ਇਸ ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ ’ਤੇ ਆਲਮੀ ਪੱਧਰ ਦੇ ਸਿੱਖਿਆ ਸੰਸਥਾਨਾਂ ’ਚ ਖ਼ੁਦ ਨੂੰ ਟਾਪ ਰੈਂਕ ਵਜੋਂ ਦਰਸਾਇਆ ਹੈ। ਭਾਰਤੀ ਯੂਨੀਵਰਸਿਟੀਆਂ ’ਚ ਇਸ ਨੇ ਆਪਣਾ 45ਵਾਂ ਰੈਂਕ ਲਿਖਿਆ ਹੈ ਪਰ ਤਕਨੀਕੀ ਬਾਜ਼ਾਰ ’ਚ ਇਹ ‘ਸਮਾਰਟ ਚੋਰੀ’ ਫੜੀ ਜਾਣੀ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ।

ਤਕਨੀਕ ਦੇ ਇਸ ਯੁੱਗ ’ਚ ਫ਼ਰਜ਼ੀ ਖੋਜਾਂ ਬਹੁਤਾਂ ਚਿਰ ਲੁਕੀਆਂ ਨਹੀਂ ਰਹਿ ਸਕਦੀਆਂ। ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਗਲਗੋਟੀਆ ਯੂਨੀਵਰਸਿਟੀ ਵੱਲੋਂ ਕੀਤੀ ‘ਸਮਾਰਟਨੈੱਸ’ ਫੜੀ ਜਾਣੀ ਇਸ ਦੀ ਸਟੀਕ ਉਦਾਹਰਨ ਹੈ। ਦਿੱਲੀ ’ਚ ਚੱਲ ਰਹੇ ਇੰਡੀਆ ਏਆਈ ਸਮਿੱਟ ਦੌਰਾਨ ਯੂਨੀਵਰਸਿਟੀ ਵੱਲੋਂ ਪੇਸ਼ ਕੀਤਾ ਗਿਆ ਰੋਬੋਟਿਕ ਕੁੱਤਾ ਵਿਵਾਦਾਂ ਦਾ ਕਾਰਨ ਬਣਿਆ ਤੇ ਇਸ ਕਰਕੇ ਮੁਲਕ ਨੂੰ ਵੀ ਆਲਮੀ ਪੱਧਰ ’ਤੇ ਸ਼ਰਮਸਾਰ ਹੋਣਾ ਪਿਆ। ਦਰਅਸਲ, ਯੂਨੀਵਰਸਿਟੀ ਦੇ ਨੁਮਾਇੰਦਿਆਂ ਨੇ ਇਕ ਚੀਨੀ ਰੋਬੋਟਿਕ ਕੁੱਤੇ ਨੂੰ ਆਪਣੀ ਖੋਜ ਦੱਸਿਆ ਸੀ।
ਇਸ ਦੀ ਜਦੋਂ ਹਕੀਕਤ ਸਾਹਮਣੇ ਆਈ ਤਾਂ ਸਮਿੱਟ ’ਚੋਂ ਇਸ ਯੂਨੀਵਰਸਿਟੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੇ ਦਾਅਵਾ ਕੀਤਾ ਸੀ ਕਿ ਇਹ ਰੋਬੋਟਿਕ ਕੁੱਤਾ ਉਸ ਨੇ 350 ਕਰੋੜ ਰੁਪਏ ’ਚ ਤਿਆਰ ਕੀਤਾ ਹੈ ਜਦਕਿ ਸੱਚਾਈ ਇਹ ਹੈ ਕਿ ਇਹੀ ਰੋਬੋਟ ਚੀਨੀ ਬਾਜ਼ਾਰ ’ਚ ਮਹਿਜ਼ ਢਾਈ ਲੱਖ ਰੁਪਏ ’ਚ ਉਪਲਬਧ ਹੈ। ਸਵਾਲ ਉੱਠਦਾ ਹੈ ਕਿ ਤਕਨਾਲੋਜੀ ਦੇ ਆਲਮੀ ਬਾਜ਼ਾਰ ’ਚ ਆਉਣ ਵਾਲੀ ਇਹ ਯੂਨੀਵਰਸਿਟੀ ਕਿਵੇਂ ਭੁੱਲ ਗਈ ਕਿ ਇਸ ਤਰ੍ਹਾਂ ਦੇ ਦਾਅਵੇ ਉਸ ਦੀ ਕਿਰਕਿਰੀ ਕਰਵਾ ਸਕਦੇ ਹਨ?
ਦੁਨੀਆ ਭਰ ਦੇ ਆਈਟੀ ਮਾਹਿਰ ਇਸ ਸਮਿੱਟ ’ਚ ਆਪਣੀ ਤਕਨੀਕ ਦਾ ਲੋਹਾ ਮਨਵਾਉਣ ਲਈ ਪਹੁੰਚੇ ਹੋਏ ਹਨ ਅਤੇ ਭਾਰਤ ਇਸ ਸੰਮੇਲਨ ਤੋਂ ਪਹਿਲਾਂ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਹ ਏਆਈ ਦੇ ਖੇਤਰ ’ਚ ਮੋਹਰੀ ਸਥਾਨ ਪ੍ਰਾਪਤ ਕਰ ਰਿਹਾ ਹੈ। ਦੂਜੇ ਪਾਸੇ ਯੂਨੀਵਰਸਿਟੀ ਦੀ ਇਸ ਬਚਕਾਨਾ ਹਰਕਤ ਨੇ ਉਸ ਦੀ ਗੁਣਵੱਤਾ ਭਰਪੂਰ ਸਿੱਖਿਆ ਸਮਰੱਥਾ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਇਸ ਯੂਨੀਵਰਸਿਟੀ ਤੋਂ ਹੁਣ ਤੱਕ ਪੜ੍ਹ ਕੇ ਡਿਗਰੀਆਂ ਹਾਸਲ ਕਰਨ ਵਾਲਿਆਂ ਨੂੰ ਵੀ ਜ਼ਰੂਰ ਧੱਕਾ ਲੱਗਾ ਹੋਵੇਗਾ ਕਿ ਅਜਿਹੀ ਸੰਸਥਾ ਦੀ ਮੁਕਾਬਲੇਬਾਜ਼ੀ ਕਰਨ ਵੇਲੇ ਕੀ ਹਕੀਕਤ ਹੈ। ਇਸ ਤਰ੍ਹਾਂ ਕਿਸੇ ਮੁਲਕ ਦੇ ਉਤਪਾਦ ਨੂੰ ਕਾਪੀ ਕਰ ਕੇ ਆਪਣੀ ਮੋਹਰ ਲਗਾਉਣ ਦੀ ਗ਼ਲਤੀ ਕਰਨਾ ਕਿਸੇ ਬੇਵਕੂਫੀ ਤੋਂ ਘੱਟ ਨਹੀਂ ਹੈ ਪਰ ਇਹ ਹਰਕਤ ਯੂਨੀਵਰਸਿਟੀ ਦਾ ਤਕਨੀਕੀ ਵਿਭਾਗ ਕਰੇ, ਉਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਇਸ ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ ’ਤੇ ਆਲਮੀ ਪੱਧਰ ਦੇ ਸਿੱਖਿਆ ਸੰਸਥਾਨਾਂ ’ਚ ਖ਼ੁਦ ਨੂੰ ਟਾਪ ਰੈਂਕ ਵਜੋਂ ਦਰਸਾਇਆ ਹੈ। ਭਾਰਤੀ ਯੂਨੀਵਰਸਿਟੀਆਂ ’ਚ ਇਸ ਨੇ ਆਪਣਾ 45ਵਾਂ ਰੈਂਕ ਲਿਖਿਆ ਹੈ ਪਰ ਤਕਨੀਕੀ ਬਾਜ਼ਾਰ ’ਚ ਇਹ ‘ਸਮਾਰਟ ਚੋਰੀ’ ਫੜੀ ਜਾਣੀ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ।
ਇਸ ਨਾਲ ਦੂਜੀਆਂ ਸੰਸਥਾਵਾਂ ’ਤੇ ਵੀ ਸ਼ੱਕ ਦੀ ਸੂਈ ਜਾਂਦੀ ਹੈ ਕਿ ਉਹ ਵਿਦਿਆਰਥੀ ਵਰਗ ਨੂੰ ਕਿਸ ਹਿਸਾਬ ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੀਆਂ ਹਨ। ਵੱਡੀਆਂ ਸੰਸਥਾਵਾਂ ਦੇ ਦਾਅਵਿਆਂ ਦੇ ਪਿੱਛੇ ਦੀਆਂ ਅਜਿਹੀਆਂ ਸੱਚਾਈਆਂ ਚਿੰਤਾ ਦਾ ਵਿਸ਼ਾ ਹਨ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਉਜਾਗਰ ਹੋ ਚੁੱਕੇ ਹਨ। ਸਾਲ 2023 ’ਚ ਆਈਆਈਟੀ ਬੰਬੇ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਏਆਈ ਦਾ ਐਡਵਾਂਸ ਮਾਡਲ ਤਿਆਰ ਕੀਤਾ ਹੈ।
ਦਰਅਸਲ, ਉਹ ਮਾਡਲ ਓਪਨ ਸੋਰਸ ਪਲੇਟਫਾਰਮ ’ਤੇ ਉਪਲਬਧ ਸੀ। ਇਸ ਨਾਲ ਫੰਡਿੰਗ ਦੇ ਨਾਲ-ਨਾਲ ਭਰੋਸੇਯੋਗਤਾ ’ਤੇ ਸਵਾਲ ਉੱਠੇ ਸਨ। ਇਸੇ ਤਰ੍ਹਾਂ ਅਮਰੀਕਾ ਦੀ ਥਰਾਨੋਸ ਕੰਪਨੀ ਨੇ ਦਾਅਵਾ ਕੀਤਾ ਕਿ ਖ਼ੂਨ ਦੀ ਇਕ ਬੂੰਦ ਨਾਲ ਸੈਂਕੜੇ ਟੈਸਟ ਕਰਨ ਵਾਲੀ ਨਵੀਂ ਤਕਨੀਕ ਤਿਆਰ ਕੀਤੀ ਹੈ ਪਰ ਹਕੀਕਤ ’ਚ ਅਜਿਹਾ ਨਹੀਂ ਸੀ। ਇਸ ਦੀਆਂ ਰਿਪੋਰਟਾਂ ਗ਼ਲਤ ਸਨ। ਤਕਨੀਕੀ ਖੇਤਰ ਵਿਚ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਤੇ ਸਿੱਖਿਆ ਸੰਸਥਾਵਾਂ ਦੇ ਅਜਿਹੇ ਕਾਰਨਾਮੇ ਪੂਰੇ ਮੁਲਕ ਦੀ ਮਿੱਟੀ ਪਲੀਤ ਕਰਦੇ ਹਨ।
ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹੀਆਂ ਚੋਰੀਆਂ ਬਹੁਤਾ ਚਿਰ ਲੁਕੀਆਂ ਨਹੀਂ ਰਹਿ ਸਕਦੀਆਂ ਅਤੇ ਤਕਨਾਲੋਜੀ ਦੇ ਵਧ-ਫੁੱਲ ਰਹੇ ਬਾਜ਼ਾਰ ’ਚ ਅਗਾਂਹਵਧੂ ਰਚਨਾਤਮਕ ਸੋਚ ਵਾਲੇ ਦਿਮਾਗ ਹੀ ਟਿਕੇ ਰਹਿਣਗੇ।