ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ’ਚ ਵੀ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਬਹੁਤ ਪ੍ਰਸੰਗਿਕ ਹਨ। ਜਦੋਂ ਸਮਾਜ ਵਿਚ ਅਜੇ ਵੀ ਕਈ ਥਾਵਾਂ ’ਤੇ ਭੇਦਭਾਵ ਅਤੇ ਅਨਿਆਂ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ, ਉਨ੍ਹਾਂ ਦੀ ਸੋਚ ਸਾਨੂੰ ਸਹੀ ਦਿਸ਼ਾ ਦਿੰਦੀ ਹੈ। ਸਿੱਖਿਆ, ਸਮਾਨਤਾ ਅਤੇ ਸੰਘਰਸ਼ ਦੇ ਸਿਧਾਂਤ ਅੱਜ ਵੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹਨ। ਅੰਤ ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾਂ ਅਤੇ ਉਪਦੇਸ਼ ਸਮਾਜ ਵਿਚ ਜਾਗਰੂਕਤਾ ਅਤੇ ਬਦਲਾਅ ਦਾ ਮਜ਼ਬੂਤ ਆਧਾਰ ਹਨ।

ਡਾ. ਭੀਮ ਰਾਓ ਅੰਬੇਡਕਰ ਸਿਰਫ਼ ਭਾਰਤ ਦੇ ਸੰਵਿਧਾਨ ਨਿਰਮਾਤਾ ਹੀ ਨਹੀਂ ਸਨ, ਸਗੋਂ ਉਹ ਇਕ ਮਹਾਨ ਸਮਾਜ ਸੁਧਾਰਕ, ਚਿੰਤਕ, ਵਿਦਵਾਨ ਅਤੇ ਮਨੁੱਖੀ ਅਧਿਕਾਰਾਂ ਦੇ ਸੱਚੇ ਪਹਿਰੇਦਾਰ ਵੀ ਸਨ। ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੇ ਭਾਰਤੀ ਸਮਾਜ ਵਿਚ ਇਕ ਨਵੀਂ ਚੇਤਨਾ ਅਤੇ ਜਾਗਰੂਕਤਾ ਪੈਦਾ ਕੀਤੀ ਜਿਸ ਦਾ ਪ੍ਰਭਾਵ ਅੱਜ ਵੀ ਸਪਸ਼ਟ ਤੌਰ ’ਤੇ ਵੇਖਿਆ ਜਾ ਸਕਦਾ ਹੈ।
ਉਨ੍ਹਾਂ ਨੇ ਸਿੱਖਿਆ ਨੂੰ ਮਨੁੱਖੀ ਸੋਚ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਸਭ ਤੋਂ ਵੱਡਾ ਹਥਿਆਰ ਮੰਨਿਆ। ਉਨ੍ਹਾਂ ਦਾ ਲੋਕਾਂ ਵਿਚ ਜਾਗਰੂਕਤਾ ਲਿਆਉਣ ਦਾ ਮਸ਼ਹੂਰ ਨਾਅਰਾ ਸੀ-“ਪੜ੍ਹੋ, ਜੁੜੋ ਤੇ ਸੰਘਰਸ਼ ਕਰੋ”। ਇਸ ਲਈ ਉਨ੍ਹਾਂ ਨੇ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਹ ਮੰਨਦੇ ਸਨ ਕਿ ਅਗਿਆਨਤਾ ਹੀ ਹਰ ਕਿਸਮ ਦੀ ਗੁਲਾਮੀ ਦੀ ਜੜ੍ਹ ਹੈ। ਇਸ ਲਈ ਉਨ੍ਹਾਂ ਨੇ ਦਲਿਤਾਂ ਅਤੇ ਪੱਛੜੇ ਵਰਗਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਅਧਿਕਾਰਾਂ ਲਈ ਖੜ੍ਹੇ ਹੋ ਸਕਣ।
ਬਾਬਾ ਸਾਹਿਬ ਦੀਆਂ ਸਿੱਖਿਆਵਾਂ ਵਿੱਚੋਂ ਮੁੱਖ ਕੇਂਦਰੀ ਬਿੰਦੂ ਮਨੁੱਖੀ ਅਧਿਕਾਰ ਅਤੇ ਸਮਾਨਤਾ ਸੀ। ਉਹ ਜਾਤ-ਪਾਤ, ਅਛੂਤਪਣ ਅਤੇ ਭੇਦਭਾਵ ਦੇ ਕੱਟੜ ਵਿਰੋਧੀ ਸਨ। ਉਨ੍ਹਾਂ ਨੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ ਹਰ ਮਨੁੱਖ ਬਰਾਬਰ ਹੈ ਅਤੇ ਕਿਸੇ ਨੂੰ ਵੀ ਉਸ ਦੀ ਜਾਤ ਜਾਂ ਜਨਮ ਦੇ ਆਧਾਰ ’ਤੇ ਨੀਵਾਂ ਨਹੀਂ ਸਮਝਣਾ ਚਾਹੀਦਾ। ਇਹ ਸੋਚ ਸਮਾਜ ਵਿਚ ਨਿਆਂ ਅਤੇ ਇਨਸਾਫ਼ ਦੀ ਨਵੀਂ ਲਹਿਰ ਲੈ ਕੇ ਆਈ।
ਡਾ. ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਤਿਆਰ ਕਰ ਕੇ ਦੇਸ਼ ਦੇ ਹਰ ਨਾਗਰਿਕ ਨੂੰ ਅਧਿਕਾਰਾਂ ਦੀ ਗਾਰੰਟੀ ਦਿੱਤੀ। ਉਨ੍ਹਾਂ ਨੇ ਸਮਾਨਤਾ, ਆਜ਼ਾਦੀ ਅਤੇ ਭਰਾਤਰੀ ਭਾਵ ਦੇ ਸਿਧਾਂਤਾਂ ਨੂੰ ਸੰਵਿਧਾਨ ਵਿਚ ਸ਼ਾਮਲ ਕੀਤਾ। ਇਸ ਨਾਲ ਨਾ ਸਿਰਫ਼ ਕਾਨੂੰਨੀ ਤੌਰ ’ਤੇ ਲੋਕਾਂ ਨੂੰ ਸੁਰੱਖਿਆ ਮਿਲੀ, ਸਗੋਂ ਸਮਾਜ ਵਿਚ ਜਾਗਰੂਕਤਾ ਵੀ ਵਧੀ ਕਿ ਹਰ ਵਿਅਕਤੀ ਦੇ ਅਧਿਕਾਰ ਸੁਰੱਖਿਅਤ ਹਨ। ਅੰਬੇਡਕਰ ਜੀ ਨੇ ਸਮਾਜਿਕ ਸੁਧਾਰ ਦੀ ਲਹਿਰ ਲਈ ਕਈ ਅੰਦੋਲਨਾਂ ਰਾਹੀਂ ਸਮਾਜ ਵਿਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ।
ਦਲਿਤਾਂ ਨੂੰ ਤਲਾਬ ਤੋਂ ਪਾਣੀ ਪੀਣ ’ਤੇ ਲਗਾਈ ਗਈ ਰੋਕ ਸਬੰਧੀ ਮਹਾੜ ਸੱਤਿਆਗ੍ਰਹਿ, 2 ਮਾਰਚ 1930 ਨੂੰ ਨਾਸਿਕ ਦੇ ਕਾਲਾਰਾਮ ਮੰਦਰ ਵਿਚ ਪ੍ਰਵੇਸ਼ ਅਤੇ ਪੂਜਾ ਦੇ ਅਧਿਕਾਰ ਲਈ ਬਾਬਾ ਸਾਹਿਬ ਦੀ ਰਹਿਨੁਮਾਈ ਹੇਠ ਇਕ ਇਤਿਹਾਸਕ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ। ਇਨ੍ਹਾਂ ਯਤਨਾਂ ਨੇ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਲੜਨ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਨੇ ਸਾਬਿਤ ਕੀਤਾ ਕਿ ਸੰਘਰਸ਼ ਤੋਂ ਬਿਨਾਂ ਕੋਈ ਵੀ ਬਦਲਾਅ ਸੰਭਵ ਨਹੀਂ ਹੈ। ਬਾਬਾ ਸਾਹਿਬ ਨੇ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਲਈ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਹਿੰਦੂ ਕੋਡ ਬਿੱਲ ਰਾਹੀਂ ਔਰਤਾਂ ਨੂੰ ਸੰਪਤੀ, ਵੋਟ ਦੇ ਅਧਿਕਾਰ ਅਤੇ ਸਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਹ ਮੰਨਦੇ ਸਨ ਕਿ ਕਿਸੇ ਵੀ ਸਮਾਜ ਦੀ ਤਰੱਕੀ ਦਾ ਅੰਦਾਜ਼ਾ ਉਸ ਦੀਆਂ ਔਰਤਾਂ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਧਰਮ ਨੂੰ ਮਨੁੱਖੀ ਭਲਾਈ ਨਾਲ ਜੋੜਿਆ। ਉਨ੍ਹਾਂ ਨੇ ਅੰਧਵਿਸ਼ਵਾਸ ਅਤੇ ਕੁਝ ਰਿਵਾਜਾਂ ਦਾ ਵਿਰੋਧ ਕੀਤਾ ਅਤੇ ਬੁੱਧ ਧਰਮ ਨੂੰ ਅਪਣਾਇਆ ਜੋ ਸਮਾਨਤਾ, ਦਇਆ ਅਤੇ ਸੱਚਾਈ ਦੇ ਮੂਲ ਸਿਧਾਂਤਾਂ ’ਤੇ ਆਧਾਰਤ ਹੈ। ਇਸ ਨਾਲ ਲੋਕਾਂ ਵਿਚ ਤਰਕਸ਼ੀਲ ਸੋਚ ਅਤੇ ਆਤਮ ਸਨਮਾਨ ਦੀ ਭਾਵਨਾ ਵਧੀ।
ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ’ਚ ਵੀ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਬਹੁਤ ਪ੍ਰਸੰਗਿਕ ਹਨ। ਜਦੋਂ ਸਮਾਜ ਵਿਚ ਅਜੇ ਵੀ ਕਈ ਥਾਵਾਂ ’ਤੇ ਭੇਦਭਾਵ ਅਤੇ ਅਨਿਆਂ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ, ਉਨ੍ਹਾਂ ਦੀ ਸੋਚ ਸਾਨੂੰ ਸਹੀ ਦਿਸ਼ਾ ਦਿੰਦੀ ਹੈ। ਸਿੱਖਿਆ, ਸਮਾਨਤਾ ਅਤੇ ਸੰਘਰਸ਼ ਦੇ ਸਿਧਾਂਤ ਅੱਜ ਵੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹਨ। ਅੰਤ ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾਂ ਅਤੇ ਉਪਦੇਸ਼ ਸਮਾਜ ਵਿਚ ਜਾਗਰੂਕਤਾ ਅਤੇ ਬਦਲਾਅ ਦਾ ਮਜ਼ਬੂਤ ਆਧਾਰ ਹਨ।
ਉਨ੍ਹਾਂ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਜਾਗਰੂਕ ਕੀਤਾ ਅਤੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੀ ਸੋਚ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਅਸੀਂ ਸਿੱਖਿਆ ਪ੍ਰਾਪਤ ਕਰਕੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਹਰ ਕਿਸਮ ਦੀ ਬੇਇਨਸਾਫ਼ੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਕ ਸਮਾਨਤਾ-ਆਧਾਰਤ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਬਾਬਾ ਸਾਹਿਬ ਦੀ ਵਿਰਾਸਤ ਸਿਰਫ਼ ਇਤਿਹਾਸ ਨਹੀਂ, ਸਗੋਂ ਇਕ ਜੀਵੰਤ ਪ੍ਰੇਰਨਾ ਹੈ ਜੋ ਸਦਾ ਸਾਨੂੰ ਅੱਗੇ ਵਧਣ ਦਾ ਰਾਹ ਦਿਖਾਉਂਦੀ ਰਹੇਗੀ। ਉਹ ਦਲਿਤਾਂ, ਮਜ਼ਲੂਮਾਂ ਲਈ ਮਸੀਹੇ ਦੇ ਰੂਪ ਵਿਚ ਆਏ ਜਿਨ੍ਹਾਂ ਦੀ ਦੇਣ ਨਾਲ ਅਸੀਂ ਅੱਜ ਸਮਾਨਤਾ ਦਾ ਜੀਵਨ ਬਤੀਤ ਕਰ ਰਹੇ ਹਾਂ।‘ਜੈ ਭੀਮ, ਜੈ ਭਾਰਤ’।
-ਵਿਨੋਦ ਫ਼ਕੀਰਾ,
ਸਟੇਟ ਐਵਾਰਡੀ, ਕਰਤਾਰਪੁਰ।
ਮੋਬਾਈਲ : 98721-97326