ਪਿੰਡ ਪੱਧਰ ’ਤੇ ਕਾਫ਼ੀ ਅਰਸਾ ਹਲਵਾਈ ਦਾ ਕੰਮ ਕੀਤਾ ਅਤੇ ਨਵੇਂ ਮੁੰਡੇ ਹਲਵਾਈ ਬਣਾਏ। ਜਦੋਂ ਉਸ ਨਾਲ ਸਹਾਇਕ ਹਲਵਾਈ ਵਜੋਂ ਕੰਮ ਕਰਦਾ ਅਜਮੇਰ ਫ਼ੌਜ ਵਿਚ ਭਰਤੀ ਹੋ ਗਿਆ ਤਾਂ ਉਹ ਫੁੱਟ-ਫੁੱਟ ਕੇ ਰੋਇਆ ਸੀ। ਜਦੋਂ ਸਾਡੇ ਪਿੰਡ ਰਾਮ ਨਾਟਕ ਦੇ ਮੰਚਨ ਦੀ ਤਿਆਰੀ ਹੋ ਰਹੀ ਸੀ ਤਾਂ ਡਾਇਰੈਕਟਰ ਰਾਣਾ ਰਾਮ ਪ੍ਰਕਾਸ਼ ਦੁਆਰਾ ਲਿਆਂਦੇ ਉਰਦੂ ਵਿਚ ਲਿਖੇ ਰਾਮ ਨਾਟਕ ਨੂੰ ਹਿੰਦੀ ਵਿਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਲਾਲਾ ਚੇਤ ਰਾਮ ਨੇ ਲਈ।

ਦੁਨੀਆ ਇਕ ਰੰਗਮੰਚ ਹੈ। ਇੱਥੇ ਹਰ ਕੋਈ ਆਪਣੇ ਹਿੱਸੇ ਦਾ ਕਲਾਕਾਰ ਹੈ। ਹਰ ਇਕ ਨੇ ਆਪਣੀ ਭੂਮਿਕਾ ਨਿਭਾਅ ਕੇ ਮੰਚ ਤੋਂ ਲਾਂਭੇ ਹੋ ਜਾਣਾ ਹੈ। ਰੰਗਮੰਚ ਦੀ ਇਸ ਦੁਨੀਆ ਵਿਚ ਕਈ ਭੂਮਿਕਾਵਾਂ ਦਰਸ਼ਕਾਂ ਦੇ ਚੇਤਿਆਂ ਵਿਚ ਚਿਰਸਥਾਈ ਪ੍ਰਭਾਵ ਛੱਡ ਜਾਂਦੀਆ ਹਨ। ਅਜਿਹੇ ਹੀ ਪਾਤਰ ਨਾਲ ਪਾਠਕਾਂ ਦੀ ਵਾਕਫ਼ੀਅਤ ਕਰਵਾ ਰਿਹਾ ਹਾਂ।
ਲਾਲਾ ਚੇਤ ਰਾਮ ਦੀ ਭਾਵੇਂ ਸਾਡੇ ਪਿੰਡ ਵਿਚ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਰ ਉਹ ਸਿਰਫ਼ ਦੁਕਾਨਦਾਰ ਨਾ ਹੋ ਕੇ ਹਰਫ਼ਨਮੌਲਾ ਬੰਦਾ ਸੀ। ਜਿੱਥੇ ਉਹ ਗੰਭੀਰ ਮਸਲਿਆਂ ’ਤੇ ਗੰਭੀਰ ਹੋ ਜਾਂਦਾ ਸੀ, ਉੱਥੇ ਰੱਜ ਜੇ ਸ਼ੁਗਲੀ ਵੀ ਸੀ। ਜੇਕਰ ਲਾਲਾ ਚੇਤ ਰਾਮ ਦੀ ਗੰਭੀਰਤਾ ਦੀ ਗੱਲ ਕਰੀਏ ਦੂਜੇ ਪਿੰਡਾਂ ਤੱਕ ਦੇ ਲੋਕ ਉਸ ਕੋਲੋਂ ਅਕਸਰ ਸਲਾਹ ਲੈਣ ਆਉਂਦੇ ਹੁੰਦੇ ਸਨ। ਉਹ ਉਸ ਨੂੰ ਰਾਹਕਾਰ ਬੰਦਾ ਮੰਨਦੇ ਸਨ।
ਪਿੰਡ ਪੱਧਰ ’ਤੇ ਕਾਫ਼ੀ ਅਰਸਾ ਹਲਵਾਈ ਦਾ ਕੰਮ ਕੀਤਾ ਅਤੇ ਨਵੇਂ ਮੁੰਡੇ ਹਲਵਾਈ ਬਣਾਏ। ਜਦੋਂ ਉਸ ਨਾਲ ਸਹਾਇਕ ਹਲਵਾਈ ਵਜੋਂ ਕੰਮ ਕਰਦਾ ਅਜਮੇਰ ਫ਼ੌਜ ਵਿਚ ਭਰਤੀ ਹੋ ਗਿਆ ਤਾਂ ਉਹ ਫੁੱਟ-ਫੁੱਟ ਕੇ ਰੋਇਆ ਸੀ। ਜਦੋਂ ਸਾਡੇ ਪਿੰਡ ਰਾਮ ਨਾਟਕ ਦੇ ਮੰਚਨ ਦੀ ਤਿਆਰੀ ਹੋ ਰਹੀ ਸੀ ਤਾਂ ਡਾਇਰੈਕਟਰ ਰਾਣਾ ਰਾਮ ਪ੍ਰਕਾਸ਼ ਦੁਆਰਾ ਲਿਆਂਦੇ ਉਰਦੂ ਵਿਚ ਲਿਖੇ ਰਾਮ ਨਾਟਕ ਨੂੰ ਹਿੰਦੀ ਵਿਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਲਾਲਾ ਚੇਤ ਰਾਮ ਨੇ ਲਈ।
ਦਿੱਲੀ ਤੋਂ ਆਪਣੇ ਪਿੰਡ ਆ ਵਸੇ ਪੰਡਤ ਫ਼ਕੀਰ ਚੰਦ ਬੋਲਦੇ ਅਤੇ ਲਾਲਾ ਚੇਤ ਰਾਮ ਲਿਖਦੇ। ਲਾਲਾ ਜੀ ਉਰਦੂ ਦੇ ਨਾਲ-ਨਾਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਚੰਗੇ ਜਾਣੂ ਸਨ। ਲੰਡੇ ਭਾਵ ਮਹਾਜਨੀ ਲਿਪੀ ਵਿਚ ਵੀ ਉਨ੍ਹਾਂ ਦੀ ਮੁਹਾਰਤ ਸੀ। ਕਈ ਵਾਰ ਚੇਤ ਰਾਮ ਜੀ ਬੋਲਦੇ ਅਤੇ ਸੁੰਦਰ ਲਿਖਾਈ ਹੋਣ ਕਰਕੇ ਕੁਝ ਹਿੱਸਾ ਮੈਨੂੰ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ।
ਲਾਲਾ ਜੀ ਗੀਤਕਾਰ ਵੀ ਕਮਾਲ ਦੇ ਸਨ। ਉਨ੍ਹਾਂ ਨੇ ਕਈ ਭਜਨ ਵੀ ਲਿਖੇ। ਉਨ੍ਹਾਂ ਦਾ ਲਿਖਿਆ ਭਜਨ “ਅੰਦਰ ਵੜ ਕੇ ਪੌੜੀ ਚੜ੍ਹ ਕੇ ਤੂੰ ਨਜ਼ਾਰਾ ਵੇਖ ਲੈ, ਪ੍ਰਭੂ ਦਾ ਪਿਆਰਾ ਦੇਖ ਲੈ” ਕਈ ਸਾਲ ਰਾਮ ਲੀਲਾ ਵਿਚ ਸੁਣਦੇ ਰਹੇ। ਨਾਟਕ ਦੇ ਸੀਨ ਦੀ ਤਿਆਰੀ ਵਿਚ ਜੇਕਰ ਦੇਰੀ ਹੁੰਦੀ ਤਾਂ ਅਗਲੇ ਸਮੇਂ ਤੱਕ ਚੇਤ ਰਾਮ ਨੂੰ ਭਜਨ ਦੀ ਪੇਸ਼ਕਾਰੀ ਲਈ ਮੌਕਾ ਦਿੱਤਾ ਜਾਂਦਾ। ਇਹ ਉਹ ਸਮਾਂ ਸੀ ਜਦੋਂ ਦਰਸ਼ਕਾਂ ਦੀ ਵੱਡੀ ਭੀੜ ਜੁੜਦੀ ਹੁੰਦੀ ਸੀ।
ਆਰਤੀ ਤੋਂ ਲੈ ਕੇ ਆਖ਼ਰੀ ਸੀਨ ਤੱਕ ਦਰਸ਼ਕ ਹਿੱਲਣ ਦਾ ਨਾਂ ਤੱਕ ਨਹੀਂ ਸੀ ਲੈਂਦੇ ਹੁੰਦੇ। ਇਸ ਤੋਂ ਇਲਾਵਾ ਰਾਮ ਲੀਲਾ ਦੌਰਾਨ ਮੰਚ ’ਤੇ ਉਨ੍ਹਾਂ ਵਲੋਂ ਕੀਤੀ ਕਾਮੇਡੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੁਆ ਦਿੰਦੀ ਸੀ। ਜਿਵੇਂ ਅੱਜਕੱਲ੍ਹ ਨਵੇਂ ਜ਼ਮਾਨੇ ਦੀਆਂ ਵੱਡੀਆਂ ਦੁਕਾਨਾਂ ਦੀ ਇਕ ਛੱਤ ਹੇਠ ਸਭ ਕੁਝ ਮਿਲ ਜਾਂਦਾ ਹੈ , ਉਨ੍ਹਾਂ ਵੇਲਿਆਂ ਵਿਚ ਚੇਤ ਰਾਮ ਦੀ ਦੁਕਾਨ ਵੀ ਕੁਝ ਅਜਿਹੀ ਹੀ ਸੀ। ਉਸ ਨੂੰ ਜੋਤਿਸ਼ ਵਿੱਦਿਆ ਦੇ ਗ਼ੁਰ ਵੀ ਆਉਂਦੇ ਸਨ। ਲੋਕ ਇਕਾਦਸ਼ੀ, ਮੱਸਿਆ, ਗੰਡ-ਮੂਲ, ਗ੍ਰਹਿ-ਚਾਲ, ਚੰਗੇ-ਮਾੜੇ ਦਿਨ, ਨਵਾਂ ਪ੍ਰੋਗਰਾਮ ਉਲੀਕਣ, ਚੱਠ ਦੀ ਮਹੂਰਤ ਅਤੇ ਸਾਹਾ ਮੁਕੱਰਰ ਕਰਨ ਲਈ ਚੇਤ ਰਾਮ ਕੋਲ ਤੁਰੇ ਰਹਿੰਦੇ। ਚੇਤ ਰਾਮ ਠਰੰਮੇ ਵਾਲਾ ਬੰਦਾ ਸੀ। ਸ਼ਾਇਦ ਹੁਣ ਵਾਂਗ ਅਖੌਤੀ ਨੱਠ-ਦੌੜ ਦਾ ਦੌਰ ਹਾਲੇ ਸ਼ੁਰੂ ਨਹੀਂ ਸੀ ਹੋਇਆ। ਬਾਕੀ ਕੰਮਾਂ ਦੇ ਨਾਲ-ਨਾਲ ਉਹ ਕਿਸੇ ਨੂੰ ਖਾਲੀ ਨਹੀਂ ਸੀ ਮੋੜਦਾ।
ਹੱਟੀ ਤੋਂ ਸੌਦਾ-ਪੱਤਾ ਲੈਣ ਆਏ ਨਿਆਣਿਆਂ ਤੋਂ ਪ੍ਰਸ਼ਨ ਪੁੱਛ ਕੇ ਉਸ ਦਾ ਮੁਲਾਂਕਣ ਕਰਦਾ ਅਤੇ ਚੰਗੇ ਨਿਆਣਿਆਂ ਬਾਰੇ ਗੱਲਾਂ ਉਨ੍ਹਾਂ ਦੇ ਮਾਪਿਆਂ ਨੂੰ ਖ਼ੁਸ਼ ਹੋ ਕੇ ਦੱਸਦਾ। ਸਾਰੇ ਪਿੰਡ ਦੇ ਨਿਆਣਿਆਂ ਲਈ ਉਹ ਚੇਤੂ ਬਾਬਾ ਸੀ। ਸਿਆਣਿਆਂ ’ਚ ਸਿਆਣਾ, ਨਿਆਣਿਆਂ ’ਚ ਨਿਆਣਾ। ਮਾਹੌਲ ਮੁਤਾਬਕ ਢਲ਼ ਜਾਣ ਵਾਲਾ। ਪਿੰਡ ਦੇ ਕੇਂਦਰ ਵਿਚ ਚੇਤ ਰਾਮ ਦੀ ਦੁਕਾਨ ਨਾਲ ਛੋਟੀ ਜਿਹੀ ਮਾਰਕੀਟ ਵੀ ਆਪਣੀ ਸੀ, ਜਿਸ ਦੀ ਇਕ ਦੁਕਾਨ ਵਿਚ ਭੱਲਾ ਟੇਲਰ ਮਾਸਟਰ ਹੁੰਦਾ ਸੀ, ਜਿੱਥੇ ਬਾਅਦ ’ਚ ਉਨ੍ਹਾਂ ਦਾ ਸ਼ਾਗਿਰਦ ਰਾਮ ਪ੍ਰਕਾਸ਼ ਬੱਗੂ ਰਿਹਾ।
ਨਾਲ ਰਾਣਾ ਅਵਤਾਰ ਸਿੰਘ ਦੀ ਬਜਾਜੀ ਦੀ ਦੁਕਾਨ ਅਤੇ ਨਾਲ ਵਾਲੀ ਦੁਕਾਨ ਆਂਡਿਆਂ ਦੀ ਹੁੰਦੀ ਸੀ। ਇਕ ਹਿੱਸਾ ਖਾਲੀ ਸੀ ਜਿੱਥੇ ਭਾਂਡਿਆਂ ਵਗੈਰਾ ਦੀਆਂ ਹਫ਼ਤਾਵਾਰੀ ਜਾਂ ਦਿਨ-ਦਿਹਾਰ ਮੌਕੇ ਆਰਜ਼ੀ ਦੁਕਾਨਾਂ ਲਗਦੀਆਂ ਰਹਿੰਦੀਆਂ ਸਨ। ਮਾਰਕੀਟ ਦੀ ਛੋਟੀ ਜਿਹੀ ਗਲੀ ਵੱਲ ਦੇ ਖਾਲੀ ਵਿਹੜੇ ਵਿਚ ਸਾਰਾ ਦਿਨ ਤਾਸ਼ ਅਤੇ ਛਿਕੜੀ ਦੀਆਂ ਬਾਜ਼ੀਆਂ ਲਗਦੀਆਂ ਸਨ। ਖੇਡਦਿਆਂ ਨੂੰ ਦੇਖਣ ਵਾਲਿਆਂ ਵਿਚ ਵੀ ਪੂਰਾ ਜੋਸ਼ ਹੁੰਦਾ ਸੀ। ਕਈ ਸਾਲਾਂ ਬਾਅਦ ਇਸ ਮਾਰਕੀਟ ਦਾ ਨਵੀਨੀਕਰਨ ਕਰ ਕੇ ਸਭ ਕੁਝ ਇਕ ਛੱਤ ਹੇਠ ਕਰ ਲਿਆ।
ਲਾਲਾ ਜੀ ਦੀ ਦੁਕਾਨ ਮੂਹਰੇ ਲਿਖੀਆਂ ਸਤਰਾਂ “ ਅਰੇ ਭਾਈ ਕਿਧਰ ਜਾ ਰਹੇ ਹੋ, ਕਿਧਰ ਕਾ ਧਿਆਨ ਹੈ, ਯਹੀ ਤੋ ਅਜ਼ੀਜ਼ ਚੇਤ ਰਾਮ ਕੀ ਦੁਕਾਨ ਹੈ” ਪੁਰਾਣੇ ਬੰਦਿਆਂ ਨੂੰ ਅੱਜ ਵੀ ਯਾਦ ਹੋਣਗੀਆਂ। ਚੇਤ ਰਾਮ ਮਜ਼ਾਕੀਆ ਸੁਭਾਅ ਵਾਲਾ ਸੀ ਅਤੇ ਸ਼ਾਮ ਵਾਲੀ ਗਲਾਸੀ ਦਾ ਸ਼ੁਕੀਨ ਵੀ। ਉਸ ਤੋਂ ਵੀ ਵੱਧ ਲੋਕ ਉਸ ਦੀਆਂ ਗੱਲਾਂ ਦੇ ਮੁਰੀਦ ਸਨ। ਉਹ ਗੱਲਕਾਰ ਵੀ ਸਿਰੇ ਦਾ ਸੀ ਅਤੇ ਗੱਲਾਂ ਪਤਾ ਨਹੀਂ ਕਿੱਥੋਂ ਅਹੁੜਦੀਆਂ ਸਨ। ਇਕ ਵਾਰ ਉਸ ਨੇ ਗੱਲ ਸਾਂਝੀ ਕੀਤੀ, “ਭਰਾਵੋ ਮੈਂ ਦਾਰੂ ਨਹੀਂ ਛੱਡ ਸਕਦਾ, ਕੱਲ੍ਹ ਮੈਂ ਦਾਰੂ ਛੱਡਣ ਬਾਰੇ ਘਰ ਗੱਲ ਹੀ ਕੀਤੀ ਸੀ ਕਿ ਮੇਰੀ ਘਰਵਾਲ਼ੀ ਰੋਣ ਲਗ ਪਈ।
ਅਖੈ, ਅੱਜ ਤਾਂ ਤੂੰ ਦਾਰੂ ਛੱਡੀ, ਕੱਲ੍ਹ ਨੂੰ ਮੈਨੂੰ ਵੀ ਛੱਡ ਦਊਂਗਾ। ਸ਼ੁਗਲ ਵਾਲੀ ਗੱਲ ਦੀ ਉਸ ਦੀ ਪੇਸ਼ਕਾਰੀ ਹੀ ਨਿਵੇਕਲੀ ਸੀ। ਸਰੋਤਿਆਂ ਨੂੰ ਕੀਲ ਕੇ ਰੱਖ ਲੈਣ ਵਾਲੀ।
ਲਾਲਾ ਜੀ ਦਾ ਵੈਦ ਦੇ ਤੌਰ ’ਤੇ ਵੀ ਚੰਗਾ ਹੱਥ ਜਸ ਸੀ। ਉਨ੍ਹਾਂ ਕੋਲ ਅਜਿਹੇ ਦੇਸੀ ਨੁਸਖੇ ਸਨ ਜਿਨ੍ਹਾਂ ਦੇ ਦੂਰ-ਦੂਰ ਤੱਕ ਚਰਚੇ ਸਨ। ਇਹ ਨੁਸਖੇ ਉਨ੍ਹਾਂ ਨੂੰ ਜ਼ੁਬਾਨੀ ਯਾਦ ਸਨ ਅਤੇ ਕੁਝ ਲਿਖੇ ਹੋਏ ਵੀ ਸਨ। ਇਨ੍ਹਾਂ ਨੂੰ ਇਕ ਥਾਂ ਇਕੱਠੇ ਕਰਨ ਲਈ ਉਨ੍ਹਾਂ ਨੇ ਮੇਰੇ ਕੋਲੋਂ ਇਹ ਇਕ ਕਾਪੀ ਵਿਚ ਲਿਖਵਾਏ ਸਨ। ਇਹ ਕਾਪੀ ਅੱਜ ਵੀ ਉਨ੍ਹਾਂ ਦੇ ਪੁੱਤਰ ਅਨੂਪ ਨੂਪੀ ਕੋਲ ਮਹਿਫ਼ੂਜ਼ ਹੈ। ਜੜੀ–ਬੂਟੀਆਂ ਦਾ ਨਾਂ ਲਿਖੇ ਵਾਲੀਆਂ ਪੀਪੀਆਂ ਅੱਜ ਵੀ ਦੁਕਾਨ ਦੇ ਇਕ ਹਿੱਸੇ ਵਿਚ ਸੰਭਾਲੀਆਂ ਪਈਆਂ ਹਨ। ਕੋਈ ਐਸਾ ਵਿਸ਼ਾ ਨਹੀਂ ਸੀ ਜਿਸ ਦਾ ਚੇਤ ਰਾਮ ਨੂੰ ਗਿਆਨ ਨਾ ਹੋਵੇ।
ਉਹ ਪੜ੍ਹਦਾ ਵੀ ਸੀ, ਦੂਜਿਆਂ ਦੀਆਂ ਗੱਲਾਂ ਨੀਝ ਨਾਲ ਸੁਣਦਾ ਵੀ ਸੀ ਅਤੇ ਉਨ੍ਹਾਂ ਗੱਲਾਂ ਨੂੰ ਲੜੀ ਵਿਚ ਪ੍ਰੋਅ ਕੇ ਦੂਜਿਆਂ ਮੂਹਰੇ ਪੇਸ਼ ਕਰਨ ਦੀ ਕਲਾ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ।
ਲਾਲਾ ਚੇਤ ਰਾਮ ਨੇ ਬੰਬੇ ਵਿਚ 3-4 ਮਹੀਨੇ ਦੀ ਠਹਿਰ ਦੌਰਾਨ ਉਸ ਵੇਲੇ ਦੀਆਂ ਮਸ਼ਹੂਰ ਹੀਰੋਇਨਾਂ ਨੂੰ ਵੀ ਦੇਖਿਆ ਸੀ। ਇਸ ਬਾਬਤ ਉਨ੍ਹਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਸਨ। ਇਹ ਗੱਲਾਂ ਉਹ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਸੁਣਾਉਂਦੇ ਰਹੇ। ਪੇਸ਼ਕਾਰੀ ਦਾ ਗੁਰ ਹੋਣ ਕਰਕੇ ਉਹ ਸਰੋਤਿਆਂ ਨੂੰ ਕੀਲ ਕੇ ਰੱਖਣ ਦੀ ਸਮਰੱਥਾ ਰੱਖਦੇ ਸਨ। ਉਹ ਇੱਕੋ ਸਮੇਂ ਦੁਕਾਨਦਾਰ, ਹਲਵਾਈ, ਗੀਤਕਾਰ, ਗਵੱਈਆ, ਸਟੇਜੀ ਕਲਾਕਾਰ, ਪਾਠਕ, ਜੋਤਿਸ਼ੀ, ਵੈਦ, ਸਲਾਹਕਾਰ, ਅਨੁਵਾਦਕ ਅਤੇ ਇਸ ਤੋਂ ਵੱਧ ਸਾਰਿਆਂ ਦਾ ਸਾਂਝਾ ਚੰਗਾ ਸਮਾਜੀ ਬੰਦਾ ਸੀ। ਜ਼ਿੰਦਗੀ ਦੇ ਨੌਵੇਂ ਦਹਾਕੇ ਵਿਚ ਭਾਵੇਂ ਉਹ ਉੱਪਰਲਿਆਂ ’ਚ ਜਾ ਰਲ਼ਿਆ ਹੈ ਪਰ ਹਰਫ਼ਨ-ਮੌਲਾ ਚੇਤ ਰਾਮ ਲੋਕਾਂ ਦੇ ਚੇਤਿਆਂ ਵਿਚ ਅੱਜ ਵੀ ਵਸਿਆ ਹੋਇਆ ਹੈ।
ਅਮਰੀਕ ਸਿੰਘ ਦਿਆਲ
-ਮੋਬਾਈਲ : 94638-51568