- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਿਚ ‘ਬਾਜ਼ ਅੱਖ’ ਵਿਚ ਵਰਤੀ ਗਈ ਤਕਨਾਲੋਜੀ ਨਾਲੋਂ ਵਧੇਰੇ ਅਤਿ-ਆਧੁਨਿਕ, ਉੱਚ ਸਪੀਡ ਅਤੇ ਲੋਅ ਰਾਡਾਰ ਸਿਗਨੇਚਰ ਚੈਲੇਂਜ ਤਕਨੀਕ ਨੂੰ ਵਰਤਿਆ ਗਿਆ ਹੈ ਤੇ ਰੂਸ ਦੀ ਜ਼ਾਲਾ ਐਰੋ ਗਰੁੱਪ (ਕਲਾਸਨਿਕੋਬ ਕੰਸਰਨ ਲਾਨਸੈਟ-3) ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ।

ਪੰਜਾਬ ਇਕ ਸਰਹੱਦੀ ਰਾਜ ਹੈ। ਗੁਆਂਢੀ ਮੁਲਕ, ਪਾਕਿਸਤਾਨ ਦੀ ਪੰਜਾਬ ਨਾਲ ਲਗਪਗ 553 ਕਿੱਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ ਜਿਸ ਦੀ ਰਖਵਾਲੀ ਅਤੇ ਰੱਖ-ਰਖਾਅ ਭਾਰਤ ਦੀ ‘ਪਹਿਲੀ ਰੱਖਿਆ ਲਾਈਨ’, ਬਾਰਡਰ ਸਕਿਉਰਿਟੀ ਫੋਰਸ ਯਾਨੀ ਬੀਐੱਸਐੱਫ ਵੱਲੋਂ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਸਰਹੱਦ ਉੱਤੇ ਕੰਡਿਆਲੀ ਤਾਰ ਲਗਾਉਣ ਅਤੇ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਕੀਤੀ ਜਾਂਦੀ ਚੌਕਸੀ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਹੁੰਦੀ ਰਹਿੰਦੀ ਹੈ ਜੋ ਅਕਸਰ ਡ੍ਰੋਨ ਤਕਨਾਲੋਜੀ ਰਾਹੀਂ ਹੁੰਦੀ ਹੈ।
ਇਸ ਤਸਕਰੀ ਨੂੰ ਰੋਕਣ ਲਈ ਬਾਰਡਰ ਸਕਿਉਰਿਟੀ ਫੋਰਸ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਅਗਸਤ 2025 ਤੋਂ ‘ਬਾਜ਼ ਅੱਖ’ ਸਥਾਪਤ ਕੀਤੀ ਗਈ ਹੈ ਜਿਸ ਵਿਚ ਆਧੁਨਿਕ ਤਕਨਾਲੋਜੀ, ਪ੍ਰਸ਼ਾਸਕੀ ਚੌਕਸੀ ਅਤੇ ਜਨਤਕ ਭਾਗੀਦਾਰੀ ਨੂੰ ਸ਼ਾਮਲ ਕਰ ਕੇ ‘ਦੂਜੀ ਰੱਖਿਆ ਲਾਈਨ’ ਵੱਜੋਂ ਰਾਜ ਸਰਕਾਰ ਵੱਲੋਂ ਲਗਪਗ 51.41 ਕਰੋੜ ਰੁਪਏ ਦੀ ਲਾਗਤ ਨਾਲ ਸਰੱਹਦੀ ਜ਼ਿਲ੍ਹਿਆਂ ਵਿਚ 9 ਉੱਨਤ ਐਂਟੀ ਡ੍ਰੋਨ ਪ੍ਰਣਾਲੀਆਂ (ਬਾਜ਼ ਅੱਖ) ਦੀ ਤੈਨਾਤੀ ਕੀਤੀ ਗਈ ਹੈ। ਹਰੇਕ ਉੱਨਤ ਐਂਟੀ ਡ੍ਰੋਨ ਪ੍ਰਣਾਲੀ ਲਗਪਗ 10 ਕਿੱਲੋਮੀਟਰ ਦੇ ਘੇਰੇ ਵਿਚ ਡ੍ਰੋਨ ਦਾ ਪਤਾ ਲਗਾ ਕੇ ਉਸ ਦੇ ਸੰਚਾਲਕਾਂ ਦੀ ਪਛਾਣ ਕਰ ਕੇ ਉਸ ਨੂੰ ਨਸ਼ਟ ਕਰ ਸਕਦੀ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨ ਦਿਨ-ਰਾਤ ਸਰਹੱਦ ’ਤੇ ਪੈਟਰੋਲਿੰਗ ਕਰਦੇ ਹਨ। ਆਪਣੇ ਘਰਾਂ ਤੋਂ ਸੈਂਕੜੇ ਕਿੱਲੋਮੀਟਰ ਦੂਰ ਸਰਹੱਦੀ ਪੱਟੀ ’ਤੇ ਉਹ ਬਾਜ਼ ਅੱਖ ਰੱਖਦੇ ਹਨ ਤਾਂ ਜੋ ਕੋਈ ਘੁਸਪੈਠੀਆ ਸਾਡੇ ਮੁਲਕ ਦੀ ਸਰਜ਼ਮੀਨ ’ਤੇ ਪੈਰ ਨਾ ਰੱਖ ਸਕੇ। ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਐਟੀ ਡ੍ਰੋਨ ਸਿਸਟਮ ਨੂੰ ਬਤੌਰ ‘ਦੂਜੀ ਰੱਖਿਆ ਲਾਈਨ’ ਸਥਾਪਤ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ। ਸਥਾਪਤ ‘ਦੂਜੀ ਰੱਖਿਆਂ ਲਾਈ’ ਵਰਗੀ ਪਹਿਲਕਦਮੀ ਨਾਲ ਸਰੱਹਦ ਪਾਰ ਤੋਂ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਇਕ ਤਕਨੀਕੀ ਢਾਲ ਸਥਾਪਤ ਹੋਵੇਗੀ। ਬਾਰਡਰ ਸਕਿਉਰਿਟੀ ਫੋਰਸ ਪਹਿਲਾਂ ਹੀ ਐਂਟੀ ਡ੍ਰੋਨ ਵਰਤ ਰਹੀ ਹੈ ਜਿਸ ਦੀਆਂ ਮੁੱਖ ਵਿਸ਼ੇਸ਼ਤਾਵਾਂ– ਆਟੋਮੈਟਿਕ ਡਿਟੈਕਸ਼ਨ, ਰੀਅਲ ਟਾਈਮ ਅਲਰਟ, ਜੈਮਿੰਗ ਐਂਡ ਨਿਉਟਰਾਈਜ਼ੇਸ਼ਨ, ਏਆਈ ਆਧਾਰਤ ਤਕਨਾਲੋਜੀ ਦੀ ਵਰਤੋਂ, ਪੋਰਟੇਬਲ ਡਿਜ਼ਾਈਨ, ਸੈਂਸਰ ਐਂਡ ਤਕਨਾਲੋਜੀ ਨਾਲ ਡ੍ਰੋਨ ਅਤੇ ਉਸ ਦੇ ਗਰਾਊਂਡ ਕੰਟਰੋਲ ਸਟੇਸ਼ਨ ਦੀ ਬਿਨਾਂ ਮੈਨੂਅਲ ਮੋਨੀਟਰਿੰਗ ਦੇ ਪਛਾਣ ਕਰਨਾ, ਨਕਸ਼ੇ ਉੱਤੇ ਖ਼ਤਰੇ ਨੂੰ ਆਪਣੇ-ਆਪ ਸਮੇਂ ਸਿਰ ਦਰਸਾਉਣਾ, ਉੱਚ ਖ਼ਤਰੇ ਵਾਲੀਆਂ ਥਾਵਾਂ ’ਤੇ ਆਸਾਨੀ ਨਾਲ ਲਿਜਾ ਕੇ ਸਥਾਪਤ ਕਰਨਾ, ਰੇਡੀਓ ਫ੍ਰੀਕੁਵੈਂਸੀ ਡਿਟੈਕਸ਼ਨ, ਜੈਮਿੰਗ, ਜੀਪੀਐੱਸ ਸਪੂਕਿੰਗ/ ਜੈਮਿੰਗ ਵਰਗੀਆਂ ਮਿਆਰੀ ਤਕਨੀਕਾਂ ਦੀ ਵਰਤੋਂ ਨਾਲ ਡ੍ਰੋਨ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਨਾ ਆਦਿ ਹਨ।
ਇਹ ਸਿਸਟਮ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ (ਇਕ ਸਰਕਾਰੀ ਸੰਸਥਾ) ਵੱਲੋਂ ਤਿਆਰ ਕੀਤਾ ਗਿਆ ਹੈ ਜੋ ਨਸ਼ਿਆਂ ਅਤੇ ਹਥਿਆਰਾਂ ਵਿਰੁੱਧ ਜੰਗ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਿਤ ਹੋ ਰਿਹਾ ਹੈ। ‘ਬਾਜ਼ ਅੱਖ’ ਐਂਟੀ ਡ੍ਰੋਨ ਸਿਸਟਮ ਆਟੋਮੈਟਿਕ ਅਤੇ ਪੈਸਿਵ ਡਿਟੈਕਸ਼ਨ ’ਤੇ ਆਧਾਰਤ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ‘ਬਾਜ਼ ਅੱਖ’ (ਪੰਜਾਬ) ਵਰਗਾ ਪਰ ਵਧੇਰੇ ਸ਼ਕਤੀਸ਼ਾਲੀ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ ‘ਡ੍ਰੋਨ ਡੋਮ’ ਰਾਫਾਈਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਮਿਲਟਰੀ ਅਤੇ ਸਿਵਲੀਅਨ ਖ਼ਤਰਿਆ ਵਿਰੁੱਧ ਵਰਤਿਆ ਜਾਂਦਾ ਹੈ ਪਰ ਇਸ ਦਾ ਤਕਨੀਕੀ ਪੱਧਰ, ਰੇਂਜ ਅਤੇ ਵਿਸ਼ੇਸ਼ਤਾਵਾਂ ਵਿਚ ਅੰਤਰ ਹੈ। ਰਾਫਾਈਲ ਐਂਡਵਾਂਸਡ ਡਿਫੈਂਸ ਸਿਸਟਮ ਹੈ ਜੋ 2016 ਤੋਂ ਇਜ਼ਰਾਈਲ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ (ਇੰਗਲੈਂਡ) ਵਿਚ ਵਰਤਿਆ ਜਾਂਦਾ ਹੈ। ‘ਬਾਜ਼ ਅੱਖ’ ਇਕ ਕਿਫ਼ਾਇਤੀ ਅਤੇ ਪ੍ਰੈਕਟੀਕਲ ਸਿਸਟਮ ਹੈ ਜੋ ਹਵਾਈ ਸਰਹੱਦੀ ਤਸਕਰੀਆਂ ਨੂੰ ਰੋਕਣ ਲਈ ਬਣਾਇਆ ਗਿਆ ਹੈ ਜਦਕਿ ‘ਡ੍ਰੋਨ ਡੋਮ’ ਵਧੇਰੇ ਐਡਵਾਂਸ ਅਤੇ ਮਲਟੀਲੇਅਰ ਸਿਸਟਮ ਹੈ ਜਿਸ ਵਿਚ ਲੇਜ਼ਰ ਵਰਗੀ ਮਹਿੰਗੀ ਅਤੇ ਜਟਿਲ ਤਕਨੀਕ ਨੂੰ ਵਰਤਿਆ ਗਿਆ ਹੈ।
‘ਬਾਜ਼ ਅੱਖ’ ਭਾਰਤੀ ਐਂਟੀ ਡ੍ਰੋਨ ਸਿਸਟਮ ਮੁੱਖ ਤੌਰ ’ਤੇ ਸਰੱਹਦੀ ਤਸਕਰੀ ਨੂੰ ਰੋਕਣ ਲਈ ਵਿਕਸਤ ਕੀਤਾ ਗਿਆ ਹੈ। ਇਜ਼ਰਾਈਲ ਦੇ ਡ੍ਰੋਨ ਡੋਮ ਵਾਂਗ ਅਮਰੀਕਾ ਦਾ ਅਮਰੀਕੀ ਕੋਯੋਟੀ ਸਿਸਟਮ ਅਮਰੀਕੀ ਕੰਪਨੀ ਰੈਥੀਓਨ (ਆਰਟੀਐਕਸ) ਵੱਲੋਂ ਬਣਾਇਆ ਗਿਆ ਹੈ ਜੋ ਵੱਡੇ ਸਿਸਟਮਾਂ ਜਿਵੇਂ ਲਿਡਰਜ਼ (ਐੱਲਆਈਡੀਐੱਸ) ਨਾਲ ਜੁੜ ਕੇ ਕੰਮ ਕਰਦਾ ਹੈ ਅਤੇ ਇਹ ਮਿਲਟਰੀ ਗ੍ਰੇਡ ਅਤੇ ਸਵਾਰਮ ਅਟੈਕਸ ਲਈ ਵਧੇਰੇ ਅਨੁਕੂਲ ਹੈ। ਇਹ ਸਾਲ 2016-18 ਵਿਚਾਲੇ ਬਲਾਕ 2/3 ਅਪਡੇਟਸ ਨਾਲ ਅਮਰੀਕੀ ਆਰਮੀ ਅਤੇ ਨੇਵੀ ਵਿਚ ਤੈਨਾਤ ਕੀਤਾ ਗਿਆ ਹੈ ਜੋ 15 ਕਿੱਲੋਮੀਟਰ ਤੱਕ ਇੰਟਰਸੈਪਟ/ਤਲਾਸ਼ ਕਰ ਸਕਦਾ ਹੈ ਜਦਕਿ ‘ਬਾਜ਼ ਅੱਖ’ ਇਕ ਕਿਫ਼ਾਇਤੀ ਗਰਾਊਂਡ ਬੇਸਡ ਡਿਟੈਕਸ਼ਨ ਕੇਂਦਰਿਤ ਸਿਸਟਮ ਹੈ ਜੋ ਤਸਕਰੀ ਵਰਗੇ ਗ਼ੈਰ ਫ਼ੌਜੀ ਖ਼ਤਰਿਆਂ ਨਾਲ ਨਜਿੱਠਣ ਲਈ ਬਣਾਇਆ ਗਿਆ ਹੈ। ਜੇਕਰ ਰੂਸੀ ਐਂਟੀ ਡ੍ਰੋਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਰੂਸ ਦਾ ‘ਕਾਮਿਕਾਜ਼ੇ ਡ੍ਰੋਨ’ ਜੋ ਯੂਕਰੇਨ ਯੁੱਧ ਵਿਚ ਵਰਤਿਆ ਜਾ ਰਿਹਾ ਹੈ, ਖ਼ਤਰੇ ਵਾਲੇ ਟਾਰਗੈਟਾਂ ਨੂੰ ਨਸ਼ਟ ਕਰਨ ਲਈ ਬਣਾਇਆ ਗਿਆ ਹੈ।
ਇਸ ਵਿਚ ‘ਬਾਜ਼ ਅੱਖ’ ਵਿਚ ਵਰਤੀ ਗਈ ਤਕਨਾਲੋਜੀ ਨਾਲੋਂ ਵਧੇਰੇ ਅਤਿ-ਆਧੁਨਿਕ, ਉੱਚ ਸਪੀਡ ਅਤੇ ਲੋਅ ਰਾਡਾਰ ਸਿਗਨੇਚਰ ਚੈਲੇਂਜ ਤਕਨੀਕ ਨੂੰ ਵਰਤਿਆ ਗਿਆ ਹੈ ਤੇ ਰੂਸ ਦੀ ਜ਼ਾਲਾ ਐਰੋ ਗਰੁੱਪ (ਕਲਾਸਨਿਕੋਬ ਕੰਸਰਨ ਲਾਨਸੈਟ-3) ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ।
ਇਸ ਦੀ ਰੇਂਜ 35 ਤੋਂ 65 ਕਿੱਲੋਮੀਟਰ ਹੈ ਜੋ ਆਪਣੇ ਨਾਲ 3 ਕਿੱਲੋਗ੍ਰਾਮ ਵਾਰਹੈੱਡ ਲਿਜਾ ਸਕਦਾ ਹੈ। ‘ਬਾਜ਼ ਅੱਖ’ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਤੈਨਾਤ ਕੀਤਾ ਗਿਆ ਭਾਰਤੀ ਐਂਟੀ ਡ੍ਰੋਨ ਸਿਸਟਮ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਬਣਾਇਆ ਗਿਆ ਹੈ ਜਦਕਿ ਇਜ਼ਰਾਈਲ, ਅਮਰੀਕਾ ਅਤੇ ਰੂਸ ਆਦਿ ਦੇਸ਼ਾਂ ਦੇ ਐਂਟੀ ਡ੍ਰੋਨ ਸਿਸਟਮ ਫ਼ੌਜੀ ਕਾਰਵਾਈ ਲਈ ਬਣਾਇਆ ਗਿਆ ਹੈ। ‘ਬਾਜ਼ ਅੱਖ’ ਤੋਂ ਇਲਾਵਾ ਭਾਰਤ ਵੱਲੋਂ ਆਪਣੀ ਫ਼ੌਜੀ ਸੁਰੱਖਿਆ ਲਈ ਹੋਰ ਐਡਵਾਂਸ ਸਿਸਟਮ ‘ਭਾਰਗਵਾਸਤਰ’ (ਮਾਈਕਰੋ-ਮਿਜ਼ਾਈਲ ਆਧਾਰਤ ਅਤੇ ‘ਇੰਦਰਜਾਲ’ (ਸਵਾਰਮ ਵਿਰੁੱਧ) ਵਧੇਰੇ ਢੁੱਕਵੇਂ ਹਨ ਜਿਨ੍ਹਾਂ ਨੂੰ ਵਿਸ਼ਵ ਦਾ ਪਹਿਲਾ ਵਾਈਡ ਏਰੀਆ ਆਟੋਨੋਮਿਸ ਡ੍ਰੋਨ ਡਿਫੈਂਸ ਡੋਮ ਮੰਨਿਆ ਜਾਂਦਾ ਹੈ ਜੋ ਏਆਈ ਤਕਨੀਕ ਨਾਲ ਲੈਸ ਹੈ, ਨਾਲ ਹੀ ਵੱਡੇ ਖੇਤਰਾਂ ਨੂੰ ਡ੍ਰੋਨ ਖ਼ਤਰਿਆਂ ਤੋਂ ਬਚਾਉਂਦਾ ਹੈ ਅਤੇ 1000 ਤੋਂ 4000 ਕਿੱਲੋਮੀਟਰ ਤੱਕ ਦਾ ਏਰੀਆ ਸੁਰੱਖਿਅਤ ਰੱਖ ਸਕਦਾ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ‘ਬਾਜ਼ ਅੱਖ’ ਸਰਹੱਦੀ ਤਸਕਰੀ ਨੂੰ ਰੋਕਣ ਲਈ ਸ਼ਲਾਘਾਯੋਗ ਉਪਰਾਲਾ ਹੈ ਜੋ ਨਸ਼ਾ ਅਤੇ ਹਥਿਆਰ ਤਸਕਰੀ ਨੂੰ ਰੋਕਣ ਵਿਚ ਗੇਮਚੇਂਜਰ ਸਾਬਿਤ ਹੋ ਸਕਦਾ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਇਕ ਅੰਤਰਰਾਸ਼ਟਰੀ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਹੈ ਜਿਸ ਵਿਚ ‘ਬਾਜ਼ ਅੱਖ’ (ਦੂਜੀ ਰੱਖਿਆ ਲਾਈਨ) ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਾਰਚ 2025 ਵਿਚ ਸ਼ੁਰੂ ਕੀਤੀ ਗਈ ਇਸ ਮੁਹਿੰਮ ਅਧੀਨ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025 ਦੌਰਾਨ ਲਗਪਗ 40000 ਤੋਂ ਵਧੇਰੇ ਗਿ੍ਰਫ਼ਤਾਰੀਆਂ, 30000 ਤੋਂ ਵਧੇਰੇ ਐੱਫਆਈਆਰ, 20000 ਕਿੱਲੋਗ੍ਰਾਮ ਤੋਂ ਵੱਧ ਨਸ਼ੇ ਜ਼ਬਤ/ਨਸ਼ਟ ਕੀਤੇ ਗਏ ਹਨ।
ਪੰਜਾਬ ਵਿਚ ਨਸ਼ਿਆਂ ਅਧੀਨ ਦਰਜ ਐੱਨਡੀਪੀਐੱਸ ਕੇਸਾਂ ਵਿਚ ਸਜ਼ਾ ਦਰ 88% ਹੈ ਜੋ ਭਾਰਤ ਦੇ ਹੋਰ ਰਾਜਾਂ ਨਾਲੋਂ ਵਧੇਰੇ ਹੈ। ਪਿੰਡਾਂ ਵਿਚ ਵਿਜੀਲੈਂਸ ਕਮੇਟੀਆਂ ਅਤੇ ਨਸ਼ਾ ਮੁਕਤੀ ਮੋਰਚੇ ਸਰਗਰਮ ਹਨ। ਲਗਪਗ 20000 ਤੋਂ ਵਧੇਰੇ ਨਸ਼ੇੜੀ ਨਸ਼ਾ ਛੱਡ ਚੁੱਕੇ ਹਨ ਅਤੇ 200 ਤੋਂ ਵਧੇਰੇ ਡ੍ਰੋਨ ਨਸ਼ਟ ਕੀਤੇ ਜਾ ਚੁੱਕੇ ਹਨ। ਜਨਵਰੀ 2026 ਤੋਂ ਇਸ ਯੁੱਧ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਗ੍ਰਾਸਰੂਟਸ, ਮੋਬਲਾਈਜ਼ੇਸ਼ਨ ਅਤੇ ਰੀਹੈਬਲੀਟੇਸ਼ਨ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਨਸ਼ਿਆਂ ਦੀ ਸਪਲਾਈ ਖ਼ਤਮ ਨਹੀਂ ਹੋ ਰਹੀ। ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਨਸ਼ੇੜੀ ਮਰ ਰਹੇ ਹਨ ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰੀ, ਮਾਨਸਿਕ ਤਣਾਅ ਅਤੇ ਸਰਹੱਦੋਂ ਪਾਰ ਨਸ਼ਾ ਤਸਕਰੀ ਹੈ। ਨਸ਼ਾ ਇਕ ਅੰਤਰਰਾਸ਼ਟਰੀ ਸਮੱਸਿਆ ਹੈ ਜਿਸ ਦੇ ਟਾਕਰੇ ਲਈ ਸਰਕਾਰ, ਸਮਾਜ, ਐੱਨਜੀਓ ਅਤੇ ਹੋਰ ਸਾਰੀਆਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
-ਤਰਲੋਚਨ ਸਿੰਘ ਭੱਟੀ
-(ਲੇਖਕ ਸਾਬਕਾ ਪੀਸੀਐੱਸ ਅਧਿਕਾਰੀ ਹੈ)। -ਮੋਬਾਈਲ : 98765-02607