ਇਸ ਮਗਰੋਂ ਗੈਂਗਸਟਰਾਂ ਦੇ ਇਕ-ਦੂਜੇ ਖ਼ਿਲਾਫ਼ ਮਰਨ-ਮਾਰਨ ਵਾਲੇ ਬਿਆਨ ਆਉਣੇ ਵੀ ਚਿੰਤਾ ਦਾ ਵਿਸ਼ਾ ਹਨ। ਗੋਲ਼ੀਆਂ ਮਾਰਨ ਵਾਲੇ ਕੌਣ ਸਨ ਤੇ ਪੁਲਿਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਕੀ ਖਹਿਬਾਜ਼ੀ ਸੀ, ਇਸ ਦਾ ਵੀ ਖ਼ੁਲਾਸਾ ਹੋਣਾ ਚਾਹੀਦਾ ਹੈ। ਪੁਲਿਸ ਚੌਕੀ ਦੀ ਘਟਨਾ ਦੇ ਤਾਰ ਸਰਹੱਦ ਪਾਰ ਵੀ ਜੁੜ ਰਹੇ ਹਨ।

ਸੁਰੱਖਿਆ ਦੇ ਨਜ਼ਰੀਏ ਤੋਂ ਆਮ ਜਨਤਾ ਦਾ ਭਰੋਸਾ ਕਾਨੂੰਨ ਤੇ ਪੁਲਿਸ ਪ੍ਰਸ਼ਾਸਨ ’ਤੇ ਹੁੰਦਾ ਹੈ ਪਰ ਗੁਰਦਾਸਪੁਰ ’ਚ ਪੁਲਿਸ ਚੌਕੀ ’ਚ ਦੋ ਮੁਲਾਜ਼ਮਾਂ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਦੀ ਘਟਨਾ ਇਸ ਯਕੀਨ ਨੂੰ ਹਿਲਾਉਣ ਵਾਲੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਰਹੱਦੀ ਇਲਾਕੇ ’ਚ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਬੜੀ ਆਸਾਨੀ ਨਾਲ ਚਲੇ ਗਏ। ਹਾਲਾਂਕਿ ਇਸ ਘਟਨਾ ਤੋਂ ਬਾਅਦ ਸਿਆਸਤ ਵੀ ਖ਼ੂਬ ਭਖ ਰਹੀ ਹੈ।
ਸਵਾਲ ਚੁੱਕੇ ਜਾ ਰਹੇ ਹਨ ਕਿ ਜੇ ਇਸ ਗੱਲ ਦਾ ਇਨਪੁਟ ਸੀ ਕਿ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਤਾਂ ਫਿਰ ਢਿੱਲ ਕਿਉਂ ਵਰਤੀ ਗਈ। ਇਸ ਘਟਨਾ ਨਾਲ ਸਰਹੱਦੀ ਇਲਾਕਿਆਂ ਦੇ ਥਾਣਿਆਂ ਤੇ ਚੌਕੀਆਂ ’ਚ ਪੁਲਿਸ ਦੀ ਨਫ਼ਰੀ ਦੀ ਸਥਿਤੀ ਤੋਂ ਵੀ ਪਰਦਾ ਉੱਠਦਾ ਹੈ। ਇਹ ਵਾਰਦਾਤ ਪੁਲਿਸ ਪ੍ਰਸ਼ਾਸਨ ’ਚ ਦਹਿਸ਼ਤ ਫੈਲਾਉਣ ਲਈ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ, ਇਸ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ।
ਇਸ ਮਗਰੋਂ ਗੈਂਗਸਟਰਾਂ ਦੇ ਇਕ-ਦੂਜੇ ਖ਼ਿਲਾਫ਼ ਮਰਨ-ਮਾਰਨ ਵਾਲੇ ਬਿਆਨ ਆਉਣੇ ਵੀ ਚਿੰਤਾ ਦਾ ਵਿਸ਼ਾ ਹਨ। ਗੋਲ਼ੀਆਂ ਮਾਰਨ ਵਾਲੇ ਕੌਣ ਸਨ ਤੇ ਪੁਲਿਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਕੀ ਖਹਿਬਾਜ਼ੀ ਸੀ, ਇਸ ਦਾ ਵੀ ਖ਼ੁਲਾਸਾ ਹੋਣਾ ਚਾਹੀਦਾ ਹੈ। ਪੁਲਿਸ ਚੌਕੀ ਦੀ ਘਟਨਾ ਦੇ ਤਾਰ ਸਰਹੱਦ ਪਾਰ ਵੀ ਜੁੜ ਰਹੇ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਪਾਕਿਸਤਾਨ ਦੇ ਡੌਨ ਸ਼•ਹਿਜ਼ਾਦ ਭੱਟੀ ਦੇ ਇਕ-ਦੂਜੇ ਖ਼ਿਲਾਫ਼ ਦਿੱਤੇ ਗਏ ਸੋਸ਼ਲ ਮੀਡੀਆ ’ਤੇ ਬਿਆਨ ਇਸ ਘਟਨਾ ਦੀ ਸੰਵੇਦਨਸ਼ੀਲਤਾ ਵੱਲ ਇਸ਼ਾਰਾ ਕਰ ਰਹੇ ਹਨ।
ਹਾਲਾਂਕਿ ਇਸ ਤਰ੍ਹਾਂ ਗੈਂਗਸਟਰ ਧਿਰਾਂ ਦੇ ਆਹਮੋ-ਸਾਹਮਣੇ ਹੋਣ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਰਹੱਦ ਪਾਰ ਬੈਠੇ ਭੱਟੀ ਨੇ ਇੱਥੋਂ ਤੱਕ ਕਿਹਾ ਹੈ ਕਿ ਜਦੋਂ ਫ਼ਰਜ਼ੀ ਮੁਕਾਬਲੇ ਕੀਤੇ ਜਾਂਦੇ ਹਨ ਤਾਂ ਅਜਿਹੇ ਨਤੀਜੇ ਸਾਹਮਣੇ ਆਉਂਦੇ ਹਨ। ਪੁਲਿਸ ਪ੍ਰਸ਼ਾਸਨ ਨੂੰ ਗੈਂਗਸਟਰਾਂ ਦੀਆਂ ਇਕ-ਦੂਜੇ ’ਤੇ ਕੀਤੀਆਂ ਤਿੱਖੀਆਂ ਬਿਆਨਬਾਜ਼ੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਆਖ਼ਰ ਅਜਿਹਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ?
ਪੁਲਿਸ ਨੂੰ ਸੁਰੱਖਿਆ ਪ੍ਰਬੰਧ ਪੁਖ਼ਤਾ ਰੱਖਣ ਲਈ ਕਈ ਵਾਰ ਸਖ਼ਤ ਕਦਮ ਚੁੱਕਣੇ ਪੈਂਦੇ ਹਨ। ਨਸ਼ਾ ਤਸਕਰਾਂ ਤੇ ਗੈਂਗਸਟਰਾਂ ’ਤੇ ਸਿਲਸਿਲੇਵਾਰ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਹਨ। ਪੁਲਿਸ ਥਾਣਿਆਂ ’ਤੇ ਪਿਛਲੇ ਸਾਲਾਂ ’ਚ ਵੀ ਕਈ ਭਿਆਨਕ ਹਮਲੇ ਹੋ ਚੁੱਕੇ ਹਨ। ਸਾਲ 2024 ’ਚ ਸਰਹੱਦੀ ਇਲਾਕਿਆਂ ’ਚ 25 ਤੋਂ ਵੱਧ ਅਜਿਹੀਆਂ ਘਟਨਾਵਾਂ ਹੋਈਆਂ ਸਨ।
ਪਿਛਲੇ ਸਾਲ ਅੰਮ੍ਰਿਤਸਰ ’ਚ ਪੁਲਿਸ ਪੋਸਟ ਲਾਗੇ ਆਈਈਡੀ ਬਰਾਮਦ ਹੋਈ ਸੀ। ਹਾਲਾਂਕਿ ਇਸ ਨੂੰ ਬਾਅਦ ’ਚ ਨਕਾਰਾ ਕਰ ਦਿੱਤਾ ਗਿਆ। ਸਾਲ 2015 ’ਚ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਥਾਣੇ ’ਤੇ ਅੱਤਵਾਦੀ ਹਮਲਾ ਹੋਇਆ ਸੀ। ਇਸੇ ਤਰ੍ਹਾਂ ਮੋਹਾਲੀ ਦੇ ਪੁਲਿਸ ਇੰਟੈਲੀਜੈਂਸ ਸਟੇਸ਼ਨ ’ਤੇ ਗ੍ਰਨੇਡ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਅਜਨਾਲਾ, ਨਵਾਂਸ਼ਹਿਰ, ਮਜੀਠਾ, ਬਟਾਲਾ ਤੇ ਗੁਰਦਾਸਪੁਰ ’ਚ ਮਿੱਥ ਕੇ ਹਮਲੇ ਕੀਤੇ ਗਏ।
ਹੈਰਾਨੀ ਵਾਲੀ ਗੱਲ ਹੈ ਕਿ ਥਾਣਿਆਂ ਦੇ ਲਾਗੇ ਹੀ ਧਮਾਕਾਖੇਜ਼ ਸਮੱਗਰੀਆਂ ਬਰਾਮਦ ਹੋਈਆਂ ਹਨ ਜਿਸ ਨਾਲ ਵਾਰਦਾਤਾਂ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਦੇ ਹੌਸਲਿਆਂ ਦਾ ਅੰਦਾਜ਼ਾ ਭਲੀਭਾਂਤ ਲੱਗਦਾ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ ਮੌਜੂਦਾ ਸਰਕਾਰ ’ਤੇ ਸਵਾਲ ਉੱਠਣੇ ਲਾਜ਼ਮੀ ਹਨ ਪਰ ਇਨ੍ਹਾਂ ਨੂੰ ਆਧਾਰ ਬਣਾ ਕੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ। ਸੂਬੇ ਨੇ ਪਿਛਲੇ ਦਹਾਕਿਆਂ ’ਚ ਕਾਲੇ ਦੌਰ ਦੇ ਜ਼ਖ਼ਮਾਂ ਨੂੰ ਪਿੰਡੇ ’ਤੇ ਹੰਢਾਇਆ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਕਰਨ ਲਈ ਪੁਲਿਸ ਪ੍ਰਸ਼ਾਸਨ, ਸਿਆਸੀ ਧਿਰਾਂ ਤੇ ਜ਼ਿੰਮੇਵਾਰ ਜਾਂਚ ਏਜੰਸੀਆਂ ਨੂੰ ਸਾਂਝੇ ਤੌਰ ’ਤੇ ਨਿਰਪੱਖ ਤੇ ਪਾਰਦਰਸ਼ੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।