ਅੱਜ ਸਿਆਚਿਨ ’ਤੇ ਮੌਜੂਦਗੀ ਦੇ ਕਾਰਨ ਭਾਰਤੀ ਫ਼ੌਜ ਚੀਨ ਦੇ ਫ਼ੌਜੀ ਮਹੱਤਵ ਵਾਲੇ ਕਰਾਕੋਰਮ ਹਾਈਵੇ ’ਤੇ ਨਜ਼ਰ ਰੱਖ ਸਕਦੀ ਹੈ, ਜਿਸ ਕਾਰਨ ਸਿਆਚਿਨ ਚੀਨ ਦੇ ਅੱਖ ’ਚ ਰੜਕ ਰਿਹਾ ਹੈ। ਇਸੇ ਖੇਤਰ ’ਤੇ ਕਬਜ਼ੇ ਲਈ 2021 ’ਚ ਚੀਨੀ ਫ਼ੌਜ ਨੇ ਗਲਵਨ ’ਚ ਧੋਖੇ ਨਾਲ ਹਮਲਾ ਕੀਤਾ ਸੀ।

ਜਦ ਅਮਰੀਕਾ ਭਾਰਤ ਦੇ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ, ਤਦ ਚੀਨ ਵੀ ਚਿੰਤਾ ਦਾ ਕਾਰਨ ਬਣ ਰਿਹਾ ਹੈ। ਅਸਲ ’ਚ ਚੀਨ ਨੇ ਜਦ ਤੋਂ 1951 ’ਚ ਤਿੱਬਤ ’ਤੇ ਜ਼ਬਰਦਸਤੀ ਕਬਜ਼ਾ ਕਰ ਕੇ ਭਾਰਤ-ਤਿੱਬਤ ਸਰਹੱਦ ਨੂੰ ਭਾਰਤ-ਚੀਨ ਸਰਹੱਦ ’ਚ ਬਦਲ ਦਿੱਤਾ, ਤਦ ਤੋਂ ਉਸ ਦੇ ਭਾਰਤ-ਵਿਰੋਧੀ ਰੁਖ਼ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਪਹਿਲਾਂ ਤਾਂ ਉਸ ਨੇ 1962 ’ਚ ਤਿੱਬਤ ਦੀ ਛਾਉਣੀ ਦੀ ਤਰ੍ਹਾਂ ਵਰਤੋਂ ਕਰ ਕੇ ਭਾਰਤ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਤੋਂ ਉਹ ਸੈਂਕੜੇ ਕਿਲੋਮੀਟਰ ਲੰਬੀ ਇਸ ਸਰਹੱਦ ’ਤੇ ਉਕਸਾਵੇ ਦੀ ਕੋਈ ਨਾ ਕੋਈ ਹਰਕਤ ਕਰਦਾ ਆ ਰਿਹਾ ਹੈ। ਆਰਥਿਕ ਤੇ ਫ਼ੌਜੀ ਸ਼ਕਤੀ ਹਾਸਲ ਕਰਨ ਤੋਂ ਬਾਅਦ ਤਾਂ ਚੀਨ ਦੀ ਇਹ ਹਮਲਾਵਰਤਾ ਸਿੱਧੀ ਦਾਦਾਗਿਰੀ ’ਚ ਬਦਲ ਚੁੱਕੀ ਹੈ। ਪਹਿਲਾਂ ਉਹ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਦੇ ਇਲਾਕਿਆਂ ’ਤੇ ਜ਼ੁਬਾਨੀ ਦਾਅਵੇ ਕਰਦਾ ਸੀ, ਪਰ 2017 ’ਚ ਡੋਕਲਾਮ ਘਾਟੀ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਮੂੰਹ ਦੀ ਖਾਣ ਤੋਂ ਬਾਅਦ ਉਸ ਨੇ ਪੂਰੀ ਸਰਹੱਦ ’ਤੇ ਵੱਡੇ ਪੱਧਰ ’ਤੇ ਫ਼ੌਜੀ ਨਿਰਮਾਣ ਸ਼ੁਰੂ ਕਰ ਕੇ ਭਾਰਤ ਲਈ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਪਿਛਲੇ ਦਿਨੀਂ ਪੁਲਾੜ ਰਾਹੀਂ ਸਰਹੱਦਾਂ ਦੀ ਜਾਣਕਾਰੀ ਲੈਣ ਵਾਲੇ ਭਾਰਤੀ ਉਪਗ੍ਰਿਹਾਂ ਤੋਂ ਪਤਾ ਲੱਗਾ ਕਿ ਲੱਦਾਖ ’ਚ ਚੀਨੀ ਕਬਜ਼ੇ ਵਾਲੇ ਸ਼ਕਸਗਾਮ ਇਲਾਕੇ ’ਚ ਚੀਨੀ ਫ਼ੌਜ ਇਕ ਅਜਿਹੀ ਸੜਕ ਬਣਾ ਰਹੀ ਹੈ, ਜੋ ਭਾਰਤ-ਪਾਕਿਸਤਾਨ ਤੇ ਚੀਨ ਦੇ ਇਸ ਮਿਲਾਨ ਖੇਤਰ ’ਚ ਸਿਆਚਿਨ ਦੀ ਸੁਰੱਖਿਆ ਲਈ ਨਵੇਂ ਖ਼ਤਰੇ ਪੈਦਾ ਕਰ ਸਕਦੀ ਹੈ। ਸ਼ਕਸਗਾਮ ਘਾਟੀ ਜੰਮੂ-ਕਸ਼ਮੀਰ ਤੇ ਲੱਦਾਖ ਦੇ ਭਾਰਤ ’ਚ ਮੇਲ ਤੋਂ ਬਾਅਦ ਭਾਰਤ ਦਾ ਹਿੱਸਾ ਸੀ, ਪਰ ਅਕਤੂਬਰ 1947 ’ਚ ਉਸ ’ਤੇ ਹਮਲੇ ’ਚ ਪਾਕਿਸਤਾਨੀ ਫ਼ੌਜ ਨੇ ਕਬਜ਼ਾ ਕਰ ਲਿਆ ਸੀ।
1962 ਦੀ ਭਾਰਤ-ਚੀਨ ਜੰਗ ਦੇ ਇਕ ਸਾਲ ਬਾਅਦ ਹੀ ਪਾਕਿਸਤਾਨ ਨੇ ਚੀਨ ਨੂੰ ਖ਼ੁਸ਼ ਕਰਨ ਲਈ 1963 ਦੀ ਇਕ ਸੰਧੀ ਦੇ ਤਹਿਤ ਸ਼ਕਸਗਾਮ ਦਾ ਲਗਪਗ 5180 ਵਰਗ ਕਿਲੋਮੀਟਰ ਖੇਤਰ ਚੀਨ ਨੂੰ ਸੌਂਪ ਦਿੱਤਾ। ਰਣਨੀਤਕ ਨਜ਼ਰੀਏ ਨਾਲ ਸ਼ਕਸਗਾਮ ਦੇ ਭੂਗੋਲਿਕ ਮਹੱਤਵ ਨੂੰ ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਇਹ ਪਾਕਿਸਤਾਨ ਵੱਲੋਂ ਭਾਰਤ ਤੋਂ ਖੋਹੇ ਗਏ ਗਿਲਗਿਟ-ਬਾਲਟੀਸਤਾਨ ਤੇ ਚੀਨ ਵੱਲੋਂ 1949 ’ਚ ਕਬਜ਼ਾਏ ਗਏ ਈਸਟ-ਤੁਰਕੀਸਤਾਨ (ਚੀਨ ਵੱਲੋਂ ਦਿੱਤਾ ਗਿਆ ਨਵਾਂ ਨਾਂ ‘ਸ਼ਿਨਜਿਆਂਗ’) ਨੂੰ ਆਪਸ ’ਚ ਜੋੜਦਾ ਹੈ। ਇਸ ਤੋਂ ਇਲਾਵਾ ਇਹ ਸਿਆਚੀਨ ਦੇ ਬਹੁਤ ਨੇੜੇ ਹੈ ਜੋ ਸ਼ਕਸਗਾਮ ਤੇ ਭਾਰਤ ਦੇ ਉਸ ਅਕਸਾਈ ਚਿਨ ਨੂੰ ਵੱਖ ਕਰਦਾ ਹੈ, ਜਿਸ ’ਤੇ 1950 ਦੇ ਦਹਾਕੇ ’ਚ ਚੀਨ ਨੇ ਚੁੱਪ ਚੁਪੀਤੇ ਕਬਜ਼ਾ ਕਰ ਲਿਆ ਸੀ। ਸ਼ਕਸਗਾਮ ’ਚ ਚੀਨ ਦੀ ਇਹ ਨਵੀਂ ਸੜਕ ਬਣ ਜਾਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਠੰਢੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ ਨੂੰ ਪਾਕਿਸਤਾਨੀ ਹਮਲਿਆਂ ਤੋਂ ਬਚਾਉਣ ’ਚ ਰੁੱਝੀ ਭਾਰਤੀ ਫ਼ੌਜ ਲਈ ਖ਼ਤਰਾ ਦੁੱਗਣਾ ਹੋ ਜਾਵੇਗਾ।
ਅੱਜ ਸਿਆਚਿਨ ’ਤੇ ਮੌਜੂਦਗੀ ਦੇ ਕਾਰਨ ਭਾਰਤੀ ਫ਼ੌਜ ਚੀਨ ਦੇ ਫ਼ੌਜੀ ਮਹੱਤਵ ਵਾਲੇ ਕਰਾਕੋਰਮ ਹਾਈਵੇ ’ਤੇ ਨਜ਼ਰ ਰੱਖ ਸਕਦੀ ਹੈ, ਜਿਸ ਕਾਰਨ ਸਿਆਚਿਨ ਚੀਨ ਦੇ ਅੱਖ ’ਚ ਰੜਕ ਰਿਹਾ ਹੈ। ਇਸੇ ਖੇਤਰ ’ਤੇ ਕਬਜ਼ੇ ਲਈ 2021 ’ਚ ਚੀਨੀ ਫ਼ੌਜ ਨੇ ਗਲਵਨ ’ਚ ਧੋਖੇ ਨਾਲ ਹਮਲਾ ਕੀਤਾ ਸੀ। ਦੁਨੀਆ ਦੇ ਸਭ ਤੋਂ ਮੁਸ਼ਕਲ ਇਲਾਕਿਆਂ ’ਚ ਗਿਣੇ ਜਾਣ ਵਾਲੇ ਇਸ ਖੇਤਰ ’ਚ ਸੜਕਾਂ ਦੇ ਫ਼ੌਜੀ ਮਹੱਤਵ ਨੂੰ ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਗਲਵਨ ਕਾਂਡ ਦੇ ਤੁਰੰਤ ਬਾਅਦ ਭਾਰਤੀ ਫ਼ੌਜ ਨੇ ਜਿਸ ਰਫ਼ਤਾਰ ਤੇ ਗਿਣਤੀ ਦੇ ਨਾਲ ਚੀਨੀ ਫ਼ੌਜੀਆਂ ’ਤੇ ਜਵਾਬੀ ਹਮਲਾ ਕਰ ਕੇ ਚੀਨ ਨੂੰ ਝੰਜੋੜ ਦਿੱਤਾ, ਉਹ ਸਿਰਫ਼ ਇਸ ਲਈ ਸੰਭਵ ਹੋ ਸਕਿਆ ਕਿ ਉਸ ਤੋਂ ਪਹਿਲਾਂ ਹੀ ਭਾਰਤੀ ਫ਼ੌਜਾਂ ਨੂੰ ਲੇਹ ਤੇ ਸ਼ਯੋਕ ਤੋਂ ਗਲਵਨ ਹੁੰਦੇ ਹੋਏ ਦੌਲਤਬੇਗ ਓਲਡੀ ਤੱਕ ਪੱਕੀ ਸੜਕ ਮਿਲ ਚੁੱਕੀ ਸੀ।
ਮੋਦੀ ਸਰਕਾਰ ਨੂੰ ਇਸ ਦਾ ਸਿਹਰਾ ਜਾਂਦਾ ਹੈ ਕਿ ਉਸ ਨੇ ਭਾਰਤ-ਤਿੱਬਤ ਸਰਹੱਦ ’ਤੇ ਲੱਗਣ ਵਾਲੀ ਲਗਪਗ ਹਰ ਚੌਕੀ ਨੂੰ 70 ਤੋਂ ਵੱਧ ਨਵੀਆਂ ਤੇ ਬਾਰ੍ਹਾਮਾਸੀ ਸੜਕਾਂ ਨਾਲ ਜੋੜ ਦਿੱਤਾ ਹੈ। ਜਿਹੋ ਜਿਹੀ ਉਮੀਦ ਸੀ, ਸੈਟੇਲਾਈਟ ਚਿੱਤਰਾਂ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਦੇ ਸਾਹਮਣੇ ਵਿਰੋਧ ਦਰਜ ਕੀਤਾ ਹੈ। ਨਾ ਸਿਰਫ਼ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਬਲਕਿ ਫ਼ੌਜ ਪ੍ਰਧਾਨ ਨੇ ਵੀ ਚੀਨ ਨੂੰ ਯਾਦ ਦਿਵਾਇਆ ਕਿ ਸ਼ਕਸਗਾਮ ਘਾਟੀ ਇਕ ਭਾਰਤੀ ਖੇਤਰ ਹੈ ਤੇ ਉਸ ਨੂੰ ਚੀਨ ਨੂੰ ਸੌਂਪਣ ਵਾਲਾ 1963 ਦਾ ਪਾਕਿਸਤਾਨ-ਚੀਨ ਸਮਝੌਤਾ ਗ਼ੈਰਕਾਨੂੰਨੀ ਤੇ ਨਾਮਨਜ਼ੂਰ ਹੈ। ਚੀਨ ਨੇ ਆਪਣੇ ਰਵਾਇਤੀ ਅੱਖੜ ਅੰਦਾਜ਼ ’ਚ ਇਸ ਵਿਰੋਧ ਨੂੰ ਨਾਮਨਜ਼ੂਰ ਕਰਦੇ ਹੋਏ ਇਸ ਨੂੰ ਦੋ ਦੇਸ਼ਾਂ ਵਿਚਾਲੇ ਹੋਇਆ ਸਮਝੌਤਾ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਇਹ ਕਹਿੰਦੇ ਹੋਏ ਚੀਨੀ ਬੁਲਾਰੇ ਨੇ ਇਸ ਤੱਥ ਨੂੰ ਲੁਕਾ ਲਿਆ ਕਿ ਇਸ ਸਮਝੌਤੇ ’ਚ ਸਾਫ਼-ਸਾਫ਼ ਲਿਖਿਆ ਹੈ ਕਿ ਸ਼ਕਸਗਾਮ ਭਾਰਤ ਤੇ ਪਾਕਿਸਤਾਨ ਵਿਚਾਲੇ ਇਕ ਵਿਵਾਦਤ ਇਲਾਕਾ ਹੈ ਤੇ ਭਵਿੱਖ ’ਚ ਇਸ ਵਿਵਾਦ ਦੇ ਹੱਲ ’ਤੇ ਇਸ ਇਲਾਕੇ ਦੇ ਹੱਕ ਵਾਲੀ ਸਰਕਾਰ ਨਾਲ ਨਵਾਂ ਸਮਝੌਤਾ ਕੀਤਾ ਜਾਵੇਗਾ।
ਸ਼ਕਸਗਾਮ ਘਾਟੀ ਨੂੰ ਲੈ ਕੇ ਵਿਵਾਦ ਦੇ ਵਿਚਾਲੇ ਸਵਾਲ ਇਹ ਹੈ ਕਿ ਚੀਨ ਨੇ ਨਵੀਂ ਸੜਕ ਬਣਾ ਕੇ ਭਾਰਤ ਦੇ ਨਾਲ ਨਵਾਂ ਵਿਵਾਦ ਸ਼ੁਰੂ ਕਰਨ ਦਾ ਫ਼ੈਸਲਾ ਕਰਨ ਲਈ ਇਹ ਸਮਾਂ ਕਿਉਂ ਚੁਣਿਆ? ਇਸ ਨੂੰ ਸਮਝਣ ਲਈ ਚੀਨੀ ਰਣਨੀਤੀ ਤੇ ਇਤਿਹਾਸ ’ਤੇ ਨਜ਼ਰ ਪਾਉਣੀ ਕਾਫ਼ੀ ਹੋਵੇਗੀ। 1912 ’ਚ ਆਜ਼ਾਦ ਚੀਨੀ ਗਣਰਾਜ ਦੀ ਸਥਾਪਨਾ ਤੋਂ ਬਾਅਦ ਚੀਨ ਨੇ ਤਿੱਬਤ, ਦੱਖਣੀ ਮੰਗੋਲੀਆ ਤੇ ਮੰਚੂਰੀਆ ’ਤੇ ਕਬਜ਼ਾ ਕਰ ਕੇ ਜਿਨ੍ਹਾਂ 14 ਦੇਸ਼ਾਂ ਦੇ ਨਾਲ ਸਰਹੱਦਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚੋਂ 12 ’ਚੋਂ ਜ਼ਿਆਦਾਤਰ ਦੇ ਨਾਲ ਉਸ ਨੇ ਸਰਹੱਦੀ ਸਮਝੌਤੇ ਅਜਿਹੇ ਮੌਕਿਆਂ ’ਤੇ ਕੀਤੇ, ਜਦ ਉਹ ਕਿਸੇ ਨਾ ਕਿਸੇ ਕਾਰਨ ਕਮਜ਼ੋਰ ਸਨ ਤੇ ਚੀਨ ਦੇ ਦਬਾਅ ’ਚ ਸਨ, ਪਰ ਭਾਰਤ ਤੇ ਭੂਟਾਨ ਦੇ ਨਾਲ ਉਸ ਨੇ ਸਰਹੱਦੀ ਸਮਝੌਤੇ ਇਸ ਕਾਰਨ ਟਾਲ਼ੇ ਹੋਏ ਹਨ ਕਿ ਹੌਲੀ-ਹੌਲੀ ਤੈਅ ਇਲਾਕਿਆਂ ’ਚ ਉਨ੍ਹਾਂ ਦੀ ਜ਼ਮੀਨ ਹੜੱਪਣ ਤੋਂ ਬਾਅਦ ਹੀ ਤੇ ‘ਚੰਗਾ’ ਮੌਕਾ ਆਉਣ ’ਤੇ ਹੀ ਇਹ ਸਮਝੌਤੇ ਕਰੇਗਾ।
ਚੀਨ ਨੇ ਏਸ਼ੀਆ ’ਚ ਹਰ ਵੱਡੀ ਫ਼ੌਜੀ ਕਾਰਵਾਈ ਲਈ ਅਜਿਹੇ ਸਮੇਂ ਦੀ ਚੋਣ ਕੀਤੀ, ਜਦ ਵੱਡੀਆਂ ਤਾਕਤਾਂ ਕਿਸੇ ਵੱਡੇ ਵਿਵਾਦ ’ਚ ਉਲਝੀਆਂ ਹੋਈਆਂ ਸਨ। ਮਿਸਾਲ ਲਈ ਤਿੱਬਤ ’ਤੇ ਕਬਜ਼ਾ ਕਰਨ ਲਈ ਉਸ ਨੇ ਮੁੱਖ ਫ਼ੌਜੀ ਹਮਲਾ ਤਦ ਕੀਤਾ ਜਦ ਉਸ ਨੇ ਸੋਵੀਅਤ ਸੰਘ ਦੇ ਨਾਲ ਮਿਲ ਕੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਾਲੇ ਜੰਗ ਸ਼ੁਰੂ ਕਰ ਕੇ ਅਮਰੀਕਾ ਨੂੰ ਉਸ ਝਗੜੇ ’ਚ ਉਲਝਾ ਦਿੱਤਾ। ਇਸ ਤੋਂ ਬਾਅਦ 1962 ’ਚ ਉਸ ਨੇ ਅਕਤੂਬਰ ’ਚ ਭਾਰਤ ’ਤੇ ਤਦ ਹਮਲਾ ਕੀਤਾ, ਜਦ ਕਿਊਬਾ ’ਚ ਸੋਵੀਅਤ ਸੰਘ ਤੇ ਅਮਰੀਕਾ ਵਿਚਾਲੇ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਨੂੰ ਲੈ ਕੇ ਪੂਰੀ ਦੁਨੀਆ ਦਾ ਧਿਆਨ ਇਸ ਤਣਾਅ ’ਤੇ ਟਿਕਿਆ ਹੋਇਆ ਸੀ।
ਅੱਜ ਭਾਰਤ ਦੇ ਇੱਕੋ ਇਕ ਭਰੋਸੇਮੰਦ ਦੋਸਤ ਰੂਸ ਨੇ ਖ਼ੁਦ ਨੂੰ ਯੂਕਰੇਨ ਦੇ ਨਾਲ ਆਪਣੀ ਅੰਦਰੂਨੀ ਜੰਗ ’ਚ ਉਲਝਾ ਲਿਆ ਹੈ ਤੇ ਇਸ ਕਾਰਨ ਕਾਫ਼ੀ ਕਮਜ਼ੋਰ ਹੋ ਚੁੱਕਾ ਹੈ। ਚੀਨ-ਵਿਰੋਧ ਦੇ ਨਾਂ ’ਤੇ ਭਾਰਤ ਦੀ ਮਦਦ ਦਾ ਫ਼ੈਸਲਾ ਕਰ ਸਕਣ ਵਾਲਾ ਅਮਰੀਕਾ ਵੀ ਇਸ ਸਮੇਂ ਦੁਨੀਆ ਭਰ ਦੇ ਨਾਲ ਆਰਥਿਕ ਟਕਰਾਅ ’ਚ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਇਸ ਕਾਰਨ ਭਾਰਤ ਲਈ ਚੀਨ ਵੱਲੋਂ ਕਿਸੇ ਗ਼ੈਰਵਾਜਬ ਕਾਰਵਾਈ ਦਾ ਖ਼ਤਰਾ ਪਹਿਲਾਂ ਤੋਂ ਵੱਧ ਹੈ। ਸ਼ਕਸਗਾਮ ’ਚ ਚੀਨ ਦਾ ਨਵਾਂ ਕਦਮ ਇਕ ਅਜਿਹੀ ਚਿਤਾਵਨੀ ਹੈ, ਜਿਸ ’ਤੇ ਭਾਰਤ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਜ਼ਰੂਰਤ ਹੈ। ਉਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਵਿਜੇ ਕ੍ਰਾਂਤੀ
-(ਲੇਖਕ ਸੀਨੀਅਰ ਪੱਤਰਕਾਰ ਅਤੇ ਸੈਂਟਰ ਫਾਰ ਹਿਮਾਲੀਅਨ ਏਸ਼ੀਆ ਸਟਡੀਜ਼ ਐਂਡ ਏਂਗੇਜਮੈਂਟ ਦਾ ਚੇਅਰਮੈਨ ਹੈ)
response@jagran.com