ਉਨ੍ਹਾਂ ਨੇ ਜ਼ਿੰਦਗੀ ਦਾ ਕੌੜਾ ਸੱਚ ਬੋਲਦਿਆਂ ਕਿਹਾ ਕਿ ਜੇ ਮੈਂ ਨਾ ਪੜ੍ਹਦਾ ਤਾਂ ਕਿਸੇ ਫੁੱਟਪਾਥ ’ਤੇ ਭਿਖਾਰੀ ਹੋਣਾ ਸੀ। ਮੈਨੂੰ ਸਾਰਾ ਕੁਝ ਇਸ ਸਕੂਲ ਨੇ ਦਿੱਤਾ ਹੈ। ਇਸ ਲਈ ਮੈਂ ਫ਼ੈਸਲਾ ਕਰ ਲਿਆ ਹੈ ਕਿ ਸਾਰੀ ਪੂੰਜੀ ਸਕੂਲ ਨੂੰ ਹੀ ਦੇ ਕੇ ਜਾਵਾਂਗਾ। ਮੇਰੇ ਲਈ ਤਾਂ ਇਹ ਸਕੂਲ ਹੀ ਇਬਾਦਤਗਾਹ ਹੈ।

ਮੈਂ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ ਬਦਲੀ ਕਰਵਾ ਕੇ ਆਇਆ ਤਾਂ ਅਕਸਰ ਦਿੜ੍ਹਬੇ ਦੀਆਂ ਕਈ ਸ਼ਖ਼ਸੀਅਤਾਂ ਬਾਰੇ ਸੁਣਦਾ ਰਹਿੰਦਾ ਸਾਂ। ਉਨ੍ਹਾਂ ਨਾਲ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉਨ੍ਹਾਂ ’ਚੋਂ ਇਕ ਸਨ ਕਾਮਰੇਡ ਭੀਮ ਸਿੰਘ। ਉਨ੍ਹਾਂ ਵਰਗਾ ਜ਼ਿੰਦਾਦਿਲ ਮਨੁੱਖ ਮਿਲਣਾ ਬਹੁਤ ਮੁਸ਼ਕਲ ਹੈ। ਜਦੋਂ ਉਹ ਮੈਨੂੰ ਮਿਲੇ ਤਾਂ ਸਾਡਾ ਸਕੇ ਭਰਾਵਾਂ ਵਰਗਾ ਪਿਆਰ ਬਣ ਗਿਆ। ਉਨ੍ਹਾਂ ਨੇ ਆਪਣੀ ਦਿਲੀ ਇੱਛਾ ਜ਼ਾਹਰ ਕੀਤੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਨੂੰ ਦਾਨ ਕਰਨੀ ਚਾਹੁੰਦਾ ਹਾਂ ਜਿਸ ਦੀ ਵਸੀਅਤ ਲੰਬਾ ਸਮਾਂ ਪਹਿਲਾਂ ਮੈਂ ਸਕੂਲ ਦੇ ਨਾਂ ਕਰਵਾ ਰੱਖੀ ਹੈ। ਹੁਣ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਵਾਰਸ ਇਸ ਪ੍ਰਾਪਰਟੀ ’ਤੇ ਹੱਕ ਜਮਾਉਣ ਲਈ ਖੜ੍ਹੇ ਹੋ ਜਾਣਗੇ ਜਦਕਿ ਮੇਰਾ ਕੋਈ ਵਾਰਸ ਨਹੀਂ ਹੈ। ਸੋ, ਮੈਂ ਤੁਹਾਨੂੰ ਕਿਸੇ ਵੀ ਵਾਦ-ਵਿਵਾਦ ’ਚ ਨਹੀਂ ਪਾਉਣਾ ਚਾਹੁੰਦਾ। ਇਸ ਲਈ ਮੈਂ ਜਿਉਂਦੇ ਜੀਅ ਫ਼ੈਸਲਾ ਕਰ ਲਿਆ ਹੈ ਕਿ ਮੈਂ ਇਕ-ਇਕ ਰੁਪਈਆ ਸਕੂਲ ’ਤੇ ਲਾਵਾਂਗਾ ਕਿਉਂਕਿ ਸਕੂਲ ਦੀ ਬਦੌਲਤ ਹੀ ਮੈਂ ਇੱਥੋਂ ਤੱਕ ਪਹੁੰਚਿਆ ਹਾਂ। ਮੇਰੇ ਵਰਗੇ ਅਪੰਗ ਬੱਚੇ ਦੀ ਇਸ ਸਮਾਜ ਵਿਚ ਕੀ ਹਸਤੀ ਸੀ।
ਉਨ੍ਹਾਂ ਨੇ ਜ਼ਿੰਦਗੀ ਦਾ ਕੌੜਾ ਸੱਚ ਬੋਲਦਿਆਂ ਕਿਹਾ ਕਿ ਜੇ ਮੈਂ ਨਾ ਪੜ੍ਹਦਾ ਤਾਂ ਕਿਸੇ ਫੁੱਟਪਾਥ ’ਤੇ ਭਿਖਾਰੀ ਹੋਣਾ ਸੀ। ਮੈਨੂੰ ਸਾਰਾ ਕੁਝ ਇਸ ਸਕੂਲ ਨੇ ਦਿੱਤਾ ਹੈ। ਇਸ ਲਈ ਮੈਂ ਫ਼ੈਸਲਾ ਕਰ ਲਿਆ ਹੈ ਕਿ ਸਾਰੀ ਪੂੰਜੀ ਸਕੂਲ ਨੂੰ ਹੀ ਦੇ ਕੇ ਜਾਵਾਂਗਾ। ਮੇਰੇ ਲਈ ਤਾਂ ਇਹ ਸਕੂਲ ਹੀ ਇਬਾਦਤਗਾਹ ਹੈ। ਕਾਮਰੇਡ ਜੀ ਦੀ ਦਿਲੀ ਭਾਵਨਾ ਨੂੰ ਸਮਝਦਿਆਂ ਹੋਇਆਂ ਪ੍ਰਿੰਸੀਪਲ ਗੁਰਤੇਜ ਸਿੰਘ ਤੇ ਮੈਂ ਉਨ੍ਹਾਂ ਦੇ ਇਸ ਅਟੱਲ ਫ਼ੈਸਲੇ ’ਤੇ ਮੋਹਰ ਲਗਾ ਦਿੱਤੀ। ਉਨ੍ਹਾਂ ਲਗਪਗ 65 ਲੱਖ ਰੁਪਏ ਦੀ ਰਾਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਨੂੰ ਦਾਨ ਕਰ ਦਿੱਤੀ। ਕਹਿਣਾ ਸੌਖਾ ਹੈ ਪਰ ਐਡੇ ਵੱਡੇ ਫ਼ੈਸਲੇ ਲੈਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਕ ਵਾਰ ਦੀ ਨਿੱਘੀ ਯਾਦ ਹੈ ਕਿ ਮੈਂ ਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪ੍ਰਿੰਸੀਪਲ ਸੁਖਬੀਰ ਸਿੰਘ ਵਿਸ਼ਵਕਰਮਾ ਕਾਲਜ ਵਿਚ ਕਿਸੇ ਪ੍ਰਸ਼ਾਸਕੀ ਕਾਰਜ ਸਬੰਧੀ ਗਏ। ਕਾਲਜ ’ਚ ਸੁਭਾਵਿਕ ਹੀ ਸਾਡੀ ਮਿਲਣੀ ਕਾਮਰੇਡ ਭੀਮ ਸਿੰਘ ਨਾਲ ਹੋ ਗਈ। ਉਨ੍ਹਾਂ ਨੇ ਸਰਕਾਰੀ ਰਣਬੀਰ ਕਾਲਜ ਲਈ ਵੀ ਡੇਢ ਲੱਖ ਰੁਪਏ ਦੀ ਦਾਨ ਰਾਸ਼ੀ ਦੇਣ ਸਬੰਧੀ ਇੱਛਾ ਪ੍ਰਗਟਾਈ। ਮੈਨੂੰ ਕਹਿਣ ਲੱਗੇ, ‘‘ਹਰਸੰਤ, ਮੈਂ ਰਾਜਨੀਤਕ ਲੋਕਾਂ ਵਾਂਗੂ ਐਲਾਨ ਨਹੀਂ ਕਰਦਾ, ਸ਼ਾਮ ਤੱਕ ਇਹ ਪੈਸੇ ਮੈਥੋਂ ਫੜ ਕੇ ਲੈ ਜਾਵੀਂ। ਨਹੀਂ ਤਾਂ ਮੇਰੇ ਮਨ ’ਤੇ ਬਹੁਤ ਵੱਡਾ ਬੋਝ ਰਹੇਗਾ।’’ ਉਹ ਕਹਿਣ ਲੱਗੇ, ‘‘ਬੇਟਾ, ਇਹ ਪੈਸੇ ਦੇ ਕੇ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਕਿਉਂਕਿ ਕਾਲਜ ਦਾ ਵੀ ਮੇਰੇ ਸਿਰ ਕਰਜ਼ਾ ਹੈ ਕਿਉਂਕਿ ਮੈਂ ਇਸ ਕਾਲਜ ’ਚੋਂ ਗ੍ਰੈਜੂਏਸ਼ਨ ਕੀਤੀ ਹੈ।’’ ਇਕ ਦਿਨ ਉਹ ਮੈਨੂੰ ਕਹਿਣ ਲੱਗੇ ਕਿ ਯਾਰ, ਤੇਰੀ ਅੜਕਵਾਸ ਵਾਲੇ ਬੀਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਜਾਣ-ਪਛਾਣ ਹੈ। ਮੇਰੀ ਫੋਨ ’ਤੇ ਗੱਲ ਕਰਵਾ।’’ ਮੈਂ ਉਨ੍ਹਾਂ ਦੀ ਗੱਲ ਕਰਵਾਈ। ਉਹ ਯੂਨੀਵਰਸਿਟੀ ਨੂੰ ਵੀ ਦਾਨ ਦੇਣਾ ਚਾਹੁੰਦੇ ਸਨ ਪਰ ਉਹ ਮਸਲਾ ਵਿਚ ਹੀ ਰਹਿ ਗਿਆ।
ਘੁੰਮਣ ਸਾਹਿਬ ਬਹੁਤ ਖ਼ੁਸ਼ ਹੋਏ। ਕਹਿਣ ਲੱਗੇ, ‘‘ਕਾਮਰੇਡ ਜੀ, ਤੁਹਾਡੇ ਸਕੂਲ ਲਈ ਕੀਤੇ ਕਾਰਜਾਂ ਦੀ ਖ਼ੁਸ਼ਬੂ ਮੇਰੇ ਕੋਲ ਪਹੁੰਚ ਰਹੀ ਹੈ। ਮੈਂ ਜ਼ਰੂਰ ਕਿਸੇ ਦਿਨ ਸਮਾਂ ਕੱਢ ਕੇ ਤੁਹਾਨੂੰ ਮਿਲ ਕੇ ਜਾਵਾਂਗਾ।’’ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਇਸ ਰੰਗਲੇ ਸੱਜਣ ਕੋਲ ਕੰਮ ਬਹੁਤ ਸਨ ਅਤੇ ਸਮਾਂ ਥੋੜ੍ਹਾ ਸੀ। ਜਲਦੀ ਹੀ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਕਾਮਰੇਡ ਜੀ ਦੇ ਸ਼ਰਧਾਂਜਲੀ ਸਮਾਗਮ ’ਤੇ ਤਤਕਾਲੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਮੌਕੇ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਹੁੰਚੇ। ਉਨ੍ਹਾਂ ਕਿਹਾ ਕਿ ਤੁਸੀ ਜਲਦੀ ਤੋਂ ਜਲਦੀ ਫਾਈਲ ਬਣਾ ਕੇ ਸਾਡੇ ਕੋਲ ਪਹੁੰਚਦੀ ਕਰੋ ਤਾਂ ਕਿ ਸਕੂਲ ਦਾ ਨਾਂ ਇਨ੍ਹਾਂ ਦੇ ਨਾਂ ’ਤੇ ਰੱਖਿਆ ਜਾ ਸਕੇ। ਕਾਮਰੇਡ ਜੀ ਦੇ ਜਨਮ ਦਿਨ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਦਾ ਨਾਂ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਕਰ ਦਿੱਤਾ ਗਿਆ। ਇੰਜ ਕਾਮਰੇਡ ਜੀ ਸਦਾ ਲਈ ਅਮਰ ਹੋ ਗਏ। ਸੋ ਉਨ੍ਹਾਂ ਦੀ ਸੰਗਤ ਮਾਣਨਾ ਮੇਰੇ ਲਈ ਲਈ ਬਹੁਤ ਵੱਡੀ ਪ੍ਰਾਪਤੀ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਬੇਟਾ, ਅੱਜ ਲੇਖਕ ਬਹੁਤ ਬਣ ਰਹੇ ਹਨ ਪਰ ਪਾਠਕ ਬਹੁਤ ਘਟ ਰਹੇ ਹਨ। ਸਾਨੂੰ ਚੰਗੇ ਪਾਠਕ ਬਣਨ ਦੀ ਲੋੜ ਹੈ। ਮੈਂ ਆਪਣੀ ਜ਼ਿੰਦਗੀ ’ਚ ਬਹੁਤ ਸਾਰੀਆਂ ਕਿਤਾਬਾਂ ਲਿਖ ਸਕਦਾ ਸੀ ਪਰ ਮੈਂ ਪੰਜਾਬੀ ਸਾਹਿਤ ਨੂੰ ਬੋਝਲ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਜ਼ਿੰਦਗੀ ’ਚ ਚੰਗਾ ਪਾਠਕ ਬਣਿਆ ਹਾਂ। ਕਾਮਰੇਡ ਜੀ ਆਪਣੀ ਜ਼ਿੰਦਗੀ ਦੇ ਵਿਚ ਸਿਖਾਉਣ ਨਾਲੋਂ ਵੱਧ ਸਿੱਖਣ ’ਚ ਯਕੀਨ ਰੱਖਦੇ ਸਨ। ਅੱਜ ਅਜਿਹੇ ਇਨਸਾਨਾਂ ਦੀ ਸਮਾਜ ਨੂੰ ਬਹੁਤ ਜ਼ਰੂਰਤ ਹੈ। ਪ੍ਰਿ. ਸੁਖਬੀਰ ਸਿੰਘ ਵੀ ਜਦੋਂ ਕਾਮਰੇਡ ਜੀ ਨੂੰ ਮਿਲੇ ਤਾਂ ਉਨ੍ਹਾਂ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਜ਼ਿੰਦਗੀ ’ਚ ਬਹੁਤ ਲੋਕਾਂ ਨੂੰ ਮਿਲਿਆ ਹਾਂ ਪਰ ਅਜਿਹੀ ਸ਼ਖ਼ਸੀਅਤ ਮੈਨੂੰ ਪਹਿਲੀ ਵਾਰ ਦੇਖਣ-ਸੁਣਨ ਨੂੰ ਮਿਲੀ ਹੈ। ਉਨ੍ਹਾਂ ਆਪਣੇ ਕਾਰਜਕਾਲ ’ਚ ਬਹੁਤ ਸਾਰੇ ਪ੍ਰੋਗਰਾਮ ਸਰਕਾਰੀ ਰਣਬੀਰ ਕਾਲਜ ਸੰਗਰੂਰ ’ਚ ਕਰਵਾਏ। ਹਰੇਕ ਪ੍ਰੋਗਰਾਮ ’ਚ ਕਾਮਰੇਡ ਜੀ ਨੂੰ ਮੁੱਖ ਮਹਿਮਾਨ ਬਣਾਇਆ।
ਜਿਸ ਦਿਨ ਅਚਾਨਕ ਕਾਮਰੇਡ ਭੀਮ ਸਿੰਘ ਇਸ ਫਾਨੀ ਸੰਸਾਰ ਤੋਂ ਵਿਦਾ ਹੋਏ, ਇਤਫ਼ਾਕਨ ਮੈਂ ਅਤੇ ਪ੍ਰਿੰਸੀਪਲ ਸੁਖਬੀਰ ਸਿੰਘ ਉਨ੍ਹਾਂ ਨੂੰ ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਵਿਚ ਮਿਲੇ ਜਿਸ ਦੇ ਕਾਮਰੇਡ ਜੀ ਕਰਤਾ-ਧਰਤਾ ਸਨ। ਬਹੁਤ ਹੀ ਪਿਆਰ ਨਾਲ ਸਾਡੀ ਮਿਲਣੀ ਹੋਈ। ਦੋ ਵਾਰੀ ਤੁਲਸੀ ਵਾਲੀ ਚਾਹ ਪਿਲਾਈ ਅਤੇ ਬਹੁਤ ਹੀ ਪਿਆਰੀਆਂ ਗੱਲਾਂ ਕੀਤੀਆਂ। ਸਾਨੂੰ ਧੱਕੇ ਨਾਲ ਤਿੰਨ-ਚਾਰ ਘੰਟੇ ਬਿਠਾ ਕੇ ਰੱਖਿਆ ਤੇ ਕਹਿਣ ਲੱਗੇ, ‘‘ਯਾਰ ਕਰ ਲਓ ਗੱਲਾਂ, ਕਿਹੜਾ ਰੋਜ਼-ਰੋਜ਼ ਮਿਲਿਆ ਜਾਂਦਾ।’’ ਸਾਨੂੰ ਕੀ ਪਤਾ ਸੀ ਕਿ ਸਾਡਾ ਰੰਗਲਾ ਸੱਜਣ ਅੱਜ ਸਾਡੇ ਤੋਂ ਵਿਦਾ ਲੈ ਰਿਹਾ ਹੈ। ਸ਼ਾਮ ਨੂੰ ਪਤਾ ਚੱਲਿਆ ਕਿ ਕਾਮਰੇਡ ਜੀ ਵਾਪਰੇ ਸੜਕ ਹਾਦਸੇ ਵਿਚ ਸਾਨੂੰ ਸਦਾ ਲਈ ਛੱਡ ਕੇ ਅੰਬਰਾਂ ਦਾ ਤਾਰਾ ਬਣ ਗਏ। ਪਿੱਛੇ ਰਹਿ ਗਈਆਂ ਉਨ੍ਹਾਂ ਦੀਆਂ ਯਾਦਾਂ। ਸਾਨੂੰ ਹਮੇਸ਼ਾ ਮਾਣ ਰਹੇਗਾ ਕਿ ਸਾਡੇ ਨਾਲ ਪਿਆਰੇ ਮਿੱਤਰ ਨੇ ਅੰਤਲੇ ਸਮੇਂ ਵਿਚ ਦਿਲ ਦੀਆਂ ਡੂੰਘੀਆਂ ਗੱਲਾਂ ਕੀਤੀਆਂ। ਪਰਮਾਤਮਾ ਅਜਿਹੇ ਸੱਜਣ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ। ਉਹ ਹਰੇਕ ਦੇ ਦੁੱਖ-ਸੁੱਖ ’ਚ ਖੜ੍ਹਦੇ, ਗ਼ਰੀਬ ਕਿਸਾਨਾਂ-ਮਜ਼ਦੂਰਾਂ ਲਈ ਉਹ ਮਸੀਹਾ ਸਨ। ਉਨ੍ਹਾਂ ਦੇ ਜਾਣ ਨਾਲ ਪੂਰੇ ਦਿੜ੍ਹਬੇ ਇਲਾਕੇ ਨੂੰ ਜੋ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋਵੇਗਾ।
-ਹਰਸੰਤ ਸਿੰਘ ਢੀਂਡਸਾ
-(ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਹਰੀਆਂ (ਸੰਗਰੂਰ)।
-ਮੋਬਾ. : 98781-97000