- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਫ਼ੀ ਹੋ ਰਹੀ ਸਹਿਣਸ਼ੀਲਤਾ

ਬਟਾਲਾ ਦੇ ਡਿਫੈਂਸ ਰੋਡ ’ਤੇ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਇਆ ਝਗੜਾ ਖ਼ੂਨੀ ਰੂਪ ਧਾਰਨ ਕਰ ਗਿਆ। ਮਾਮੂਲੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲ਼ੀਆਂ ਚੱਲੀਆਂ। ਲਗਪਗ 15 ਰਾਊਂਡ ਫਾਇਰ ਹੋਏ ਅਤੇ ਇਸ ਕਾਰਨ ਇਕ ਨਿਹੰਗ ਸਿੰਘ ਦੀ ਮੌਤ ਹੋ ਗਈ, ਜਦਕਿ ਦੂਜੀ ਧਿਰ ਦੇ ਦੋ ਭਰਾਵਾਂ ’ਚੋਂ ਇਕ ਦੇ ਮੂੰਹ ਤੇ ਦੂਜੇ ਦੀ ਲੱਤ ’ਚ ਗੋਲ਼ੀ ਲੱਗੀ। ਦੋਵਾਂ ਨੂੰ ਅੰਮ੍ਰਿਤਸਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਨੇ ਦਮ ਤੋੜ ਦਿੱਤਾ। ਦੂਜੀ ਘਟਨਾ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਵਾਪਰੀ। ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾ ਦੇ ਪਤੀ ਤੇ ਉਸ ਦੇ ਦੋਸਤਾਂ ਦਾ ਕਾਲੀਆ ਕਾਲੋਨੀ ਦੇ ਰਹਿਣ ਵਾਲੇ ਪਿਓ-ਪੁੱਤ ਨਾਲ ਕਾਰ ਨੂੰ ਲੈ ਕੇ ਹੋਇਆ ਝਗੜਾ ਕੁੱਟਮਾਰ ਤੱਕ ਪੁੱਜ ਗਿਆ। ਖ਼ੂਨ ਨਾਲ ਲਿੱਬੜੇ ਪਿਉ-ਪੁੱਤ ਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਦੋਵੇਂ ਘਟਨਾਵਾਂ ਕਿਤੇ ਨਾ ਕਿਤੇ ਨੌਜਵਾਨਾਂ ਅੰਦਰ ਵਧ ਰਹੇ ਗੁੱਸੇ ਤੇ ਘਟ ਰਹੀ ਸਹਿਣਸ਼ੀਲਤਾ ਨੂੰ ਬਿਆਨ ਕਰਦੀਆਂ ਹਨ। ਬਟਾਲਾ ਦੀ ਘਟਨਾ ’ਚ ਲਾਇਸੈਂਸੀ ਪਿਸਤੌਲਾਂ ਨਾਲ ਕੀਤੇ ਗਏ ਫਾਇਰ ਵੀ ਵੱਡੇ ਸਵਾਲ ਖੜ੍ਹੇ ਕਰਦੇ ਹਨ। ਕੀ ਪੰਜਾਬ ’ਚ ਅਸਲਾ ਖਰੀਦਣਾ ਇੰਨਾ ਸੌਖਾ ਹੈ ਕਿ ਕੋਈ ਵੀ ਇਸ ਨੂੰ ਖ਼ਰੀਦ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦਾ ਹੈ? ਬੇਸ਼ੱਕ ਅਸਲਾ ਖ਼ਰੀਦਣ ਅਤੇ ਇਸ ਨੂੰ ਰੱਖਣ ਲਈ ਲਾਈਸੈਂਸ ਲੈਣਾ ਕਾਨੂੰਨੀ ਪ੍ਰਕਿਰਿਆ ਹੈ ਪਰ ਉਹ ਭਾਵਨਾ ਕਿਵੇਂ ਵਿਕਸਤ ਹੋਵੇਗੀ ਕਿ ਇਸ ਦੇ ਲਾਈਸੈਂਸ ਦੇ ਨਾਲ-ਨਾਲ ‘ਸੰਯਮ’ ਵੀ ਜੇਬ੍ਹ ’ਚ ਰੱਖਿਆ ਜਾਵੇ। ਨਿਯਮ ਤਾਂ ਇਹ ਕਹਿੰਦੇ ਹਨ ਕਿ ਬਿਨੈਕਾਰਾਂ ਨੂੰ ਡੀਸੀ ਤੇ ਏਡੀਸੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਮਗਰੋਂ ਹੀ ਲੋੜ ਹੋਵੇ ਤਾਂ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਪਰ ਇਸ ‘ਲੋੜ’ ਸ਼ਬਦ ਦੇ ਅਸਲ ਮਾਇਨੇ ਕੀ ਹਨ? ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਕਿਤੇ ਅਸਲਾ ਲੈਣ ਲਈ ਪ੍ਰਸ਼ਾਸਨ ਤੇ ਪੁਲਿਸ ਨੂੰ ਗੁੰਮਰਾਹ ਤਾਂ ਨਹੀਂ ਕੀਤਾ ਜਾਂਦਾ। ਅਸਲਾ ਲਾਈਸੈਂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਹਨ ਪਰ ਬਹੁਤੇ ਮੌਕਿਆਂ ’ਤੇ ਲੋਕ ਇਨ੍ਹਾਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦਰਅਸਲ, ਕੁਦਰਤ ਨੇ ਮਨੁੱਖ ਨੂੰ ਤਾਕਤ ਪੱਖੋਂ ਸਮਰੱਥ ਬਣਾਇਆ ਹੈ ਪਰ ਜੇਕਰ ਇਹੀ ਤਾਕਤ ਉਲਟ ਪਾਸੇ ਵਹਿ ਤੁਰੇ ਤਾਂ ਨਤੀਜੇ ਘਾਤਕ ਸਿੱਧ ਹੁੰਦੇ ਹਨ। ਆਤਮ-ਰੱਖਿਆ ਲਈ ਅਸਲਾ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਿਨਾਂ ਸੋਚੇ ਸਮਝੇ ਸਿਰਫ਼ ਤੈਸ਼ ’ਚ ਆ ਕੇ ਇਸ ਨੂੰ ਚਲਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਜਦੋਂ ਗੁੱਸਾ ਠੰਢਾ ਹੁੰਦਾ ਹੈ, ਉਦੋਂ ਤੱਕ ਭਾਣਾ ਵਰਤ ਚੁੱਕਾ ਹੁੰਦਾ ਹੈ। ਸਵੈ-ਰੱਖਿਆ ਲਈ ਕਦਮ ਚੁੱਕਦਿਆਂ ਵੀ ਬਹੁਤ ਸੰਭਲ ਕੇ ਜਵਾਬ ਦੇਣਾ ਹੁੰਦਾ ਹੈ। ਜਲਦਬਾਜ਼ੀ ’ਚ ਕੀਤੀ ਗਈ ਕਾਰਵਾਈ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਸੰਯਮ ਦੀ ਘਾਟ ਮਨੁੱਖ ਅੰਦਰੋਂ ਇਨਸਾਨੀਅਤ ਵੀ ਖ਼ਤਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਬਹੁਤੇ ਮੌਕਿਆਂ ’ਤੇ ਮਨੁੱਖ ਜਾਨਵਰਾਂ ਤੋਂ ਵੀ ਭੈੜਾ ਸਲੂਕ ਕਰ ਦਿੰਦਾ ਹੈ। ਕਿਤੇ ਨਾ ਕਿਤੇ ਮਨੁੱਖ ਦੇ ਅੰਦਰਲੀਆਂ ਕਮਜ਼ੋਰੀਆਂ ਉਸ ਨੂੰ ਗ਼ਲਤ ਫ਼ੈਸਲੇ ਕਰਨ ਲਈ ਮਜ਼ਬੂਰ ਕਰ ਦਿੰਦਿਆਂ ਹਨ। ਹਥਿਆਰ ਸਵੈ-ਰੱਖਿਆ ਲਈ ਜ਼ਰੂਰੀ ਹੈ ਪਰ ਜੇਕਰ ਵਰਤਣ ਵੇਲੇ ਮਨਸ਼ਾ ਗ਼ਲਤ ਹੈ ਤਾਂ ਇਹ ਖ਼ੂਨੀ ਰੂਪ ਧਾਰਨ ਕਰਨ ਲੱਗਿਆ ਦੇਰ ਨਹੀਂ ਲਗਾਉਂਦਾ।