ਵਿਸ਼ਵ ਵਿਚ ਅਣਗਿਣਤ ਜੰਗਾਂ ਹੋ ਚੁੱਕੀਆਂ ਹਨ ਅਤੇ ਅਣਗਿਣਤ ਲਗਾਤਾਰ ਜਾਰੀ ਹਨ। ਇਸ ਸਮੇਂ ਪੂਰੇ ਵਿਸ਼ਵ ਵਿਚ 60 ਵੱਖ-ਵੱਖ ਖੇਤਰਾਂ ’ਚ ਜੰਗਾਂ ਤੇ ਖ਼ਾਨਾਜੰਗੀਆਂ ਜਾਰੀ ਹਨ। ਇਨ੍ਹਾਂ ਜੰਗਾਂ ਦੇ ਸਭ ਤੋਂ ਵੱਧ ਸ਼ਿਕਾਰ ਬੱਚੇ ਹੋ ਰਹੇ ਹਨ। ਅਜੋਕੇ ਯੁੱਗ ਵਿਚ ਜੰਗਾਂ ਵਿਸ਼ਵ ਆਰਥਿਕਤਾ ਤੇ ਸਿਆਸੀ-ਭੂਗੋਲਿਕ ਵਿਵਸਥਾ ’ਤੇ ਕਾਬਜ਼ ਧਨ ਕੁਬੇਰ ਜੋ ਕਾਰਪੋਰੇਟਵਾਦੀਆਂ ਵਜੋਂ ਬਦਨਾਮ ਹਨ, ਆਪਣੇ ਨਫ਼ੇ-ਨੁਕਸਾਨਾਂ ਲਈ ਜੰਗਾਂ ਛੇੜਦੇ ਅਤੇ ਬੰਦ ਕਰਾਉਂਦੇ ਹਨ।

ਅੱਜ ਦੇ ਬੱਚੇ ਕੱਲ ਦਾ ਮੁਸਤਕਬਲ ਹੁੰਦੇ ਹਨ ਪਰ ਹਰ ਯੁੱਗ ਵਿਚ ਜੰਗਾਂ ਅਤੇ ਜੰਗਬਾਜ਼ਾਂ ਦਾ ਬੇਕਿਰਕ ਸ਼ਰਮਨਾਕ ਨਿਸ਼ਾਨਾ ਬਚਪਨ ਹੀ ਬਣਦਾ ਰਿਹਾ ਹੈ। ਅਜੇ ਤੱਕ ਕੋਈ ਵੀ ਸ਼ਾਸਕ ਜਾਂ ਅੰਤਰਰਾਸ਼ਟਰੀ ਸੰਗਠਨ ਜੰਗਾਂ ਸਮੇਂ ਜੰਗਬਾਜ਼ਾਂ ਤੋਂ ਸਾਡੇ ਨੰਨ੍ਹੇ ਮਾਸੂਮ ਬੱਚਿਆਂ ਦੀ ਰਾਖੀ ਕਰਨ ਲਈ ਕੋਈ ਵਿਵਸਥਾ ਸਥਾਪਿਤ ਨਹੀਂ ਕਰ ਸਕਿਆ। ਅਮਰੀਕਾ ਦੇ ਸਾਬਕਾ 46ਵੇਂ ਜੰਗਬਾਜ਼ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ 28 ਫਰਵਰੀ 2026 ਨੂੰ ਹਮਲੇ ਦੀ ਪੂਰਬਲੀ ਰਾਤ ਦੇ 9:45 ਵਜੇ ਨੁਸਾਹਿਬਾ ਮੁਬਾਰਕ ਨਾਂ ਦੀ ਨੌਜਵਾਨ ਲੜਕੀ ਇਕ ਤਿੱਖਾ ਸਵਾਲ ਪੁੱਛ ਕੇ ਬੁਰੀ ਤਰ੍ਹਾਂ ਸ਼ਰਮਸਾਰ ਕਰ ਦਿੰਦੀ ਹੈ। ਬਾਇਡਨ ਵਾਸ਼ਿੰਗਟਨ ਡੀਸੀ ਦੇ ਰੀਗਨ ਰਾਸ਼ਟਰੀ ਹਵਾਈ ਅੱਡੇ ਤੋਂ ਕੋਲੰਬੀਆ (ਸਾਊਥ ਕੈਰੋਲੀਨਾ) ਵਿਖੇ ਸੰਨ 2028 ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਬਾਰੇ ਵਿਚਾਰ-ਵਟਾਂਦਰੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਮੀਟਿੰਗ ਲਈ ਕਮਰਸ਼ੀਅਲ ਹਵਾਈ ਜਹਾਜ਼ ’ਤੇ ਸਵਾਰ ਹੁੰਦੇ ਹਨ। ਯਾਤਰਾ ਦੌਰਾਨ ਵੱਖ-ਵੱਖ ਲੋਕ ਉਨ੍ਹਾਂ ਕੋਲ ਬੈਠ ਕੇ ਫੋਟੋਆਂ ਖਿਚਵਾ ਰਹੇ ਹੁੰਦੇ ਹਨ ਕਿ ਉਸੇ ਸਮੇਂ ਨੌਜਵਾਨ ਲੜਕੀ ਨੁਸਾਹਿਬਾ ਮੁਬਾਰਕ ਉਨ੍ਹਾਂ ਨਾਲ ਗੱਲ ਕਰਨ ਦੀ ਇਜਾਜ਼ਤ ਮੰਗਦੀ ਹੈ ਜਿਸ ਦੀ ਉਹ ਆਗਿਆ ਦੇ ਦਿੰਦੇ ਹਨ। ‘ਧੰਨਵਾਦ ਮੈਨੂੰ ਗੱਲ ਕਰਨ ਦਾ ਸਮਾਂ ਦਿੱਤਾ। ਗਾਜ਼ਾ ਵਿਚ ਹਰ ਰੋਜ਼ ਬੱਚੇ ਮਰ ਰਹੇ ਹਨ। ਸਾਨੂੰ ਇਹ ਸਭ ਬੰਦ ਕਰਨਾ ਚਾਹੀਦਾ ਹੈ।’ ਜ਼ਰਾ ਘਬਰਾਹਟ ਵਿਚ ਸਾਬਕਾ ਰਾਸ਼ਟਰਪਤੀ ਜਵਾਬ ਦਿੰਦੇ ਹਨ, ‘‘ਮੈਂ ਜਾਣਦਾ ਹਾਂ ਕਿ ਇਹ ਬਹੁਤ ਦੁਖਦਾਈ ਹੈ।’’ ਇੰਨੇ ਨੂੰ ਉਨ੍ਹਾਂ ਦੇ ਸਟਾਫ ਦਾ ਇਕ ਵਿਅਕਤੀ ਉਸ ਨੂੰ ਉਸ ਥਾਂ ਤੋਂ ਹਟਾ ਦਿੰਦਾ ਹੈ। ਕੋਈ ਵੀ ਹੋਰ ਯਾਤਰੀ ਇਸ ਸਵਾਲ ਦੇ ਪ੍ਰਤੀਕਰਮ ਵਜੋਂ ਮੂੰਹ ਨਹੀਂ ਖੋਲ੍ਹਦਾ।
ਵਿਸ਼ਵ ਵਿਚ ਅਣਗਿਣਤ ਜੰਗਾਂ ਹੋ ਚੁੱਕੀਆਂ ਹਨ ਅਤੇ ਅਣਗਿਣਤ ਲਗਾਤਾਰ ਜਾਰੀ ਹਨ। ਇਸ ਸਮੇਂ ਪੂਰੇ ਵਿਸ਼ਵ ਵਿਚ 60 ਵੱਖ-ਵੱਖ ਖੇਤਰਾਂ ’ਚ ਜੰਗਾਂ ਤੇ ਖ਼ਾਨਾਜੰਗੀਆਂ ਜਾਰੀ ਹਨ। ਇਨ੍ਹਾਂ ਜੰਗਾਂ ਦੇ ਸਭ ਤੋਂ ਵੱਧ ਸ਼ਿਕਾਰ ਬੱਚੇ ਹੋ ਰਹੇ ਹਨ।
ਅਜੋਕੇ ਯੁੱਗ ਵਿਚ ਜੰਗਾਂ ਵਿਸ਼ਵ ਆਰਥਿਕਤਾ ਤੇ ਸਿਆਸੀ-ਭੂਗੋਲਿਕ ਵਿਵਸਥਾ ’ਤੇ ਕਾਬਜ਼ ਧਨ ਕੁਬੇਰ ਜੋ ਕਾਰਪੋਰੇਟਵਾਦੀਆਂ ਵਜੋਂ ਬਦਨਾਮ ਹਨ, ਆਪਣੇ ਨਫ਼ੇ-ਨੁਕਸਾਨਾਂ ਲਈ ਜੰਗਾਂ ਛੇੜਦੇ ਅਤੇ ਬੰਦ ਕਰਾਉਂਦੇ ਹਨ। ਰਾਸ਼ਟਰਾਂ ਦੇ ਮੁਖੀ ਇਨ੍ਹਾਂ ਦੇ ਮਹਿਜ਼ ਮੋਹਰੇ ਹਨ। ਇਨ੍ਹਾਂ ਵੱਲੋਂ ਛੇੜੀਆਂ ਜੰਗਾਂ ਅਤੇ ਖ਼ਾਨਾਜੰਗੀਆਂ ਨਾਲ ਜੋ ਅਜੋਕੀ ਮਾਨਵ ਜਾਤੀ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ। ਸਭ ਤੋਂ ਵੱਡਾ ਨੁਕਸਾਨ ਸਾਡੀ ਨਵੀਂ ਪੀੜ੍ਹੀ ਨਾਲ ਸਬੰਧਤ ਬੱਚਿਆਂ ਦਾ ਹੁੰਦਾ ਹੈ ਜੋ ਅਤਿ ਚਿੰਤਾਜਨਕ ਵਿਸ਼ਾ ਹੈ।
ਪਹਿਲੀ ਵਿਸ਼ਵ ਜੰਗ (1914-1918) ’ਚ 15 ਤੋਂ 22 ਮਿਲੀਅਨ ਲੋਕ ਮਾਰੇ ਗਏ। ਇਨ੍ਹਾਂ ਵਿਚ ਕਿੰਨੇ ਬੱਚੇ ਮਾਰੇ ਗਏ ਜਾਂ ਅਪਾਹਜ ਹੋਏ, ਇਸ ਦਾ ਰਿਕਾਰਡ ਮੌਜੂਦ ਨਹੀਂ। ਦੂਸਰੀ ਵਿਸ਼ਵ ਜੰਗ (1939-1945) ਵਿਚ 70ਤੋਂ 85 ਮਿਲੀਅਨ ਲੋਕ ਮਾਰੇ ਗਏ। ਨਾਜ਼ੀ ਸਰਬਨਾਸ਼ ਵਿਚ 1.5 ਮਿਲੀਅਨ ਯਹੂਦੀ ਅਤੇ ਬਾਕੀ ਜੰਗ ਵਿਚ ਗੋਲ਼ੀਬਾਰੀ ਵਿਚ ਇਕ ਮਿਲੀਅਨ ਬੱਚੇ ਮਾਰੇ ਗਏ।
ਸੰਨ 2024 ਦੀ ਯੂਨੀਸੈਫ ਰਿਪੋਰਟ ਅਨੁਸਾਰ ਮੌਜੂਦਾ ਜੰਗਾਂ ਤੇ ਖ਼ਾਨਾਜੰਗੀਆਂ ਦੇ 473 ਮਿਲੀਅਨ ਬੱਚੇ ਸ਼ਿਕਾਰ ਹਨ ਭਾਵ 5 ’ਚੋਂ 1 ਬੱਚਾ। ਸੰਨ 1999 ਵਿਚ ਯੂਐਨ ਨੇ ਪਹਿਲਾ ਮਤਾ ਪਾਸ ਕੀਤਾ ਜਿਸ ਵਿਚ ਜੰਗ ਸਮੇਂ ਬੱਚਿਆਂ ਸਬੰਧੀ ਬਹੁਤ ਹੀ ਸੰਗੀਨ ਛੇ ਉਲੰਘਣਾਵਾਂ ਦਰਜ ਕੀਤੀਆਂ ਗਈਆਂ ਜਿਵੇਂ ਕਿ 1) ਮੌਤ ਦੇ ਘਾਟ ਉਤਾਰਨਾ ਤੇ ਅਪਾਹਜ ਬਣਾਉਣਾ 2) ਬੱਚਿਆਂ ਨੂੰ ਜਬਰੀ ਜੰਗੀ ਮੁਹਾਜ਼ ਲਈ ਭਰਤੀ ਕਰਨਾ 3) ਸਕੂਲਾਂ ਤੇ ਹਸਪਤਾਲਾਂ ’ਤੇ ਹਮਲੇ ਕਰਨਾ 4)ਬੱਚਿਆਂ ਨੂੰ ਬਲਾਤਕਾਰ ਅਤੇ ਹਿੰਸਾ ਦਾ ਸ਼ਿਕਾਰ ਬਣਾਉਣਾ 5) ਬੱਚਿਆਂ ਨੂੰ ਅਗਵਾ ਕਰਨਾ ਅਤੇ 6) ਬੱਚਿਆਂ ਨੂੰ ਮਾਨਵਵਾਦੀ ਸਹਾਇਤਾ ਤੋਂ ਵੰਚਿਤ ਕਰਨਾ।
ਕੋਈ ਜੰਗ ਅਜਿਹੀ ਨਹੀਂ ਜਿਸ ਵਿਚ ਬੱਚਿਆਂ ਨਾਲ ਅਜਿਹੇ ਗੁਨਾਹ ਨਹੀਂ ਕੀਤੇ ਜਾਂਦੇ। ਸੱਤ ਅਕਤੂਬਰ ਸੱਤ 2023 ਨੂੰ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕਰ ਕੇ 1200 ਲੋਕ ਮਾਰ ਦਿੱਤੇ ਸਨ ਜਿਨ੍ਹਾਂ ਵਿਚ 38 ਬੱਚੇ ਵੀ ਸ਼ਾਮਲ ਸਨ। ਢਾਈ ਸੌ ਲੋਕ ਬੰਦੀ ਬਣਾਏ ਜਿਨਾਂ ਵਿਚ 42 ਬੱਚੇ ਸ਼ਾਮਲ ਸਨ। ਉਸ ਤੋਂ ਬਾਅਦ ਅਮਰੀਕਾ ਤੇ ਨਾਟੋ ਦੀ ਮਿਲੀਭੁਗਤ ਨਾਲ ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਮਿੱਟੀ ਦਾ ਢੇਰ ਬਣਾ ਦਿੱਤਾ ਤੇ ਪੱਛਮੀ ਕਿਨਾਰੇ ’ਤੇ ਰਹਿਣ ਵਾਲੇ ਫਲਸਤੀਨੀਆਂ ਦਾ ਭਾਰੀ ਨੁਕਸਾਨ ਕੀਤਾ ਜੋ ਅੱਜ ਵੀ ਜਾਰੀ ਹੈ। ਗਾਜ਼ਾ ’ਚ 72263 ਤੇ ਪੱਛਮੀ ਕਿਨਾਰੇ ’ਚ 1138 ਲੋਕ ਮਾਰ ਦਿੱਤੇ ਗਏ ਹਨ। ਲਗਪਗ 65 ਹਜ਼ਾਰ ਬੱਚੇ ਮਾਰੇ ਗਏ ਅਤੇ 21 ਹਜ਼ਾਰ ਗਾਇਬ ਹਨ। ਪਚਾਸੀ ਪ੍ਰਤੀਸ਼ਤ ਗਾਜ਼ਾ ਵਾਸੀ ਜਬਰੀ ਘਰੋਂ-ਬੇਘਰ ਕੀਤੇ ਗਏ,12 ਯੂਨੀਵਰਸਿਟੀਆਂ ਤੇ 97% ਸਕੂਲ ਤੇ ਹਸਪਤਾਲ ਢਹਿਢੇਰੀ ਕੀਤੇ ਗਏ। ਸਾਢੇ ਕੁ ਛੇ ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਅੱਜ ਵੀ ਗੋਲ਼ੀਬੰਦੀ ਦੇ ਬਾਵਜੂਦ ਰੋਜ਼ਾਨਾ ਕਤਲੋਗਾਰਤ ਇਜ਼ਰਾਇਲੀ ਯਹੂਦੀ ਬੈਂਜਾਮਿਨ ਨੇਤਨਯਾਹੂ ਨਿਜ਼ਾਮ ਵੱਲੋਂ ਬੇਦਰਦੀ ਨਾਲ ਜਾਰੀ ਹੈ। ਯੂਕਰੇਨ ਅੰਦਰ ਰੂਸੀ ਹਮਲੇ ਕਰਕੇ 2589900 ਜੋ ਕੁੱਲ ਬੱਚਿਆਂ ਦਾ ਇਕ-ਤਿਹਾਈ ਹਨ, ਸਕੂਲ ਛੱਡਣ ਲਈ ਮਜਬੂਰ ਹਨ ਤੇ 791000 ਬੱਚੇ ਯੂਕਰੇਨ ਤੇ 1798900 ਬੱਚੇ ਯੂਕਰੇਨ ਤੋਂ ਬਾਹਰ ਰਫਿਊਜੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ। ਕਰੀਬ 3200 ਬੱਚੇ 24 ਫਰਵਰੀ 2022 ਤੋਂ ਹੁਣ ਤੱਕ ਮਾਰੇ ਜਾ ਚੁੱਕੇ ਹਨ ਜਾਂ ਜ਼ਖ਼ਮੀ ਹੋਏ ਹਨ। ਸਤਾਰਾਂ ਸੌ ਸਕੂਲ ਅਤੇ ਹੋਰ ਸਿੱਖਿਆ ਸੰਸਥਾਵਾਂ ਬੰਬਾਰੀ ਕਰਕੇ ਢੇਰ ਹੋ ਗਈਆਂ ਹਨ। ਬਹੁਤ ਸਾਰੇ ਬੱਚੇ ਰੂਸੀ ਅਧਿਕਾਰੀਆਂ ਵੱਲੋਂ ਬੰਧਕ ਬਣਾ ਕੇ ਰੂਸ ਭੇਜੇ ਜਾ ਚੁੱਕੇ ਹਨ।
ਸੂਡਾਨ ਦੀ ਪੱਚੀ ਮਿਲੀਅਨ ਆਬਾਦੀ ਵਿੱਚੋਂ 8 ਮਿਲੀਅਨ ਲੋਕ ਬੇਘਰ ਹਨ ਜਿਨ੍ਹਾਂ ’ਚ ਚਾਰ ਮਿਲੀਅਨ ਬੱਚੇ ਸ਼ਾਮਲ ਹਨ। ਲਗਪਗ 14000 ਬੱਚੇ ਮਾਰੇ ਗਏ ਹਨ ਤੇ 1300 ਬੱਚੇ ਰੋਜ਼ਾਨਾ 300 ਦਿਨਾਂ ਲਈ ਬੇਘਰ ਹੋਣ ਲਈ ਮਜਬੂਰ ਕੀਤੇ ਗਏ। ਕੋਲੰਬੀਆ ਅੰਦਰ ਹਿੰਸਾ ਕਰਕੇ 7.7ਮਿਲੀਅਨ ਬੱਚੇ ਪ੍ਰਭਾਵਿਤ ਹਨ। ਉੱਥੇ 3.1 ਮਿਲੀਅਨ ਬੱਚੇ ਅਤੀ ਭੈੜੀ ਦਸ਼ਾ ਵਿਚ ਰਹਿਣ ਲਈ ਮਜਬੂਰ ਹਨ। ਯੂਐੱਨ ਅਨੁਸਾਰ ਸੰਨ 2022 ਵਿਚ 130 ਤੇ 2023 ’ਚ ਸਤੰਬਰ ਤੱਕ 208 ਬੱਚੇ ਜਿਨ੍ਹਾਂ ਵਿਚ 35% ਲੜਕੀਆਂ ਅਤੇ 65% ਲੜਕੇ ਸਨ, ਜਬਰੀ ਹਥਿਆਰਬੰਦ ਗਰੁੱਪਾਂ ਵੱਲੋਂ ਭਰਤੀ ਕੀਤੇ ਗਏ।
ਅਮਰੀਕਾ-ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਈਰਾਨ ’ਤੇ ਹਮਲੇ ਤੋਂ ਬਾਅਦ ਈਰਾਨ ਦੇ ਸਿਹਤ ਮੰਤਰਾਲੇ ਅਨੁਸਾਰ 1500 ਤੋਂ ਵੱਧ ਲੋਕ ਮਾਰੇ ਗਏ, 19000 ਤੋਂ ਵੱਧ ਜ਼ਖ਼ਮੀ ਹੋਏ, 8 ਲੱਖ ਈਰਾਨੀ ਬੇਘਰ ਹੋਏ ਜਿਨ੍ਹਾਂ ’ਚੋਂ ਤਿੰਨ ਲੱਖ ਬੱਚੇ ਹਨ। ਸਕੂਲ ਬੰਦ ਹੋਣ ਕਰਕੇ ਪੰਜ ਲੱਖ ਬੱਚੇ ਸਿੱਖਿਆ ਤੋਂ ਮਹਿਰੂਮ ਹੋ ਗਏ। ਲੈਬਨਾਨ ਵਿਚ 10 ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ ਤੇ 1038 ਤੋਂ ਵੱਧ ਮਾਰੇ ਗਏ ਹਨ ਜਿਨਾਂ ’ਚ 118 ਬੱਚੇ ਸ਼ਾਮਲ ਹਨ। ਈਰਾਨ ਅੰਦਰ 1510 ਤੋਂ ਵੱਧ ਬੱਚੇ ਜ਼ਖ਼ਮੀ ਹੋਏ ਜਾਂ ਮਾਰੇ ਗਏ। ਅਠਾਈ ਫਰਵਰੀ ਨੂੰ ਤਾਈਬਾ ਗਰਲਜ਼ ਐਲੀਮੈਂਟਰੀ ਸਕੂਲ ਮੀਨਾਬ ਦੱਖਣੀ ਈਰਾਨ ਵਿਚ 7-12 ਸਾਲ ਦੀਆਂ ਬੱਚੀਆਂ ਜੋ ਆਪਣੀਆਂ ਕਲਾਸਾਂ ਵਿਚ ਪੜ੍ਹ ਰਹੀਆਂ ਸਨ, ਨੂੰ ਬੈਲੇਸਟਿਕ ਮਿਜ਼ਾਈਲਾਂ ਦਾ ਸ਼ਿਕਾਰ ਅਮਰੀਕੀ-ਇਜ਼ਰਾਇਲੀ ਜੰਗਬਾਜ਼ਾਂ ਨੇ ਬਣਾਇਆ। ਇਨ੍ਹਾਂ ’ਚੋਂ 175 ਬੱਚੀਆਂ ਮਾਰੀਆਂ ਗਈਆਂ। ਇਸ ਤੋਂ ਵੱਡਾ ਖ਼ੌਫ਼ਨਾਕ ਗੁਨਾਹ ਹੋਰ ਕੀ ਹੋ ਸਕਦਾ ਹੈ ਮਾਨਵਤਾ ਵਿਰੁੱਧ।
ਈਰਾਨ ਦੀਆਂ ਕਾਰਵਾਈਆਂ ਕਰਕੇ ਇਜ਼ਰਾਈਲ ਵਿਚ 18, ਇਰਾਕ ਵਿਚ 61, ਯੂਏਈ, ਕੁਵੈਤ, ਬਹਿਰੀਨ ਆਦਿ ਵਿਚ ਵੀ ਬੱਚੇ ਮੌਤ ਦਾ ਸ਼ਿਕਾਰ ਹੋਏ ਹਨ। ਇਸ ਜੰਗ ਵਿਚ ਅਮਰੀਕਾ ਦੇ ਅਨੇਕ ਫ਼ੌਜੀ ਮਾਰੇ ਗਏ ਅਤੇ 200 ਤੋਂ ਵੱਧ ਜ਼ਖ਼ਮੀ ਹੋਏ ਹਨ। ਸੀਰੀਆ, ਯਮਨ, ਸੋਮਾਲੀਆ, ਕਾਂਗੋ, ਮਾਲੇ, ਅਫ਼ਗਾਨਿਸਤਾਨ, ਹੈਤੀ, ਮਿਆਂਮਾਰ ਨਾਈਜੀਰੀਆ ਆਦਿ ਦੇਸ਼ਾਂ ਵਿਚ ਯੂਐੱਨ ਰਿਪੋਰਟ 2024 ਅਨੁਸਾਰ 41370 ਸੰਗੀਨ ਜ਼ੁਲਮਾਂ ਭਰੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, 22495 ਬੱਚੇ ਜੰਗੀ ਕੰਮਾਂ ਲਈ ਭਰਤੀ ਕੀਤੇ ਗਏ, ਬਲਾਤਕਾਰ ਤੇ ਅਪਾਹਜ ਬਣਾਏ ਜਾਣ ਦਾ ਸ਼ਿਕਾਰ ਹੋਏ ਹਨ। ਇਹੀ ਨਹੀਂ, 4676 ਬੱਚੇ ਮਾਰੇ ਗਏ, 7906 ਮਾਨਵੀ ਮਦਦ ਤੋਂ ਵੰਚਿਤ ਰਹੇ, 7402 ਬੱਚੇ ਜਬਰੀ ਜੰਗੀ ਮੰਤਵ ਲਈ ਭਰਤੀ ਕੀਤੇ ਜਾਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।
ਸਾਮੋਨ ਟਿਸਡਲ ਦਾ ਮੱਤ ਹੈ ਕਿ ਅਜੋਕਾ ਵਿਸ਼ਵ ਬੱਚਿਆਂ ਖ਼ਿਲਾਫ਼ ਜੰਗ ਚਲਾ ਰਿਹਾ ਹੈ। ਵੈਨੇਸਾ ਫਰੇਜ਼ੀਅਰ ਵਿਸ਼ੇਸ਼ ਪ੍ਰਤੀਨਿਧ ਯੂਐੱਨ ਸਕੱਤਰ ਜਨਰਲ ਨੇ 10 ਮਾਰਚ 2026 ਨੂੰ ਯੂਐੱਨ ਮਾਨਵ ਅਧਿਕਾਰ ਕੌਂਸਲ ਨੂੰ ਸੰਬੋਧਨ ਕਰਦਿਆਂ ਸਪਸ਼ਟ ਕਿਹਾ ਕਿ ਕੌਮਾਂਤਰੀ ਮਾਨਵ ਜਾਤੀ ਅਧਿਕਾਰਾਂ ਸਬੰਧੀ ਕਾਨੂੰਨ ਜੋ ਬੱਚੇ ਨੂੰ ਜਿਉਣ ਅਤੇ ਉਸ ਦੇ ਜੀਵਨ ਦੀ ਰੱਖਿਆ ਦਾ ਅਧਿਕਾਰ ਦਿੰਦਾ ਹੈ, ਦੀ ਇਸ ਵੇਲੇ ਬੁਰੀ ਤਰ੍ਹਾਂ ਉਲੰਘਣਾ ਤੇ ਕੁਵਰਤੋਂ ਕੀਤੀ ਜਾ ਰਹੀ ਹੈ। ਜੈਨੇਵਾ ਵਿਖੇ ਯੂਐੱਨ ਸਾਲਾਨਾ ਮਾਨਵ ਅਧਿਕਾਰ ਕੌਂਸਲ ਨੂੰ ਸੰਬੋਧਨ ਕਰਦਿਆਂ ਇਸ ਦੀ ਡਿਪਟੀ ਹਾਈ ਕਮਿਸ਼ਨਰ ਨਡਾ-ਅਲ-ਨਾਸੀਫ ਨੇ ਕਿਹਾ ਕਿ ਬੱਚਿਆਂ ਦੇ ਅਧਿਕਾਰਾਂ ਦੀ ਮਾਨਵ ਅਧਿਕਾਰ ਕਾਨੂੰਨ, ਮਾਨਵਵਾਦੀ ਕਾਨੂੰਨ ਅਤੇ ਕੌਮਾਂਤਰੀ ਅਪਰਾਧਕ ਕਾਨੂੰਨ ਅਧੀਨ ਵਿਆਪਕ ਪੱਧਰ ’ਤੇ ਰਖਵਾਲੀ ਕੀਤੀ ਜਾਂਦੀ ਹੈ ਪਰ ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਕਰਕੇ ਇਨ੍ਹਾਂ ਦੀ ਰਾਖੀ ਜੰਗਾਂ ਤੇ ਖ਼ਾਨਾਜੰਗੀ ਖੇਤਰਾਂ ਵਿਚ ਨਹੀਂ ਕੀਤੀ ਜਾਂਦੀ। ਪੂਰੇ ਵਿਸ਼ਵ ਦੇ ਬਹੁ-ਗਿਣਤੀ ਦੇਸ਼ਾਂ ਨੂੰ ਪੂਰਨ ਇਕਜੁੱਟਤਾ ਅਤੇ ਦ੍ਰਿੜਤਾ ਨਾਲ ਇਨ੍ਹਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ। ਵਿਸ਼ਵ ਭਰ ਦੇ ਕਾਰਪੋਰੇਟਾਂ ਤੇ ਸ਼ਾਸਕਾਂ ਨੂੰ ਸਮਝਣਾ ਪਵੇਗਾ ਕਿ ਜੋ ਬੱਚੇ ਕਦੇ ਵੀ ਕਿਸੇ ਜੰਗ ਨੂੰ ਛੇੜਨ ਲਈ ਕੋਈ ਭੂਮਿਕਾ ਅਦਾ ਨਹੀਂ ਕਰਦੇ, ਉਨ੍ਹਾਂ ਨੂੰ ਇਸ ਦੇ ਅੰਜਾਮਾਂ ਦੇ ਹਿੱਸੇਦਾਰ ਨਹੀਂ ਬਣਨ ਦੇਣਾ ਚਾਹੀਦਾ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +12898292929