- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਣੱਤੀ ਜਨਵਰੀ ਨੂੰ ਇਕ ਮਨਹੂਸ ਖ਼ਬਰ ਆਈ। ਉਹ ਸੀ ਪ੍ਰੋਫੈਸਰ ਬਾਗੀ ਦੇ ਅਕਾਲ ਚਲਾਣੇ ਦੀ। ਮੌਤ ਵਰਗੀ ਸੱਚੀ ਖ਼ਬਰ ਨੂੰ ਝੁਠਲਾਇਆ ਤਾਂ ਨਹੀਂ ਜਾ ਸਕਦਾ ਸੀ ਪਰ ਜੋ ਪੀੜਾਂ ਭਰੀ ਪੱਤਝੜ ਉਨ੍ਹਾਂ ਦੇ ਸਨੇਹੀਆਂ ਦੇ ਦਿਲ ’ਤੇ ਪਸਰ ਗਈ, ਉਹ ਸ਼ਾਇਦ ਸੌਖੇ ਕੀਤਿਆਂ ਮੁੜ ਬਹਾਰਾਂ ’ਚ ਬਦਲਣ ਵਾਲੀ ਨਹੀਂ ਹੈ। ਉਹ ਕਾਲਜ ਦੀ ਦੁਨੀਆ ’ਚ ਪ੍ਰੋਫੈਸਰ ਮਹਿੰਦਰ ਸਿੰਘ ਬਣ ਕੇ ਆਏ ਤੇ ਸਾਹਿਤਕ ਖਿੱਤੇ ’ਚ ਸਿਰਫ਼ ਮਿੰਦਰ। ਉਹ ਯਾਰਾਂ ਦੇ ਦਾਇਰੇ ’ਚ ਪ੍ਰੋਫੈਸਰ ਬਾਗ਼ੀ ਦੇ ਨਾਂ ਨਾਲ ਧਰੂ ਤਾਰੇ ਵਾਂਗ ਚਮਕਦੇ ਰਹੇ।

- ਸ਼ਮਸ਼ੇਰ ਸਿੰਘ ਡੂਮੇਵਾਲ
ਉਣੱਤੀ ਜਨਵਰੀ ਨੂੰ ਇਕ ਮਨਹੂਸ ਖ਼ਬਰ ਆਈ। ਉਹ ਸੀ ਪ੍ਰੋਫੈਸਰ ਬਾਗੀ ਦੇ ਅਕਾਲ ਚਲਾਣੇ ਦੀ। ਮੌਤ ਵਰਗੀ ਸੱਚੀ ਖ਼ਬਰ ਨੂੰ ਝੁਠਲਾਇਆ ਤਾਂ ਨਹੀਂ ਜਾ ਸਕਦਾ ਸੀ ਪਰ ਜੋ ਪੀੜਾਂ ਭਰੀ ਪੱਤਝੜ ਉਨ੍ਹਾਂ ਦੇ ਸਨੇਹੀਆਂ ਦੇ ਦਿਲ ’ਤੇ ਪਸਰ ਗਈ, ਉਹ ਸ਼ਾਇਦ ਸੌਖੇ ਕੀਤਿਆਂ ਮੁੜ ਬਹਾਰਾਂ ’ਚ ਬਦਲਣ ਵਾਲੀ ਨਹੀਂ ਹੈ। ਉਹ ਕਾਲਜ ਦੀ ਦੁਨੀਆ ’ਚ ਪ੍ਰੋਫੈਸਰ ਮਹਿੰਦਰ ਸਿੰਘ ਬਣ ਕੇ ਆਏ ਤੇ ਸਾਹਿਤਕ ਖਿੱਤੇ ’ਚ ਸਿਰਫ਼ ਮਿੰਦਰ। ਉਹ ਯਾਰਾਂ ਦੇ ਦਾਇਰੇ ’ਚ ਪ੍ਰੋਫੈਸਰ ਬਾਗ਼ੀ ਦੇ ਨਾਂ ਨਾਲ ਧਰੂ ਤਾਰੇ ਵਾਂਗ ਚਮਕਦੇ ਰਹੇ।
ਸਮਾਜਿਕ, ਵਿੱਦਿਆਕ ਅਤੇ ਸਾਹਿਤਕ ਖੇਤਰਾਂ ਵਿਚ ਵਿਲੱਖਣ ਪਛਾਣ ਵਿਕਸਿਤ ਕਰਨ ਵਾਲੀ ਇਸ ਨਾਮੀ ਸ਼ਖ਼ਸੀਅਤ ਦਾ ਜਨਮ 22 ਜੁਲਾਈ 1943 ਨੂੰ ਸਰਸਾ ਨਦੀ ਦੇ ਤੱਟ ’ਤੇ ਵਸੇ ਉਸ ਇਤਿਹਾਸਕ ਪਿੰਡ ਵਿਚ ਹੋਇਆ ਜੋ ਭੱਟ ਵਹੀਆਂ ’ਚ ਸਰਸਾ ਗੁੱਜਰਾਂ ਤੇ ਪੁਰਾਤਨ ਦੌਰ ’ਚ ਸਰਸਾ ਗੋਲੂ ਸਿੰਘ ਅਤੇ ਦਸਮ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਪੈਣ ਉਪਰੰਤ ਵਿਸ਼ਵ ਪੱਧਰੀ ਤਵਾਰੀਖ਼ ਤੇ ਅੱਜ-ਕੱਲ੍ਹ ਪਿੰਡ ਸਰਸਾ ਨੰਗਲ ਕਰਕੇ ਬਹੁ-ਚਰਚਿਤ ਹੈ।
ਪਿਤਾ ਬਚਿੰਤ ਸਿੰਘ ਪਟਵਾਰੀ ਦੇ ਗ੍ਰਹਿ ਵਿਖੇ ਮਾਤਾ ਕੇਸਰ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਪ੍ਰੋਫੈਸਰ ਬਾਗੀ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਕਰਨ ਉਪਰੰਤ ਬੀਏ ਸਰਕਾਰੀ ਕਾਲਜ ਰੂਪਨਗਰ ਤੋਂ ਕੀਤੀ ਜਦਕਿ ਐੱਮਏ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕਰ ਕੇ 8 ਅਪ੍ਰੈਲ 1970 ਨੂੰ ਬਤੌਰ ਪੰਜਾਬੀ ਪ੍ਰੋਫੈਸਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੀਆਂ ਵਿੱਦਿਅਕ ਸੇਵਾਵਾਂ ਦਾ ਆਗਾਜ਼ ਕੀਤਾ। ਇੱਥੇ ਹੀ ਉਨ੍ਹਾਂ ਨੇ 33 ਵਰ੍ਹੇ ਸੇਵਾਵਾਂ ਨਿਭਾਉਣ ਉਪਰੰਤ 22 ਜੁਲਾਈ 2003 ਨੂੰ ਬਤੌਰ ਮੁਖੀ ਪੰਜਾਬੀ ਵਿਭਾਗ ਸੇਵਾ ਮੁਕਤੀ ਹਾਸਲ ਕੀਤੀ। ਉਹ ਪੂਰੇ ਸਰਵਿਸ ਕਾਲ ਦੌਰਾਨ ਕਾਲਜ ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਰਹੇ।
ਉਨ੍ਹਾਂ ਤੋਂ ਸਿੱਖਿਆ ਲੈ ਕੇ ਵੱਖ-ਵੱਖ ਖੇਤਰਾਂ ’ਚ ਅਹਿਮ ਮੁਕਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਕਤਾਰ ਲੰਬੀ ਹੈ। ਪ੍ਰੋਫੈਸਰ ਬਾਗੀ ਦੀ ਕਲਮ ਵਿੱਚੋਂ ਜੋ ਰਚਨਾਵਾਂ ਜਨਮੀਆਂ, ਉਨ੍ਹਾਂ ਵਿਚ ਨਾਵਲ ‘ਜ਼ਖਮ ਦੀ ਆਤਮ ਕਥਾ’ ਜਿੱਥੇ ਪੰਜਾਬੀ ਸਾਹਿਤ ਵਿਚ ਵਿਲੱਖਣ ਮੁਕਾਮ ਰੱਖਦਾ ਹੈ, ਉੱਥੇ ਹੀ ਕਾਵਿ ਸੰਗ੍ਰਹਿ ‘ਗੁੰਬਦ ਦੀ ਅੰਦਰਲੀ ਚੀਖ’, ‘ਹਾਜ਼ਰ ਗੈਰ ਹਾਜ਼ਰ’ ਆਦਿ ਆਪਣੀ ਮਿਸਾਲ ਆਪ ਹਨ।
ਉਸ ਦਾ ਅੰਤਿਮ ਕਾਵਿ ਸੰਗ੍ਰਹਿ ‘ਮਿੰਦਰ’ ਬੀਤੇ ਸਾਲ ਅੱਠ ਜੂਨ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਰਿਲੀਜ਼ ਕੀਤਾ ਗਿਆ ਸੀ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੇ ਮੈਗਜ਼ੀਨ ‘ਨਾਗਮਣੀ’ ਵਿਚ ਲੰਬਾ ਅਰਸਾ ਮਿੰਦਰ ਦੀਆਂ ਰਚਨਾਵਾਂ ਦੀ ਧਾਂਕ ਬਣੀ ਰਹੀ। ਉਸ ਦੀਆਂ ਉੱਚੇ ਬੋਧ ਪੱਧਰ ਦੀਆਂ ਮਿਆਰੀ ਲਿਖਤਾਂ ਸਮਾਜਿਕ ਬੁਰਾਈਆਂ ਨੂੰ ਨਾ ਸਿਰਫ਼ ਬੇਨਕਾਬ ਕਰ ਕੇ ਭਰਪੂਰ ਚੋਟ ਕਰਦੀਆਂ ਹਨ ਬਲਕਿ ਸਮਾਜਿਕ ਕਦਰਾਂ-ਕੀਮਤਾਂ ਦੀ ਮਜ਼ਬੂਤੀ ਲਈ ਸੰਦੇਸ਼ ਦਿੰਦੀਆਂ ਪਾਠਕਾਂ ਦੇ ਜ਼ਿਹਨ ’ਚ ਡੂੰਘਾ ਉਤਰਦੀਆਂ ਹਨ। ੍ਰੋਫੈਸਰ ਬਾਗੀ ਹਲੀਮੀ ਭਰਪੂਰ ਸੁਭਾਅ, ਮਿਲਾਪੜੀ ਸ਼ਖ਼ਸੀਅਤ ਅਤੇ ਖ਼ੁਸ਼ ਤਬੀਅਤ ਫਿਤਰਤ ਦੇ ਮਾਲਕ ਹੋਣ ਸਦਕਾ ਸਮਾਜ ਵਿਚ ਆਪਣਾ ਵਿਲੱਖਣ ਰੁਤਬਾ ਰੱਖਦਾ ਸੀ।
ਉਸ ਦੇ ਨਜ਼ਦੀਕੀਆਂ ਵਿਚ ਪੱਤਰਕਾਰਤਾ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਸਨ ਡਾ. ਬਰਜਿੰਦਰ ਸਿੰਘ ਹਮਦਰਦ ਤੇ ਹਰਭਜਨ ਸਿੰਘ ਹਲਵਾਰਵੀ ਆਦਿ ਜਿਨ੍ਹਾਂ ਨੇ ਉਸ ਨਾਲ ਪਰਿਵਾਰਕ ਸਾਂਝਾਂ ਨਿਭਾਈਆਂ। ਅੱਜ ਪੰਜਾਬ ਦੇ ਵੱਖ-ਵੱਖ ਖਿੱਤਿਆਂ ’ਚ ਕੰਮ ਕਰਦੇ ਪੱਤਰਕਾਰਾਂ ’ਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਉਸਤਾਦ ਦਾ ਨਾਂ ਪੁੱਛਣ ’ਤੇ ਜਵਾਬ ਹੋਵੇਗਾ ਪ੍ਰੋਫੈਸਰ ਬਾਗੀ। ਕਿਸੇ ਨਾਮਵਰ ਸਾਹਿਤਕਾਰ ਨੂੰ ਉਸ ਦੇ ਸਫਲ ਮੁਕਾਮ ਦੀ ਪਿੱਠ ਵਰਤੀ ਸ਼ਖ਼ਸੀਅਤ ਦਾ ਨਾਂ ਪੁੱਛੀਏ ਤਾਂ ਉਹ ਫ਼ਖ਼ਰ ਨਾਲ ਕਹੇਗਾ ਪ੍ਰੋਫੈਸਰ ਬਾਗੀ। ਕਿਸੇ ਉੱਚ ਅਧਿਕਾਰੀ ਨੂੰ ਉਸ ਦੇ ਮਾਰਗ ਦਰਸ਼ਕ ਦਾ ਨਾਂ ਪੁੱਛੀਏ ਤਾਂ ਹਿੱਕ ਠੋਕ ਕੇ ਉਸ ਦਾ ਵੀ ਇਹੋ ਜਵਾਬ ਹੋਵੇਗਾ ਪ੍ਰੋਫੈਸਰ ਬਾਗ਼ੀ।
ਇੱਥੇ ਇਹੋ ਕਹਿ ਸਕਦੇ ਹਾਂ ਕਿ ਉਹ ਅਜਿਹਾ ਬੋਹੜ ਸੀ ਜਿਸ ਦੀ ਛਾਂ ਮਾਣ ਕੇ ਵੱਖ-ਵੱਖ ਖੇਤਰਾਂ ਵੱਲ ਉੱਡੇ ਅਨੇਕ ਪੰਛੀ ਉੱਚ ਬੁਲੰਦੀਆਂ ਤੱਕ ਪੁੱਜ ਗਏ ਪਰ ਉਸ ਮਿੱਟੀ ਨਾਲ ਜੁੜੇ ਇਨਸਾਨ ਨੇ ਆਪਣੀ ਇਸ ਫੁਲਵਾੜੀ ’ਤੇ ਫ਼ਖ਼ਰ ਜ਼ਰੂਰ ਮਹਿਸੂਸ ਕੀਤਾ ਪਰ ਆਪਣੇ ਪੈਰ ਜ਼ਮੀਨ ’ਤੇ ਗੱਡ ਕੇ ਖੜ੍ਹਨ ਵਾਲੇ ਇਸ ਇਨਸਾਨ ਦੇ ਚਿਹਰੇ ’ਤੇ ਕਦੇ ਕਿਸੇ ਨੇ ਹਉਮੈ ਦੇ ਚਿੰਨ੍ਹ ਨਹੀਂ ਦੇਖੇ। ਉਹ ਪੂਰਨ ਤੌਰ ’ਤੇ ਸਿਆਸਤ ਨਿਰਲੇਪ ਸੀ ਪਰ ਇਸ ਦੇ ਬਾਵਜੂਦ ਹਰ ਸਿਆਸੀ ਆਗੂ ਉਸ ਦਾ ਅਸ਼ੀਰਵਾਦ ਜ਼ਰੂਰੀ ਸਮਝਦਾ ਸੀ।
ਗੱਲ ਪ੍ਰੋ. ਬਾਗੀ ਦੀ ਪਰਿਵਾਰਕ ਜ਼ਿੰਦਗੀ ਦੀ ਕਰੀਏ ਤਾਂ ਉਨ੍ਹਾਂ ਦਾ ਵਿਆਹ 1971 ਈਸਵੀ ’ਚ ਪੰਜਾਬ ਦੀਆਂ ਅਹਿਮ ਸ਼ਖ਼ਸੀਅਤਾਂ ’ਚ ਸ਼ੁਮਾਰ ਨਾਮੀ ਤੇ ਇਮਾਨਦਾਰ ਡੀਜੀਐੱਮ ਪੰਜਾਬ ਐਂਡ ਸਿੰਧ ਬੈਂਕ ਦਲਜੀਤ ਸਿੰਘ ਦੀ ਹੋਣਹਾਰ ਸਪੁੱਤਰੀ ਹਰਵੀਰ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਟੋਰਾਂਟੋ ਵਿਖੇ ਪੱਕੇ ਸੈਟਲ ਹਨ। ਪ੍ਰੋਫੈਸਰ ਮਿੰਦਰ 2021 ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਮਹਾਰਾਜ ਬ੍ਰਹਮ ਸਾਗਰ ਭੂਰੀ ਵਾਲੇ ਐਜੂਕੇਸ਼ਨ ਟਰੱਸਟ ਵਿਚ ਬਤੌਰ ਚੇਅਰਮੈਨ ਨਿਸ਼ਕਾਮ ਸੇਵਾਵਾਂ ਵੀ ਨਿਭਾਉਂਦੇ ਰਹੇ।
ਪਿੰਡ ਸਰਸਾ ਨੰਗਲ ਵਿਚ ਉਨ੍ਹਾਂ ਦੇ ਪੁਰਖਿਆਂ ਵੱਲੋਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੂੰ 10 ਏਕੜ ਜ਼ਮੀਨ ਦਾਨ ਦਿੱਤੀ ਗਈ ਸੀ। ਇਸ ਕੜੀ ਤਹਿਤ ਇਸ ਪਰਿਵਾਰ ਤੇ ਪ੍ਰੋਫੈਸਰ ਮਿੰਦਰ ਦੀ ਨੇੜਤਾ ਨਾਮਵਰ ਧਾਰਮਿਕ ਸ਼ਖ਼ਸੀਅਤ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਸਾਹਿਬ ਵਾਲਿਆਂ ਨਾਲ ਵੀ ਰਹੀ। ਉਹ ਭੂਰੀ ਵਾਲਿਆਂ ਦੀ ਸੰਪਰਦਾ ਦੇ ਮੌਜੂਦਾ ਮੁਖੀ ਅਚਾਰੀਆ ਚੇਤਨਾ ਨੰਦ ਦੇ ਵਿਸ਼ਵਾਸ ਪਾਤਰਾਂ ਵਿੱਚੋਂ ਇਕ ਸਨ। ਪ੍ਰੋਫੈਸਰ ਬਾਗੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੀ ਇੱਛਾ ਅਨੁਸਾਰ ਅੱਠ ਫਰਵਰੀ ਨੂੰ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਰੂਪਨਗਰ ਵਿਖੇ ਦੁਪਹਿਰ 12 ਵਜੇ ਹੋਵੇਗਾ। ਉਨ੍ਹਾਂ ਨੂੰ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਸਾਹਿਤਕ ਵਰਗ ਦੀਆਂ ਨਾਮਵਾਰ ਹਸਤੀਆਂ ਅਕੀਦਤ ਦੇ ਫੁੱਲ ਅਰਪਿਤ ਕਰਨਗੀਆਂ।
-ਮੋਬਾਈਲ : 98723-31999