ਵਿਦੇਸ਼ਾਂ ਵਿਚ ਭਾਰਤੀਆਂ ਨਾਲ ਘਿਨੌਣਾ ਵਰਤਾਅ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੇਸ਼ੋਂ ਕੱਢਣ ਦਾ ਡਰਾਵਾ ਦੇ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਫਿਰ ਵੀ ਪਰਵਾਸੀ ਭਾਰਤੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਅਤੇ ਉਹ ਵੱਡੀ ਗਿਣਤੀ ’ਚ ਮੌਤ ਦੇ ਮੂੰਹ ’ਚ ਜਾ ਰਹੇ ਹਨ।

ਪਰਵਾਸੀ ਭਾਰਤੀਆਂ ਦੇ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਰਹਿਣ ’ਤੇ ਦਿਨ-ਬ-ਦਿਨ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ’ਤੇ ਵਿਦੇਸ਼ਾਂ ’ਚੋਂ ਕੱਢਣ ਦੀ ਤਲਵਾਰ ਲਟਕ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਟੈਰਿਫ ਤਣਾਅ ਵਿਚਾਲੇ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ ਜੋ ਉੱਥੋਂ ਦਾ ਵੀਜ਼ਾ ਹਾਸਲ ਕਰਨ ਦੀ ਦੌੜ ਵਿਚ ਹਨ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ 2025 ਵਿਚ ਲਗਪਗ 74 ਫ਼ੀਸਦੀ ਭਾਰਤੀਆਂ ਦੀਆਂ ਅਰਜ਼ੀਆਂ ਅਸਵੀਕਾਰ ਕਰ ਦਿੱਤੀਆਂ ਗਈਆਂ ਹਨ। ਜਦਕਿ ਦੋ ਸਾਲ ਪਹਿਲਾਂ ਅਗਸਤ 2023 ਵਿਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕਰਨ ਦਾ ਅੰਕੜਾ 32 ਫ਼ੀਸਦੀ ਸੀ। ਅਮਰੀਕਾ ਵਿਚ ਲੱਖਾਂ ਭਾਰਤੀਆਂ ਦੀ ਨੌਕਰੀ ਨੂੰ ਖ਼ਤਰਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਵਰਕ ਪਰਮਿਟ ਦੇ ਨਿਯਮ ਬਦਲ ਦਿੱਤੇ ਹਨ। ਐੱਚ-1ਬੀ ਵੀਜ਼ੇ ਲਈ ਫੀਸ ’ਚ ਭਾਰੀ ਵਾਧਾ ਕਰ ਦਿੱਤਾ ਹੈ। ਸੰਨ 2022 ਤੱਕ ਅਮਰੀਕਾ ’ਚ ਲਗਪਗ 80 ਲੱਖ ਭਾਰਤੀ ਰਹਿੰਦੇ ਸਨ ਜਿਨ੍ਹਾਂ ’ਚ 66 ਫ਼ੀਸਦੀ ਭਾਰਤੀ ਪਰਵਾਸੀ ਹਨ ਜਦਕਿ 34 ਫ਼ੀਸਦੀ ਅਮਰੀਕਾ ’ਚ ਜਨਮੇ ਹਨ। ਇਸੇ ਤਰ੍ਹਾਂ ਕੈਲੇਫੋਰਨੀਆ ਸਰਕਾਰ ਪਰਵਾਸੀਆਂ ਨੂੰ ਦਿੱਤੇ ਗਏ 17 ਹਜ਼ਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਡਰਾਈਵਰਾਂ ਨੂੰ ਅਮਰੀਕਾ ’ਚ ਕਾਨੂੰਨੀ ਢੰਗ ਨਾਲ ਰਹਿਣ ਦੀ ਇਜਾਜ਼ਤ ਮਿਲਣ ਮਗਰੋਂ ਉਨ੍ਹਾਂ ਦੀ ਸਮਾਪਤੀ ਦੀ ਤਰੀਕ ਲੰਘ ਚੁੱਕੀ ਹੈ। ਅਮਰੀਕਾ ਵਿਚ ਟਰੰਪ ਸਰਕਾਰ ਨੇ 1 ਲੱਖ ਪਰਵਾਸੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਜਿਨ੍ਹਾਂ ਵਿਚ 8000 ਵਿਦਿਆਰਥੀ ਹਨ ਅਤੇ ਇਹ ਪਿਛਲੇ ਸਾਲ ਨਾਲੋਂ ਰੱਦ ਕੀਤੇ ਵੀਜ਼ਿਆਂ ਤੋਂ ਦੁੱਗਣਾ ਅੰਕੜਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 12 ਸਤੰਬਰ 2025 ਨੂੰ ਸੰਸਦ ਨੂੰ ਸੂਚਿਤ ਕੀਤਾ ਸੀ ਕਿ ਸਰਕਾਰ ਵੱਖ-ਵੱਖ ਦੇਸ਼ਾਂ ਤੋਂ ਮ੍ਰਿਤਕ ਦੇਹਾਂ ਦਾ ਪੂਰਾ ਡਾਟਾ ਰੱਖਦੀ ਹੈ ਅਤੇ 5897 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਵਿਦੇਸ਼ਾਂ ਤੋਂ ਲਿਆਂਦੀਆਂ ਜਾ ਚੁੱਕੀਆਂ ਹਨ।
ਵਿਦੇਸ਼ਾਂ ਵਿਚ ਭਾਰਤੀਆਂ ਨਾਲ ਘਿਨੌਣਾ ਵਰਤਾਅ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੇਸ਼ੋਂ ਕੱਢਣ ਦਾ ਡਰਾਵਾ ਦੇ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਫਿਰ ਵੀ ਪਰਵਾਸੀ ਭਾਰਤੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ ਅਤੇ ਉਹ ਵੱਡੀ ਗਿਣਤੀ ’ਚ ਮੌਤ ਦੇ ਮੂੰਹ ’ਚ ਜਾ ਰਹੇ ਹਨ।
ਕਈ ਸਰਕਾਰਾਂ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਆਪਣੇ ਦੇਸ਼ਾਂ ਵਿੱਚੋਂ ਕੱਢਣ ਲਈ ਨਵੀਆਂ ਤੋਂ ਨਵੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ ਜਦਕਿ ਅਸੀਂ ਮਾਪਿਆਂ ਦੀਆਂ ਜਾਇਦਾਦਾਂ ਨੂੰ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਧੜਾਧੜ ਰੀਸ ਦੀ ਘੜੀਸ ਕਰਦੇ ਹੋਏ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹਾਂ। ਦਸੰਬਰ 2025 ਤੇ ਜਨਵਰੀ 2026 ਵਿਚ ਪੰਜਾਬੀਆਂ ਦੀਆਂ ਵਿਦੇਸ਼ਾਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਭਾਵੇਂ 30 ਦੇ ਲਗਪਗ ਹੈ ਪਰ ਮੈਂ ਕੁਝ ਦਰਦਨਾਕ ਮੌਤਾਂ ਦਾ ਹੀ ਜ਼ਿਕਰ ਕਰ ਰਿਹਾ ਹਾਂ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਤੇ ਉੱਨਤ ਸੌਦੇਵਾਲਾ ਦੇ ਕੈਨੇਡਾ ਗਏ 2 ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿਚ ਸੰਦੇਵਾਲਾ ਦਾ 18 ਸਾਲਾ ਰਣਵੀਰ ਸਿੰਘ ਅਤੇ ਪਿੰਡ ਬਰੇ ਦਾ 27 ਸਾਲਾ ਗੁਰਦੀਪ ਸਿੰਘ ਸਨ। ਉਹ ਦੋਵੇਂ ਦੋਸਤ ਦਾ ਜਨਮ ਦਿਨ ਮਨਾਉਣ ਲਈ ਜਾ ਰਹੇ ਸਨ ਕਿ ਕੁਝ ਅਣਪਛਾਤਿਆਂ ਨੇ ਆ ਕੇ ਗੋਲ਼ੀਆਂ ਚਲਾ ਦਿੱਤੀਆਂ। ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਦੀ 19 ਸਾਲਾ ਖੁਸ਼ੀ ਦੀ ਮਾਲਦੀਵ ਵਿਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ਉਹ 4 ਮਹੀਨੇ ਪਹਿਲਾਂ ਰੁਜ਼ਗਾਰ ਦੇ ਸਿਲਸਿਲੇ ਵਿਚ ਮਾਲਦੀਵ ਗਈ ਸੀ ਕਿਉਂਕਿ ਉਸ ਦੇ ਅਪਾਹਜ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਕੁਵੈਤ ਵਿਚ ਵਾਪਰੇ ਸੜਕ ਹਾਦਸੇ ਵਿਚ ਮਰਨ ਵਾਲੇ 7 ਨੌਜਵਾਨਾਂ ’ਚੋਂ 3 ਪੰਜਾਬੀ ਸਨ। ਇਨ੍ਹਾਂ ’ਚ ਦੋ ਅੰਮ੍ਰਿਤਸਰ ਅਤੇ ਇਕ ਗੁਰਦਾਸਪੁਰ ਦੇ ਕਸਬਾ ਦੁਰਾਂਗਲਾ ਦਾ ਜਗਦੀਪ ਸੀ। ਇਹ ਸਾਰੇ 7 ਨੌਜਵਾਨ ਆਪਣੇ ਕੰਮ ’ਤੇ ਜਾ ਰਹੇ ਸਨ ਤੇ ਸੜਕ ਪਾਰ ਕਰਨ ਲੱਗਿਆਂ ਸਾਰੇ ਹਾਦਸੇ ਦਾ ਸ਼ਿਕਾਰ ਹੋ ਗਏ। ਕੈਨੇਡਾ ’ਚ ਇਕ 30 ਸਾਲਾ ਭਾਰਤੀ ਮਹਿਲਾ ਹਿਮਾਂਸ਼ੀ ਖੁਰਾਣਾ ਦੀ ਹੱਤਿਆ ਕਰ ਦਿੱਤੀ ਗਈ। ਇੱਕ ਦਿਨ ਬਾਅਦ ਇਕ ਘਰ ’ਚੋਂ ਉਸ ਦੀ ਲਾਸ਼ ਮਿਲੀ। ਪੁਲਿਸ ਨੇ ਮਾਮਲੇ ਦੇ ਸ਼ੱਕੀ 32 ਸਾਲਾ ਅਬਦੁਲ ਗਫੂਰੀ ਖ਼ਿਲਾਫ਼ ਹੱਤਿਆ ਦਾ ਵਾਰੰਟ ਜਾਰੀ ਕੀਤਾ ਹੈ। ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਖੁਸ਼ੀਪੁਰ ਦੇ 42 ਸਾਲਾ ਗੁਰਬਖਸ਼ ਸਿੰਘ ਦੀ ਬਰੇਨ ਹੈਮਰੇਜ ਕਾਰਨ ਮੌਤ ਹੋ ਗਈ। ਉਸ ਦੀ ਮਾਤਾ ਖੁਸ਼ੀਪੁਰ ਦੀ ਸਰਪੰਚ ਨਿਰਮਲ ਕੌਰ ਨੇ ਦੱਸਿਆ ਕਿ ਉਹ 14 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਰਮਨੀ ਦੇ ਕੈਮੀਨੈਂਟ ਸ਼ਹਿਰ ਗਿਆ ਸੀ। ਉਸ ਦੀਆਂ ਤਿੰਨ ਧੀਆਂ ਹਨ। ਵੈਨਕੂਵਰ ਦੇ ਨੇੜੇ ਲੋਅਰ ਮੈਨ ਲੈਂਡ ਸਥਿਤ ਸ਼ਹਿਰ ਐਕਸਫੋਰਡ ਵਿਚ ਗੋਲ਼ੀਆਂ ਨਾਲ ਮਰੇ ਨੌਜਵਾਨ ਦੀ ਪਛਾਣ ਨਵਪ੍ਰੀਤ ਸਿੰਘ ਧਾਲੀਵਾਲ ਵਜੋਂ ਹੋਈ ਹੈ। ਸਾਹਨੇਵਾਲ ਦੇ ਪਿੰਡ ਚੌਂਤਾ ਦੇ ਨੌਜਵਾਨ ਸ਼ਮਸ਼ੇਰ ਸਿੰਘ (29) ਦੀ ਮਲੇਸ਼ੀਆ ’ਚ ਰਹੱਸਮਈ ਹਾਲਤ ਵਿੱਚ ਮੌਤ ਹੋ ਗਈ। ਉਹ ਕੁਝ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਤੇ ਉੱਥੇ ਇਕ ਸ਼ਹਿਰ ਵਿਚ ਹੇਅਰ ਡਰੈਸਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਦੀਨਾਨਗਰ ਦੇ 27 ਸਾਲਾ ਨੌਜਵਾਨ ਨਮਨ ਦੀ ਇੰਗਲੈਂਡ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਉਸ ਦੇ ਪਿਤਾ ਨੇ ਦੱਸਿਆ ਕਿ ਨਮਨ 5 ਸਾਲ ਪਹਿਲਾਂ ਰੋਜ਼ੀ-ਰੋਟੀ ਖ਼ਾਤਰ ਇੰਗਲੈਂਡ ਗਿਆ ਸੀ ਅਤੇ ਉਹ ਉੱਥੇ ਇੱਕ ਪਾਕਿਸਤਾਨੀ ਮਹਿਲਾ ਕੋਲ ਕੰਮ ਕਰਦਾ ਸੀ। ਨਵਾਂਸ਼ਹਿਰ ਦੇ ਪਿੰਡ ਮੱਲਾ ਬੇਰੀਆਂ ਦਾ 48 ਸਾਲਾ ਬਿੰਦਰ ਗਰਚਾ ਜੋ ਕੈਨੇਡਾ ’ਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ, ਉਸ ਦੀ ਬੇਪਛਾਣ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਲਾਸ਼ ਨੂੰ ਸਾੜ ਕੇ ਬੇਪਛਾਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਜ਼ਿਲ੍ਹਾ ਰੂਪਨਗਰ ਦੇ ਪਿੰਡ ਜੱਸੜਾਂ ਦੇ ਨੌਜਵਾਨ ਸੰਦੀਪ ਸਿੰਘ ਜੱਸੜਾਂ ਦੀ ਨਿਊਜ਼ੀਲੈਂਡ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ੲੱਕ ਬੇਟਾ ਛੱਡ ਗਿਆ ਹੈ। ਲਗਪਗ 9 ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਦੇ ਨੌਜਵਾਨ ਰਾਜਪ੍ਰੀਤ ਸਿੰਘ (24) ਦੀ ਮੌਤ ਹੋ ਗਈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ 18 ਲੱਖ ਰੁਪਏ ਦਾ ਕਰਜ਼ਾ ਲੈ ਕੇ ਪਰਿਵਾਰ ਨੇ ਸਟੱਡੀ ਵੀਜ਼ੇ ’ਤੇ ਉਸ ਨੂੰ ਕੈਨੇਡਾ ਭੇਜਿਆ ਸੀ। ਅਮਰੀਕਾ ਵਿਚ ਉਜਵਲ ਭਵਿੱਖ ਲਈ ਗਏ ਖਾਲੜਾ ਦੇ 26 ਸਾਲਾ ਨੌਜਵਾਨ ਦੀਪਕਰਨ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਦੋਂ ਉਹ ਆਪਣੀ ਕਾਰ ’ਤੇ ਘਰੋਂ ਕੰਮ ਲਈ ਨਿਕਲਿਆ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕੈਨੇਡਾ ਦੇ ਬਰਨਬੀ ਵਿਚ ਭਾਰਤੀ ਮੂਲ ਦੇ ਵੈਨਕੂਵਰ ਵਿਚ ਰਹਿੰਦੇ 28 ਸਾਲਾ ਨੌਜਵਾਨ ਦਿਲਰਾਜ ਸਿੰਘ ਗਿੱਲ ਦੀ ਹੋਈ ਹੱਤਿਆ ਸਬੰਧੀ ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੋਇਆ ਹੈ।
ਪਿੰਡ ਚੌਂਕੀਮਾਨ ਦੇ ਰਹਿਣ ਵਾਲੇ ਪਤੀ-ਪਤਨੀ ਦੀ ਕੈਨੇਡਾ ਵਿਚ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਕੈਲਗਰੀ ਦੇ ਰੈੱਡ ਸਟੋਨ ’ਚ ਪਾਰਕ ਨਾਰਥ ਈਸਟ ’ਚ ਰਹਿਣ ਵਾਲੇ ਏਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਘਰ ’ਚ ਮੌਜੂਦ ਸਨ। ਰਾਤ 12:45 ਵਜੇ ਗੋਲ਼ੀ ਚੱਲਣ ਦੀ ਆਵਾਜ਼ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜੈਸਮੀਨ ਦੀ ਮੌਤ ਹੋ ਚੁੱਕੀ ਸੀ ਤੇ ਏਕਮਵੀਰ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਇੰਨਾ ਕੁਝ ਹੋਣ ਦੇ ਬਾਵਜੂਦ ਸਾਡੇ ਪੰਜਾਬੀ ਲੜਕੇ ਅਤੇ ਲੜਕੀਆਂ ਆਪਣੇ ਦੇਸ਼ ਵਿਚ ਰੁਜ਼ਗਾਰ ਨੂੰ ਧੱਕਾ ਦੇ ਕੇ ਵਿਦੇਸ਼ਾਂ ਵਿਚ ਕਿਸਮਤ ਅਜਮਾਉਣ ਜਾ ਰਹੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਅਸੀਂ ਮੁੜ ਕੇ ਆਪਣੇ ਦੇਸ਼ ਜਾ ਸਕਾਂਗੇ ਜਾਂ ਨਹੀਂ। ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਪੈਰੀਂ ਆਪ ਕੁਹਾੜਾ ਮਾਰ ਕੇ ਪਛਤਾਉਣ ਨਾਲੋਂ ਚੰਗਾ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਖੋਲ੍ਹ ਕੇ ਦੇਈਏ। ਇਸ ਨਾਲ ਇਕ ਤਾਂ ਧਨ ਦੀ ਬਰਬਾਦੀ ਨਹੀਂ ਹੋਵੇਗੀ ਅਤੇ ਦੂਜਾ ਸਾਡੇ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਰਹਿ ਕੇ ਸਾਡਾ ਸਹਾਰਾ ਬਣਨਗੇ। ਅਖ਼ਬਾਰਾਂ ਵਿਚ ਮ੍ਰਿਤਕਾਂ ਦੀਆਂ ਛਪੀਆਂ ਖ਼ਬਰਾਂ ਪੜ੍ਹ ਕੇ ਮਨ ਬਹੁਤ ਦੁਖੀ ਹੁੰਦਾ ਹੈ। ਅਜੇ ਵੀ ਜਿਹੜੇ ਨੌਜਵਾਨਾਂ ਵਿਚ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਭੂਤ ਸਵਾਰ ਹੈ, ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਚਿੰਤਾ ਭਰੀ ਸਮੱਸਿਆ ਬਾਰੇ ਡੂੰਘਾਈ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ।
-ਜਤਿੰਦਰ ਸਿੰਘ ਪਮਾਲ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ)।
-ਮੋਬਾਈਲ : 98156-73477