ਇਸ ਕੋਹੜ ਨੂੰ ਵੱਢਣ ਲਈ ਵੱਡੇ-ਵੱਡੇ ਦਾਅਵੇ ਹੁੰਦੇ ਰਹੇ ਪਰ ਇਸ ਬਿਮਾਰੀ ਨੂੰ ਜੜ੍ਹੋਂ ਪੁੱਟਣ ਲਈ ਠੋਸ ਉਪਰਾਲੇ ਕਦੇ ਨਾ ਹੋਏ। ਇਹੀ ਕਾਰਨ ਹੈ ਕਿ ਮਾਈ ਨਾਮ੍ਹੋਂ ਤੇ ਮਨਜੀਤ ਕੌਰ ਵਰਗੀਆਂ ਮਾਵਾਂ ਪੁਲਿਸ, ਸਿਆਸਤਦਾਨਾਂ ਅਤੇ ਤਸਕਰਾਂ ਦੇ ਗੱਠਜੋੜ ਨੂੰ ਬੁਰਾ-ਭਲਾ ਕਹਿਣ ਦੀ ਬਜਾਏ ਖਾਹ-ਮਖਾਹ ਆਪਣੀਆਂ ਹੀ ਕੁੱਖਾਂ ਨੂੰ ਹੀ ਕੋਸਦੀਆਂ ਰਹੀਆਂ।

ਪੰਜ-ਆਬ ਦੀ ਜਰਖ਼ੇਜ਼ ਧਰਤੀ ’ਤੇ ਚਿੱਟੇ ਦਿਨ ਵਿਕ ਰਹੇ ‘ਚਿੱਟੇ’ ਨੇ ਗੁਰੂ ਨਗਰੀ, ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਪੰਜ ਭਰਾਵਾਂ ਦੀਆਂ ਜ਼ਿੰਦਗੀਆਂ ਨੂੰ ਲੀਲ੍ਹ ਲਿਆ ਹੈ। ਜਿਸ ਧਰਤੀ ’ਤੇ ਬਾਬੇ ਨਾਨਕ ਨੇ ‘ਤੇਰਾ-ਤੇਰਾ’ ਤੋਲਿਆ ਹੋਵੇ, ਓਥੇ ਮੌਤ ਦੇ ਵਣਜਾਰੇ ਜੇਬੀ ਤੱਕੜੀਆਂ ਨਾਲ ਸ਼ਰੇਆਮ ‘ਚਿੱਟਾ’ ਵੇਚ ਰਹੇ ਹੋਣ ਤਾਂ ਸਪਸ਼ਟ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਵਿਚ ਚਿੱਟਾ ਮੋਤੀਆ ਉਤਰ ਆਇਆ ਹੈ।
ਪਾਕੀਜ਼ਗੀ ਤੇ ਸੋਗ, ਦੋਨਾਂ ਦਾ ਰੰਗ ਮੰਨਿਆ ਜਾਣ ਵਾਲਾ ‘ਚਿੱਟਾ’ ਚੰਦ ਪਰਿਵਾਰਾਂ ਨਹੀਂ ਸਗੋਂ ਪੰਜਾਬ ਦੇ ਮੱਥੇ ’ਤੇ ਬਦਨੁਮਾ ਦਾਗ਼ ਬਣ ਚੁੱਕਾ ਹੈ। ਬੁੱਧੀਜੀਵੀਆਂ ਦਾ ਕਿਆਸ ਹੈ ਕਿ ਕਿਸੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ‘ਦੇਸ ਪੰਜਾਬ’ ਦੀ ਠਾਠਾਂ ਮਾਰਦੀ ਜਵਾਨੀ ਨੂੰ ਨਸ਼ਿਆਂ ਦੀ ਲਤ ਲਾਈ ਜਾ ਰਹੀ ਹੈ। ਅਭਾਗਣ ਮਾਂ ਆਪਣੀ ਕੁੱਖ ਨੂੰ ਕੋਸਦੀ ਹੋਈ ਦੁਹੱਥੜੇ ਮਾਰ-ਮਾਰ ਚਿੱਟਾ ਵੇਚਣ ਵਾਲਿਆਂ ਨੂੰ ਬਦ-ਦੁਆਵਾਂ ਦੇ ਰਹੀ ਹੈ।
ਬਦਸੀਸਾਂ ਨਿਸਚੇ ਹੀ ਕਿਸੇ ਪਰਲੋ ਦੀ ਅਲਾਮਤ ਹੋਇਆ ਕਰਦੀਆਂ ਹਨ। ਨਸ਼ਿਆਂ ਦਾ ਦੈਂਤ ਆਦਮ ਬੋ, ਆਦਮ ਬੋ ਕਰਦਾ ਸ਼ਹਿਰਾਂ ਕੀ, ਹਰ ਪਿੰਡ ਦਾ ਲਾਲਡੋਰਾ ਟੱਪ ਚੁੱਕਾ ਹੈ। ਪੰਜਵੇਂ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਮਨਜੀਤ ਕੌਰ ਵੱਲੋਂ ਪਾਏ ਜਾ ਰਹੇ ਵੈਣਾਂ ਨੂੰ ਸੁਣ ਕੇ ਜਿਵੇਂ ਅੰਬਰ ਵੀ ਰੋ ਪਿਆ ਸੀ। ਨਸ਼ੇ ਦੀ ਓਵਰਡੋਜ਼ ਤੋਂ ਬਾਅਦ ਪੁੱਤ ਦੀ ਹਾਲਤ ਗੰਭੀਰ ਹੋਈ ਤਾਂ ਵਿਰਲਾਪ ਕਰਦੀ ਮਾਂ ਦੀ ਵੀਡੀਓ ਵਾਇਰਲ ਹੋ ਗਈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਲਾਜ ਕਰਵਾਉਣ ਦਾ ਭਰੋਸਾ ਦਿੱਤੇ ਜਾਣ ਪਿੱਛੋਂ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਜਾਗਿਆ ਜ਼ਰੂਰ, ਪਰ ਇਹ ਕੁਵੇਲੇ ਦੀ ਕਾਰਵਾਈ ਸੀ। ਜ਼ੇਰ-ਏ-ਇਲਾਜ ਨੌਜਵਾਨ ਦੀ ਮੌਤ ਹੋ ਗਈ ਤਾਂ ਮਨਜੀਤ ਕੌਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਇਹ ਉਹ ਜੰਗ ਸੀ ਜੋ ਇਕੱਲੇ ਪ੍ਰਸ਼ਾਸਨ ਜਾਂ ਸਮਾਜ ਨੇ ਹੀ ਨਹੀਂ ਸਗੋਂ ਪਰਿਵਾਰ ਨੇ ਖ਼ੁਦ ਵੀ ਲੜਨੀ ਸੀ। ਇਸ ਤੋਂ ਵੀ ਉੱਪਰ, ਇਹ ਜੰਗ ਨਸ਼ੇੜੀ ਨੂੰ ਖ਼ੁਦ ਖ਼ਿਲਾਫ਼ ਲੜਨੀ ਹੁੰਦੀ ਹੈ। ਜ਼ਾਰ-ਜ਼ਾਰ ਰੋਂਦੀ ਮਨਜੀਤ ਕੌਰ ਕਹਿੰਦੀ ਹੈ ਕਿ ਪੰਜਵੇਂ ਪੁੱਤ ਦੀ ਮੌਤ ਨਾਲ ਉਸ ਦਾ ਜੱਗ ਤੋਂ ਸੀਰ ਮੁੱਕ ਗਿਆ ਹੈ।
ਪੰਜ ਨੌਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਜਾਣ ਤਾਂ ਸੁੰਨੇ ਘਰ ਵਿਚ ਹਨੇਰਾ ਲੁੱਡੀਆਂ ਪਾਉਂਦਾ ਹੈ। ਪੰਜ ਪੁੱਤਾਂ ਦੀ ਮਾਂ ਨੂੰ ਲੋਕ ਭਾਗਾਂ ਵਾਲੀ ਕਹਿੰਦੇ ਸਨ। ਹਰ ਪੁੱਤ ਦੇ ਜਨਮ ਵੇਲੇ ਗੀਤ ਗਾਇਆ ਜਾਂਦਾ, ‘ਹਰਿਆ ਨੀ ਮਾਏਂ, ਭਰਿਆ ਨੀ ਮਾਏਂ/ ਹਰਿਆ ਤੇ ਭਾਗੀਂ ਭਰਿਆ।’ ਪੰਜਵਾਂ ਚਿਰਾਗ਼ ਗੁੱਲ ਹੋਣ ਪਿੱਛੋਂ ਘਰ ਵਿਚ ਬਚੀ ਟੁਕੜਾ ਕੁ ਹਰਿਆਵਲ ਵੀ ਦਰਿਆ ਬੁਰਦ ਹੋ ਗਈ ਹੈ। ਦੀਵਾ, ਜੀਵਨ ਦੀ ਜਗਦੀ ਜੋਤ ਦਾ ਪ੍ਰਤੀਕ ਹੁੰਦਾ ਹੈ। ਜੀਵਨ-ਕਣੀ ਨੂੰ ਮਘਦੀ ਰੱਖਣ ਲਈ, ਕੰਚਨ ਦੇਹ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੁੰਦਾ ਹੈ। ਨਸ਼ਾ, ਕੋਹੜ ਤੋਂ ਵੀ ਬਦਤਰ ਹੁੰਦਾ ਹੈ।
ਦਲਦਲ ਨਿਆਈਂ। ਦਲਦਲ ’ਤੇ ਪੁੱਟੀ ਹੋਈ ਹਰ ਪੁਲਾਂਘ ਰਸਾਤਲ ਵੱਲ ਲਿਜਾਂਦੀ ਹੈ। ਇਹ ਵੀ ਕਠੋਰ ਸੱਚਾਈ ਹੈ ਕਿ ਅਮਲੀ ਦੀ ਪੀਂਘ ਅੰਬਰੀਂ ਚੜ੍ਹ ਕੇ ਉਸ ਨੂੰ ਧੜੰਮ ਜ਼ਮੀਨ ’ਤੇ ਸੁੱਟਦੀ ਹੈ। ਲੋਰ ਵਿਚ ਆਇਆ ਨਸ਼ੇੜੀ ਕਿਸੇ ਹੋਰ ਦੁਨੀਆ ਵਿਚ ਵਿਚਰਦਾ ਹੈ। ਘਰ ਦੀਆਂ ਚੁਗਾਠਾਂ ਤੱਕ ਵੇਚ ਕੇ ਉਹ ਨਸ਼ੇ ਦੀ ਤੋਟ ਪੂਰੀ ਕਰਦਾ ਹੈ। ਨਸ਼ਿਆਂ ਦਾ ਕਾਲਾ ਕਾਰੋਬਾਰ ਵਿਸ਼ਵ-ਵਿਆਪੀ ਹੈ। ਆਏ ਦਿਨ ਇਹ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਸਾਰਾ ਆਲਮ ਹੀ ਇਸ ਨਾਲ ਜੂਝ ਰਿਹਾ ਹੈ। ਰਾਤੋ-ਰਾਤ ਅਮੀਰ ਬਣਨ ਦੀ ਹੋੜ ਵਿਚ ਤਸਕਰ ਨੌਜਵਾਨੀ ਨੂੰ ਸਿਵਿਆਂ ਦੇ ਰਾਹ ਤੋਰ ਦਿੰਦੇ ਹਨ।
ਘਰ-ਘਰ ਵਿਛੇ ਸੱਥਰਾਂ ਦਾ ਸਿੱਧਾ ਸਬੰਧ ਨਸ਼ਿਆਂ ਨਾਲ ਜੁੜਦਾ ਹੈ ਤਾਂ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਚਿੱਟੇ ਲੱਠੇ ਦੇ ਕੱਫਨਾਂ ਵਿਚ ਆਖ਼ਰ ਤਸਕਰਾਂ ਨੇ ਖ਼ੁਦ ਵੀ ਲਿਪਟੇ ਜਾਣਾ ਹੁੰਦਾ ਹੈ। ਅਣਸੀਤੇ ਆਖ਼ਰੀ ਲਿਬਾਸ ਨੂੰ ਜੇਬ ਨਹੀਂ ਹੁੰਦੀ। ਇਸ ਦੇ ਬਾਵਜੂਦ ਤਸਕਰ ਇਸ ਹਕੀਕਤ ਨੂੰ ਸਵੀਕਾਰ ਨਹੀਂ ਕਰਦੇ। ਨਸ਼ਿਆਂ ਦਾ ਧੰਦਾ ਬਹੁਤ ਪੁਰਾਣਾ ਹੈ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗ਼ਰੀਬ ਮੁਹੱਲੇ ਮਕਬੂਲਪੁਰਾ ਵਿਚ ਨਸ਼ਿਆਂ ਦੀ ਭੇਟ ਚੜ੍ਹੇ ਨੌਜਵਾਨਾਂ ਬਾਰੇ ਸੰਨ 1999 ਵਿਚ ਛਪੀ ਖ਼ਬਰ ਨੇ ਸਨਸਨੀ ਫੈਲਾ ਦਿੱਤੀ ਸੀ। ਖ਼ਬਰ ਦਾ ਸਿਰਲੇਖ ‘‘Maqboolpura, a locality of widows’’ (ਵਿਧਵਾਵਾਂ ਦੀ ਬਸਤੀ ਮਕਬੂਲਪੁਰਾ) ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਦੁਨੀਆ ਭਰ ਦੇ ਦਾਨੀਆਂ ਦਾ ਤਾਂਤਾ ਲੱਗ ਗਿਆ। ਉੱਥੋਂ ਦੀ ਬਜ਼ੁਰਗ ਔਰਤ, ਮਾਈ ਨਾਮ੍ਹੋਂ ਦੇ ਨੌਂ ਪੁੱਤਾਂ ਨੂੰ ਨਸ਼ੇ ਦਾ ਦੈਂਤ ਨਿਗਲ ਚੁੱਕਾ ਸੀ। ਉਸ ਨੂੰ ਆਪਣੇ ਪੁੱਤਾਂ ਦੇ ਨਾਂ ਲੈਣ ਵਿਚ ਵੀ ਔਖ ਮਹਿਸੂਸ ਹੋ ਰਹੀ ਸੀ। ਖ਼ੈਰ, ਵੀਹਵੀਂ ਸਦੀ ਦੇ ਆਖ਼ਰੀ ਸਾਲ ਵਿਚ ਮਕਬੂਲਪੁਰੇ ਤੋਂ ਨਸ਼ਿਆਂ ਖ਼ਿਲਾਫ਼ ਅਣਗਿਣਤ ਕਾਫ਼ਲੇ ਤੁਰੇ। ਹਰ ਸਿਆਸੀ ਪਾਰਟੀ ਨੇ ਇਸ ਮੁੱਦੇ ਨੂੰ ਖ਼ੂਬ ਭੁਨਾਇਆ ਸੀ। ਨੈਸ਼ਨਲ ਕੀ, ਇੰਟਰਨੈਸ਼ਨਲ ਮੀਡੀਆ ’ਤੇ ਵੀ ਇਸ ਦੀ ਖ਼ੂਬ ਚਰਚਾ ਚੱਲਦੀ ਰਹੀ। ਵਿਡੰਬਣਾ ਇਹ ਹੈ ਕਿ ਮਕਬੂਲਪੁਰੇ ਨੇ ਆਉਣ ਵਾਲੇ ਖ਼ਤਰਨਾਕ ਸਮੇਂ ਦਾ ਸਪਸ਼ਟ ਸੰਕੇਤ ਪਿਛਲੀ ਸਦੀ ਦੇ ਆਖ਼ਰੀ ਵਰ੍ਹੇ ਵਿਚ ਦੇ ਦਿੱਤਾ ਸੀ।
ਇਸ ਕੋਹੜ ਨੂੰ ਵੱਢਣ ਲਈ ਵੱਡੇ-ਵੱਡੇ ਦਾਅਵੇ ਹੁੰਦੇ ਰਹੇ ਪਰ ਇਸ ਬਿਮਾਰੀ ਨੂੰ ਜੜ੍ਹੋਂ ਪੁੱਟਣ ਲਈ ਠੋਸ ਉਪਰਾਲੇ ਕਦੇ ਨਾ ਹੋਏ। ਇਹੀ ਕਾਰਨ ਹੈ ਕਿ ਮਾਈ ਨਾਮ੍ਹੋਂ ਤੇ ਮਨਜੀਤ ਕੌਰ ਵਰਗੀਆਂ ਮਾਵਾਂ ਪੁਲਿਸ, ਸਿਆਸਤਦਾਨਾਂ ਅਤੇ ਤਸਕਰਾਂ ਦੇ ਗੱਠਜੋੜ ਨੂੰ ਬੁਰਾ-ਭਲਾ ਕਹਿਣ ਦੀ ਬਜਾਏ ਖਾਹ-ਮਖਾਹ ਆਪਣੀਆਂ ਹੀ ਕੁੱਖਾਂ ਨੂੰ ਹੀ ਕੋਸਦੀਆਂ ਰਹੀਆਂ। ਹਰ ਮਾਂ ਦੀ ਕੁੱਖ ਸੁਲੱਖਣੀ ਹੁੰਦੀ ਹੈ। ਹਰ ਮਾਂ ਚਾਹੁੰਦੀ ਹੈ ਕਿ ਉਸ ਦੀ ਔਲਾਦ ਵਧੇ-ਫੁੱਲੇ ਤੇ ਜਵਾਨੀਆਂ ਮਾਣੇ।
ਜਦੋਂ ਸਮਾਜ ਦੇ ਠੇਕੇਦਾਰ ਤੇ ਰਾਹਬਰ ਹੀ ਅੱਖਾਂ ਮੁੰਦ ਲੈਣ ਤਾਂ ਫਿਰ ਦੁਨੀਆ ਦਾ ਰੱਬ ਹੀ ਰਾਖਾ ਹੁੰਦਾ ਹੈ। ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਭਰਪੂਰ ਫ਼ਸਲ ਦੀ ਆਸ ਕਿੰਜ ਕੀਤੀ ਜਾ ਸਕਦੀ ਹੈ। ਨਸ਼ਾ ਤਸਕਰੀ ਆਲਮੀ ਮੁੱਦਾ ਹੈ, ਪਰ ਪੰਜਾਬ ਵਰਗੇ ਸਰਹੱਦੀ ਸੂਬੇ ਵਿਚ ਇਸ ਦਾ ਪ੍ਰਕੋਪ ਦਿਲ-ਕੰਬਾਊ ਹੈ। ਮੁਕਬੂਲਪੁਰਾ ਦੇ ਦੁਖਾਂਤ ਤੋਂ ਬਾਅਦ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਸਖ਼ਤੀ ਨਾਲ ਨਜਿੱਠਿਆ ਜਾਂਦਾ ਤਾਂ ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਨਾ ਬਣਦੀਆਂ। ਪੁਰਾਣੇ ਪੰਜਾਬ ਅਤੇ ਅਜੋਕੇ ਢਾਈ ਨਦੀਆਂ ਵਾਲੇ ਸੂਬੇ ਦੀ ਤੁਲਨਾ ਕਰੀਏ ਤਾਂ ਅੱਖਾਂ ਸਿੱਲੀਆਂ ਹੋ ਜਾਂਦੀਆਂ ਹਨ। ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਦੀਆਂ ਖੁੱਲ੍ਹੀਆਂ ਕਵਿਤਾਵਾਂ ’ਚੋਂ ਪੁਰਾਣੇ ਪੰਜਾਬ ਦੇ ਦੀਦਾਰ ਹੁੰਦੇ ਹਨ।
ਉਨ੍ਹਾਂ ਦੇ ਕਾਵਿ ਸੰਸਾਰ ਦੀ ਪਰਿਕਰਮਾ ਕਰਦਿਆਂ ਪੰਜਾਬ ਦੀ ਰੂਹਾਨੀਅਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪ੍ਰੋ. ਸਾਹਿਬ 1931 ਵਿਚ ਫ਼ੌਤ ਹੋ ਗਏ ਸਨ। ਕੁਦਰਤੀ ਹੈ ਕਿ ਇਨ੍ਹਾਂ ਕਵਿਤਾਵਾਂ ਦੇ ਰਚਨਕਾਲ ਸਮੇਂ ਪੰਜਾਬ ਦਾ ਮੁਹਾਂਦਰਾ ਬਦਲ ਗਿਆ ਹੋਵੇਗਾ। ਇਸੇ ਲਈ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੈ। ਭਾਵ, ਪੰਜਾਬ ਦੇ ਖਾਸੇ ਨੂੰ ਇਕ ਸਦੀ ਪਹਿਲਾਂ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਜੋ ਹੁਣ ‘ਪੂਰਨ ਗ੍ਰਹਿਣ’ ਦੀ ਅਵਸਥਾ ਵਿਚ ਪੁੱਜਦਾ ਮਹਿਸੂਸ ਹੋ ਰਿਹਾ ਹੈ। ਪ੍ਰੋ. ਪੂਰਨ ਸਿੰਘ ਦੇ ਕਥਨ ਅਨੁਸਾਰ ਬਾਬੇ (ਨਾਨਕ) ਦੇ ਸ਼ਬਦ ਨੇ ਪੱਥਰਾਂ ਤੱਕ ਨੂੰ ਪਿਘਲਾ ਦਿੱਤਾ।
ਮਰਦਾਨੇ ਦੀ ਰਬਾਬ ਦੀਆਂ ਤਰਬਾਂ ਛਿੜਨ ’ਤੇ ਪਰਬਤਾਂ ਨੇ ਸਲਾਮ ਕੀਤਾ। ਬੂਟਾ-ਬੂਟਾ ਵਜਦ ਵਿਚ ਨੱਚਿਆ। ਪ੍ਰੋ. ਪੂਰਨ ਸਿੰਘ ਨੂੰ ਪੰਜ-ਆਬ ਕਿਸੇ ਇਲਾਹੀ ਸੁਰ ਵਿਚ ਵਗਦੇ ਮਹਿਸੂਸ ਹੁੰਦੇ। ‘‘ਦਰਿਆ ਹੋ ਰਹਿਣਾ, ਦਰਿਆ ਹੋ ਜੀਣਾ/ਇੱਥੇ ਇਹ ਸਤਿਗੁਰਾਂ ਦਾ ਆਦੇਸ਼ ਹੈ/ ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ ਦਿਸਦਾ’’ ਤੋਂ ਸੌ ਸਾਲ ਪੁਰਾਣੇ ਅਲਬੇਲੇ ਪੰਜਾਬ ਦੀ ਤਸਵੀਰ ਨਜ਼ਰ ਆਉਂਦੀ ਹੈ। ਪੰਜਾਬੀ ਗੱਭਰੂਆਂ ਦੀ ਦੀਦਾ ਦਲੇਰੀ ਬਾਰੇ ਉਹ ਲਿਖਦਾ ਹੈ, ‘‘ਪੰਜਾਬ ਦੀ ਤ੍ਰਾਸਦੀ ਹੈ ਕਿ ਅਣਖ ਖ਼ਾਤਰ ਮਰ-ਮਿਟਣ ਵਾਲੇ ਪੰਜਾਬ ਦੇ ਬਾਂਕੇ ਛੈਲ-ਛਬੀਲੇ ਹੁਣ ਨਸ਼ਿਆਂ ਕਾਰਨ ‘ਮੌਤ ਨੂੰ ਮਖੌਲਾਂ’ ਕਰ ਰਹੇ ਹਨ। ਇਸ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੈ ਕਿ ਅਣਗਿਣਤ ਧੀਆਂ-ਭੈਣਾਂ ਵੀ ਨਸ਼ੇ ਦੀ ਦਲਦਲ ਵਿਚ ਫਸ ਚੁੱਕੀਆਂ ਹਨ। ਪ੍ਰੋ. ਪੂਰਨ ਸਿੰਘ ਕੂਕ-ਕੂਕ ਕੇ ਪੁਰਾਣੇ ਪੰਜਾਬ ਨੂੰ ਬੁਲਾਉਂਦਾ ਹੈ-‘‘ਆ! ਪੰਜਾਬ, ਤੂੰ ਮੁੜ ਆ...।’’
ਉਸ ਦਾ ਪੰਜਾਬ ਤਾਂ ਗੁਰੂ ਦੇ ਨਾਂ ’ਤੇ ਜੀਂਦਾ ਸੀ। ਕਥਾਵਾਂ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਦਾ ਨੀਲਾ ਘੋੜਾ ਭੰਗ/ਪੋਸਤ ਦੇ ਖੇਤਾਂ ਦੇ ਬਾਹਰ ਹੀ ਰੁਕ ਗਿਆ ਸੀ। ਅੱਜ ਵੱਡੀ ਤਾਦਾਦ ਵਿਚ ਪੰਜਾਬੀ ਨਸ਼ੇ-ਪੱਤੇ ਦਾ ਸੇਵਨ ਕਰ ਰਹੇ ਨੇ। ‘‘ਸਿੰਥੈਟਿਕ ਨਸ਼ਿਆਂ’’ ਤੋਂ ਬਚਣ ਲਈ ਹੁਣ ਕਈ ਸਿਆਸਤਦਾਨ ਪੋਸਤ, ਅਫ਼ੀਮ ਅਤੇ ਭੰਗ ਵਰਗੇ ਨਸ਼ਿਆਂ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਰਵਾਇਤੀ ਨਸ਼ਿਆਂ ਦਾ ਸੇਵਨ ਕਰਨ ਵਾਲੇ ਸ਼ਰਾਬੀਆਂ ਵਾਂਗ ਗਲੀਆਂ-ਬਾਜ਼ਾਰਾਂ ’ਚ ਬੜ੍ਹਕਾਂ ਨਹੀਂ ਮਾਰਦੇ। ਹਕੀਕਤ ਇਹ ਹੈ ਕਿ ‘‘ਨਸ਼ਿਆਂ ਨੇ ਪੱਟ ’ਤੇ ਪੰਜਾਬੀ ਗੱਭਰੂ’’।
ਦੇਸ਼ ਦੀ ਖੜਗ ਭੁਜਾ ਨੂੰ ਖੁੰਢਿਆਂ ਕਰਨ ਲਈ ਵੱਡੇ ਪੱਧਰ ’ਤੇ ਗੋਂਦਾਂ ਗੁੰਦੀਆਂ ਗਈਆਂ। ਪੰਜਾਬ ਦੀਆਂ ਨਸਲਾਂ ਨੂੰ ਬਰਬਾਦ ਕੀਤਾ ਗਿਆ। ਪੰਜਾਬ ਨੂੰ ਮਵਾਲੀਆਂ (ਨਸ਼ੇੜੀਆਂ/ਵੈਲੀਆਂ) ਦਾ ਖਿੱਤਾ ਬਣਾਉਣ ਲਈ ਅੱਜ ਵੀ ਬਿਰਤਾਂਤ ਸਿਰਜੇ ਜਾ ਰਹੇ ਹਨ। ਪੰਜਾਬੀਆਂ ਨੇ ਕੰਧ ’ਤੇ ਲਿਖਿਆ ਅਜੇ ਵੀ ਨਾ ਪੜ੍ਹਿਆ ਤਾਂ ਬਹੁਤ ਦੇਰ ਹੋ ਜਾਵੇਗੀ।
ਵਰਿੰਦਰ ਸਿੰਘ ਵਾਲੀਆ
ਸੰਪਾਦਕ