ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜੰਗ ਦਾ ਅਸਰ ਦੁਨੀਆ ਦੇ ਤਕਰੀਬਨ ਸਾਰੇ ਮੁਲਕਾਂ ’ਤੇ ਪੈ ਰਿਹਾ ਹੈ। ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਘਰਾਂ ’ਚ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਕਿੱਲਤ ਕਾਰਨ ਵੱਡੀਆਂ ਪਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ। ਇਸ ਵੇਲੇ ਐੱਲਪੀਜੀ ਸਣੇ ਤੇਲ ਦੀ ਕਮੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਸਹਿਣੀਆਂ ਪੈ ਰਹੀਆਂ ਹਨ।

ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜੰਗ ਦਾ ਅਸਰ ਦੁਨੀਆ ਦੇ ਤਕਰੀਬਨ ਸਾਰੇ ਮੁਲਕਾਂ ’ਤੇ ਪੈ ਰਿਹਾ ਹੈ। ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਘਰਾਂ ’ਚ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਕਿੱਲਤ ਕਾਰਨ ਵੱਡੀਆਂ ਪਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ। ਇਸ ਵੇਲੇ ਐੱਲਪੀਜੀ ਸਣੇ ਤੇਲ ਦੀ ਕਮੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਸਹਿਣੀਆਂ ਪੈ ਰਹੀਆਂ ਹਨ। ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਕਿਰਤੀਆਂ ਅੱਗੇ ਆਰਥਿਕ ਤੰਗੀਆਂ ਪੈਦਾ ਹੋ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਮਜ਼ਦੂਰ ਹਿਜਰਤ ਕਰ ਰਹੇ ਹਨ। ਹਾਲਾਂਕਿ ਪਰਵਾਸੀ ਕਾਮੇ ਜ਼ਿਆਦਾਤਰ ਮਈ ’ਚ ਆਪਣੇ ਸੂਬਿਆਂ ਨੂੰ ਮੁੜਦੇ ਹਨ ਪਰ ਇਹ ਸਿਲਸਿਲਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ।
ਸਥਾਨਕ ਕਿਰਤੀਆਂ ਦੇ ਨਾਲ-ਨਾਲ ਪਰਵਾਸੀ ਮਜ਼ਦੂਰ ਵੀ ਪੰਜਾਬ ਦੇ ਉਦਯੋਗਾਂ ਦੇ ਕੰਮਕਾਜ ਨੂੰ ਵੱਡੀ ਗਤੀ ਦਿੰਦੇ ਹਨ। ਸੂਬੇ ਦੇ ਇਕੱਲੇ ਉਦਯੋਗਾਂ ’ਚ ਹੀ ਨਹੀਂ, ਸਗੋਂ ਖੇਤੀ ਤੇ ਹੋਰ ਕਾਰੋਬਾਰਾਂ ’ਚ ਵੀ ਇਨ੍ਹਾਂ ਦੀ ਮਿਹਨਤ ਦਾ ਵੱਡਾ ਹਿੱਸਾ ਹੈ। ਦੂਜੇ ਸੂਬਿਆਂ ਨਾਲੋਂ ਪੰਜਾਬ ’ਚ ਕੰਮ ਦੇ ਮੌਕਿਆਂ ਦੀ ਭਰਮਾਰ ਕਾਰਨ ਵੀ ਪਰਵਾਸੀ ਮਜ਼ਦੂਰ ਇੱਥੇ ਆਉਣਾ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਦੀ ਸੂਬੇ ਤੋਂ ਹਿਜਰਤ ਦੇ ਕਾਰਨ ਮੁੱਖ ਰੂਪ ’ਚ ਉਦਯੋਗਾਂ ’ਚ ਐੱਲਪੀਜੀ ਦੀ ਘਾਟ, ਉਤਪਾਦਨ ’ਚ ਕਮੀ ਅਤੇ ਕੰਮ ਦੇ ਘੰਟਿਆਂ ’ਚ ਕਟੌਤੀ ਹੋਣਾ ਸਾਹਮਣੇ ਆ ਰਹੇ ਹਨ। ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ੍ਹ ਤੇ ਹੋਰ ਉਦਯੋਗਿਕ ਥਾਵਾਂ ਤੋਂ ਬਣੇ ਸਾਮਾਨ ਦੀ ਵੱਡੇ ਪੱਧਰ ’ਤੇ ਬਰਾਮਦ ਕੀਤੀ ਜਾਂਦੀ ਹੈ। ਇਸ ’ਚ ਖੇਡਾਂ ਦਾ ਸਾਮਾਨ, ਹੌਜ਼ਰੀ ਅਤੇ ਮਸ਼ੀਨਰੀ ਦੇ ਪੁਰਜ਼ੇ ਮੁੱਖ ਹਨ। ਇਸ ਵੇਲੇ ਆਲਮੀ ਪੱਧਰ ’ਤੇ ਜੰਗ ਕਾਰਨ ਜੋ ਹਾਲਾਤ ਹਨ, ਉਨ੍ਹਾਂ ਦਾ ਸਿੱਧਾ ਅਸਰ ਉਦਯੋਗਾਂ ’ਤੇ ਪੈ ਰਿਹਾ ਹੈ। ਉਨ੍ਹਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਤਪਾਦਨ ’ਚ ਕਟੌਤੀ ਕਰਨੀ ਪੈ ਰਹੀ ਹੈ। ਉਦਯੋਗਪਤੀ ਸਪਸ਼ਟ ਕਹਿ ਰਹੇ ਹਨ ਕਿ ਇਹ ਸਾਰੀ ਸਥਿਤੀ ਐੱਲਪੀਜੀ ਦੀ ਘਾਟ ਕਾਰਨ ਪੈਦਾ ਹੋ ਰਹੀ ਹੈ।
ਮੌਜੂਦਾ ਆਲਮੀ ਹਾਲਾਤ ਕਾਰਨ ਉਤਪਾਦਨ ਕਰਨ ਤੇ ਉਸ ਨੂੰ ਵਿਦੇਸ਼ੀ ਬਾਜ਼ਾਰਾਂ ਤੱਕ ਪੁੱਜਦਾ ਕਰਨਾ ਸੌਖਾ ਕੰਮ ਨਹੀਂ ਹੈ। ਅਦਾਇਗੀਆਂ ’ਚ ਦੇਰੀ ਅਤੇ ਸਾਮਾਨ ਦੇ ਆਰਡਰ ਰੱਦ ਹੋਣ ਵਰਗੇ ਖ਼ਦਸ਼ੇ ਵੀ ਹਨ। ਮਜਬੂਰੀ ’ਚ ਕਿਰਤੀਆਂ ਦੀ ਗਿਣਤੀ ਘੱਟ ਕਰਨੀ ਪੈ ਰਹੀ ਹੈ। ਇਸ ਦੇ ਨਤੀਜੇ ਇਹ ਨਿਕਲ ਰਹੇ ਹਨ ਕਿ ਰੁਜ਼ਗਾਰ ਦੇ ਸੰਕਟ ਦਾ ਸਾਹਮਣਾ ਕਰ ਰਹੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ ਮਜ਼ਦੂਰ ਆਪੋ-ਆਪਣੇ ਸੂਬਿਆਂ ਵੱਲ ਰੁਖ਼ ਕਰ ਰਹੇ ਹਨ। ਪਰਵਾਸੀ ਮਜ਼ਦੂਰਾਂ ਨੂੰ ਇਕ ਸੂਬੇ ਤੋਂ ਦੂਜੀ ਥਾਂ ਆ ਕੇ ਵਸਣ ਲਈ ਕਈ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ਸਹਿਣੀਆਂ ਪੈਂਦੀਆਂ ਹਨ। ਖਾਣ-ਪੀਣ, ਮਕਾਨਾਂ ਦੇ ਕਿਰਾਏ ਤੇ ਹੋਰ ਖ਼ਰਚੇ ਪੂਰੇ ਕਰਨੇ ਸੌਖੇ ਨਹੀਂ ਹਨ ਖ਼ਾਸ ਕਰਕੇ ਤਣਾਅ ਦੇ ਦਿਨਾਂ ’ਚ। ਅਨੇਕ ਮਜ਼ਦੂਰ ਇੱਥੇ ਕਈ-ਕਈ ਸਾਲਾਂ ਤੋਂ ਪਰਿਵਾਰਾਂ ਸਮੇਤ ਵਸੇ ਹੋਏ ਹਨ।
ਇਕ ਆਰਥਿਕ ਸਰਵੇਖਣ ਦੀ ਰਿਪੋਰਟ ਮੁਤਾਬਕ ਸੂਬੇ ’ਚ 30 ਤੋਂ 35 ਲੱਖ ਪਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ। ਕੋਰੋਨਾ ਕਾਲ ਵੇਲੇ 12 ਲੱਖ ਤੋਂ ਵੱਧ ਮਜ਼ਦੂਰਾਂ ਨੇ ਸਰਕਾਰੀ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ’ਚ 60 ਤੋਂ 80 ਫ਼ੀਸਦ ਲੇਬਰ ਗ਼ੈਰ-ਪੇਸ਼ੇਵਰ ਹੈ। ਅਜਿਹੇ ਪਰਿਵਾਰਾਂ ਨੂੰ ਪਰੇਸ਼ਾਨੀਆਂ ਦੀ ਦੋਹਰੀ ਮਾਰ ਪੈਂਦੀ ਹੈ। ਕੋਰੋਨਾ ਕਾਲ ਦੌਰਾਨ ਵੀ ਇਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸਨ, ਜਦੋਂ ਮਜ਼ਦੂਰਾਂ ਨੂੰ ਆਰਥਿਕ ਤੰਗੀਆਂ ਕਾਰਨ ਆਪਣੇ ਗ੍ਰਹਿ ਜ਼ਿਲ੍ਹਿਆਂ ਵੱਲ ਕੂਚ ਕਰਨਾ ਪਿਆ ਸੀ। ਉਸ ਸਮੇਂ ਵਾਂਗ ਇਸ ਵੇਲੇ ਵੀ ਮਜ਼ਦੂਰ ਵਰਗ ਦੀ ਬਾਂਹ ਫੜਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮੁੱਢਲੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਕੋਈ ਫ਼ੌਰੀ ਯੋਜਨਾ ਲਾਗੂ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਤਰ੍ਹਾਂ ਖੱਜਲ-ਖੁਆਰ ਨਾ ਹੋਣਾ ਪਵੇ।