ਕੈਂਸਰ ਦੇ ਇਲਾਜ ਵਿਚ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ, ਮਹਿੰਗੀਆਂ ਦਵਾਈਆਂ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਦੇਖਭਾਲ ਸ਼ਾਮਲ ਹੁੰਦੀ ਹੈ ਜਿਸ ’ਤੇ ਲੱਖਾਂ ਰੁਪਏ ਖ਼ਰਚ ਹੋ ਜਾਂਦੇ ਹਨ। ਕਈ ਮਾਮਲਿਆਂ ਵਿਚ ਮਰੀਜ਼ ਜਾਂ ਪਰਿਵਾਰ ਦਾ ਮੁੱਖ ਕਮਾਉਣ ਵਾਲਾ ਵਿਅਕਤੀ ਹੀ ਬਿਮਾਰ ਹੋ ਜਾਂਦਾ ਹੈ ਜਿਸ ਨਾਲ ਆਮਦਨ ਦਾ ਸਰੋਤ ਰੁਕ ਜਾਂਦਾ ਹੈ ਅਤੇ ਰੋਜ਼ਾਨਾ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।

ਭਾਰਤ ਵਿਚ ਕੈਂਸਰ ਅੱਜ ਸਿਰਫ਼ ਇਕ ਘਾਤਕ ਬਿਮਾਰੀ ਹੀ ਨਹੀਂ ਰਹੀ, ਸਗੋਂ ਇਹ ਇਕ ਗੰਭੀਰ ਆਰਥਿਕ ਸੰਕਟ ਦਾ ਰੂਪ ਵੀ ਧਾਰਨ ਕਰ ਚੁੱਕੀ ਹੈ। ਹਰ ਸਾਲ ਦੇਸ਼ ਵਿਚ ਕੈਂਸਰ ਦੇ ਲੱਖਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਲਾਜ ਦੀ ਮਹਿੰਗੀ ਲਾਗਤ ਕਾਰਨ ਗ਼ਰੀਬ ਵਰਗ ਹੀ ਨਹੀਂ, ਸਗੋਂ ਮੱਧ ਵਰਗ ਦੇ ਪਰਿਵਾਰ ਵੀ ਕਰਜ਼ੇ ਦੇ ਭਾਰ ਹੇਠ ਦੱਬਦੇ ਜਾ ਰਹੇ ਹਨ। ਭਾਵੇਂ ਵਿਗਿਆਨ ਅਜੇ ਤੱਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲਗਾ ਸਕਿਆ ਪਰ ਫਿਰ ਵੀ ਕੁਝ ਕਾਰਨ ਜਿਵੇਂ ਸਿਗਰਟਨੋਸ਼ੀ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਯੂਰੇਨੀਅਮ ਅਤੇ ਥਰਮਲ ਪਲਾਂਟਾਂ ਦੀ ਸੁਆਹ, ਸਾਡਾ ਵਿਗੜ ਰਿਹਾ ਖਾਣ-ਪੀਣ ਅਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ।
ਕੈਂਸਰ ਦੇ ਇਲਾਜ ਵਿਚ ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ, ਮਹਿੰਗੀਆਂ ਦਵਾਈਆਂ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਦੇਖਭਾਲ ਸ਼ਾਮਲ ਹੁੰਦੀ ਹੈ ਜਿਸ ’ਤੇ ਲੱਖਾਂ ਰੁਪਏ ਖ਼ਰਚ ਹੋ ਜਾਂਦੇ ਹਨ। ਕਈ ਮਾਮਲਿਆਂ ਵਿਚ ਮਰੀਜ਼ ਜਾਂ ਪਰਿਵਾਰ ਦਾ ਮੁੱਖ ਕਮਾਉਣ ਵਾਲਾ ਵਿਅਕਤੀ ਹੀ ਬਿਮਾਰ ਹੋ ਜਾਂਦਾ ਹੈ ਜਿਸ ਨਾਲ ਆਮਦਨ ਦਾ ਸਰੋਤ ਰੁਕ ਜਾਂਦਾ ਹੈ ਅਤੇ ਰੋਜ਼ਾਨਾ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।
ਭਾਰਤ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਅਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਵਰਗੀਆਂ ਕਈ ਲੋਕ-ਹਿਤੈਸ਼ੀ ਸਕੀਮਾਂ ਉਪਲਬਧ ਹਨ ਪਰ ਜਾਣਕਾਰੀ ਦੀ ਕਮੀ, ਗੁੰਝਲਦਾਰ ਕਾਗਜ਼ੀ ਕਾਰਵਾਈ ਅਤੇ ਸਹੀ ਮਾਰਗਦਰਸ਼ਨ ਦੀ ਘਾਟ ਕਾਰਨ ਬਹੁਤ ਸਾਰੇ ਪੀੜਤ ਲੋਕ ਇਨ੍ਹਾਂ ਯੋਜਨਾਵਾਂ ਦਾ ਲਾਭ ਨਹੀਂ ਲੈ ਪਾਉਂਦੇ। ਇੱਥੇ ਸਾਡੇ ਜਾਗਰੂਕ ਸਮਾਜ ਦੀ ਭੂਮਿਕਾ ਬਹੁਤ ਅਹਿਮ ਬਣ ਜਾਂਦੀ ਹੈ ਜਿਸ ਵਿਚ ਸਾਡੀਆਂ ਮੈਡੀਕਲ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਜ਼ਿੰਮੇਵਾਰ ਨਾਗਰਿਕ, ਸਰਕਾਰਾਂ ਨਾਲ ਮਿਲ ਕੇ ਕੈਂਸਰ ਪੀੜਤ ਪਰਿਵਾਰਾਂ ਲਈ ਮੁਫ਼ਤ ਦਵਾਈਆਂ, ਰਾਸ਼ਨ ਅਤੇ ਰਹਿਣ-ਸਹਿਣ ਦੀ ਵਿਵਸਥਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਕੈਂਸਰ ਦੇ ਸਹੀ ਇਲਾਜ ਲਈ ਸਿਰਫ਼ ਆਰਥਿਕ ਸਹਾਇਤਾ ਹੀ ਕਾਫ਼ੀ ਨਹੀਂ ਹੁੰਦੀ ਬਲਕਿ ਮਰੀਜ਼ ਨੂੰ ਸਰਕਾਰੀ ਹਸਪਤਾਲਾਂ ਤੱਕ ਲਿਜਾਉਣਾ, ਫਾਰਮ ਭਰਨ ਵਿਚ ਮਦਦ ਕਰਨਾ, ਇੰਸ਼ੋਰੈਂਸ ਕਲੇਮ ਕਰਵਾਉਣਾ ਅਤੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਸਹਿਯੋਗ ਦੇਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਸਰਕਾਰ ਵੱਲੋਂ ਮਜ਼ਬੂਤ ਜਨਤਕ ਓਨਕੋਲੋਜੀ ਬੁਨਿਆਦੀ ਢਾਂਚੇ ਦੀ ਤਿਆਰੀ, ਲੋੜੀਂਦੀਆਂ ਕੈਂਸਰ ਦਵਾਈਆਂ ਦੀਆਂ ਕੀਮਤਾਂ ’ਤੇ ਸਖ਼ਤ ਕੰਟਰੋਲ ਅਤੇ ਬਿਮਾਰੀ ਦੀ ਪਛਾਣ ਅਤੇ ਇਲਾਜ ਵਿਚ ਤੇਜ਼ੀ ਲਿਆਉਣ ਲਈ ਵੱਡੇ ਪੱਧਰ ’ਤੇ ਨਿਵੇਸ਼ ਕਰਨਾ ਲਾਜ਼ਮੀ ਹੈ।
ਕਈ ਵਾਰ ਥੋੜ੍ਹੀ ਜਿਹੀ ਸਹੀ ਜਾਣਕਾਰੀ ਕਿਸੇ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਹੋਣ ਤੋਂ ਬਚਾ ਸਕਦੀ ਹੈ। ਜੇ ਅਸੀਂ ਸਾਂਝੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਮੇਂ ਸਿਰ ਆਰਥਿਕ, ਸਮਾਜਿਕ ਅਤੇ ਮਾਨਸਿਕ ਸਹਾਇਤਾ ਮੁਹੱਈਆ ਕਰਵਾਈਏ ਤਾਂ ਕੈਂਸਰ ਨਾਲ ਜੂਝਦਾ ਵਿਅਕਤੀ ਨਾ ਸਿਰਫ਼ ਆਪਣਾ ਹੌਸਲਾ ਬਣਾਈ ਰੱਖਦਾ ਹੈ ਸਗੋਂ ਪੂਰੇ ਆਤਮ-ਵਿਸ਼ਵਾਸ ਨਾਲ ਇਸ ਬਿਮਾਰੀ ਨਾਲ ਜੰਗ ਲੜ ਕੇ ਜਿੱਤਣ ਦੇ ਯੋਗ ਵੀ ਬਣ ਜਾਂਦਾ ਹੈ।
ਅਖ਼ਬਾਰਾਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਵਰਗੇ ਮਾਧਿਅਮਾਂ ਰਾਹੀਂ ਕੈਂਸਰ ਦੇ ਕਾਰਨਾਂ, ਬਚਾਅ ਅਤੇ ਇਲਾਜ ਸਬੰਧੀ ਡਾਕਟਰਾਂ ਅਤੇ ਬੁੱਧੀਜੀਵੀਆਂ ਦੇ ਉਪਯੋਗੀ ਇੰਟਰਵਿਊ ਜਿੱਥੇ ਜਾਗਰੂਕਤਾ ਵਧਾ ਸਕਦੇ ਹਨ, ਉੱਥੇ ਹੀ ਕੈਂਸਰ ’ਤੇ ਜਿੱਤ ਹਾਸਲ ਕਰ ਚੁੱਕੇ ਸਰਵਾਈਵਰਾਂ ਦੇ ਤਜਰਬੇ ਸਮਾਜ ਦੀ ਇਸ ਬਿਮਾਰੀ ਪ੍ਰਤੀ ਨਕਾਰਾਤਮਕ ਸੋਚ ਨੂੰ ਬਦਲਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਕੈਂਸਰ ਨੂੰ ਜੇਕਰ ਸ਼ੁਰੂਆਤੀ ਅਵਸਥਾ ਵਿਚ ਪਛਾਣ ਲਿਆ ਜਾਵੇ ਤਾਂ ਇਸ ਦਾ ਸਮੇਂ ਸਿਰ ਇਲਾਜ ਕਰ ਕੇ ਇਸ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸੇ ਮਕਸਦ ਨਾਲ ਵੱਖ-ਵੱਖ ਥਾਵਾਂ ’ਤੇ ਕੈਂਸਰ ਸਬੰਧੀ ਜਾਣਕਾਰੀ ਅਤੇ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਸੈਮੀਨਾਰ, ਵੈਬੀਨਾਰ ਅਤੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਲੋਕ ਸਮੇਂ ਸਿਰ ਸਾਵਧਾਨੀਆਂ ਅਪਣਾ ਕੇ ਆਪਣੇ-ਆਪ ਨੂੰ ਸੁਰੱਖਿਅਤ ਰੱਖ ਸਕਣ। ਕੈਂਸਰ ਸਿਰਫ਼ ਕਿਸੇ ਇਕ ਵਿਅਕਤੀ ਦੀ ਸਮੱਸਿਆ ਨਹੀਂ ਬਲਕਿ ਪੂਰੇ ਸਮਾਜ ਲਈ ਇਕ ਗੰਭੀਰ ਚੁਣੌਤੀ ਹੈ। ਇਸ ਬਿਮਾਰੀ ਨਾਲ ਲੜਾਈ ਉਦੋਂ ਹੀ ਜਿੱਤੀ ਜਾ ਸਕਦੀ ਹੈ, ਜਦੋਂ ਅਸੀਂ ਸਾਰੇ ਮਿਲ ਕੇ ਇਸ ਨੂੰ ਆਪਣੀ ਸਾਂਝੀ ਜ਼ਿੰਮੇਵਾਰੀ ਸਮਝੀਏ।
-ਡਾ. ਹਰਗੁਣਪ੍ਰੀਤ ਸਿੰਘ
ਮੁਖੀ, ਪੱਤਰਕਾਰੀ ਤੇ ਜਨ ਸੰਚਾਰ ਵਿਭਾਗ, ਮਾਤਾ ਗੁਜਰੀ ਕਾਲਜ,
ਸ੍ਰੀ ਫ਼ਤਹਿਗੜ੍ਹ ਸਾਹਿਬ।
-ਸੰਪਰਕ: 94636-19353