਆਂ।
ਉਨ੍ਹਾਂ ਕੋਲ ਵੀ ਪਹਿਲਾਂ ਇਕ ਬੇਟੀ ਸੀ ਤੇ ਮੇਰੀ ਵੱਡੀ ਬੇਟੀ ਜੰਨਤ ਵੀ 10 ਸਾਲਾਂ ਦੀ ਹੋ ਗਈ ਸੀ। ਮੇਰੀ ਛੋਟੀ ਬੇਟੀ ਪੈਦਾ ਹੋਣ ਤੋਂ ਕੁਝ ਸਮਾਂ ਬਾਅਦ ਮੇਰੀ ਨਨਾਣ ਦੇ ਘਰ ਵੀ ਬੇਟੀ ਨੇ ਜਨਮ ਲਿਆ। ਸਾਡਾ ਸਾਰਾ ਟੱਬਰ ਹੱਸ-ਹੱਸ ਮਜ਼ਾਕ ਬਣਾ ਰਿਹਾ ਸੀ। ਸਾਰੇ ਇਕ-ਦੂਜੇ ਨੂੰ ਵਧਾਈਆਂ ਦੇ ਰਹੇ ਸਨ ਕਿ ਜੋੜੀਆਂ ਰਲ ਗਈਆਂ। ਜੇ ਪਿੰਡ ’ਚ ਕੋਈ ਕਹਿ ਦਿੰਦਾ ਕਿ ਰੱਬ ਤੁਹਾਡੇ ਮਗਰ ਹੀ ਪੈ ਗਿਆ ਤਾਂ ਸਾਡਾ ਟੱਬਰ ਕਹਿੰਦਾ ਸੀ-ਧੰਨ ਭਾਗ ਸਾਡੇ।
ਰੱਬ ਆਪ ਸਾਡੇ ਮਗਰ ਪਵੇ, ਹੋਰ ਜ਼ਿੰਦਗੀ ’ਚ ਸਾਨੂੰ ਕੀ ਚਾਹੀਦਾ ਹੈ। ਸਾਡੇ ਘਰਾਂ ਵਿਚ ਸ਼ੁਰੂ ਤੋਂ ਹੀ ਬੇਟੇ-ਬੇਟੀ ਵਾਲੇ ਵੱਖਰੇ ਸੰਕਲਪ ਨਹੀਂ ਸਨ ਪਲਦੇ। ਲੋਕਾਂ ਨੂੰ ਪਤਾ ਸੀ, ਤਾਂ ਹੀ ਚਾਹੇ ਸਾਡੇ ਘਰਾਂ ’ਚ ਕਿਸੇ ਦੇ ਬੇਟਾ ਹੁੰਦਾ ਜਾਂ ਬੇਟੀ, ਲੋਕ ਵਧਾਈਆਂ ਦੇਣ ਜ਼ਰੂਰ ਆਉਂਦੇ ਸਨ। ਇਸੇ ਹਾਸੇ-ਠੱਠੇ ’ਚ ਦੋ-ਢਾਈ ਸਾਲ ਲੰਘ ਗਏ ਤੇ ਸਾਡੇ ਬੱਚਿਆਂ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੀ ਭਰਜਾਈ ਨੂੰ ਵੀ ਬੱਚਾ ਹੋਣ ਵਾਲਾ ਹੈ। ਉਨ੍ਹਾਂ ਦੇ ਵੀ ਪਹਿਲਾਂ ਇਕ ਬੇਟੀ ਹੀ ਸੀ। ਨਵੇਂ ਬੱਚੇ ਦੇ ਆਉਣ ਦੀ ਖ਼ਬਰ ਸੁਣ ਕੇ ਮਨ ਵੈਰਾਗ ਤੇ ਖ਼ੁਸ਼ੀ ਨਾਲ ਭਰ ਗਿਆ। ਪੇਕੇ ਘਰ ਦਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਜਦੋਂ ਸਾਨੂੰ ਕੋਈ ਭੂਆ ਕਹਿ ਕੇ ਆਵਾਜ਼ ਮਾਰਦਾ ਤੇ ਮੈਨੂੰ ਇਹ ਮੌਕਾ ਕੁਦਰਤ ਨੇ ਦੂਜੀ ਵਾਰ ਦਿੱਤਾ ਸੀ।
ਮੈਂ ਇਸ ਪਿਆਰੇ ਪਲ ਨੂੰ ਬਹੁਤ ਜ਼ਿਆਦਾ ਡੂੰਘਾਈ ਵਿਚ ਮਾਣਨਾ ਚਾਹੁੰਦੀ ਸੀ ਪਰ ਜਦੋਂ ਅਸੀਂ ਆਪਣੀ ਜ਼ਿੰਦਗੀ ’ਚ ਬਹੁਤ ਜ਼ਿਆਦਾ ਰੁੱਝੇ ਹੋਈਏ ਤਾਂ ਫਿਰ ਇਹੋ ਜਿਹੇ ਪਲਾਂ ਨੂੰ ਲੰਬਾ ਸਮਾਂ ਮਾਣਨ ਦਾ ਸਾਡੇ ਆਪਣੇ ਕੋਲ ਸਮਾਂ ਹੀ ਨਹੀਂ ਹੁੰਦਾ। ਮੇਰੀ ਵੱਡੀ ਬੇਟੀ ਜੰਨਤ ਤੈਰਾਕੀ ਦੀ ਪੰਜਾਬ ਦੀ ਗੋਲਡ ਮੈਡਲਿਸਟ ਹੈ। ਉਸ ਦੀ ਗੇਮ ਕਰਕੇ ਤੇ ਮੇਰੇ ਛੋਟੀ ਬੇਟੀ ਕਰਕੇ ਮੇਰਾ ਪੂਰਾ ਸਮਾਂ ਵਿਅਸਤ ਹੈ। ਇਸ ਲਈ ਜਿੰਨਾ ਸਮਾਂ ਮੈਂ ਇਸ ਪਿਆਰੇ ਪਲ ਨੂੰ ਦੇਣਾ ਚਾਹੁੰਦੀ ਸੀ। ਕਿੰਨੇ ਹੀ ਜਾਨੋਂ ਪਿਆਰੇ ਦੁਨੀਆ ਤੋਂ ਤੁਰ ਗਏ ਸੀ ਪਰ ਕਿਸੇ ਦੀ ਵੀ ਯਾਦ ਨੇ ਕਦੇ ਅੰਦਰਲੇ ਆਨੰਦ ਨੂੰ ਫਿੱਕਾ ਨਹੀਂ ਸੀ ਕੀਤਾ। ਇਕ ਵਾਰ ਮੈਨੂੰ ਚਮੜੀ ਦੀ ਬਿਮਾਰੀ ਹੋ ਗਈ ਸੀ। ਕਿੰਨਾ ਹੀ ਸਮਾਂ ਮੈਂ ਇਕ ਕਮਰੇ ’ਚ ਗੁਜ਼ਾਰਿਆ ਸੀ ਪਰ ਉਹ ਦਰਦ ਹੋ ਕੇ ਵੀ ਦਰਦ ਮਹਿਸੂਸ ਨਹੀਂ ਸੀ ਹੋਇਆ। ਮੇਰੀ ਛੋਟੀ ਬੇਟੀ ਸਮੇਂ ਤੋਂ ਪਹਿਲਾਂ ਪੈਦਾ ਹੋ ਗਈ ਸੀ।
ਕਿੰਨਾ ਹੀ ਦਰਦ ਮੈਂ ਆਪਣੇ ਦਿਲ ’ਤੇ, ਉਸ ਨੇ ਆਪਣੇ ਸਰੀਰ ’ਤੇ ਹੰਢਾਇਆ ਸੀ ਪਰ ਉਸ ਸਮੇਂ ਵਿੱਚੋਂ ਵੀ ਜਿਵੇਂ ਕੁਦਰਤ ਨੇ ਬਾਂਹ ਖਿੱਚ ਕੇ ਬਾਹਰ ਕੱਢ ਦਿੱਤਾ ਸੀ ਤੇ ਸ਼ਬਦਾਂ ਦੀ ਉਡਾਣ ’ਚ ਕੋਈ ਖਿਲਾਰਾ ਨਹੀਂ ਸੀ ਪਿਆ। ਦੁੱਖ ਦੇ ਨਾਲ ਕੋਈ ਸੁੱਖ ਵੀ ਸ਼ਬਦਾਂ ਦੇ ਰਾਹ ’ਚ ਰੁਕਾਵਟ ਨਹੀਂ ਸੀ ਬਣਿਆ। ਕੋਈ ਸਮਾਂ ਸੀ ਜਦੋਂ ਸਾਡੇ ਕੋਲ ਪੈਸੇ ਨਹੀਂ ਸਨ ਪਰ ਅੱਜ ਤਾਂ ਮੇਰੇ ਭਰਾ ਦੀ ਜ਼ਿੰਦਗੀ ਕਿਸੇ ਫਿਲਮੀ ਦੁਨੀਆ ਤੋਂ ਘੱਟ ਨਹੀਂ ਸੀ। ਵੀਰ ਨੇ ਮਿਹਨਤ ਕਰ ਕੇ ਪੰਜ ਤੋਂ ਦਸ ਕਿੱਲੇ ਜ਼ਮੀਨ ਬਣਾ ਲਈ ਸੀ, ਮੋਹਾਲੀ ’ਚ ਦੋ ਫਲੈਟ ਲੈ ਲਏ ਸਨ। ਖ਼ੁਸ਼ੀ ਅਥਾਹ ਸੀ ਮੈਨੂੰ ਇਸ ਸਭ ਦੀ ਪਰ ਇਸ ਖ਼ੁਸ਼ੀ ਨੇ ਵੀ ਮੈਨੂੰ ਰੂਹਾਨੀਅਤ ਤੋਂ ਦੂਰ ਨਹੀਂ ਸੀ ਕੀਤਾ। ਸਭ ਕੁਝ ਕਿੰਨਾ ਵਧੀਆ ਚੱਲ ਰਿਹਾ ਸੀ ਪਰ ਇਕ ਅਜੀਬ ਖ਼ਿਆਲ ਨੇ ਮਨ ਦੀ ਦੁਨੀਆ ਦਾ ਰੁਖ਼ ਹੀ ਬਦਲ ਦਿੱਤਾ ਸੀ।
ਇਸੇ ਕਸ਼ਮਕਸ਼ ’ਚ ਤੁਰਦਿਆਂ ਤਿੰਨ ਦਸੰਬਰ ਨੂੰ ਮੈਨੂੰ ਸਵੇਰੇ ਮੇਰੀ ਭੈਣ ਦਾ ਫੋਨ ਆਇਆ, ‘‘ਵਧਾਈਆਂ ਹੋਣ, ਇਕ ਹੋਰ ਲਕਸ਼ਮੀ ਆਈ ਹੈ।’’ ਮੇਰੇ ਮੂੰਹ ’ਚੋਂ ਪਹਿਲਾ ਸ਼ਬਦ ਨਿਕਲਿਆ, ‘‘ਅੱਛਾ, ਸਾਡੇ ਸਾਰਿਆਂ ਕੋਲ ਹੀ ਬੇਟੀਆਂ, ਦੂਜੇ ਪਲ ਮੈਨੂੰ ਲੱਗਿਆ ਕਿ ਹੁਣ ਮੇਰੇ ਸ਼ਬਦ ਰੁਲ ਜਾਣਗੇ।’’ ਮੇਰੀ ਭੈਣ ਨੇ ਸਾਰਿਆਂ ਨੂੰ ਦੱਸ ਦਿੱਤਾ ਕਿ ਸੁੱਖੂ (ਮੇਰਾ ਛੋਟਾ ਨਾਂ) ਨੇ ਐਵੇਂ ਕਿਹਾ ਹੈ ਕਿ ਸਾਡੇ ਸਾਰਿਆਂ ਕੋਲ ਹੀ ਬੇਟੀਆਂ।
ਅਗਲੇ ਦਿਨ ਬੱਚੇ ਨੂੰ ਦੇਖਣ ਜਾਣ ਲਈ ਅਸੀਂ ਸਾਰੇ ਜਲਦੀ ਉੱਠੇ। ਸਾਰੇ ਰਾਹ ਹੱਸਦੇ-ਖੇਡਦੇ ਹਸਪਤਾਲ ਪਹੁੰਚੇ ਜਿੱਥੇ ਬੱਚੀ ਦੇ ਨਾਨਕੇ-ਦਾਦਕੇ ਬੈਠੇ ਸਨ। ਸਾਰਿਆਂ ਨੇ ਮੈਨੂੰ ਵੇਖ ਕੇ ਹਾਸਾ ਚੱਕ ਦਿੱਤਾ ਤੇ ਮੈਨੂੰ ਕਹਿਣ ਲੱਗੇ, ‘‘ਇਕ ਵਾਰ ਕਹਿ ਕੇ ਵਿਖਾਈਂ ਤੂੰ ਕਿਵੇਂ ਕਿਹਾ ਸੀ ਕਿ ਸਾਡੇ ਸਾਰਿਆਂ ਕੋਲ ਹੀ ਬੇਟੀਆਂ।’’ ਮੈਂ ਤੇ ਮਨ ਹੀ ਮਨ ਪਛਤਾਵਾ ਕਰਾਂ ਕਿ ਹਾਏ ਰੱਬਾ, ਮੇਰੇ ਮੂੰਹ ’ਚੋਂ ਕਿਉਂ ਉਸ ਵਕਤ ਇਹ ਬੋਲ ਨਿਕਲ ਗਏ। ਸਾਰਿਆਂ ਨੇ ਪੂਰਾ ਦਿਨ ਮੇਰਾ ਮਜ਼ਾਕ ਉਡਾਇਆ। ਨਵੇਂ ਬੱਚੇ ਨੂੰ ਪਿਆਰ ਕਰਦਿਆਂ ਸਮਾਂ ਕਿਵੇਂ ਲੰਘ ਗਿਆ, ਪਤਾ ਹੀ ਨਹੀਂ ਲੱਗਿਆ।
-ਜਸਮੀਤ ਕੌਰ ਖੇਤਲਾ
-ਮੋਬਾਈਲ : 98762-15551