- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਸਰਕਾਰ ਵੱਲੋਂ ਅਣਗੌਲੇ ਪੰਜਾਬੀ ਦੇ ਸਿਰਮੌਰ ਸਟੇਜੀ ਸ਼ਾਇਰ ਚਿਰਾਗ ਦੀਨ ਦਾਮਨ, ਜਿਹੜਾ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਦੇ ਪੰਜਾਬੀ ਦੇ ਯੋਗਦਾਨ ਬਾਰੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਗੁਰਮੁਖੀ) ਅਤੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਸ਼ਾਹਮੁਖੀ) ਵਿਚ ਸੰਪਾਦਤ ਕਰ ਕੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਸਨ।

ਪੰਜਾਬ ਅਤੇ ਪੰਜਾਬੀ ਦੇ ਮੁਦਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਸਰੀ ਸ਼ਹਿਰ ਵਿਚ 79 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ 28 ਸਾਲਾਂ ਤੋਂ ਸਰੀ ’ਚ ਰਹਿ ਰਹੇ ਸਨ। ਉਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਲਗਪਗ ਦੋ ਦਰਜਨ ਪੁਸਤਕਾਂ ਪਾਈਆਂ ਹਨ ਜਿਨ੍ਹਾਂ ਵਿੱਚੋਂ ਤਿੰਨ ‘ਗ਼ਦਰ ਦੀ ਗੂੰਜ’, ‘ਸਿਮਰਤੀ ਗ੍ਰੰਥ ਭਾਈ ਰਣਧੀਰ ਸਿੰਘ’ ਅਤੇ ‘ਪੰਥ ਦੀ ਸੋਨ ਚਿੜੀ’ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਨੂੰ ਸਮਰਪਿਤ ਹਨ।
ਗ਼ਦਰ ਦੀ ਗੂੰਜ ਚਾਰ ਪੁਸਤਕਾਂ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਦੀਆਂ ‘ਸਿਰਦਾਰ’, ‘ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ’ ਅਤੇ ਚੋਣਵੇਂ ਲੇਖਾਂ ਦੀਆਂ ਦੋ ਪੁਸਤਕਾਂ ‘ਪੰਚ ਨਦ’ ਤੇ ‘ਬੁਲੰਦ ਆਵਾਜ਼’ ਸੰਪਾਦਤ ਕਰ ਕੇ ਵਿਲੱਖਣ ਕਾਰਜ ਕੀਤਾ ਹੈ। ਛੇ ਪੁਸਤਕਾਂ ‘ਰਾਗ ਮਾਲਾ’, ‘ਰਾਗ ਮਾਲਾ ਦਰਪਨ’, ‘ਜਨ ਪਰਉਪਕਾਰੀ ਆਏ’, ‘ਕੂੜ ਨ ਪਹੁੰਚੇ ਸੱਚ ਨੂੰ’, ‘ਝਟਕਾ ਮਾਸ ਪ੍ਰਥਾਇ ਤਤ ਗੁਰਮਤਿ ਨਿਰਣਯ’, ‘ਸਭਿ ਅਵਗੁਣ ਮੈਂ’ ਵੀ ਪ੍ਰਕਾਸ਼ਤ ਕੀਤੀਆਂ ਹਨ।
ਇਕ ਪੁਸਤਕ ‘ਛੁਪੇ ਰਹਿਣ ਦੀ ਚਾਹ’ ਪ੍ਰਕਾਸ਼ਨਾ ਅਧੀਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਜੀਵਨੀ ਦਾ ਖਰੜਾ ਵੀ ਤਿਆਰ ਪਿਆ ਹੈ। ਉਨ੍ਹਾਂ ਨੇ ਇਕ ਫੱਕਰ ਅਤੇ ਅਣਥੱਕ ਯੋਗੀ ਦੀ ਤਰ੍ਹਾਂ ਪੰਜਾਬ ਦੀ ਮਿੱਟੀ ਵਿਚ ਗੁਆਚੇ ਮੋਤੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਮਾਂਜ-ਸੰਵਾਰ ਕੇ ਤੇ ਲਿਸ਼ਕਾ ਕੇ ਲੋਕਾਂ ਸਾਹਮਣੇ ਪ੍ਰਸਤੁਤ ਕੀਤਾ ਸੀ। ਦੋ ਪੁਸਤਕਾਂ ਲਹਿੰਦੇ ਪੰਜਾਬ ਦੇ ਪ੍ਰਸਿੱਧ ਅਦੀਬ ਉਸਤਾਦ ਦਾਮਨ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ।
ਪਾਕਿਸਤਾਨ ਸਰਕਾਰ ਵੱਲੋਂ ਅਣਗੌਲੇ ਪੰਜਾਬੀ ਦੇ ਸਿਰਮੌਰ ਸਟੇਜੀ ਸ਼ਾਇਰ ਚਿਰਾਗ ਦੀਨ ਦਾਮਨ, ਜਿਹੜਾ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਦੇ ਪੰਜਾਬੀ ਦੇ ਯੋਗਦਾਨ ਬਾਰੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਗੁਰਮੁਖੀ) ਅਤੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਸ਼ਾਹਮੁਖੀ) ਵਿਚ ਸੰਪਾਦਤ ਕਰ ਕੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਸਨ। ਇਹ ਪੁਸਤਕਾਂ ਇਕ ਮੀਲ ਪੱਥਰ ਸਾਬਿਤ ਹੋਈਆਂ ਹਨ ਕਿਉਂਕਿ ਪਾਕਿਸਤਾਨ ਸਰਕਾਰ ਉਸਤਾਦ ਦਾਮਨ ਨੂੰ ਪੰਜਾਬੀ ਵਿਚ ਲਿਖਣ ਤੋਂ ਵਰਜਦੀ ਰਹੀ ਤੇ ਹਮੇਸ਼ਾ ਉਸ ਨੂੰ ਉਰਦੂ ਦਾ ਸ਼ਾਇਰ ਹੀ ਕਹਿੰਦੀ ਰਹੀ ਹੈ।
ਅਸਲ ਵਿਚ ਜੈਤੇਗ ਸਿੰਘ ਅਨੰਤ ਚੜ੍ਹਦੇ ਤੇ ਲਹਿੰਦੇ ਪੰਜਾਬ ਅਤੇ ਦੁਨੀਆ ਵਿਚ ਵਸਦੇ ਪੰਜਾਬੀਆਂ ਦਰਮਿਆਨ ਸਾਹਿਤਕ ਕੜੀ ਦਾ ਕੰਮ ਕਰ ਰਿਹਾ ਸੀ। ਉਸ ਨੇ ਤਿੰਨ ਪੁਸਤਕਾਂ ‘ਮਹਿਕ ਸਮੁੰਦਰੋਂ ਪਾਰ’, ‘ਕਲਾ ਦੇ ਵਣਜਾਰੇ’ ਅਤੇ ‘ਗਾਇਕੀ ਦਾ ਬੇਸ਼ਕੀਮਤੀ ਹੀਰਾ’ ਪ੍ਰਕਾਸ਼ਤ ਕਰਵਾ ਕੇ ਪੰਜਾਬੀ ਸੱਭਿਆਚਾਰ ਅਤੇ ਸੱਭਿਅਤਾ ਦੇ ਪ੍ਰਤੀਕ ਵਿਅਕਤੀਆਂ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਂਦਾ ਸੀ।
ਇਹ ਤਿੰਨੋ ਪੁਸਤਕਾਂ ਵਿਦੇਸ਼ਾਂ ਵਿਚ ਪਰਵਾਸ ਕਰ ਰਹੇ ਕਲਾਕਾਰਾਂ ਦੀ ਪੰਜਾਬੀ ਸੱਭਿਆਚਾਰ ਨੂੰ ਦਿੱਤੀ ਦੇਣ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸਿੱਖ ਇਤਿਹਾਸ ਨਾਲ ਸਬੰਧਤ ਉਨ੍ਹਾਂ ਦੀਆਂ ਦੋ ਪੁਸਤਕਾਂ ‘ਗ਼ਦਰੀ ਯੋਧੇ’ ਤੇ ‘ਗ਼ਦਰ ਦੀ ਕਹਾਣੀ’ ਵੀ ਪ੍ਰਕਾਸ਼ਤ ਹੋਈਆਂ ਹਨ। ਜੈਤੇਗ ਸਿੰਘ ਅਨੰਤ ਦੀ ਪੁਸਤਕ ‘ਗ਼ਦਰੀ ਯੋਧੇ’ ਨੂੰ ਸੰਪਾਦਨਾ ਵਿਚ ਭਾਸ਼ਾ ਵਿਭਾਗ, ਪੰਜਾਬ ਨੇ ਪਹਿਲਾ ਪੁਰਸਕਾਰ ‘ਪ੍ਰਿੰਸੀਪਲ ਤੇਜਾ ਸਿੰਘ ਐਵਾਰਡ’ ਦਿੱਤਾ ਸੀ। ਜੈਤੇਗ ਸਿੰਘ ਨੇ ਆਪਣੇ ਫੋਟੋਗ੍ਰਾਫੀ ਦੇ ਸ਼ੌਕ ਦੇ ਨਾਲ ਇਤਿਹਾਸਕ ਸਥਾਨਾਂ ਬਾਰੇ 1968 ਵਿਚ ਲਿਖਣਾ ਵੀ ਸ਼ੁਰੂ ਕਰ ਦਿੱਤਾ ਜੋ ਕਿ ਹੌਲੀ-ਹੌਲੀ ਇਕ ਲੇਖਕ ਦੇ ਰੂਪ ਵਿਚ ਵਿਕਸਤ ਹੋ ਗਿਆ।
ਅਨੰਤ ਦੇ ਸਾਹਿਤਕ ਸ਼ੌਕ ਨੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਕੇ ਆਪਣੇ ਮੱਸ ਨੂੰ ਪੂਰਾ ਕਰਨ ਲਈ ਮਜਬੂਰ ਕਰ ਦਿੱਤਾ। ਜਲਦੀ ਹੀ ਉਹ ਸਾਹਿਤਕ ਸੰਸਾਰ ਵਿਚ ਇਕ ਸੁਦ੍ਰਿੜ੍ਹ ਕਾਲਮ ਨਵੀਸ, ਸੰਪਾਦਕ, ਲੇਖਕ ਅਤੇ ਫੋਟੋ ਪੱਤਰਕਾਰ ਦੇ ਤੌਰ ’ਤੇ ਜਾਣਿਆ ਜਾਣ ਲੱਗ ਪਿਆ।
ਲੰਬਾ ਸਮਾਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਕਿਤਾਬੀ ਰੂਪ ਵਿਚ ਸਾਹਿਤਕ ਸਫ਼ਰ 2006 ਵਿਚ ਸ਼ੁਰੂ ਕੀਤਾ ਸੀ ਅਤੇ 8 ਸਾਲਾਂ ਵਿਚ ਹੀ ਉਨ੍ਹਾਂ ਨੇ ਇਕ ਦਰਜਨ ਤੋਂ ਵਧੇਰੇ ਪੁਸਤਕਾਂ ਵੱਖ-ਵੱਖ ਵਿਸ਼ਿਆਂ ਵਿਚ ਪੰਜਾਬੀ ਸਾਹਿਤਕ ਜਗਤ ਦੀ ਝੋਲੀ ਪਾਈਆਂ ਸਨ। ਉਹ ਭਾਵੇਂ ਅੱਜ-ਕੱਲ੍ਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿਚ ਪਰਵਾਸ ਕਰ ਰਹੇ ਸਨ ਪਰ ਪੰਜਾਬ ਦੀ ਮਿੱਟੀ ਦੇ ਮੋਹ ਕਰਕੇ ਗੁਰਦੇ ਦੀ ਬਿਮਾਰੀ ਦੇ ਹੁੰਦਿਆਂ ਵੀ ਉਹ ਹਰ ਸਾਲ-ਛੇ ਮਹੀਨੇ ਪੰਜਾਬ ਦੀ ਮਿੱਟੀ ਦੀ ਮਹਿਕ ਦੀ ਖ਼ੁਸ਼ਬੋ ਦਾ ਆਨੰਦ ਮਾਣਨ ਆਉਂਦੇ ਸਨ।
ਇੱਥੇ ਉਹ ਟਿਕ ਕੇ ਨਹੀਂ ਬਹਿੰਦੇ ਸਨ, ਸਗੋਂ ਆਪਣੀਆਂ ਪੁਸਤਕਾਂ ਲਈ ਮੈਟਰ ਤੇ ਤਸਵੀਰਾਂ ਖਿੱਚਣ ਲਈ ਪੰਜਾਬ ਦੀ ਧਰਤੀ ਨੂੰ ਗਾਹ ਮਾਰਦੇ। ਮੁੱਢਲੇ ਤੌਰ ’ਤੇ ਉਹ ਪੰਜਾਬੀ/ਖਾਲਸਾ/ਇਤਿਹਾਸ ਦੀ ਅਮੀਰ ਵਿਰਾਸਤ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਅਤੇ ਯਾਦਗਾਰਾਂ ਸਬੰਧੀ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਸੰਸਾਰ ਨੂੰ ਜਾਣੂ ਕਰਵਾਉਣਾ ਚਾਹੁੰਦੇ ਸਨ। ਅਨੰਤ ਅਜੇਹੇ ਕੰਮ ਕਰਨ ਨੂੰ ਤਰਜੀਹ ਦਿੰਦੇ ਜਿਹੜੇ ਲਕੀਰ ਤੋਂ ਹਟ ਕੇ ਹੋਣ। ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਸਲਾਮ ਕਰਦਾ ਹੈ ਪਰ ਜੈਤੇਗ ਸਿੰਘ ਅਨੰਤ, ਉਸ ਵਿਅਕਤੀ ਨੂੰ ਹੀ ਸਲਾਮ ਕਰਦੇ ਸਨ ਜਿਸ ਨੂੰ ਸਮਾਜ ਨੇ ਅਣਗੌਲਿਆ ਕੀਤਾ ਹੋਵੇ। ਉਹ ਸਬਰ-ਸੰਤੋਖ ਵਾਲੇ ਵਿਅਕਤੀ ਸਨ। ਵਿਸ਼ਿਆਂ ਦੀ ਚੋਣ ਕਰਨ ਲੱਗਿਆਂ ਵੀ ਅਨੰਤ ਨੇ ਕਮਾਲ ਹੀ ਕੀਤੀ ਹੈ।
ਅਜਿਹੇ ਸਮੇਂ ਉਹ ਸਰਹੱਦਾਂ ਵੀ ਪਾਰ ਕਰ ਜਾਂਦੇ ਸਨ। ਇਸੇ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਨਵੀਆਂ ਪੈੜਾਂ ਪਾਉਣ ਅਤੇ ਖ਼ੁਦ ਪਗਡੰਡੀਆਂ ਬਣਾ ਕੇ ਪੰਜਾਬੀਆਂ ਨੂੰ ਉਨ੍ਹਾਂ ’ਤੇ ਪਹਿਰਾ ਦੇਣ ਲਈ ਪ੍ਰੇਰਦੇ ਰਹਿੰਦੇ ਸਨ। ਉਹ ਖ਼ੁਸ਼ਬੂਆਂ ਦਾ ਵਣਜਾਰਾ ਸੀ ਤੇ ਪੰਜਾਬੀ ਵਿਰਸੇ ਵਿੱਚੋਂ ਮਹਿਕਾਂ ਲੱਭ ਕੇ ਪੰਜਾਬੀਆਂ ਦੀ ਝੋਲੀ ਪਾਉਂਦੇ ਰਹਿੰਦੇ ਸਨ। ਪੰਜਾਬੀ ਦੇ ਖ਼ਜ਼ਾਨੇ ਨੂੰ ਭਰਨ ਲਈ ਉਨ੍ਹਾਂ ਨੂੰ ਅਨੇਕ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਦੇ ਬਾਵਜੂਦ ਉਨ੍ਹਾਂ ਹਜ਼ਾਰਾਂ ਮੀਲਾਂ ਦਾ ਸਫ਼ਰ ਤਹਿ ਕਰ ਕੇ, ਘੱਟਾ ਫੱਕਦਿਆਂ ਮਸਤ ਹਾਥੀ ਦੀ ਚਾਲ ਚੱਲਦਿਆਂ ਆਪਣਾ ਕਾਰਜ ਜਾਰੀ ਰੱਖਿਆ। ਉਹ ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ ਰਵਾਂ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਲਾਈਫ ਮੈਂਬਰ ਸਨ। ਇਸ ਤੋਂ ਇਲਾਵਾ ਹਰ ਸਾਲ ਪੰਜਾਬੀ ਯੂਨੀਵਰਸਿਟੀ ਵਿਚ ਹੋਣ ਵਾਲੀਆਂ ਹਿਸਟਰੀ ਕਾਨਫਰੰਸਾਂ ਵਿਚ ਹਿੱਸਾ ਲੈਂਦੇ ਸਨ।
ਸੰਸਾਰ ਵਿਚ ਹੋਣ ਵਾਲੀਆਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸਾਂ ਵਿਚ ਜ਼ਰੂਰ ਸ਼ਾਮਲ ਹੁੰਦੇ ਸਨ। ਉਨ੍ਹਾਂ ਨੂੰ ਲਗਪਗ 50 ਸਾਹਿਤਕ, ਸਮਾਜਿਕ ਅਤੇ ਸੱਭਿਅਚਾਰਕ ਸੰਸਥਾਵਾਂ ਨੇ ਮਾਣ-ਸਨਮਾਨ ਪ੍ਰਦਾਨ ਕੀਤੇ ਸਨ। ਸਿੱਖ ਧਰਮ ਦੇ ਖੋਜੀਆਂ ਖ਼ਾਸ ਤੌਰ ’ਤੇ ਪੀਐੱਚਡੀ ਕਰਨ ਵਾਲੇ ਖੋਜੀ ਵਿਦਿਆਰਥੀਆਂ ਦੀ ਆਰਥਿਕ ਮਦਦ ਬਿਨਾਂ ਮੰਗੇ ਕਰਦੇ ਰਹਿੰਦੇ ਸਨ।
ਭਾਈ ਜੈਤੇਗ ਸਿੰਘ ਅਨੰਤ ਦਾ ਜਨਮ ਪਿਤਾ ਹਰਿਚਰਨ ਸਿੰਘ ਤੇ ਮਾਤਾ ਦਰਸ਼ਨ ਕੌਰ ਦੀ ਕੁੱਖੋਂ ਸਰਗੋਧਾ ਜ਼ਿਲ੍ਹੇ ਦੇ ਪਿੰਡ ਮਿੱਢਰਾਂਝਾ ਵਿਚ 14 ਅਗਸਤ 1946 ਨੂੰ ਹੋਇਆ ਸੀ।
ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਟਾਹਰੀ ਵਿਚ ਸੈਟਲ ਹੋ ਗਏ ਸਨ। ਉਨ੍ਹਾਂ ਦਾ ਇਕ ਲੜਕਾ ਇੰਜੀ. ਕੁਲਬੀਰ ਸਿੰਘ ਅਨੰਤ ਅਤੇ ਲੜਕੀ ਆਰਕੀਟੈਕਟ ਕੁਲਪ੍ਰੀਤ ਕੌਰ ਵੜੈਚ ਹਨ। ਜੈਤੇਗ ਸਿੰਘ ਅਨੰਤ ਨੇ ਪੰਜ ਸਾਲਾ ਨੈਸ਼ਨਲ ਡਿਪਲੋਮਾ ਇਨ ਅਪਲਾਈਡ ਆਰਟ ਅਤੇ ਕਾਰਟੂਨਿੰਗ ਵਿਚ ਅਮਰੀਕਾ ਤੋਂ ਕੀਤਾ ਹੋਇਆ ਸੀ। ਉਹ 31 ਦਸੰਬਰ 2025 ਨੂੰ ਸਵਰਗਵਾਸ ਹੋ ਗਏ ਸਨ।
-ਉਜਾਗਰ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)
-ਮੋਬਾਈਲ : 94178-13072