- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਈਨਾ ਡੋਰ ਇਕੱਲੀ ਮਨੁੱਖਾਂ ਲਈ ਹੀ ਨਹੀਂ, ਪੰਛੀਆਂ ਤੇ ਹੋਰ ਜਾਨਵਰਾਂ ਲਈ ਵੀ ਜਾਨਲੇਵਾ ਸਿੱਧ ਹੋ ਰਹੀ ਹੈ। ਦਰਅਸਲ, ਇਹ ਡੋਰ ਨਾਈਲੋਨ ਅਤੇ ਧਾਤੂ ਤੱਤਾਂ ਨਾਲ ਤਿਆਰ ਕੀਤੀ ਜਾਂਦੀ ਹੈ ਜੋ ਆਮ ਸੂਤੀ ਡੋਰ ਦੇ ਮੁਕਾਬਲੇ ਕਈ ਗੁਣਾ ਤੇਜ਼ ਤੇ ਮਜ਼ਬੂਤ ਹੁੰਦੀ ਹੈ।

ਮਾਘੀ ਅਤੇ ਲੋਹੜੀ ਮੌਕੇ ਪਤੰਗ ਉਡਾਉਣ ਦਾ ਰਿਵਾਜ ਹੈ। ਪਹਿਲਾਂ ਪਤੰਗ ਉਡਾਉਣ ਲਈ ਉੱਨ ਜਾਂ ਮੋਟੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਇਸ ਦੀ ਥਾਂ ਜਾਨਲੇਵਾ ਚਾਈਨਾ ਡੋਰ ਨੇ ਲੈ ਲਈ ਹੈ। ਇਹ ਡੋਰ ਇੰਨੀ ਮਜ਼ਬੂਤ ਹੈ ਕਿ ਜੇਕਰ ਇਸ ਦੇ ਸੰਪਰਕ ’ਚ ਕੋਈ ਮਨੁੱਖ ਆ ਜਾਵੇ ਤਾਂ ਗੰਭੀਰ ਜ਼ਖ਼ਮੀ ਹੋਣ ਤੋਂ ਨਹੀਂ ਬਚ ਸਕਦਾ। ਕੁਝ ਸਾਲਾਂ ਤੋਂ ਇਸ ਡੋਰ ਦੀ ਦਹਿਸ਼ਤ ਕਾਰਨ ਲੋਕਾਂ ਦਾ ਇਨ੍ਹਾਂ ਦਿਨਾਂ ’ਚ ਘਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।
ਸਭ ਤੋਂ ਵੱਧ ਖ਼ਤਰਾ ਦੋਪਹੀਆ ਵਾਹਨ ਸਵਾਰਾਂ ਨੂੰ ਹੈ ਕਿਉਂਕਿ ਇਹ ਡੋਰ ਇੰਨੀ ਤਿੱਖੀ ਹੈ ਕਿ ਉਨ੍ਹਾਂ ਦੇ ਹੱਥ-ਪੈਰ ਤੇ ਗਲਾ ਇਸ ਦੇ ਸੰਪਰਕ ’ਚ ਆਉਣ ਕਾਰਨ ਬੁਰੀ ਤਰ੍ਹਾਂ ਨਾਲ ਵੱਢੇ ਜਾਂਦੇ ਹਨ। ਇਸ ਦੀ ਵਿਕਰੀ ਕਰਨ ਤੇ ਬਣਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਸੂਬੇ ਦਾ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਸਖ਼ਤੀ ਵੀ ਕਰਦਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹ ਡੋਰ ਕਿਸੇ ਨਾ ਕਿਸੇ ਤਰੀਕੇ ਬਾਜ਼ਾਰਾਂ ਤੋਂ ਹੁੰਦੀ ਹੋਈ ਲੋਕਾਂ ਦੇ ਹੱਥਾਂ ਤੱਕ ਪੁੱਜ ਰਹੀ ਹੈ।
ਤਾਜ਼ਾ ਮਾਮਲਾ ਜਲੰਧਰ ਦੇ ਨਿਊ ਰਾਜ ਨਗਰ ਬਸਤੀ ਬਾਵਾ ਖੇਲ ਦੇ ਪਰਵਾਸੀ ਕੁਆਰਟਰਾਂ ਦਾ ਹੈ ਜਿੱਥੋਂ ਚਾਈਨਾ ਡੋਰ ਦੇ ਗੱਟੂ ਮਿਲੇ ਹਨ। ਇਹ ਵੱਡੇ ਪੱਧਰ ’ਤੇ ਬੋਰੀਆਂ ’ਚ ਭਰ ਕੇ ਰੱਖੇ ਹੋਏ ਸਨ। ਫ਼ਿਲਹਾਲ ਇਹ ਨਹੀਂ ਪਤਾ ਲੱਗਾ ਹੈ ਕਿ ਇਨ੍ਹਾਂ ਬੋਰਿਆਂ ਦਾ ਮਾਲਕ ਕੌਣ ਹੈ। ਹੋਰ ਜ਼ਿਲ੍ਹਿਆਂ ’ਚ ਵੀ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ। ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ 65 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਬਰਾਮਦ ਕੀਤੇ ਸਨ। ਇਸ ਡੋਰ ਕਾਰਨ ਪੂਰੇ ਦੇਸ਼ ’ਚ ਲੋਕਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇੰਦੌਰ ’ਚ ਇਕ 45 ਸਾਲਾ ਵਿਅਕਤੀ ਇਸ ਡੋਰ ਕਾਰਨ ਵੱਢਿਆ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ’ਚ ਚਾਈਨਾ ਡੋਰ ਦੇ ਲਪੇਟੇ ’ਚ ਆਉਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੇ 35 ਟਾਂਕੇ ਲੱਗੇ ਹਨ। ਪਿਛਲੇ ਸਾਲ ਵੀ ਲੁਧਿਆਣਾ ’ਚ ਦਸੰਬਰ ਮਹੀਨੇ ਇਕ ਨੌਜਵਾਨ ਦੀ ਗਰਦਨ ਵੱਢੀ ਗਈ ਸੀ ਜਿਸ ਦੇ 12 ਟਾਂਕੇ ਲੱਗੇ ਸਨ। ਇਸ ਤੋਂ ਪਹਿਲਾਂ 2023 ’ਚ ਚਾਈਨਾ ਡੋਰ ਦੇ ਬਿਜਲੀ ਦੀਆਂ ਹਾਈਟੈਂਸ਼ਨ ਲਾਈਨਾਂ ਦੇ ਸੰਪਰਕ ’ਚ ਆਉਣ ਕਾਰਨ ਇਕ ਬੱਚੇ ਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਸਨ। ਇਸੇ ਸਾਲ ਅੰਮ੍ਰਿਤਸਰ ’ਚ ਇਕ ਖਿਡਾਰਨ ਵੀ ਚਾਈਨਾ ਡੋਰ ਦੇ ਲਪੇਟੇ ’ਚ ਆਈ ਸੀ ਜਿਸ ਦਾ ਜਬਾੜਾ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਸੀ। ਇਸ ਕੌਮੀ ਖਿਡਾਰਨ ਨੇ ਦੋ ਦਿਨਾਂ ਬਾਅਦ ਓਡੀਸ਼ਾ ’ਚ ਖੇਡਣ ਜਾਣਾ ਸੀ।
ਚਾਈਨਾ ਡੋਰ ਇਕੱਲੀ ਮਨੁੱਖਾਂ ਲਈ ਹੀ ਨਹੀਂ, ਪੰਛੀਆਂ ਤੇ ਹੋਰ ਜਾਨਵਰਾਂ ਲਈ ਵੀ ਜਾਨਲੇਵਾ ਸਿੱਧ ਹੋ ਰਹੀ ਹੈ। ਦਰਅਸਲ, ਇਹ ਡੋਰ ਨਾਈਲੋਨ ਅਤੇ ਧਾਤੂ ਤੱਤਾਂ ਨਾਲ ਤਿਆਰ ਕੀਤੀ ਜਾਂਦੀ ਹੈ ਜੋ ਆਮ ਸੂਤੀ ਡੋਰ ਦੇ ਮੁਕਾਬਲੇ ਕਈ ਗੁਣਾ ਤੇਜ਼ ਤੇ ਮਜ਼ਬੂਤ ਹੁੰਦੀ ਹੈ। ਤਲਵਾਰ ਵਾਂਗ ਤਿੱਖਾ ਹਮਲਾ ਕਰਨ ਵਾਲੀ ਇਹ ਡੋਰ ਚਮੜੀ, ਮਾਸ ਹੀ ਨਹੀਂ, ਸਗੋਂ ਨਸਾਂ ਤਕ ਨੂੰ ਕੱਟ ਸਕਦੀ ਹੈ।
ਕਬੂਤਰ, ਤੋਤੇ, ਚਿੜੀਆਂ ਤੇ ਹੋਰ ਪੰਛੀ ਉੱਡਦੇ ਸਮੇਂ ਇਸ ਡੋਰ ’ਚ ਫਸ ਜਾਂਦੇ ਹਨ। ਦਰਖਤਾਂ ਦੀਆਂ ਟਾਹਣੀਆਂ ’ਚ ਪਤੰਗਾਂ ਸਮੇਤ ਫਸੀ ਇਸ ਡੋਰ ’ਚ ਉਲਝ ਕੇ ਪੰਛੀ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ ਤੇ ਕਈ ਵਾਰ ਉੱਥੇ ਹੀ ਤੜਫ-ਤੜਫ ਕੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਪੰਛੀ ਪ੍ਰੇਮੀਆਂ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਹਰ ਸਾਲ ਜ਼ਖ਼ਮੀ ਪੰਛੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਹ ਮਸਲਾ ਇੰਨਾ ਗੰਭੀਰ ਹੈ ਕਿ ਇਸ ਪ੍ਰਤੀ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ। ਇਹ ਡੋਰ ਬਣਾਉਣ ਤੇ ਮਾਰਕੀਟ ’ਚ ਚੋਰ ਮੋਰੀਆਂ ਰਾਹੀਂ ਵੇਚਣ ਵਾਲਿਆਂ ਨੂੰ ਵੀ ਮਨੁੱਖਤਾ ਸਣੇ ਸਾਰੇ ਜੀਵ-ਜੰਤੂਆਂ ਦੇ ਲਿਹਾਜ਼ ਨਾਲ ਸੋਚਣ ਦੀ ਲੋੜ ਹੈ। ਇਸ ਡੋਰ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਇਸ ਨੂੰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।