ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਸਮਾਂ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਸਕੂਲਾਂ ’ਚ ਰੌਣਕਾਂ ਹਨ, ਅਧਿਆਪਕ ਨਤੀਜੇ ਤਿਆਰ ਕਰ ਰਹੇ ਹਨ ਅਤੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀਆਂ ਉਮੀਦਾਂ ਲੈ ਕੇ ਸਕੂਲਾਂ ਵੱਲ ਵਧ ਰਹੇ ਹਨ। ਜਦੋਂ ਬੱਚੇ ਦੇ ਹੱਥ ਵਿਚ ‘ਰਿਪੋਰਟ ਕਾਰਡ’ ਆਉਂਦਾ ਹੈ ਤਾਂ ਉਹ ਸਿਰਫ਼ ਇਕ ਕਾਗਜ਼ ਦਾ ਟੁਕੜਾ ਨਹੀਂ ਹੁੰਦਾ,

ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਸਮਾਂ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ। ਸਕੂਲਾਂ ’ਚ ਰੌਣਕਾਂ ਹਨ, ਅਧਿਆਪਕ ਨਤੀਜੇ ਤਿਆਰ ਕਰ ਰਹੇ ਹਨ ਅਤੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀਆਂ ਉਮੀਦਾਂ ਲੈ ਕੇ ਸਕੂਲਾਂ ਵੱਲ ਵਧ ਰਹੇ ਹਨ। ਜਦੋਂ ਬੱਚੇ ਦੇ ਹੱਥ ਵਿਚ ‘ਰਿਪੋਰਟ ਕਾਰਡ’ ਆਉਂਦਾ ਹੈ ਤਾਂ ਉਹ ਸਿਰਫ਼ ਇਕ ਕਾਗਜ਼ ਦਾ ਟੁਕੜਾ ਨਹੀਂ ਹੁੰਦਾ, ਸਗੋਂ ਉਸ ਦੀ ਸਾਲ ਭਰ ਦੀ ਮਿਹਨਤ, ਉਸ ਦੇ ਸੁਪਨਿਆਂ ਅਤੇ ਉਸ ਦੀ ਸ਼ਖ਼ਸੀਅਤ ਦਾ ਲੇਖਾ-ਜੋਖਾ ਹੁੰਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੇ ਸਮਾਜ ਵਿਚ ਰਿਪੋਰਟ ਕਾਰਡ ਨੂੰ ਸਿਰਫ਼ ਅੰਕਾਂ ਜਾਂ ਗ੍ਰੇਡਾਂ ਦੀ ਇਕ ਸੂਚੀ ਵਜੋਂ ਹੀ ਦੇਖਿਆ ਜਾਂਦਾ ਹੈ। ਜੇ ਨੰਬਰ 90 ਫ਼ੀਸਦੀ ਹਨ ਤਾਂ ਬੱਚਾ ‘ਹੁਸ਼ਿਆਰ’ ਹੈ, ਜੇ 50%ਹਨ ਤਾਂ ਉਹ ਪੜ੍ਹਨ ’ਚ ਕਮਜ਼ੋਰ ਮੰਨ ਲਿਆ ਜਾਂਦਾ ਹੈ। ਕੀ ਬੱਚੇ ਦੀ ਕਾਬਲੀਅਤ ਨੂੰ ਸਿਰਫ਼ ਇਨ੍ਹਾਂ ਕੁਝ ਅੰਕਾਂ ਨਾਲ ਮਾਪਿਆ ਜਾ ਸਕਦਾ ਹੈ? ਬਿਲਕੁਲ ਨਹੀਂ। ਮੇਰਾ ਨਿੱਜੀ ਤਜਰਬਾ ਰਿਹਾ ਹੈ ਕਿ ਹਰ ਬੱਚਾ ਪੜ੍ਹਾਈ ਵਿਚ ਇੱਕੋ ਜਿਹਾ ਨਹੀਂ ਹੋ ਸਕਦਾ ਤੇ ਇਹ ਕੁਦਰਤੀ ਵੀ ਹੈ। ਰੱਬ ਨੇ ਹਰ ਮਨੁੱਖ ਨੂੰ ਵੱਖਰਾ ਬਣਾਇਆ ਹੈ। ਜਿਵੇਂ ਬਾਗ ’ਚ ਹਰ ਫੁੱਲ ਦੀ ਮਹਿਕ ਤੇ ਰੰਗ ਵੱਖਰਾ ਹੁੰਦਾ ਹੈ, ਉਵੇਂ ਹੀ ਹਰ ਬੱਚੇ ਦਾ ਹੁਨਰ ਵੀ ਵੱਖਰਾ ਹੁੰਦਾ ਹੈ।
ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਗਣਿਤ ਜਾਂ ਵਿਗਿਆਨ ’ਚ ਥੋੜ੍ਹੇ ਕਮਜ਼ੋਰ ਹੁੰਦੇ ਹਨ, ਉਹ ਖੇਡਾਂ ਦੇ ਮੈਦਾਨ ’ਚ ਕਮਾਲ ਕਰਦੇ ਹਨ। ਇਕ ਹੋਰ ਅਹਿਮ ਗੱਲ ਇਹ ਹੈ ਕਿ ਸਿਰਫ਼ ਪੜ੍ਹਾਈ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਵਿਚ ਹੀ ਹਮੇਸ਼ਾ ਅਗਵਾਈ ਦਾ ਗੁਣ ਹੋਵੇ, ਇਹ ਜ਼ਰੂਰੀ ਨਹੀਂ। ਕਈ ਵਾਰ ਜਮਾਤ ਦਾ ਇਕ‘ਔਸਤ’ ਬੱਚਾ ਪੂਰੀ ਜਮਾਤ ਨੂੰ ਇਕਜੁੱਟ ਰੱਖਣ ਦੀ ਕਾਬਲੀਅਤ ਰੱਖਦਾ ਹੈ। ਉਹ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਕਿਸੇ ਮੁਸੀਬਤ ਵੇਲੇ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ ਅਤੇ ਉਸ ਵਿਚ ਫ਼ੈਸਲੇ ਲੈਣ ਦੀ ਗਜ਼ਬ ਦੀ ਸ਼ਕਤੀ ਹੁੰਦੀ ਹੈ। ਇਹ ਸਮਾਜਿਕ ਗੁਣ ਹੀ ਤਾਂ ਅਸਲ ਜ਼ਿੰਦਗੀ ਵਿਚ ਕਾਮਯਾਬੀ ਦੀ ਕੁੰਜੀ ਹਨ। ਜਦੋਂ ਇਕ ਰਿਪੋਰਟ ਕਾਰਡ ਅੰਕਾਂ ਦੀਆਂ ਸੀਮਾਵਾਂ ਨੂੰ ਤੋੜ ਕੇ ਬੱਚੇ ਦੇ ਅਜਿਹੇ ‘ਲੀਡਰਸ਼ਿਪ’ ਵਾਲੇ ਗੁਣਾਂ ਦੀ ਗੱਲ ਕਰਦਾ ਹੈ ਤਾਂ ਬੱਚੇ ਨੂੰ ਆਪਣੀ ਸਵੈ-ਪਛਾਣ ਕਰਨ ਵਿਚ ਮਦਦ ਮਿਲਦੀ ਹੈ। ਸਾਡੇ ਸਕੂਲਾਂ ਵਿਚ ਕਈ ਬੱਚੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਲਗਾਅ ਕੁਦਰਤ ਨਾਲ ਬਹੁਤ ਜ਼ਿਆਦਾ ਹੁੰਦਾ ਹੈ।
ਉਹ ਸਕੂਲ ਦੇ ਬਗੀਚੇ ਵਿਚ ਪੌਦਿਆਂ ਦੀ ਦੇਖਭਾਲ ਬੜੀ ਰੀਝ ਨਾਲ ਕਰਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਫੁੱਲ ਨੂੰ ਕਿੰਨਾ ਪਾਣੀ ਚਾਹੀਦਾ ਹੈ ਤੇ ਕਿਹੜੇ ਬੂਟੇ ਨੂੰ ਧੁੱਪ ਦੀ ਲੋੜ ਹੈ। ਇਹ ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦਾ ਅਹਿਸਾਸ ਵੀ ਤਾਂ ਇਕ ਵੱਡੀ ਪ੍ਰਾਪਤੀ ਹੈ। ਜਦੋਂ ਰਿਪੋਰਟ ਕਾਰਡ ਵਿਚ ਬੱਚੇ ਦੀ ਇਸ ਸੇਵਾ ਭਾਵਨਾ ਅਤੇ ਸਮਾਜਿਕ ਕੰਮਾਂ ਵਿਚ ਉਸ ਦੀ ਸ਼ਮੂਲੀਅਤ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਬੱਚਾ ਹੋਰ ਵੀ ਉਤਸ਼ਾਹ ਨਾਲ ਅੱਗੇ ਵਧਦਾ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦਾ ਹੁਨਰ ਅਣਗੌਲਿਆ ਨਹੀਂ ਗਿਆ। ਜਦੋਂ ਰਿਪੋਰਟ ਕਾਰਡ ਸਿਰਫ਼ ਨੰਬਰਾਂ ਤੱਕ ਸੀਮਤ ਰਹਿ ਜਾਂਦਾ ਹੈ ਤਾਂ ਉਹ ਬੱਚੇ ਜੋ ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਵਿਚ ਮਾਹਰ ਹਨ, ਆਪਣੇ-ਆਪ ਨੂੰ ਘੱਟ ਸਮਝਣ ਲੱਗ ਪੈਂਦੇ ਹਨ। ਜੇ ਰਿਪੋਰਟ ਕਾਰਡ ਵਿਚ ਉਨ੍ਹਾਂ ਦੀ ਕਲਾ, ਸੰਗੀਤ, ਖੇਡਾਂ, ਅਨੁਸ਼ਾਸਨ ਅਤੇ ਵਿਵਹਾਰ ਨੂੰ ਵੀ ਬਰਾਬਰ ਦੀ ਅਹਿਮੀਅਤ ਦਿੱਤੀ ਜਾਵੇ ਤਾਂ ਉਹ ਬੱਚੇ ਦੂਣੇ ਉਤਸ਼ਾਹ ਨਾਲ ਕੰਮ ਕਰਦੇ ਹਨ। ਉਹ ਸਮਝ ਜਾਂਦੇ ਹਨ ਕਿ ਹਰ ਮਨੁੱਖ ਦੀ ਆਪਣੀ ਇਕ ਕੀਮਤ ਹੁੰਦੀ ਹੈ। ਇੱਥੇ ਮਾਪਿਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਜਾਂਦੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਰਿਪੋਰਟ ਕਾਰਡ ਨੂੰ ਸਿਰਫ਼ ਨੰਬਰਾਂ ਦੇ ਚਸ਼ਮੇ ਨਾਲ ਨਾ ਦੇਖਣ। ਜੇ ਬੱਚੇ ਦੇ ਨੰਬਰ ਥੋੜ੍ਹੇ ਘੱਟ ਵੀ ਹਨ, ਪਰ ਉਸ ਨੇ ਖੇਡਾਂ ਵਿਚ ਤਗਮਾ ਜਿੱਤਿਆ ਹੈ ਜਾਂ ਉਸ ਦਾ ਅਧਿਆਪਕ ਉਸ ਦੇ ਵਿਵਹਾਰ ਦੀ ਸ਼ਲਾਘਾ ਕਰਦਾ ਹੈ, ਤਾਂ ਇਹ ਵੱਡੀ ਜਿੱਤ ਹੈ।
ਸਾਨੂੰ ਇਹ ਸਮਝਣਾ ਪਵੇਗਾ ਕਿ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਸਿਰਫ਼ ਕਿਤਾਬੀ ਗਿਆਨ ਕਾਫ਼ੀ ਨਹੀਂ ਹੈ। ਸਫਲ ਉਹੀ ਹੈ ਜਿਸ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਹੋਇਆ ਹੋਵੇ। ਜਿਹੜੇ ਬੱਚੇ ਸਮਾਜਿਕ ਕੰਮਾਂ ਵਿਚ ਅੱਗੇ ਹਨ ਜਾਂ ਜਿਨ੍ਹਾਂ ਵਿਚ ਮਾਨਵੀ ਕਦਰਾਂ-ਕੀਮਤਾਂ ਕੁੱਟ-ਕੁੱਟ ਕੇ ਭਰੀਆਂ ਹੋਈਆਂ ਹਨ, ਉਹ ਕੱਲ੍ਹ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨਗੇ। ਰਿਪੋਰਟ ਕਾਰਡ ਦਾ ਮਕਸਦ ਬੱਚੇ ਨੂੰ ਡਰਾਉਣਾ ਨਹੀਂ ਸਗੋਂ ਉਸ ਨੂੰ ਆਪਣੇ-ਆਪ ਨਾਲ ਮਿਲਾਉਣਾ ਹੋਣਾ ਚਾਹੀਦਾ ਹੈ। ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਰਿਪੋਰਟ ਕਾਰਡ ਬੱਚੇ ਦੇ ਭਵਿੱਖ ਦਾ ਰੋਡਮੈਪ ਹੈ। ਇਸ ਨੂੰ ਅਜਿਹਾ ਬਣਾਇਆ ਜਾਵੇ ਕਿ ਇਹ ਬੱਚੇ ਨੂੰ ਖ਼ੁਸ਼ੀ ਦੇਵੇ, ਨਾ ਕਿ ਉਸ ’ਤੇ ਮਾਨਸਿਕ ਬੋਝ ਪਾਵੇ। ਜਦੋਂ ਰਿਪੋਰਟ ਕਾਰਡ ਅੰਕਾਂ ਤੋਂ ਉੱਪਰ ਉੱਠ ਕੇ ਬੱਚੇ ਦੇ ਅੰਦਰਲੇ ਹੁਨਰ ਦੀ ਗੱਲ ਕਰੇਗਾ ਤਾਂ ਸਾਡੇ ਸਕੂਲਾਂ ’ਚੋਂ ਸਿਰਫ਼ ‘ਵਿਦਿਆਰਥੀ’ ਹੀ ਨਹੀਂ, ਸਗੋਂ ‘ਸੰਪੂਰਨ ਸ਼ਖ਼ਸੀਅਤਾਂ’ ਬਾਹਰ ਆਉਣਗੀਆਂ।
-ਜਤਿੰਦਰ ਭੁੱਚੋ, ਪਿੰਡ ਭੁੱਚੋ ਖੁਰਦ (ਬਠਿੰਡਾ)।
-ਮੋਬਾਈਲ : 95014-75400