ਇਹ ਨਿਰਾਸ਼ਾਜਨਕ ਅਤੇ ਚਿੰਤਾਜਨਕ ਵੀ ਹੈ ਕਿ 40 ਦਿਨਾਂ ਦੇ ਸੰਘਰਸ਼ ਮਗਰੋਂ ਅਮਰੀਕਾ ਅਤੇ ਈਰਾਨ ਵਿਚਕਾਰ ਜੋ ਜੰਗਬੰਦੀ ’ਤੇ ਸਹਿਮਤੀ ਬਣੀ ਸੀ, ਉਹ ਲਾਗੂ ਹੋਣ ਤੋਂ ਪਹਿਲਾਂ ਹੀ ਖ਼ਤਰੇ ਵਿਚ ਪੈਂਦੀ ਦਿਖਾਈ ਦੇ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਲਿਬਨਾਨ ’ਤੇ ਇਜ਼ਰਾਈਲ ਦੇ ਹਮਲੇ ਰੁਕੇ ਨਹੀਂ ਹਨ।

ਇਹ ਨਿਰਾਸ਼ਾਜਨਕ ਅਤੇ ਚਿੰਤਾਜਨਕ ਵੀ ਹੈ ਕਿ 40 ਦਿਨਾਂ ਦੇ ਸੰਘਰਸ਼ ਮਗਰੋਂ ਅਮਰੀਕਾ ਅਤੇ ਈਰਾਨ ਵਿਚਕਾਰ ਜੋ ਜੰਗਬੰਦੀ ’ਤੇ ਸਹਿਮਤੀ ਬਣੀ ਸੀ, ਉਹ ਲਾਗੂ ਹੋਣ ਤੋਂ ਪਹਿਲਾਂ ਹੀ ਖ਼ਤਰੇ ਵਿਚ ਪੈਂਦੀ ਦਿਖਾਈ ਦੇ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਲਿਬਨਾਨ ’ਤੇ ਇਜ਼ਰਾਈਲ ਦੇ ਹਮਲੇ ਰੁਕੇ ਨਹੀਂ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਲਿਬਨਾਨ ’ਤੇ ਹਮਲੇ ਰੋਕਣਾ ਜੰਗਬੰਦੀ ਸਮਝੌਤੇ ਦਾ ਹਿੱਸਾ ਨਹੀਂ ਸੀ। ਅਮਰੀਕਾ ਵੀ ਇਹੀ ਕਹਿ ਰਿਹਾ ਹੈ ਪਰ ਈਰਾਨ ਇਸ ਨਾਲ ਸਹਿਮਤ ਨਹੀਂ ਅਤੇ ਉਹ ਹੋਰਮੁਜ਼ ਸਮੁੰਦਰੀ ਮਾਰਗ ਖੋਲ੍ਹਣ ਤੋਂ ਪਿੱਛੇ ਹਟ ਗਿਆ ਹੈ। ਸਪਸ਼ਟ ਹੈ ਕਿ ਜੇ ਇਜ਼ਰਾਈਲ ਦੇ ਲਿਬਨਾਨ ’ਤੇ ਹਮਲੇ ਜਾਰੀ ਰਹਿੰਦੇ ਹਨ ਤਾਂ ਪਾਕਿਸਤਾਨ ਦੀ ਕਥਿਤ ਵਿਚੋਲਗੀ ਨਾਲ ਜੋ ਜੰਗਬੰਦੀ ’ਤੇ ਸਹਿਮਤੀ ਹੋਈ ਸੀ, ਜਿਸ ਕਾਰਨ ਦੁਨੀਆ ਨੇ ਸੁੱਖ ਦਾ ਸਾਹ ਲਿਆ ਹੈ, ਉਹ ਲਾਗੂ ਨਹੀਂ ਹੋ ਸਕੇਗੀ। ਇਸ ਦੇ ਲਾਗੂ ਹੋਣ ਦੇ ਆਸਾਰ ਇਸ ਲਈ ਵੀ ਘੱਟ ਹੁੰਦੇ ਦਿਖਾਈ ਦੇ ਰਹੇ ਹਨ ਕਿਉਂਕਿ ਇਜ਼ਰਾਈਲ ਦੇ ਲਿਬਨਾਨ ’ਤੇ ਹਮਲਿਆਂ ਦੇ ਜਵਾਬ ਵਿਚ ਈਰਾਨ ਖਾੜੀ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਓਧਰ, ਅਮਰੀਕਾ ਧਮਕੀ ਭਰੇ ਸੁਰ ਵਿਚ ਕਹਿ ਰਿਹਾ ਹੈ ਕਿ ਜੇ ਜੰਗਬੰਦੀ ਲਾਗੂ ਨਹੀਂ ਹੁੰਦੀ, ਤਾਂ ਉਸ ਦੀਆਂ ਫ਼ੌਜਾਂ ਈਰਾਨ ’ਤੇ ਹਮਲੇ ਲਈ ਤਿਆਰ ਹਨ। ਜੰਗਬੰਦੀ ਕਿੰਨੀ ਨਾਜ਼ੁਕ ਸਥਿਤੀ ਵਿਚ ਹੈ, ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਵਾਰਤਾ ਲਈ ਈਰਾਨ ਦਾ ਜੋ ਵਫ਼ਦ ਇਸਲਾਮਾਬਾਦ ਪਹੁੰਚਣ ਵਾਲਾ ਸੀ, ਉਸ ਦਾ ਫ਼ਿਲਹਾਲ ਉੱਥੇ ਜਾਣਾ ਪੱਕਾ ਨਹੀਂ ਹੈ। ਇਸ ਸਭ ਦੇ ਵਿਚਕਾਰ, ਜਿਨ੍ਹਾਂ ਸ਼ਰਤਾਂ ’ਤੇ ਜੰਗਬੰਦੀ ’ਤੇ ਸਹਿਮਤ ਬਣੀ ਸੀ, ਉਨ੍ਹਾਂ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵੱਖ-ਵੱਖ ਦਾਅਵੇ ਕਰ ਰਹੇ ਹਨ। ਦੋਵੇਂ ਧਿਰਾਂ ਇਕ-ਦੂਜੀ ’ਤੇ ਇਹ ਦੋਸ਼ ਲਾ ਰਹੀਆਂ ਹਨ ਕਿ ਉਨ੍ਹਾਂ ਦੀ ਮਨਸ਼ਾ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਗਿਆ। ਅਜਿਹਾ ਸਿਰਫ਼ ਉਸ ਵੇਲੇ ਹੁੰਦਾ ਹੈ ਜਦੋਂ ਬੇਭਰੋਸਗੀ ਸਿਖਰ ’ਤੇ ਹੁੰਦੀ ਹੈ ਅਤੇ ਵਿਰੋਧੀ ਧਿਰਾਂ ਇਕ-ਦੂਜੀ ਪ੍ਰਤੀ ਸ਼ੱਕ ਨਾਲ ਭਰੀਆਂ ਹੁੰਦੀਆਂ ਹਨ। ਇਸ ਸ਼ੱਕ ਦਾ ਇਕ ਕਾਰਨ ਪਾਕਿਸਤਾਨ ਦੀ ਕਥਿਤ ਵਿਚੋਲਗੀ ਵੀ ਹੈ। ਹੁਣ ਇਹ ਸਪਸ਼ਟ ਹੈ ਕਿ ਪਾਕਿਸਤਾਨ ਵਿਚੋਲਗੀ ਦਾ ਨਹੀਂ, ਸੰਦੇਸ਼ ਵਾਹਕ ਦਾ ਕੰਮ ਕਰ ਰਿਹਾ ਸੀ। ਲੱਗਦਾ ਹੈ ਕਿ ਉਹ ਇਹ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਕਰ ਸਕਿਆ ਜਾਂ ਫਿਰ ਸ਼ਾਂਤੀ ਦਾ ਵਾਹਕ ਬਣਨ ਦੀ ਕਾਹਲ ਵਿਚ ਉਸ ਨੇ ਇਕ-ਦੂਜੇ ਨੂੰ ਸੁਨੇਹੇ ਦੇਣ ਵਿਚ ਗਫਲਤ ਕੀਤੀ ਜਾਂ ਜਾਣਬੁੱਝ ਕੇ ਅਜਿਹੇ ਸੁਨੇਹਿਆਂ ਦਾ ਅਦਾਨ-ਪ੍ਰਦਾਨ ਕੀਤਾ, ਜੋ ਭਰਮ ਪੈਦਾ ਕਰਨ ਵਾਲੇ ਰਹੇ। ਇਹ ਸਮਝਣਾ ਮੁਸ਼ਕਲ ਹੈ ਕਿ ਅਮਰੀਕਾ ਨੇ ਕੀ ਸੋਚ ਕੇ ਪਾਕਿਸਤਾਨ ਨੂੰ ਆਪਣਾ ਹਰਕਾਰਾ ਬਣਾਇਆ ਕਿਉਂਕਿ ਉਸ ਦਾ ਇਜ਼ਰਾਈਲ ਨਾਲ ਕੋਈ ਸੰਪਰਕ ਨਹੀਂ ਹੈ ਅਤੇ ਈਰਾਨ ਉਸ ’ਤੇ ਬਹੁਤ ਭਰੋਸਾ ਨਹੀਂ ਕਰਦਾ। ਜੇ ਅਮਰੀਕਾ ਅਤੇ ਈਰਾਨ ਅਸਲ ਵਿਚ ਜੰਗਬੰਦੀ ਕਰ ਕੇ ਵਾਰਤਾ ਰਾਹੀਂ ਵਿਵਾਦਾਂ ਦਾ ਹੱਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਭਰੋਸੇਯੋਗ ਵਿਚੋਲੇ ਦੀ ਚੋਣ ਕਰਨੀ ਹੋਵੇਗੀ ਜਿਸ ਦੀ ਕੁਝ ਸਾਖ਼ ਹੋਵੇ। ਦੋਹਾਂ ਪੱਖਾਂ ਨੂੰ ਇਹ ਸਮਝਣਾ ਹੋਵੇਗਾ ਕਿ ਜੰਗਬੰਦੀ ਸਿਰਫ਼ ਉਨ੍ਹਾਂ ਜਾਂ ਫਿਰ ਪੱਛਮੀ ਏਸ਼ੀਆ ਲਈ ਹੀ ਨਹੀਂ, ਸਾਰੀ ਦੁਨੀਆ ਲਈ ਜ਼ਰੂਰੀ ਹੈ ਕਿਉਂਕਿ ਹੋਰਮੁਜ਼ ਸਮੁੰਦਰੀ ਮਾਰਗ ਬੰਦ ਕੀਤੇ ਜਾਣ ਨਾਲ ਵਿਸ਼ਵ ਅਰਥ-ਵਿਵਸਥਾ ਗਹਿਰੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਮਾਰਗ ਦੇ ਬੰਦ ਹੋਣ ਸਦਕਾ ਉਪਜੇ ਊਰਜਾ ਸੰਕਟ ਕਾਰਨ ਪੂਰੀ ਦੁਨੀਆ ਵਿਚ ਉਦਯੋਗ-ਧੰਦੇ ਪ੍ਰਭਾਵਿਤ ਹੋ ਰਹੇ ਹਨ।