ਅਮਰੀਕੀ ਫ਼ੌਜ ਦੀ ਸਭ ਤੋਂ ਲੰਬੀ ਮੁਹਿੰਮ ਦੇ ਰੂਪ ’ਚ ਦਰਜ ਹੋਈ ਇਸ ਮੁਹਿੰਮ ਦੇ ਵਿਸ਼ੇ ’ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਨੂੰ ਉਮੀਦ ਮੁਤਾਬਕ ਕਾਮਯਾਬੀ ਨਹੀਂ ਮਿਲ ਸਕੀ, ਕਿਉਂਕਿ ਤਾਲਿਬਾਨ ਫਿਰ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ ਹੋ ਗਿਆ। ਇਸ ਤਰ੍ਹਾਂ ਰੂਸ ਨੇ ਵੀ ਯੂਕਰੇਨ ’ਤੇ ਇਸੇ ਧਾਰਨਾਂ ਨਾਲ ਹਮਲਾ ਕੀਤਾ ਕਿ ਕੁਝ ਹੀ ਦਿਨਾਂ ’ਚ ਉਹ ਹਥਿਆਰ ਸੁੱਟ ਦੇਵੇਗਾ, ਪਰ ਉਹ ਲੜਾਈ ਅਜੇ ਤੱਕ ਜਾਰੀ ਹੈ।

ਵੀਅਤਨਾਮ ਜੰਗ ’ਚ ਹੋਈ ਫਜੀਹਤ ਤੋਂ ਸਬਕ ਲੈਂਦੇ ਹੋਏ ਜਦ ਅਮਰੀਕੀ ਫ਼ੌਜਾਂ 1991 ਦੀ ਖਾੜੀ ਜੰਗ ’ਚ ਉਤਰੀਆਂ ਤਾਂ ਉਨ੍ਹਾਂ ਨੇ ਤਿੰਨਾਂ ਫ਼ੌਜਾਂ ਦੇ ਅਜਿਹੇ ਸ਼ਾਨਦਾਰ ਤਾਲਮੇਲ ਦੀ ਮਿਸਾਲ ਪੇਸ਼ ਕੀਤੀ ਕਿ ਕੁਝ ਦਿਨਾਂ ’ਚ ਹੀ ਜੰਗ ਦਾ ਫ਼ੈਸਲਾ ਹੋ ਗਿਆ। ਆਪ੍ਰੇਸ਼ਨ ਡੇਜ਼ਰਟ ਸਟਾਰਮ ਨਾਂ ਨਾਲ ਚੱਲੀ ਉਹ ਮੁਹਿੰਮ ਅਮਰੀਕਾ ਦੀਆਂ ਵੱਡੀਆਂ ਫ਼ੌਜੀ ਕਾਮਯਾਬੀਆਂ ’ਚੋਂ ਇਕ ਮੰਨੀ ਜਾਂਦੀ ਹੈ। ਹਾਲਾਂਕਿ ਉਸ ਦੇ ਕੁਝ ਸਾਲ ਬਾਅਦ ਹੀ ਅਫ਼ਗਾਨਿਸਤਾਨ ’ਚ ਅਮਰੀਕਾ ਦੀ ਅੱਤਵਾਦ ਰੋਕੂ ਮੁਹਿੰਮ ਇੰਨੀ ਲੰਬੀ ਖਿੱਚੀ ਗਈ ਕਿ ਉਸ ਨੂੰ ਕਦੀ ਨਾ ਖ਼ਤਮ ਹੋਣ ਵਾਲੀ ਜੰਗ ਦਾ ਨਾਂ ਮਿਲਣ ਲੱਗਾ।
ਅਮਰੀਕੀ ਫ਼ੌਜ ਦੀ ਸਭ ਤੋਂ ਲੰਬੀ ਮੁਹਿੰਮ ਦੇ ਰੂਪ ’ਚ ਦਰਜ ਹੋਈ ਇਸ ਮੁਹਿੰਮ ਦੇ ਵਿਸ਼ੇ ’ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਨੂੰ ਉਮੀਦ ਮੁਤਾਬਕ ਕਾਮਯਾਬੀ ਨਹੀਂ ਮਿਲ ਸਕੀ, ਕਿਉਂਕਿ ਤਾਲਿਬਾਨ ਫਿਰ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ ਹੋ ਗਿਆ। ਇਸ ਤਰ੍ਹਾਂ ਰੂਸ ਨੇ ਵੀ ਯੂਕਰੇਨ ’ਤੇ ਇਸੇ ਧਾਰਨਾਂ ਨਾਲ ਹਮਲਾ ਕੀਤਾ ਕਿ ਕੁਝ ਹੀ ਦਿਨਾਂ ’ਚ ਉਹ ਹਥਿਆਰ ਸੁੱਟ ਦੇਵੇਗਾ, ਪਰ ਉਹ ਲੜਾਈ ਅਜੇ ਤੱਕ ਜਾਰੀ ਹੈ।
ਅਕਤੂਬਰ 2023 ’ਚ ਜਦ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਨੂੰ ਨਿਸ਼ਾਨਾ ਬਣਾਇਆ ਤਾਂ ਇਹੀ ਮੰਨਿਆ ਗਿਆ ਸੀ ਕਿ ਥੋੜ੍ਹੇ ਸਮੇਂ ’ਚ ਹੀ ਇਹ ਲੜਾਈ ਰੁਕ ਜਾਵੇਗੀ, ਪਰ ਉਸ ਲੜਾਈ ਦਾ ਘੇਰਾ ਵਧ ਕੇ ਲਿਬਨਾਨ, ਸੀਰੀਆ ਤੇ ਯਮਨ ਤੱਕ ਵਿਸਥਾਰਤ ਹੁੰਦਾ ਗਿਆ। ਈਰਾਨ ਜੰਗ ਦੀ ਮਿਸਾਲ ਲਈਏ ਤਾਂ ਉਸ ਦੀ ਸ਼ੁਰੂਆਤ ਵੀ ਸੰਭਵ ਤੌਰ ’ਤੇ ਇਸੇ ਵਿਚਾਰ ਨਾਲ ਹੋਈ ਕਿ ਜਲਦ ਹੀ ਇਸ ਦਾ ਨਤੀਜਾ ਸਾਹਮਣੇ ਆ ਜਾਵੇਗਾ। ਸ਼ੁਰੂਆਤੀ ਦੌਰ ’ਚ ਹੀ ਸੁਪਰੀਮ ਲੀਡਰ ਅਯਾਤੁੱਲਾ ਖਾਮਨੇਈ ਦੀ ਹੱਤਿਆ ਇਸੇ ਧਾਰਨਾ ਮੁਤਾਬਕ ਸੀ ਕਿ ਇਸ ਨਾਲ ਸ਼ਾਸਨ ਤਬਦੀਲੀ ’ਚ ਆਸਾਨੀ ਹੋਵੇਗੀ। ਹਾਲਾਂਕਿ ਖਾਮਨੇਈ ਦੀ ਮੌਤ ਨੇ ਸ਼ਾਸਨ ਤਬਦੀਲੀ ਦੀ ਥਾਂ ਈਰਾਨੀਆਂ ਨੂੰ ਹੋਰ ਇਕਜੁਟ ਕਰਨ ਦਾ ਹੀ ਕੰਮ ਕੀਤਾ।
ਫਿਰ ਲੜਾਈ ਲੰਬੇ ਦੌਰ ’ਚ ਦਾਖ਼ਲ ਹੋ ਗਈ ਤੇ ਪੂਰੀ ਦੁਨੀਆ ਉਸ ਦੀ ਤਪਸ਼ ਮਹਿਸੂਸ ਕਰਨ ਲੱਗੀ। ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਯੂਰਪੀ ਫ਼ੌਜੀ ਲੀਡਰਸ਼ਿਪ ਨੇ 1914 ਦੀਆਂ ਗਰਮੀਆਂ ’ਚ ਇਹ ਸੋਚ ਕੇ ਜੰਗ ਛੇੜੀ ਕਿ ਕ੍ਰਿਸਮਸ ਤੱਕ ਲੜਾਈ ਰੁਕ ਜਾਵੇਗੀ, ਪਰ ਹੋਇਆ ਇਸ ਦਾ ਉਲਟਾ ਤੇ ਇਹ ਜੰਗ ਨਵੰਬਰ 1918 ਤੱਕ ਜਾਰੀ ਰਹੀ। ਜਰਮਨੀ ਨੇ ਬਖਤਰਬੰਦ ਫ਼ੌਜ ਤੇ ਹਵਾਈ ਫ਼ੌਜ ਦੀ ਘਾਤਕ ਵਰਤੋਂ ਵਾਲੀ ਬਲਿਟਜਕ੍ਰੇਗ ਭਾਵ ਬਿਜਲੀ ਦੀ ਚੁਸਤੀ ਵਾਲੀ ਰਣਨੀਤੀ ਰਾਹੀਂ 1940 ’ਚ ਪੱਛਮੀ ਯੂਰਪ ਦੇ ਇਕ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ ਪਰ ਇਹ ਸ਼ੁਰੂਆਤੀ ਕਾਮਯਾਬੀ ਵੀ ਆਖ਼ਰ ਉਸ ਨੂੰ ਜਿੱਤ ਨਹੀਂ ਦਿਵਾ ਸਕੀ।
ਸੋਵੀਅਤ ਸੰਘ ਦੇ ਨਾਲ ਜਰਮਨੀ 1941 ’ਚ ਅਜਿਹੀ ਤਬਾਹਕਾਰੀ ਅਤੇ ਅੰਤਹੀਣ ਜੰਗ ’ਚ ਉਲਝਿਆ, ਜਿਸ ’ਚ ਦੋਵਾਂ ਧੜਿਆਂ ਨੂੰ ਭਾਰੀ ਨੁਕਸਾਨ ਪੁੱਜਾ। ਇਸ ਦਾ ਨਤੀਜਾ ਜਰਮਨੀ ਦੇ ਟੁੱਟਣ ਦੇ ਰੂਪ ’ਚ ਵੀ ਨਿਕਲਿਆ। ਦੇਖਿਆ ਜਾਵੇ ਤਾਂ ਦੋਵਾਂ ਆਲਮੀ ਜੰਗਾਂ ’ਚ ਜਿੱਤ ਦੀ ਚਾਬੀ ਅਸਲ ’ਚ ਫ਼ੌਜੀ ਤਾਕਤ ਤੋਂ ਵੱਧ ਧੀਰਜ ਦਿਖਾਉਣ ਤੇ ਲੰਬੇ ਸਮੇਂ ਤੱਕ ਸੰਘਰਸ਼ ’ਚ ਟਿਕੇ ਰਹਿਣ ’ਚ ਸ਼ਾਮਲ ਸੀ। ਇਸੇ ਸਿਲਸਿਲੇ ’ਚ ਕੋਰਿਆਈ ਜੰਗ ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੀ ਤੇ ਅਮਰੀਕੀ ਫ਼ੌਜ ਵੀਅਤਨਾਮ ’ਚ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਤਾਇਨਾਤ ਰਹੀ।
ਹਾਲਾਂਕਿ ਇਸ ਸਭ ਦਾ ਇਹ ਮਤਲਬ ਨਹੀਂ ਕਿ ਆਧੁਨਿਕ ਹਥਿਆਰਬੰਦ ਸੰਘਰਸ਼ਾਂ ਦਾ ਫ਼ੈਸਲਾ ਤੱਤਕਾਲ ਨਹੀਂ ਹੁੰਦਾ। ਜੂਨ 1967 ’ਚ ਇਜ਼ਰਾਈਲ ਨੇ ਇਕ ਹਫ਼ਤੇ ਦੇ ਅੰਦਰ ਹੀ ਅਰਬ ਦੇਸ਼ਾਂ ਦੇ ਗੱਠਜੋੜ ਨੂੰ ਧੂੜ ਚਟਾ ਦਿੱਤੀ ਸੀ। ਬੰਗਲਾਦੇਸ਼ ਦੀ ਆਜ਼ਾਦੀ ਦੇ ਲਈ ਹੋਈ 1971 ਦੀ ਜੰਗ ’ਚ ਵੀ ਭਾਰਤ ਨੇ ਸਿਰਫ਼ 13 ਦਿਨਾਂ ਦੀ ਲੜਾਈ ’ਚ ਹੀ ਪਾਕਿਸਤਾਨ ਨੂੰ ਗੋਡਿਆਂ ’ਤੇ ਲਿਆ ਦਿੱਤਾ ਸੀ। ਪਿਛਲੇ ਸਾਲ ਆਪ੍ਰੇਸ਼ਨ ਸਿੰਧੂਰ ’ਚ ਭਾਰਤ ਦੀ ਲਗਪਗ 88 ਘੰਟਿਆਂ ਦੀ ਜ਼ੋਰਦਾਰ ਕਾਰਵਾਈ ਤੋਂ ਬਾਅਦ ਹੀ ਪਾਕਿਸਤਾਨ ਜੰਗਬੰਦੀ ਦੀ ਬੇਨਤੀ ਕਰਨ ਲੱਗਾ ਸੀ।
ਇਤਿਹਾਸ ਗਵਾਹ ਹੈ ਕਿ ਜੋ ਫ਼ੌਜਾਂ ਇਸ ਭਰੋਸੇ ਨਾਲ ਜੰਗ ਦੇ ਮੈਦਾਨ ’ਚ ਉਤਰੀਆਂ ਕਿ ਜੰਗ ਜਲਦ ਖ਼ਤਮ ਹੋਵੇਗੀ ਤਾਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਕਿਸੇ ਵੀ ਜੰਗ ਨੂੰ ਉਮੀਦ ਮੁਤਾਬਕ ਸਮੇਂ ’ਚ ਤਸੱਲੀਬਖ਼ਸ਼ ਨਤੀਜਿਆਂ ਦੇ ਨਾਲ ਖ਼ਤਮ ਕਰਨਾ ਬਹੁਤ ਮੁਸ਼ਕਲ ਸਾਬਤ ਹੋਇਆ। ਈਰਾਨ ਜੰਗ ’ਚ ਅਮਰੀਕਾ ਤੇ ਇਜ਼ਰਾਈਲ ਦਾ ਸਾਹਮਣਾ ਇਕ ਅਜਿਹੇ ਵਿਰੋਧੀ ਨਾਲ ਹੋਇਆ ਜੋ ਨਾ ਸਿਰਫ਼ ਉਸ ਦੇ ਹਮਲਿਆਂ ਨੂੰ ਸਹਿ ਰਿਹਾ ਸੀ, ਬਲਕਿ ਉਨ੍ਹਾਂ ਦਾ ਚੌਕਸੀ ਨਾਲ ਜਵਾਬ ਵੀ ਦੇ ਰਿਹਾ ਸੀ।
ਇਸ ਦੌਰਾਨ ਈਰਾਨ ਨੇ ਹੋਰਮੁਜ਼ ਤੋਂ ਊਰਜਾ ਸਪਲਾਈ ਨੂੰ ਰੋਕ ਕੇ ਉਸ ਨੂੰ ਇਕ ਆਰਥਿਕ ਹਥਿਆਰ ਦੇ ਰੂਪ ’ਚ ਇਸਤੇਮਾਲ ਕੀਤਾ। ਸਾਰੀਆਂ ਜੰਗਾਂ ਦੀ ਤਰ੍ਹਾਂ ਈਰਾਨ ਜੰਗ ਵੀ ਇਸੇ ਪਹਿਲੂ ਨੂੰ ਰੇਖਾਂਕਿਤ ਕਰਨ ਵਾਲੀ ਸਾਬਿਤ ਹੋਈ ਕਿ ਜ਼ਿਆਦਾਤਰ ਜੰਗਾਂ ਦੀ ਸ਼ੁਰੂਆਤ ਇਸੇ ਧਾਰਨਾ ਨਾਲ ਹੁੰਦੀ ਹੈ ਕਿ ਉਹ ਛੋਟੀਆਂ ਹੋਣਗੀਆਂ, ਪਰ ਇਸ ਤੋਂ ਕਿਤੇ ਵੱਧ ਮੁਸ਼ਕਲ ਫ਼ੈਸਲਾ ਇਹ ਹੁੰਦਾ ਹੈ ਕਿ ਲੜਾਈ ਨੂੰ ਕਦ ਤੇ ਕਿਵੇਂ ਖ਼ਤਮ ਕੀਤਾ ਜਾਵੇ।
-ਜਗਤਬੀਰ ਸਿੰਘ,
ਸਾਬਕਾ ਫ਼ੌਜ ਅਧਿਕਾਰੀ।