ਕਾਨੂੰਨੀ ਪੱਖ ਦੇਖੀਏ ਤਾਂ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਲਈ ਪ੍ਰਸ਼ਾਸਨ ਤੇ ਨਗਰ ਨਿਗਮਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪਾਲਤੂ ਕੁੱਤਾ ਕਿਸੇ ਨੂੰ ਕੱਟਦਾ ਹੈ ਤਾਂ ਉਸ ਦਾ ਮਾਲਕ ਦੋਸ਼ੀ ਹੋਵੇਗਾ। ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੁੱਤੇ ਦੇ ਕੱਟਣ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਮਾਲਕ ਨੂੰ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਜਾਂਦੀ ਹੈ ਅਤੇ ਪੰਜ ਲੱਖ ਦਾ ਮੁਆਵਜ਼ਾ ਦੇਣ ਲਈ ਕਿਹਾ ਜਾਂਦਾ ਹੈ।

ਪੰਜਾਬ ਵਿਚ ਅਵਾਰਾ ਕੁੱਤਿਆਂ ਦੇ ਕੱਟਣ ਦਾ ਖ਼ੌਫ਼ ਦਿਨ-ਬ-ਦਿਨ ਵਧ ਰਿਹਾ ਹੈ। ਸੂਬੇ ਅੰਦਰ ਸਾਲ 2025 ਦੌਰਾਨ ਅਵਾਰਾ ਕੁੱਤਿਆਂ ਨੇ 3.34 ਲੱਖ ਲੋਕਾਂ ਨੂੰ ਵੱਢਿਆ ਸੀ। ਚਾਲੂ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਪੰਜਾਹ ਤੋਂ ਵੱਧ ਲੋਕਾਂ ਨੂੰ ਕੱਟਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਇਹ ਉਹ ਗਿਣਤੀ ਹੈ ਜਿਹੜੇ ਕੇਸ ਸਿਹਤ ਵਿਭਾਗ ਕੋਲ ਪੁੱਜੇ ਹਨ। ਪੰਜਾਬ ਵਿਧਾਨ ਸਭਾ ਵਿਚ ਤਾਂ ਅਵਾਰਾ ਕੁੱਤਿਆਂ ਦੇ ਕੱਟਣ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ ਤੇ ਹੁਣ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿਚ ਵੀ ਇਹ ਮਾਮਲਾ ਉਠਾਇਆ ਹੈ। ਪਿਛਲੇ ਦਿਨਾਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਦੋ ਮਾਸੂਮ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਣ ਤੋਂ ਬਾਅਦ ਆਮ ਲੋਕਾਂ ਵਿਚ ਡਰ ਹੋਰ ਵੀ ਵੱਧ ਗਿਆ ਹੈ।
ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿਚ ਹਰ ਰੋਜ਼ ਕੁੱਤਿਆਂ ਦੇ ਕੱਟਣ ਦੀਆਂ ਸੈਂਕੜੇ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਅਵਾਰਾ ਕੁੱਤਿਆਂ ਦੀ ਦਹਿਸ਼ਤ ਐਨੀ ਹੈ ਕਿ ਕਈ ਪਰਿਵਾਰ ਆਪਣੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਕੱਲੇ ਬਾਹਰ ਭੇਜਣ ਤੋਂ ਹਟਣ ਲੱਗੇ ਹਨ। ਸਰਕਾਰੀ ਅੰਕੜਿਆਂ ਅਨੁਸਾਰ 2015 ਵਿਚ ਅਵਾਰਾ ਕੁੱਤਿਆਂ ਵੱਲੋਂ ਕੱਟਣ ਦੀਆਂ 22 ਹਜ਼ਾਰ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਸ ਤੋਂ ਅਗਲੇ ਸਾਲ ਇਹ ਗਿਣਤੀ 37 ਹਜ਼ਾਰ ਨੂੰ ਪੁੱਜ ਗਈ ਸੀ।
ਸੰਨ 2017 ਦੌਰਾਨ ਕੁੱਤਿਆਂ ਦੇ ਕੱਟਣ ਦੀਆਂ 54 ਸ਼ਿਕਾਇਤਾਂ ਸਾਹਮਣੇ ਆਈਆਂ। ਉਸ ਤੋਂ ਅਗਲੇ ਸਾਲ ਦੇ ਕੱਟਣ ਦੀਆਂ ਸ਼ਿਕਾਇਤਾਂ ਵਿਚ ਵੱਡਾ ਉਛਾਲ ਆਇਆ ਅਤੇ ਗਿਣਤੀ ਇਕਦਮ ਲੱਖ ਨੂੰ ਪਾਰ ਕਰ ਗਈ। ਸਾਲ 2020 ’ਚ ਕੁੱਤਿਆਂ ਦੇ ਕੱਟਣ ਦੀਆਂ ਇਕ ਲੱਖ, 10 ਹਜ਼ਾਰ 472 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਸ ਤੋਂ ਇਕ ਸਾਲ ਬਾਅਦ ਇਹ ਗਿਣਤੀ ਇਕ ਲੱਖ 26 ਹਜ਼ਾਰ 842 ਨੂੰ ਪੁੱਜ ਗਈ।
ਸਾਲ 2022 ਨੂੰ ਇਕ ਲੱਖ 65 ਹਜ਼ਾਰ 133 ਸ਼ਿਕਾਇਤਾਂ ਪ੍ਰਾਪਤ ਹੋਈਆਂ। ਅਵਾਰਾ ਕੁੱਤਿਆਂ ਦੇ ਕੱਟਣ ਦੀ ਗਿਣਤੀ ਵਿਚ ਵੱਡਾ ਵਾਧਾ ਸਾਲ 2023 ਨੂੰ ਹੋਇਆ ਤੇ ਇਹ ਗਿਣਤੀ ਦੋ ਲੱਖ ਪਾਰ ਕਰ ਗਈ ਸੀ। ਸੰਨ 2024 ਵਿਚ 2 ਲੱਖ 13 ਹਜ਼ਾਰ 524 ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ। ਪਿਛਲੇ ਸਾਲ ਇਹ ਗਿਣਤੀ 3 ਲੱਖ 4 ਹਜ਼ਾਰ 780 ਨੂੰ ਪੁੱਜ ਗਈ ਸੀ। ਇਕ ਹੋਰ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਵੀ ਕੁੱਤਿਆਂ ਦੇ ਲੋਕਾਂ ਨੂੰ ਕੱਟਣ ਦੀਆਂ ਆ ਰਹੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲਿਆ ਗਿਆ ਸੀ ਪਰ ਐਨੀਮਲ ਵੈੱਲਫੇਅਰ ਸੰਸਥਾਵਾਂ ਨੇ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ ਵੱਡਾ ਅੜਿੱਕਾ ਡਾਹ ਦਿੱਤਾ ਸੀ।
ਕਾਨੂੰਨੀ ਪੱਖ ਦੇਖੀਏ ਤਾਂ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਲਈ ਪ੍ਰਸ਼ਾਸਨ ਤੇ ਨਗਰ ਨਿਗਮਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪਾਲਤੂ ਕੁੱਤਾ ਕਿਸੇ ਨੂੰ ਕੱਟਦਾ ਹੈ ਤਾਂ ਉਸ ਦਾ ਮਾਲਕ ਦੋਸ਼ੀ ਹੋਵੇਗਾ। ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੁੱਤੇ ਦੇ ਕੱਟਣ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਮਾਲਕ ਨੂੰ ਅਦਾਲਤ ਵੱਲੋਂ ਸਜ਼ਾ ਵੀ ਸੁਣਾਈ ਜਾਂਦੀ ਹੈ ਅਤੇ ਪੰਜ ਲੱਖ ਦਾ ਮੁਆਵਜ਼ਾ ਦੇਣ ਲਈ ਕਿਹਾ ਜਾਂਦਾ ਹੈ। ਮਰੀਜ਼ ਦੇ ਗੰਭੀਰ ਹਾਲਤ ਵਿੱਚੋਂ ਦੀ ਗੁਜ਼ਰਨ ਦੀ ਸੂਰਤ ਵਿਚ ਮੁਆਵਜ਼ਾ 2 ਲੱਖ ਤੱਕ ਦਿੱਤਾ ਜਾ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕੁੱਤਿਆਂ ਦੇ ਕੱਟਣ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਪਾਲਤੂ ਜਾਂ ਅਵਾਰਾ ਕੁੱਤਾ ਕਿਸੇ ਵਿਅਕਤੀ ਨੂੰ ਦੰਦ ਮਾਰਦਾ ਹੈ ਤਾਂ ਉਸ ਦਾ 10 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਪਵੇਗਾ।
ਦੋ ਦੰਦ ਵੱਜਣ ਦਾ 20 ਹਜ਼ਾਰ ਅਤੇ ਮਾਸ ਦੀ ਬੁਰਕੀ ਭਰਨ ਦੀ ਸੂਰਤ ਵਿਚ ਮੁਆਵਜ਼ਾ 50 ਹਜ਼ਾਰ ਤੱਕ ਦਿੱਤਾ ਜਾ ਸਕਦਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੁੱਤੇ ਦੇ ਕੱਟਣ ਨਾਲ ਦੋ ਸੈਂਟੀਮੀਟਰ ਤੱਕ ਦੇ ਜ਼ਖ਼ਮ ਲਈ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ। ਤਸੱਲੀ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਮੁਹੱਲਾ ਕਲੀਨਿਕਾਂ ਵਿਚ ਰੈਬੀਜ਼ ਦੇ ਟੀਕੇ ਉਪਲਬਧ ਕਰਵਾਏ ਗਏ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਹੁਣ ਤੱਕ ਅਵਾਰਾ ਕੁੱਤਿਆਂ ਦੇ ਕੱਟਣ ਦੀ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਦੋ ਕਰੋੜ ਤੱਕ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।
ਇਕ ਵੱਖਰੀ ਜਾਣਕਾਰੀ ਅਨੁਸਾਰ ਭਾਰਤ ਵਿਚ ਸਾਢੇ ਤਿੰਨ ਕਰੋੜ ਅਵਾਰਾ ਕੁੱਤੇ ਹਨ ਜਿਹੜੇ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਕੱਟਦੇ ਹਨ। ਨਾਭਾ ਦੇ ਖੁਸ਼ਬੀਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਅਵਾਰਾ ਕੁੱਤਿਆਂ ਤੋਂ ਇੰਨਾ ਡਰਨ ਲੱਗਾ ਹੈ ਕਿ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਜਾਣ ਤੋਂ ਵੀ ਮਨ੍ਹਾ ਕਰ ਦਿੱਤਾ ਹੈ। ਬੱਚੇ ਪਾਰਕ ਵਿਚ ਖੇਡਣ ਲਈ ਵੱਡਿਆਂ ਨਾਲ ਜਾਂਦੇ ਹਨ।
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੁੱਤਿਆਂ ਦੇ ਕੱਟਣ ਦੀਆਂ ਵਧ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਐਕਸ਼ਨ ਟੇਕਨ ਰਿਪੋਰਟ ਮੰਗ ਲਈ ਹੈ। ਅਵਾਰਾ ਕੁੱਤਿਆਂ ਨੂੰ ਸਟਰਲਾਈਜ਼ ਕਰਨ ਦੀ ਜ਼ਿੰਮੇਵਾਰੀ ਸਥਾਨਕ ਸਰਕਾਰਾਂ ਵਿਭਾਗ ਦੀ ਹੈ ਪਰ ਅਲਗਰਜ਼ੀ ਦੇ ਚੱਲਦਿਆਂ ਲੋਕਾਂ ਦੀ ਜਾਨ-ਮਾਲ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਵੀ ਵਹਿਮਾਂ-ਭਰਮਾਂ ਕਰਕੇ ਇਕ ਖ਼ਾਸ ਰੰਗ ਦੇ ਕੁੱਤਿਆਂ ਨੂੰ ਦੁੱਧ ਅਤੇ ਹੋਰ ਕਈ ਤਰ੍ਹਾਂ ਦੇ ਖਾਣੇ ਦੇਣ ਲੱਗੇ ਹਨ। ਜਾਨਵਰਾਂ ਦਾ ਖ਼ਿਆਲ ਰੱਖਣਾ ਬੁਰੀ ਗੱਲ ਨਹੀਂ ਹੈ।ਲੋੜ ਸਰਕਾਰਾਂ ਵੱਲੋਂ ਅਵਾਰਾ ਕੁੱਤਿਆਂ ਲਈ ਸ਼ੈਲਟਰ ਬਣਾਉਣ ਦੀ ਹੈ ਪਰ ਹਾਲੇ ਤੱਕ ਦੀਆਂ ਸਾਰੀਆਂ ਸਰਕਾਰਾਂ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜਦੀਆਂ ਰਹੀਆਂ ਹਨ। ਸੰਤਾਪ ਆਮ ਲੋਕ ਭੋਗਣ ਲਈ ਮਜਬੂਰ ਹਨ।
-ਕਮਲਜੀਤ ਸਿੰਘ ਬਨਵੈਤ।
-ਮੋਬਾਈਲ : 98147-34034