ਅਮਰੀਕਾ ਦੇ ਸਾਹਮਣੇ ਆਰਥਿਕ ਚੁਣੌਤੀ ਵੀ ਖੜ੍ਹੀ ਹੁੰਦੀ ਜਾ ਰਹੀ ਹੈ। ਈਰਾਨ ਜੰਗ ’ਤੇ ਪੈਸਾ ਖ਼ਰਚ ਕਰਨ ਤੋਂ ਪਹਿਲਾਂ ਉਹ ਯੂਕਰੇਨ ਨੂੰ ਆਰਥਿਕ ਮਦਦ ਦੇ ਰਿਹਾ ਸੀ। ਉਸ ਨੇ ਗਾਜ਼ਾ ’ਚ ਇਜ਼ਰਾਈਲ ਦੇ ਹਮਲਿਆਂ ਦੇ ਦੌਰਾਨ ਵੀ ਉਸ ਦੀ ਮਦਦ ਕੀਤੀ। ਇਹ ਵੀ ਧਿਆਨ ’ਚ ਰਹੇ ਕਿ ਗ੍ਰੀਨਲੈਂਡ ਤੇ ਈਰਾਨ ਜੰਗ ਦੇ ਕਾਰਨ ਉਸ ਦੇ ਨਾਟੋ ਨਾਲ ਰਿਸ਼ਤੇ ਵੀ ਖ਼ਰਾਬ ਹੋ ਗਏ ਹਨ।

ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਲਗਪਗ 40 ਦਿਨ ਤੱਕ ਜਾਰੀ ਲੜਾਈ ਨੂੰ ਰੋਕਣ ਲਈ ਜੋ ਜੰਗਬੰਦੀ ਹੋਈ, ਉਹ ਬਹੁਤ ਹੀ ਨਾਜ਼ੁਕ ਹੈ। ਇਹ ਸ਼ੱਕ ਬਣਿਆ ਹੋਇਆ ਹੈ ਕਿ ਇਹ ਕਦੀ ਵੀ ਟੁੱਟ ਸਕਦੀ ਹੈ। ਜੰਗਬੰਦੀ ਦੇ ਐਲਾਨ ਦੇ ਕੁਝ ਘੰਟੇ ਬਾਅਦ ਹੀ ਇਜ਼ਰਾਈਲ ਨੇ ਲਿਬਨਾਨ ’ਚ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਉਣ ਲਈ ਇਕ ਵੱਡਾ ਹਮਲਾ ਕੀਤਾ, ਜਿਸ ’ਚ ਲਗਪਗ ਦੋ ਸੌ ਤੋ ਵੱਧ ਲੋਕ ਮਾਰੇ ਗਏ। ਜੋ ਜੰਗਬੰਦੀ ਹੋਈ, ਉਹ ਕਥਿਤ ਤੌਰ ’ਤੇ ਪਾਕਿਸਤਾਨ ਦੀ ਵਿਚੋਲਗੀ ਕਾਰਨ ਹੋਈ। ਉਹ ਇਸ ਵਿਚੋਲਗੀ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਸ਼ਾਂਤੀ ਦਾ ਦੂਤ ਦੱਸ ਰਿਹਾ ਹੈ, ਪਰ ਉਹ ਵਿਵਾਦਾਂ ਦੇ ਘੇਰੇ ’ਚ ਆਇਆ ਤੇ ਮਜ਼ਾਕ ਦਾ ਪਾਤਰ ਵੀ ਬਣਿਆ।
ਪਾਕਿਸਤਾਨ ਦੇ ਹਿਸਾਬ ਨਾਲ ਜੰਗਬੰਦੀ ਦੇ ਘੇਰੇ ’ਚ ਲਿਬਨਾਨ ਵੀ ਸੀ, ਪਰ ਇਜ਼ਰਾਈਲ ਨੇ ਇਸ ਤੋਂ ਇਨਕਾਰ ਕੀਤਾ ਤੇ ਅਮਰੀਕਾ ਨੇ ਵੀ। ਇਸ ਨਾਲ ਈਰਾਨ ਭੜਕ ਗਿਆ ਤੇ ਉਸ ਨੇ ਸਮੁੰਦਰੀ ਮਾਰਗ ਹੋਰਮੁਜ਼ ਬੰਦ ਰੱਖਣ ਦੀ ਚਿਤਾਵਨੀ ਦਿੱਤੀ। ਪਾਕਿਸਤਾਨ ਕੋਈ ਵੀ ਦਾਅਵਾ ਕਰੇ, ਇਹ ਸਾਫ਼ ਹੈ ਕਿ ਉਹ ਵਿਚੋਲੇ ਦੀ ਥਾਂ ’ਤੇ ਸੰਦੇਸ਼ ਵਾਹਕ ਦੀ ਭੂਮਿਕਾ ’ਚ ਸੀ। ਇਹ ਉਸ ਪੋਸਟ ਨਾਲ ਸਾਬਤ ਹੋਇਆ, ਜਿਸ ’ਚ ਲਿਖਿਆ ਗਿਆ ਸੀ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਲਈ ਜਾਰੀ ਕੀਤੀ ਜਾਣ ਵਾਲੀ ਪੋਸਟ। ਬਾਅਦ ’ਚ ਇਹ ਉਜਾਗਰ ਵੀ ਹੋਇਆ ਕਿ ਇਸ ਪੋਸਟ ਨੂੰ ਅਮਰੀਕਾ ਨੇ ਤਿਆਰ ਕਰ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਭੇਜਿਆ ਸੀ ਤੇ ਇਸ ਨੂੰ ਖ਼ੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਖਿਆ ਸੀ।
ਇਹ ਮੰਨਣ ਦੇ ਚੰਗੇ ਕਾਰਨ ਹਨ ਕਿ ਪਾਕਿਸਤਾਨ ਨਾ ਸਿਰਫ਼ ਅਮਰੀਕਾ ਤੇ ਈਰਾਨ ਵਿਚਾਲੇ ਸੰਦੇਸ਼ਾਂ ਦਾ ਆਦਾਨ-ਪ੍ਰਧਾਨ ਕਰ ਰਿਹਾ ਸੀ, ਬਲਕਿ ਚੀਨ ਦੇ ਵੀ ਸੰਪਰਕ ’ਚ ਸੀ। ਕਿਉਂਕਿ ਪਾਕਿਸਤਾਨ ਦੀਆਂ ਹੱਦਾਂ ਈਰਾਨ ਨਾਲ ਲੱਗਦੀਆਂ ਹਨ, ਇਸ ਲਈ ਉਹ ਇਹ ਨਹੀਂ ਚਾਹੁੰਦਾ ਸੀ ਕਿ ਇਸ ਜੰਗ ਦਾ ਸੇਕ ਉਸ ਤੱਕ ਆਏ ਜਾਂ ਫਿਰ ਉਸ ਦੀ ਜ਼ਮੀਨ ਦੀ ਵਰਤੋਂ ਅਮਰੀਕਾ ਕਰੇ ਜਾਂ ਉਸ ਨੂੰ ਸਾਊਦੀ ਅਰਬ ਦੇ ਬਚਾਅ ’ਚ ਅੱਗੇ ਆਉਣਾ ਪਵੇ। ਦੋਵਾਂ ਹੀ ਸੂਰਤਾਂ ’ਚ ਉਸ ਦੇ ਈਰਾਨ ਨਾਲ ਰਿਸ਼ਤੇ ਵਿਗੜ ਜਾਂਦੇ। ਪਾਕਿਸਤਾਨ ਪਰਮਾਣੂ ਹਥਿਆਰ ਲੈਸ ਦੇਸ਼ ਜ਼ਰੂਰ ਹੈ, ਪਰ ਉਸ ਦਾ ਕੂਟਨੀਤਕ ਅਸਰ ਤੇ ਵੱਕਾਰ ਇੰਨਾ ਨਹੀਂ ਕਿ ਉਹ ਈਰਾਨ ਤੇ ਅਮਰੀਕਾ-ਇਜ਼ਰਾਈਲ ਵਿਚਾਲੇ ਕੋਈ ਸੁਲਾਹ-ਸਮਝੌਤਾ ਕਰਵਾ ਸਕੇ।
ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਪਾਕਿਸਤਾਨੀ ਰੱਖਿਆ ਮੰਤਰੀ ਨੇ ਇਜ਼ਰਾਈਲ ਖ਼ਿਲਾਫ਼ ਇਕ ਇਤਰਾਜ਼ਯੋਗ ਪੋਸਟ ਕੀਤੀ, ਜਿਸ ’ਚ ਲਿਖਿਆ ਸੀ ਕਿ ਮੈਂ ਉਮੀਦ ਕਰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਯੂਰਪੀ ਯਹੂਦੀਆਂ ਤੋਂ ਛੁਟਕਾਰਾ ਹਾਸਲ ਕਰਨ ਲਈ ਫ਼ਲਸਤੀਨੀ ਜ਼ਮੀਨ ’ਤੇ ਕੈਂਸਰ ਵਰਗੀ ਤਬਾਹਕਾਰੀ ਸੱਤਾ (ਭਾਵ ਇਜ਼ਰਾਈਲ) ਨੂੰ ਖੜ੍ਹਾ ਕੀਤਾ, ਉਹ ਨਰਕ ’ਚ ਸੜਨ। ਇਜ਼ਰਾਈਲ ਦੇ ਵੀ ਸਖ਼ਤ ਇਤਰਾਜ਼ ਤੋਂ ਬਾਅਦ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਇਹ ਪੋਸਟ ਡਿਲੀਟ ਕਰਨੀ ਪਈ।
ਇਸ ਸਭ ਵਿਚਾਲੇ ਹੀ ਪਾਕਿਸਤਾਨ ’ਚ ਅਮਰੀਕਾ ਤੇ ਈਰਾਨ ਵਿਚਾਲੇ ਸ਼ਾਂਤੀ ਵਾਰਤਾ ਹੋਈ ਜੋ ਫ਼ਿਲਹਾਲ ਬੇਨਤੀਜਾ ਰਹੀ। ਪਾਕਿਸਤਾਨ ਲਈ ਤਸੱਲੀ ਦੀ ਗੱਲ ਸਿਰਫ਼ ਇਹ ਹੈ ਕਿ ਜੋ ਜੰਗ ਪੱਛਮੀ ਏਸ਼ੀਆ ਦੇ ਨਾਲ ਉਸ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਸੀ, ਉਸ ਨੂੰ ਖ਼ਤਮ ਕਰਨ ਤੇ ਕਿਸੇ ਸਮਝੌਤੇ ਤੱਕ ਪੁੱਜਣ ਲਈ ਹੋਣ ਵਾਲੀ ਗੱਲਬਾਤ ਉਸ ਦੇ ਇੱਥੇ ਹੋ ਰਹੀ ਸੀ। ਜੇ ਇਸੇ ਵਾਰਤਾ ’ਚ ਅਮਰੀਕਾ ਤੇ ਈਰਾਨ ਦੇ ਵਿਚਾਲੇ ਕੋਈ ਸਥਾਈ ਸਮਝੌਤਾ ਹੁੰਦਾ ਤਾਂ ਉਸ ’ਚ ਇਕ ਵੱਡੀ ਭੂਮਿਕਾ ਚੀਨ ਦੀ ਵੀ ਹੋ ਸਕਦੀ ਸੀ, ਕਿਉਂਕਿ ਉਸ ਦਾ ਈਰਾਨ ’ਤੇ ਚੰਗਾ ਪ੍ਰਭਾਵ ਹੈ। ਮੰਨਿਆ ਜਾਂਦਾ ਹੈ ਕਿ ਚੀਨ ਦੇ ਕਹਿਣ ’ਤੇ ਹੀ ਈਰਾਨ ਵਾਰਤਾ ਲਈ ਅੱਗੇ ਆਇਆ। ਚੀਨ ਨੇ ਚੰਗਾ ਨਿਵੇਸ਼ ਯੂਏਈ ਤੇ ਖਾੜੀ ਦੇ ਹੋਰ ਦੇਸ਼ਾਂ ’ਚ ਕੀਤਾ ਹੋਇਆ ਹੈ। ਜੰਗ ਕਾਰਨ ਉਸ ਦਾ ਇਹ ਨਿਵੇਸ਼ ਖ਼ਤਰੇ ’ਚ ਸੀ। ਇਸ ਤੋਂ ਚੀਨ ਚਿੰਤਤ ਸੀ ਤੇ ਆਪਣੇ ਨਿਵੇਸ਼ ਨੂੰ ਸੁਰੱਖਿਅਤ ਰੱਖਣ ਲਈ ਪਰਦੇ ਦੇ ਪਿੱਛੇ ਤੋਂ ਜੰਗਬੰਦੀ ਦੀ ਕੋਸ਼ਿਸ਼ ’ਚ ਸੀ।
ਫ਼ਿਲਹਾਲ ਇਸ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ ਕਿ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ ਈਰਾਨ ’ਤੇ ਜੋ ਹਮਲਾ ਕੀਤਾ, ਉਸ ਨਾਲ ਉਸ ਨੂੰ ਹਾਸਲ ਕੀ ਹੋਇਆ, ਕਿਉਂਕਿ ਈਰਾਨ ’ਚ ਨਾ ਤਾਂ ਸੱਤਾ ਤਬਦੀਲੀ ਹੋਈ ਤੇ ਨਾ ਹੀ ਉਸ ਦੀ ਫ਼ੌਜ ਨਰਮ ਪਈ। ਉਲਟਾ ਉਹ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਖਾੜੀ ਦੇਸ਼ਾਂ ’ਚ ਹਮਲੇ ਕਰਨ ’ਚ ਰੁੱਝਿਆ ਰਿਹਾ। ਇਸ ਨਾਲ ਖਾੜੀ ਦੇਸ਼ ਤਾਂ ਸੰਕਟ ’ਚ ਪਏ ਹੀ, ਅਮਰੀਕਾ ਦੀ ਵੀ ਪਰੇਸ਼ਾਨੀ ਵਧੀ। ਜੰਗਬੰਦੀ ਦੇ ਐਲਾਨ ਤੋਂ ਬਾਅਦ ਵੀ ਇਜ਼ਰਾਈਲ ਲਿਬਨਾਨ ਨੂੰ ਇਸ ਲਈ ਨਿਸ਼ਾਨਾ ਬਣਾ ਰਿਹਾ ਹੈ, ਕਿਉਂਕਿ ਉਥੇ ਈਰਾਨ ਸਮਰਥਤ ਹਿਜ਼ਬੁੱਲਾ ਸਰਗਰਮ ਹੈ। ਉਹ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਪੱਛਮੀ ਏਸ਼ੀਆ ’ਚ ਯਹੂਦੀਆਂ ਤੇ ਮੁਸਲਮਾਨਾਂ ਵਿਚਾਲੇ ਲੰਬੇ ਸਮੇਂ ਤੋਂ ਵੈਰ ਚੱਲ ਰਿਹਾ ਹੈ। ਈਰਾਨ ਤਾਂ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਤੋਂ ਹੀ ਮਿਟਾਉਣ ਦੀ ਗੱਲ ਕਰਦਾ ਹੈ। ਉਸ ਦੇ ਨਾਲ-ਨਾਲ ਪਾਕਿਸਤਾਨ ਵਰਗੇ ਅਨੇਕਾਂ ਇਸਲਾਮੀ ਦੇਸ਼ ਇਜ਼ਰਾਈਲ ਤੋਂ ਨਫ਼ਰਤ ਕਰਦੇ ਹਨ, ਪਰ ਕਈ ਅਰਬ ਦੇਸ਼ਾਂ ਦਾ ਉਸ ਦੇ ਪ੍ਰਤੀ ਰਵੱਈਆ ਬਦਲਿਆ ਹੈ।
ਚਾਹੇ ਹੀ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਲਿਬਨਾਨ ਨਾਲ ਗੱਲਬਾਤ ਲਈ ਤਿਆਰ ਹਨ, ਪਰ ਕਹਿਣਾ ਮੁਸ਼ਕਲ ਹੈ ਕਿ ਉਹ ਹਿਜ਼ਬੁੱਲਾ ਦੇ ਪ੍ਰਤੀ ਨਰਮੀ ਵਰਤਣਗੇ। ਜਿੱਥੇ ਤੱਕ ਅਮਰੀਕਾ ਦੀ ਗੱਲ ਹੈ, ਕਿਉਂਕਿ ਈਰਾਨ ਜੰਗ ਟਰੰਪ ਦੇ ਗਲੇ ਦੀ ਹੱਡੀ ਬਣ ਗਈ ਹੈ, ਇਸ ਲਈ ਉਹ ਇਸ ਫ਼ੌਜੀ ਟਕਰਾਅ ਤੋਂ ਨਿਕਲਣ ਲਈ ਕੋਈ ਸਨਮਾਨਜਨਕ ਰਾਹ ਲੱਭ ਰਹੇ ਹਨ। ਇਸ ਦਾ ਹੀ ਫ਼ਾਇਦਾ ਈਰਾਨ ਉਠਾ ਰਿਹਾ ਹੈ। ਟਰੰਪ ਦੇ ਕਿਸੇ ਤਰ੍ਹਾਂ ਜੰਗ ਤੋਂ ਨਿਕਲਣ ਦੇ ਸੰਕੇਤ ਇਸ ਤੋਂ ਮਿਲਦੇ ਹਨ ਕਿ ਉਹ ਲੰਬੀ ਖਿੱਚਦੀ ਇਸ ਜੰਗ ਦੇ ਕਾਰਨ ਇੰਨੇ ਨਿਰਾਸ਼ ਹੋ ਗਏ ਹਨ ਕਿ ਈਰਾਨ ਨੂੰ ਗਾਲ੍ਹ਼ਾਂ ਕੱਢਣ ’ਤੇ ਉਤਰ ਆਏ ਹਨ। ਟਰੰਪ ਇਸ ਲਈ ਮੁਸ਼ਕਲ ’ਚ ਫਸ ਗਏ ਹਨ, ਕਿਉਂਕਿ ਉਹ ਨਾ ਤਾਂ ਈਰਾਨ ’ਚ ਸੱਤਾ ਤਬਦੀਲੀ ਕਰਵਾ ਸਕੇ ਤੇ ਨਾ ਹੀ ਇਹ ਯਕੀਨੀ ਬਣਾ ਸਕੇ ਕਿ ਉਸ ਦੀ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਖ਼ਤਮ ਹੋ ਜਾਵੇ।
ਅਮਰੀਕਾ ਦੇ ਸਾਹਮਣੇ ਆਰਥਿਕ ਚੁਣੌਤੀ ਵੀ ਖੜ੍ਹੀ ਹੁੰਦੀ ਜਾ ਰਹੀ ਹੈ। ਈਰਾਨ ਜੰਗ ’ਤੇ ਪੈਸਾ ਖ਼ਰਚ ਕਰਨ ਤੋਂ ਪਹਿਲਾਂ ਉਹ ਯੂਕਰੇਨ ਨੂੰ ਆਰਥਿਕ ਮਦਦ ਦੇ ਰਿਹਾ ਸੀ। ਉਸ ਨੇ ਗਾਜ਼ਾ ’ਚ ਇਜ਼ਰਾਈਲ ਦੇ ਹਮਲਿਆਂ ਦੇ ਦੌਰਾਨ ਵੀ ਉਸ ਦੀ ਮਦਦ ਕੀਤੀ। ਇਹ ਵੀ ਧਿਆਨ ’ਚ ਰਹੇ ਕਿ ਗ੍ਰੀਨਲੈਂਡ ਤੇ ਈਰਾਨ ਜੰਗ ਦੇ ਕਾਰਨ ਉਸ ਦੇ ਨਾਟੋ ਨਾਲ ਰਿਸ਼ਤੇ ਵੀ ਖ਼ਰਾਬ ਹੋ ਗਏ ਹਨ। ਪਿਛਲੇ ਲਗਪਗ ਪੰਜ ਸਾਲਾਂ ’ਚ ਅਮਰੀਕਾ ਦੇ ਆਰਥਿਕ ਸਾਧਨਾਂ ਦਾ ਇਕ ਵੱਡਾ ਹਿੱਸਾ ਦੂਜੇ ਦੇਸ਼ਾਂ ਨੂੰ ਹਥਿਆਰ ਦੇਣ ’ਚ ਗਿਆ ਹੈ। ਇਹ ਉਸ ਦੀ ਆਰਥਿਕ ਸਿਹਤ ਲਈ ਠੀਕ ਨਹੀਂ।
ਟਰੰਪ ਈਰਾਨ ਦੇ ਸਾਹਮਣੇ ਕਿਸ ਤਰ੍ਹਾਂ ਕਮਜ਼ੋਰ ਸਾਬਿਤ ਹੋ ਰਹੇ ਹਨ, ਇਸ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਈਰਾਨ ਨੇ ਜਿਸ ਤਰ੍ਹਾਂ ਸਮੁੰਦਰੀ ਮਾਰਗ ਹੋਰਮੁਜ਼ ਨੂੰ ਰੋਕ ਦਿੱਤਾ ਤੇ ਜਿਸ ਕਾਰਨ ਵਿਸ਼ਵ ’ਚ ਊਰਜਾ ਸੰਕਟ ਪੈਦਾ ਹੋਇਆ, ਉਸ ਨੂੰ ਉਹ ਖੁੱਲ੍ਹਵਾ ਨਹੀਂ ਪਾ ਰਹੇ ਹਨ। ਜੰਗਬੰਦੀ ਤੋਂ ਬਾਅਦ ਵੀ ਈਰਾਨ ਹੋਰਮੁਜ਼ ਤੋਂ ਹਰ ਰੋਜ਼ 15 ਜਹਾਜ਼ ਲੰਘਣ ਦੇਣ ਦੀ ਜ਼ਿਦ ’ਤੇ ਅੜਿਆ ਹੈ। ਜੇ ਇਹੀ ਹਾਲਾਤ ਰਹੇ ਤਾਂ ਊਰਜਾ ਸੰਕਟ ਹੋਰ ਵਧੇਗਾ। ਇਸਲਾਮਾਬਾਦ ’ਚ ਸ਼ਾਂਤੀ ਵਾਰਤਾ ਦਾ ਜੋ ਵੀ ਹਸ਼ਰ ਹੋਵੇ, ਇਹ ਤੈਅ ਹੈ ਕਿ ਟਰੰਪ ਦਬਾਅ ’ਚ ਹਨ ਤੇ ਉਨ੍ਹਾਂ ਦਾ ਵੱਕਾਰ ਖ਼ਤਰੇ ’ਚ ਹੈ। ਬਿਨਾਂ ਸ਼ੱਕ ਖ਼ਤਰੇ ’ਚ ਜੰਗਬੰਦੀ ਵੀ ਹੈ, ਕਿਉਂਕਿ ਸ਼ਾਂਤੀ ਦੀ ਭਾਲ ’ਚ ਵਾਰਤਾ ਕਰ ਰਹੇ ਦੋਵੇਂ ਦੇਸ਼ ਇਕ ਦੂਜੇ ਪ੍ਰਤੀ ਬੇਯਕੀਨੀ ਨਾਲ ਭਰੇ ਹੋਏ ਹਨ।
ਸੰਜੇ ਗੁਪਤ
response@jagran.com