- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ਵਿਚ ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਇਕ ਬਜ਼ੁਰਗ ਮਹਿਲਾ ਕਾਰੋਬਾਰੀ ਨਾਲ ਸੱਤ ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਸਾਈਬਰ ਠੱਗ ਬੇਲਗਾਮ ਹੋ ਚੁੱਕੇ ਹਨ। ਸੱਤ ਕਰੋੜ ਰੁਪਏ ਦੀ ਠੱਗੀ ਤੋਂ ਪਹਿਲਾਂ ਦਿੱਲੀ ਵਿਚ ਹੀ ਇਕ ਐੱਨਆਰਆਈ ਜੋੜੇ ਨਾਲ ਪੰਦਰਾਂ ਕਰੋੜ ਦੀ ਠੱਗੀ ਮਾਰੀ ਗਈ ਸੀ।

ਦਿੱਲੀ ਵਿਚ ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਇਕ ਬਜ਼ੁਰਗ ਮਹਿਲਾ ਕਾਰੋਬਾਰੀ ਨਾਲ ਸੱਤ ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਸਾਈਬਰ ਠੱਗ ਬੇਲਗਾਮ ਹੋ ਚੁੱਕੇ ਹਨ। ਸੱਤ ਕਰੋੜ ਰੁਪਏ ਦੀ ਠੱਗੀ ਤੋਂ ਪਹਿਲਾਂ ਦਿੱਲੀ ਵਿਚ ਹੀ ਇਕ ਐੱਨਆਰਆਈ ਜੋੜੇ ਨਾਲ ਪੰਦਰਾਂ ਕਰੋੜ ਦੀ ਠੱਗੀ ਮਾਰੀ ਗਈ ਸੀ। ਦਰਅਸਲ, ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇ, ਜਦੋਂ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਨਾ ਆਉਂਦਾ ਹੋਵੇ। ਹਾਲਾਂਕਿ ਸਾਈਬਰ ਠੱਗ ਵਾਰ-ਵਾਰ ਉਨ੍ਹਾਂ ਹੀ ਤੌਰ-ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਜਿਨ੍ਹਾਂ ਨਾਲ ਪਹਿਲਾਂ ਵੀ ਅਨੇਕ ਲੋਕ ਠੱਗੇ ਜਾ ਚੁੱਕੇ ਹਨ ਪਰ ਫਿਰ ਵੀ ਲੋਕ ਉਨ੍ਹਾਂ ਦੇ ਝਾਂਸੇ ਵਿਚ ਆ ਹੀ ਜਾਂਦੇ ਹਨ।
ਇਨ੍ਹਾਂ ਵਿਚ ਕਈ ਤਾਂ ਚੰਗੇ-ਖ਼ਾਸੇ ਪੜ੍ਹੇ-ਲਿਖੇ ਲੋਕ ਵੀ ਹੁੰਦੇ ਹਨ। ਉਨ੍ਹਾਂ ਦੇ ਠੱਗੇ ਜਾਣ ਤੋਂ ਇਹੀ ਪਤਾ ਲੱਗਦਾ ਹੈ ਕਿ ਆਮ ਲੋਕ ਸਾਈਬਰ ਅਪਰਾਧੀਆਂ ਦੇ ਤੌਰ-ਤਰੀਕਿਆਂ ਨੂੰ ਲੈ ਕੇ ਜਾਗਰੂਕ ਨਹੀਂ ਹਨ। ਸਾਈਬਰ ਠੱਗ ਨਕਲੀ ਪੁਲਿਸ, ਸੀਬੀਆਈ, ਕਸਟਮ, ਈਡੀ, ਇਨਕਮ ਟੈਕਸ ਅਧਿਕਾਰੀ ਜਾਂ ਵਕੀਲ-ਜੱਜ ਬਣ ਕੇ ਜਿਸ ਆਸਾਨੀ ਨਾਲ ਲੋਕਾਂ ਤੋਂ ਲੱਖਾਂ-ਕਰੋੜਾਂ ਰੁਪਏ ਹੜੱਪ ਲੈਂਦੇ ਹਨ, ਉਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਖ਼ਰ ਲੋਕ ਇਹ ਕਿਉਂ ਨਹੀਂ ਸਮਝ ਪਾ ਰਹੇ ਕਿ ਡਿਜੀਟਲ ਅਰੈਸਟ ਵਰਗੀ ਕੋਈ ਵਿਵਸਥਾ ਨਹੀਂ ਹੈ? ਨਿਰਸੰਦੇਹ ਲੋਕਾਂ ਨੂੰ ਸਾਈਬਰ ਠੱਗੀਆਂ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਪਰ ਇਸ ਤੋਂ ਵੀ ਕਿਤੇ ਵੱਡੀ ਲੋੜ ਸਾਈਬਰ ਠੱਗਾਂ ’ਤੇ ਸ਼ਿਕੰਜਾ ਕੱਸਣ ਦੀ ਹੈ। ਇਹ ਨਿਰਾਸ਼ਾਜਨਕ ਹੈ ਕਿ ਪੁਲਿਸ ਅਤੇ ਹੋਰ ਏਜੰਸੀਆਂ ਇਸ ਵਿਚ ਸਮਰੱਥ ਨਹੀਂ ਭਾਸਦੀਆਂ।
ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਡਿਜੀਟਲ ਅਰੈਸਟ ਦੀ ਧਮਕੀ ਦੇ ਕੇ ਸਾਈਬਰ ਠੱਗੀ ਦੇ ਵਧਦੇ ਮਾਮਲਿਆਂ ਦਾ ਸੁਪਰੀਮ ਕੋਰਟ ਵੱਲੋਂ ਖ਼ੁਦ ਹੀ ਨੋਟਿਸ ਲੈਣ ’ਤੇ ਕੇਂਦਰ ਸਰਕਾਰ ਨੇ ਇਕ ਕਮੇਟੀ ਗਠਿਤ ਕੀਤੀ ਜਿਸ ਵਿਚ ਐੱਨਆਈਏ, ਸੀਬੀਆਈ, ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਮੈਂਬਰਾਂ ਤੋਂ ਇਲਾਵਾ ਕਈ ਮੰਤਰਾਲਿਆਂ ਦੇ ਅਧਿਕਾਰੀ ਅਤੇ ਨਾਲ ਹੀ ਰਿਜ਼ਰਵ ਬੈਂਕ ਦੇ ਸੰਯੁਕਤ ਸਕੱਤਰ ਵੀ ਸ਼ਾਮਲ ਹਨ। ਉਂਜ ਇਹ ਕੰਮ ਤਾਂ ਬਹੁਤ ਪਹਿਲਾਂ ਹੀ ਕਰ ਲਿਆ ਜਾਣਾ ਚਾਹੀਦਾ ਸੀ। ਉਮੀਦ ਹੈ ਕਿ ਸੁਪਰੀਮ ਕੋਰਟ ਇਸ ਕਮੇਟੀ ਦੀ ਰਿਪੋਰਟ ਦਾ ਖ਼ੁਦ ਹੀ ਨੋਟਿਸ ਲੈ ਕੇ ਅਜਿਹੇ ਪ੍ਰਭਾਵਸ਼ਾਲੀ ਆਦੇਸ਼-ਨਿਰਦੇਸ਼ ਦੇਵੇਗੀ ਜਿਨ੍ਹਾਂ ਨਾਲ ਸਾਈਬਰ ਠੱਗਾਂ ’ਤੇ ਲਗਾਮ ਲੱਗੇਗੀ।
ਅਜਿਹਾ ਹੋਣਾ ਵੀ ਚਾਹੀਦਾ ਹੈ ਕਿਉਂਕਿ ਸਾਈਬਰ ਠੱਗੀ ਤਹਿਤ ਹੜੱਪੀ ਜਾਣ ਵਾਲੀ ਰਕਮ ਵਧਦੀ ਹੀ ਜਾ ਰਹੀ ਹੈ। ਸਾਈਬਰ ਅਪਰਾਧੀ ਸਿਰਫ਼ ਲੋਕਾਂ ਨੂੰ ਡਰਾ-ਧਮਕਾ ਕੇ ਹੀ ਉਨ੍ਹਾਂ ਨਾਲ ਠੱਗੀ ਨਹੀਂ ਕਰ ਰਹੇ, ਸਗੋਂ ਉਹ ਨਿਵੇਸ਼ ਦਾ ਦਿਲਖਿੱਚਵਾਂ ਲਾਲਚ ਦੇ ਕੇ ਵੀ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ’ਤੇ ਹੱਥ ਸਾਫ਼ ਕਰ ਰਹੇ ਹਨ। ਇਸ ਦੀ ਮਿਸਾਲ ਪਿੱਛੇ ਜਿਹੇ ਪੰਜਾਬ ਪੁਲਿਸ ਦੇ ਇਕ ਉੱਚ ਅਫ਼ਸਰ ਨਾਲ ਹੋਈ ਕਰੋੜਾਂ ਰੁਪਏ ਦੀ ਠੱਗੀ ਹੈ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਪੱਤਰ ਲਿਖ ਕੇ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ ਪਰ ਚੰਗੇ ਭਾਗੀਂ ਉਸ ਦੀ ਜਾਨ ਬਚ ਗਈ।
ਉਕਤ-ਸਭ ਤੋਂ ਇਹ ਪਤਾ ਲੱਗਦਾ ਹੈ ਕਿ ਸਾਈਬਰ ਠੱਗ ਬੇਲਗਾਮ ਅਤੇ ਬੇਖ਼ੌਫ਼ ਹਨ। ਜ਼ਿਆਦਾਤਰ ਮਾਮਲਿਆਂ ਵਿਚ ਉਹ ਫੜੇ ਨਹੀਂ ਜਾਂਦੇ ਅਤੇ ਜੇਕਰ ਫੜੇ ਵੀ ਜਾਂਦੇ ਹਨ ਤਾਂ ਹੜੱਪੀ ਗਈ ਰਕਮ ਵਾਪਸ ਨਹੀਂ ਮਿਲਦੀ ਕਿਉਂਕਿ ਉਹ ਵਿਦੇਸ਼ ਭੇਜੀ ਜਾ ਚੁੱਕੀ ਹੁੰਦੀ ਹੈ। ਸਾਈਬਰ ਠੱਗੀ ’ਤੇ ਕਾਬੂ ਪਾਉਣ ਲਈ ਸਿਰਫ਼ ਪੁਲਿਸ ਅਤੇ ਹੋਰ ਏਜੰਸੀਆਂ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਉਣਾ ਹੀ ਨਹੀਂ, ਸਗੋਂ ਮੋਬਾਈਲ ਕੰਪਨੀਆਂ ਅਤੇ ਬੈਂਕਾਂ ਦੇ ਕੰਮਕਾਜ ਦੇ ਤਰੀਕਿਆਂ ਨੂੰ ਵੀ ਸੁਧਾਰਨਾ ਹੋਵੇਗਾ। ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਸਾਈਬਰ ਠੱਗ ਬੇਲਗਾਮ ਰਹੇ ਤਾਂ ਲੋਕ ਡਿਜੀਟਲ ਲੈਣ-ਦੇਣ ਤੋਂ ਦੂਰ ਹੋਣ ਲਈ ਮਜਬੂਰ ਹੋ ਜਾਣਗੇ।