ਮੁੱਖ ਮੰਤਰੀ ਯੁਮਨਾਮ ਖੇਮਚੰਦ ਸਿੰਘ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਦੇ ਕਈ ਦਿਨਾਂ ਬਾਅਦ ਵੀ ਉੱਤਰ-ਪੂਰਬੀ ਰਾਜ ਮਨੀਪੁਰ ਵਿਚ ਨਸਲੀ ਹਿੰਸਾ ਤੇ ਸਾੜ-ਫੂਕ ਜਾਰੀ ਹੈ। ਮਨੀਪੁਰ ਦੇ ਨਾਗਾ ਬਹੁ-ਗਿਣਤੀ ਇਲਾਕੇ ਉਖਰੂਲ ਜ਼ਿਲ੍ਹੇ ਦੇ ਇਕ ਸਕੂਲ ਵਿੱਚੋਂ ਪੁਲਿਸ ਨੇ ਲਗਪਗ 51 ਕੁਕੀ ਵਿਦਿਆਰਥੀਆਂ ਨੂੰ ਦੋ ਭਾਈਚਾਰਿਆਂ ਵਿਚਾਲੇ ਝੜਪ ਤੋਂ ਬਾਅਦ ਅਹਿਤਿਆਤ ਦੇ ਤੌਰ ’ਤੇ ਕੱਢਿਆ ਹੈ। ਉਖਰੂਲ ’ਚ ਤੰਗਖੁਲ ਨਾਗਾ ਜਨਜਾਤੀ ਅਤੇ ਕੁਕੀ ਲੋਕਾਂ ਦਰਮਿਆਨ ਇਕ ਹਫ਼ਤੇ ਤੋਂ ਤਣਾਅ ਚੱਲ ਰਿਹਾ ਹੈ। ਉਖਰਾਲੂ ਜ਼ਿਲ੍ਹੇ ਦੇ ਲਿਟਨ ਸਾਰੇਖੌਂਗ ਇਲਾਕੇ ਵਿਚ ਝੜਪ ਦੌਰਾਨ 30 ਕੁ ਘਰ ਸਾੜ ਦਿੱਤੇ ਗਏ ਸਨ।

-ਮੁਖ਼ਤਾਰ ਗਿੱਲ
ਮੁੱਖ ਮੰਤਰੀ ਯੁਮਨਾਮ ਖੇਮਚੰਦ ਸਿੰਘ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਦੇ ਕਈ ਦਿਨਾਂ ਬਾਅਦ ਵੀ ਉੱਤਰ-ਪੂਰਬੀ ਰਾਜ ਮਨੀਪੁਰ ਵਿਚ ਨਸਲੀ ਹਿੰਸਾ ਤੇ ਸਾੜ-ਫੂਕ ਜਾਰੀ ਹੈ। ਮਨੀਪੁਰ ਦੇ ਨਾਗਾ ਬਹੁ-ਗਿਣਤੀ ਇਲਾਕੇ ਉਖਰੂਲ ਜ਼ਿਲ੍ਹੇ ਦੇ ਇਕ ਸਕੂਲ ਵਿੱਚੋਂ ਪੁਲਿਸ ਨੇ ਲਗਪਗ 51 ਕੁਕੀ ਵਿਦਿਆਰਥੀਆਂ ਨੂੰ ਦੋ ਭਾਈਚਾਰਿਆਂ ਵਿਚਾਲੇ ਝੜਪ ਤੋਂ ਬਾਅਦ ਅਹਿਤਿਆਤ ਦੇ ਤੌਰ ’ਤੇ ਕੱਢਿਆ ਹੈ। ਉਖਰੂਲ ’ਚ ਤੰਗਖੁਲ ਨਾਗਾ ਜਨਜਾਤੀ ਅਤੇ ਕੁਕੀ ਲੋਕਾਂ ਦਰਮਿਆਨ ਇਕ ਹਫ਼ਤੇ ਤੋਂ ਤਣਾਅ ਚੱਲ ਰਿਹਾ ਹੈ। ਉਖਰਾਲੂ ਜ਼ਿਲ੍ਹੇ ਦੇ ਲਿਟਨ ਸਾਰੇਖੌਂਗ ਇਲਾਕੇ ਵਿਚ ਝੜਪ ਦੌਰਾਨ 30 ਕੁ ਘਰ ਸਾੜ ਦਿੱਤੇ ਗਏ ਸਨ। ਉਖਰੂਲ ਜ਼ਿਲ੍ਹਾ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਉਖਰੂਲ ਦੇ ਜਵਾਹਰ ਨਵੋਦਿਆ ਵਿਦਿਆਲਾ ਰਾਮਵਾ ਦੇ 51 ਵਿਦਿਆਰਥੀਆਂ ਨੂੰ ਬਚਾ ਕੇ ਕਾਂਗਪੋਕਪੀ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਾ ਭੇਜਣ ਲਈ ਸੈਕੂਲ ਥਾਣੇ ਦੀ ਪੁਲਿਸ ਪਾਰਟੀ ਦੇ ਸਪੁਰਦ ਕੀਤਾ ਗਿਆ। ਇਕੱਤੀ ਵਿਦਿਆਰਥੀਆਂ ਅਤੇ 20 ਵਿਦਿਆਰਥਣਾਂ ਨੂੰ ਕੁਕੀ ਬਹੁ-ਗਿਣਤੀ ਜ਼ਿਲ੍ਹੇ ਕਾਂਗਪੋਕਪੀ ਭੇਜਿਆ ਗਿਆ ਹੈ।
ਇਸੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯੁਮਨਾਮ ਖੇਮਚੰਦ ਸਿੰਘ ਨੇ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ। ਦੋ ਵਾਰ ਦੇ ਵਿਧਾਇਕ ਰਹੇ ਅਤੇ 62 ਸਾਲਾ ਮੈਤੇਈ ਆਗੂ ਨੂੰ ਮਨੀਪੁਰ ਦੀ ਰਾਜਧਾਨੀ ਇੰਫਾਲ ਸਥਿਤ ‘ਲੋਕ ਭਵਨ’ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਰਾਜਪਾਲ ਅਜੈ ਕੁਮਾਰ ਭੱਲਾ ਨੇ ਸਹੁੰ ਚੁਕਾਈ। ਨਗਾ ਪੀਪਲਜ਼ ਫਰੰਟ ਦੇ ਵਿਧਾਇਕ ਐੱਲ ਦਿਖੋ ਅਤੇ ਕੁਕੀ ਭਾਈਚਾਰੇ ਦੀ ਭਾਜਪਾ ਵਿਧਾਇਕ ਨੇਮਚਾ ਕਿਪਗੇਨ ਨੇ ਬਤੌਰ ਉਪ ਮੁੱਖ ਮੰਤਰੀ ਸਹੁੰ ਚੁੱਕੀ। ਕੁਕੀ-ਜੋ ਕਾਊਂਸਲ ਨੇ ਨਵੀਂ ਸਰਕਾਰ ਤੋਂ ਦੂਰੀ ਬਣਾ ਲਈ ਹੈ ਅਤੇ ਸਰਕਾਰ ’ਚ ਸ਼ਾਮਲ ਹੋਣ ਵਾਲਿਆਂ ਨੂੰ ਗ਼ਦਾਰ ਕਿਹਾ ਹੈ। ਸਿੰਘ ਦੇ ਸਹੁੰ ਚੁੱਕਣ ਤੋਂ ਅਗਲੇ ਦਿਨ ਦੋਵਾਂ ਭਾਈਚਾਰਿਆਂ ਦਰਮਿਆਨ ਨਸਲੀ ਹਿੰਸਾ ਮੁੜ ਸ਼ੁਰੂ ਹੋ ਗਈ। ਮਨੀਪੁਰ ਦੇ ਕੁਕੀ ਬਹੁ-ਗਿਣਤੀ ਵਾਲੇ ਜ਼ਿਲ੍ਹੇ ਚੁਰਾਚਾਂਦਪੁਰ ’ਚ ਮੁਜ਼ਾਹਰਾਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀ ਭਾਈਚਾਰੇ ਦੀ ਵਿਧਾਇਕਾ ਅਤੇ ਉਪ ਮੁੱਖ ਮੰਤਰੀ ਨੇਮਚਾ ਕਿਪਗੇਨ ਦਾ ਵਿਰੋਧ ਕਰ ਰਹੇ ਸਨ। ਚੁਰਾਚਾਂਦਪੁਰ ਬੰਦ ਰਹਿਣ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ। ਤੀਜੇ ਦਿਨ ਮਨੀਪੁਰ ਦੇ ਉਖਰੂਲ ’ਚ ਹਿੰਸਾ ਭੜਕੀ, ਕਈ ਘਰ ਸਾੜੇ ਗਏ। ਤੰਗਖੁਲ ਨਾਗਾ ਤੇ ਕੁਕੀ ਭਾਈਚਾਰੇ ਵਿਚਾਲੇ ਪੱਥਰਬਾਜ਼ੀ ਹੋਈ। ਮੁੱਖ ਮੰਤਰੀ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਮੰਗਲਵਾਰ ਨੂੰ ਮੁੜ ਮਨੀਪੁਰ ਵਿਚ ਹਿੰਸਾ ਭੜਕੀ। ਤਾਂਗਖੁਲ ਨਾਗਾ ਭਾਈਚਾਰੇ ਦੇ ਮੈਂਬਰ ’ਤੇ ਹਮਲੇ ਤੋਂ ਬਾਅਦ ਤਣਾਅ ਵਧਿਆ। ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਕਾਂਗਰਸ ਦੇ ਸੰਸਦ ਮੈਂਬਰ ਅੰਗੋਮਚਾ ਬਿਮੋਲ ਅਕੋਇਜ਼ਮ ਨੇ ‘ਝੜਪਾਂ ਨੂੰ ਮੰਦਭਾਗਾ ਕਰਾਰ ਦਿੱਤਾ’। ਉਨ੍ਹਾਂ ਕਿਹਾ, ‘ਸਰਕਾਰ ਯਕੀਨੀ ਬਣਾਵੇ ਕਿ ਮੁੜ ਹਿੰਸਾ ਨਾ ਹੋਵੇ’। ਸੂਬੇ ਵਿੱਚੋਂ ਰਾਸ਼ਟਰਪਤੀ ਸ਼ਾਸਨ ਹਟਾਏ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਅਸ਼ਾਂਤ ਹਾਲਾਤ ਕਾਰਨ ਫਰਵਰੀ 2025 ਵਿਚ ਸਾਬਕਾ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮਨੀਪੁਰ ਪਿਛਲੇ ਸਾਲ ਫਰਵਰੀ ਤੋਂ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੁਆਰਾ ਦਸਤਖ਼ਤ ਕੀਤੇ ਗਏ ਨੋਟੀਫਿਕੇਸ਼ਨ ਸਦਕਾ ਨਵੀਂ ਸਰਕਾਰ ਦੇ ਗਠਨ ਨਾਲ ਰਾਜ ਵਿਚ ਮੁੜ ਲੋਕਤੰਤਰੀ ਪ੍ਰਕਿਰਿਆ ਬਹਾਲ ਹੋ ਗਈ।
ਤਿੰਨ ਮਈ 2023 ਤੋਂ ਸ਼ੁਰੂ ਹੋਈ ਮੈਤੇਈ-ਕੁਕੀ ਹਿੰਸਾ ਨੇ ਰਾਜ ਨੂੰ ਦੋ ਫ਼ਿਰਕਿਆਂ ਵਿਚ ਵੰਡ ਦਿੱਤਾ ਹੈ। ਅਸਲ ਵਿਚ ਮੈਤੇਈ ਭਾਈਚਾਰੇ ਨੂੰ ਜਨਜਾਤੀ ਦਾ ਦਰਜਾ ਦੇਣ ਵਿਰੁੱਧ ਦੋਵਾਂ ਫ਼ਿਰਕਿਆਂ ਵਿਚਾਲੇ ਨਸਲੀ ਹਿੰਸਾ ਦੀ ਸ਼ੁਰੂਆਤ ਹੋਈ ਸੀ। ਇਸ ਹਿੰਸਾ ਵਿਚ 260 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 50 ਹਜ਼ਾਰ ਤੋਂ ਜ਼ਿਆਦਾ ਰਾਹਤ ਕੈਂਪਾਂ ਵਿਚ ਗੁਜ਼ਰ-ਬਸਰ ਕਰ ਰਹੇ ਹਨ। ਕੁਕੀ-ਜੋ ਅਤੇ ਮੈਤੇਈ ਭਾਈਚਾਰਿਆਂ ਵਿਚਾਲੇ ਚੱਲ ਰਹੇ ਟਕਰਾਅ ਕਰਕੇ ਮਨੀਪੁਰ ਨੂੰ ਅਸ਼ਾਂਤ ਹੋਏ ਨੂੰ ਢਾਈ ਸਾਲ ਦੇ ਕਰੀਬ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇੰਫਾਲ ਵੈਲੀ ਤੋਂ ਮਿਆਂਮਾਰ ਬਾਰਡਰ ਵਾਲੇ ਮੋਰੇਹ ਟਾਊਨ ਤੱਕ ਕਿਧਰੇ ਵੀ ਹਾਲਾਤ ਆਮ ਵਰਗੇ ਨਹੀਂ ਹਨ। ਇੱਥੇ ਇਕ ਸਾਲ ਤੱਕ ਰਾਸ਼ਟਰਪਤੀ ਸਾਸ਼ਨ ਵੀ ਰਿਹਾ ਪਰ ਅੱਜ ਵੀ ਉੱਥੋਂ ਦੀ ਸਥਿਤੀ ਇਹ ਹੈ ਕਿ 16 ਵਿੱਚੋਂ 8 ਜ਼ਿਲਿ੍ਹਆਂ ਵਿਚ ਜ਼ਿਆਦਾ ਗੜਬੜ ਹੈ। ਕੁਕੀ-ਮੈਤੇਈ ਫ਼ਿਰਕਿਆਂ ਨਾਲ ਜੁੜੇ ਹਥਿਆਰਬੰਦ ਗਿਰੋਹ ਹਨ ਜਿਨ੍ਹਾਂ ਦੇ ਖ਼ੌਫ਼ ਦੇ ਚੱਲਦਿਆਂ ਵਪਾਰ, ਬਾਜ਼ਾਰ, ਪੈਟਰੋਲ ਪੰਪ ਬੰਦ ਹਨ। ਅੱਤਵਾਦੀ ਸੰਗਠਨ ਜੀ-5 ਨੇ ਪੈਟਰੋਲ ਪੰਪ ਬੰਬ ਨਾਲ ਉਡਾ ਦਿੱਤਾ ਸੀ। ਪੈਟਰੋਲ ਪੰਪਾਂ ਦੇ ਬਾਹਰ ਪੈਟਰੋਲ ਵਿਕਦਾ ਹੈ। ਅੱਤਵਾਦੀ ਸੰਗਠਨ ਬੇਖ਼ੌਫ਼ ਹੋ ਕੇ ਰੰਗਦਾਰੀ ਵਸੂਲ ਰਹੇ ਹਨ। ਗੈਸ ਸਿਲੰਡਰ ਦੋ ਹਜ਼ਾਰ ਰੁਪਏ ਨੂੰ ਮਿਲਦਾ ਹੈ। ਕੁਕੀ, ਮੈਤੇਈ ਤੇ ਨਗਾ ਆਦਿ ਫ਼ਿਰਕਿਆਂ ਦੇ ਨੌਜਵਾਨ ਅਸਾਮ, ਮੁੰਬਈ, ਦਿੱਲੀ ਤੇ ਕੋਲਕਾਤਾ ਪਲਾਇਨ ਕਰ ਰਹੇ ਹਨ। ਕੇਂਦਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਮਿਆਂਮਾਰ ਬਾਰਡਰ ਤੱਕ ਇਹ ਦਿ੍ਰਸ਼ ਦੇਖਣ ਨੂੰ ਆਮ ਮਿਲ ਜਾਣਗੇ।
ਰਾਜ ਦੇ ਪ੍ਰਮੁੱਖ ਵਪਾਰਕ ਖੇਤਰ ਥਾਂਗਲ ਅਤੇ ਪਾਉਨਾ ਬਾਜ਼ਾਰ, ਦੋਵਾਂ ਵਿਚ 60-65 ਫ਼ੀਸਦ ਹੀ ਵਪਾਰ ਹੋ ਰਿਹਾ ਹੈ। ਮਨੀਪੁਰ ਐੱਫਐੱਮਸੀਜੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਿਜੈ ਪਾਟਨੀ ਕਹਿੰਦੇ ਹਨ ਕਿ ਕੁਕੀ ਇਲਾਕੇ ਚੁਰਾਚਾਂਦਪੁਰ, ਚੰਦੇਲ, ਕਾਂਗਪੋਕਪੀ ਜ਼ਿਲਿ੍ਹਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ 30-37 ਫ਼ੀਸਦੀ ਕਾਰੋਬਾਰ ਹੁੰਦਾ ਸੀ ਜੋ ਹੁਣ ਲਗਪਗ ਬੰਦ ਹੈ। ਮਨੀਪੁਰ ਵਿਚ ਕੋਈ ਫੈਕਟਰੀ ਜਾਂ ਮੈਨੂਫੈਕਚਰਿੰਗ ਯੂਨਿਟ ਨਹੀਂ ਹੈ। ਇੱਥੇ ਸਿਰਫ ਟਰੇਡਿੰਗ ਹੁੰਦੀ ਹੈ। ਹਿੰਸਾ ਕਰਕੇ ਕਾਰੋਬਾਰ ਬਿਲਕੁਲ ਤਬਾਹ ਹੋ ਗਿਆ ਹੈ। ਇਕ ਵਪਾਰੀ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਹਰ ਸੈਕਟਰ ਦੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਰੰਗਦਾਰੀ (ਫਿਰੌਤੀ) ਮੰਗ ਰਹੇ ਹਨ। ਚੁਰਾਚਾਂਦਪੁਰ ਮਾਰਕੀਟ ਸ਼ਾਮ 6 ਵਜੇ ਤੋਂ ਬਾਅਦ ਬੰਦ ਹੋ ਜਾਂਦੀ ਹੈ।
ਮਨੀਪੁਰ ਦੀ ਰਾਜਧਾਨੀ ਇੰਫਾਲ ’ਚ ਹਜ਼ਾਰਾਂ ਲੋਕਾਂ ਨੇ ਬੀਤੇ ਦਿਨੀਂ ਰੈਲੀ ਕਰ ਕੇ ਆਪਣੇ ਇਸ ਰੁਖ਼ ਦੀ ਪੁਸ਼ਟੀ ਕੀਤੀ ਕਿ ਸੂਬੇ ਦੀ ਖੇਤਰੀ ਤੇ ਪ੍ਰਸ਼ਾਸਨਿਕ ਅਖੰਡਤਾ ਨੂੰ ਕਿਸੇ ਵੀ ਕੀਮਤ ’ਤੇ ਵੰਡਿਆ ਨਹੀਂ ਜਾ ਸਕਦਾ। ਮੈਤੇਈ ਸਿਵਲ ਸੁਸਾਇਟੀ ਜਥੇਬੰਦੀਆਂ ਦੀ ਸੰਸਥਾ ਮਨੀਪੁਰ ਅਖੰਡਤਾ ਤਾਲਮੇਲ ਕਮੇਟੀ ਨੇ ‘ਮਨੀਪੁਰ ਬਚਾਓ’ ਰੈਲੀ ਕੱਢੀ। ਉੱਤਰ-ਪੂਰਬੀ ਸੂਬੇ ਹਿੰਸਾ ਤੋਂ ਬਾਅਦ ਕੁਕੀ ਭਾਈਚਾਰਾ ਵੱਖਰੇ ਪ੍ਰਸ਼ਾਸਕੀ ਪ੍ਰਬੰਧ ਦੀ ਮੰਗ ਕਰ ਰਿਹਾ ਹੈ। ਚੁਰਾਚਾਂਦਪੁਰ ਜ਼ਿਲ੍ਹੇ ’ਚ ਵੱਡੀ ਗਿਣਤੀ ਵਿਚ ਔਰਤਾਂ ਨੇ ਕਥਿਤ ਤੌਰ ’ਤੇ ਜਿਨਸੀ ਹਿੰਸਾ ਤੇ ਕਤਲ ਦੀਆਂ ਸ਼ਿਕਾਰ ਹੋਈਆਂ ਕੁਕੀ-ਜ਼ੋਮੀ ਔਰਤਾਂ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਔਰਤਾਂ ਨੇ ਇਹ ਧਰਨਾ ਇਕ ਕੁਕੀ ਔਰਤ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਦਿੱਤਾ ਹੈ ਜੋ ਮਈ 2023 ਵਿਚ ਹੋਈ ਨਸਲੀ ਹਿੰਸਾ ਦੌਰਾਨ ਕਥਿਤ ਤੌਰ ’ਤੇ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਸੀ। ਉਦੋਂ ਤੋਂ ਹੀ ਉਹ ਸਦਮੇ ’ਚ ਸੀ। ਮਨੁੱਖੀ ਅਧਿਕਾਰਾਂ ਦੀ ਸੰਸਥਾ ਨੇ ਮੰਗ ਕੀਤੀ ਹੈ ਕਿ ਬਲਾਤਕਾਰ ਤੇ ਕਤਲ ਵਿਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਜ਼ਾ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨੂੰ ਭੇਜੇ ਮੰਗ ਪੱਤਰ ਅਨੁਸਾਰ ਮਈ 2023 ਤੋਂ ਨਵੰਬਰ 2024 ਦਰਮਿਅਨ ਘਟੋ-ਘੱਟ 20 ਕੁਕੀ-ਜ਼ੋ ਔਰਤਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ।
ਖ਼ਬਰਾਂ ਮੁਤਾਬਕ ਕਾਕਚਿੰਗ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਸ਼ਾਦੀ ਚੁਰਾਚਾਂਦਪੁਰ ਦੇ ਕੁਕੀ ਜਨਜਾਤੀ ਦੀ ਲੜਕੀ ਨਾਲ ਹੋਈ ਸੀ। ਸਥਾਨਕ ਸਮੂਹਾਂ ਨੇ ਨੌਜਵਾਨ ਨੂੰ ਪਤਨੀ ਨਾਲ ਰਹਿਣ ਦੀ ਆਗਿਆ ਦੇ ਦਿੱਤੀ ਸੀ। ਚੁਰਾਚਾਂਦਪੁਰ ਜ਼ਿਲ੍ਹੇ ਦੇ ਸ਼ੱਕੀ ਕੁਕੀ ਅੱਤਵਾਦੀਆਂ ਵੱਲੋਂ ਮੈਤੇਈ ਭਾਈਚਾਰੇ ਦੇ ਰਿਸ਼ੀਕਾਂਤ ਸਿੰਘ ਨੂੰ ਤੂਈਥੋਂਗ ਇਲਾਕੇ ਤੋਂ ਉਸ ਦੇ ਘਰੋਂ ਅਗਵਾ ਕਰ ਕੇ ਨਾਟਜੰਗ ਪਿੰਡ ਕੋਲ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖ਼ਬਰ ਫੈਲਣ ਮਗਰੋਂ ਲੋਕਾਂ ਨੇ ਸੜਕਾਂ ’ਤੇ ਟਾਇਰ ਸਾੜ ਕੇ ਆਵਾਜਾਈ ਰੋਕ ਦਿੱਤੀ ਤੇ ਧਰਨਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਕੁਕੀ ਮਿਲੀਟੈਂਟਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਮਨੀਪੁਰ ਦੀਆਂ ਔਰਤਾਂ ਇਨਸਾਫ਼ ਲਈ ਸੜਕਾਂ ’ਤੇ ਉਤਰ ਆਈਆਂ ਅਤੇ ਮੈਤੇਈ ਮਹਿਲਾਵਾਂ ਨੇ ਸਰਕਾਰ ਨੂੰ 72 ਘੰਟੇ ਦਾ ਅਲਟੀਮੇਟਮ ਦਿੱਤਾ। ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਕੰਜਮ ਖਾਂਗੇਂਦਰਾ ਨੇ ਕਿਹਾ, ‘ਉਹ ਤਿੰਨ ਦਿਨ ਸਰਕਾਰ ਦੇ ਕਦਮ ਦਾ ਇੰਤਜ਼ਾਰ ਕਰਨਗੇ। ਮਗਰੋਂ ਕਮਿਸ਼ਨ ਅਗਲੀ ਰਣਨੀਤੀ ਤੈਅ ਕਰੇਗਾ।’ ਮਨੀਪੁਰ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਉਸ ਵਾਇਰਲ ਵੀਡੀਓ ਨੂੰ ਬਲਾਕ ਕਰਨ ਲਈ ਕਿਹਾ ਹੈ ਜਿਸ ’ਚ ਚੁਰਚਾਂਦਪੁਰ ਜ਼ਿਲ੍ਹੇ ਵਿਚ ਇਕ ਨੌਜਵਾਨ ਦੀ ਹੱਤਿਆ ਹੁੰਦੀ ਵਿਖਾਈ ਗਈ ਹੈ। ਜਸਟਿਸ ਏ. ਗਣੇਸ਼ਵਰ ਸ਼ਰਮਾ ਦੇ ਸਿੰਗਲ ਬੈਂਚ ਨੇ ਕਿਹਾ ਕਿ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਿਹਾ ਹੈ ਜੋ ਸਥਿਤੀ ਨੂੰ ਵਿਗਾੜ ਸਕਦਾ ਹੈ। ਕੁਝ ਅੱਤਵਾਦੀ ਸੰਗਠਨਾਂ ਨੇ ਇਹ ਘਟਨਾ ਆਪਣੀ ਮੌਜੂਦਗੀ ਦੱਸਣ ਲਈ ਕੀਤੀ ਹੈ।
ਸਾਫ਼ ਹੈ ਕਿ ਕਾਫ਼ੀ ਜਦੋਜਹਿਦ ਤੋਂ ਬਾਅਦ ਰਾਜ ਵਿਚ ਜੋ ਹਾਲਾਤ ਕਾਬੂ ਹੇਠ ਆਉਂਦੇ ਦਿਸ ਰਹੇ ਸਨ, ਉਨ੍ਹਾਂ ਦੇ ਵਿਗੜਨ ਦੀ ਸਥਿਤੀ ਫਿਰ ਬਣ ਰਹੀ ਹੈ। ਕੁਕੀ ਤੇ ਮੈਤੇਈ ਭਾਈਚਾਰੇ ਵਿਚਾਲੇ ਸ਼ਾਦੀ ਦੀ ਇਹ ਪਹਿਲ ਭਾਈਚਾਰਕ ਪੱਧਰ ’ਤੇ ਵੀ ਸਦਭਾਵਨਾ ਦੀ ਵਾਪਸੀ ਦੀ ਕੜੀ ਬਣ ਸਕਦੀ ਸੀ। ਇਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਵਿਚਾਲੇ ਸਹਿਮਤੀ ਆਧਾਰਤ ਹੱਲ ਦੇ ਰਾਹ ਦੀ ਤਲਾਸ਼ ਕਰਨ ’ਚ ਮਦਦ ਮਿਲ ਸਕਦੀ ਸੀ। ਖ਼ੈਰ! ਮੈਤੇਈ ਤੇ ਕੁਕੀ ਭਾਈਚਾਰੇ ਵਿਚਾਲੇ ਸੰਵਾਦ ਸੰਭਵ ਬਣਾਉਣਾ ਨਵੀਂ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਨਵੇਂ ਮੁੱਖ ਮੰਤਰੀ ਸਾਹਮਣੇ ਅਨੇਕ ਚੁਣੌਤੀਆਂ ਹਨ, ਖ਼ਾਸ ਕਰਕੇ ਸੂਬੇ ਅੰਦਰ ਸ਼ਾਂਤੀ ਬਹਾਲੀ ਅਤੇ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਸੰਵਾਦ ਰਚਾ ਕੇ ਦੂਰੀ ਮਿਟਾ ਕੇ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਅਤੇ ਨਸਲੀ ਹਿੰਸਾ ਨੂੰ ਰੋਕਣਾ ਹੋਵੇਗਾ।
-ਸੰਪਰਕ : 98140-82217