ਇਨ੍ਹਾਂ ’ਚ ਸਿਨਾਲੋਆ ਕਾਰਟਲ, ਜੁਆਕੁਇਨ ਐੱਲ ਚਾਪੋ ਗੁਜ਼ਮੈਨ, ਜੈਲਿਸਕੋ ਨਿਊ ਜੈਨਰੇਸ਼ਨ ਕਾਰਟਲ, ਲੋਸ ਜੈਟਸਅ ਅਤੇ ਗਲਫ ਕਾਰਟਲ ਬੇਹੱਦ ਸਰਗਰਮ ਹਨ। ਇਹ ਜ਼ਿਆਦਾਤਰ ਕੋਕੀਨ ਤੇ ਹੈਰੋਇਨ ਦੀ ਗੁਆਂਢੀ ਮੁਲਕਾਂ ਤੱਕ ਤਸਕਰੀ ਕਰਦੇ ਹਨ।

ਇਸ ਵੇਲੇ ਡਰੱਗ ਮਾਫ਼ੀਆ ਤੇ ਗੈਂਗਸਟਰਵਾਦ ਆਲਮੀ ਸਮੱਸਿਆ ਬਣ ਚੁੱਕਾ ਹੈ। ਨਿੱਤ ਕਿਤੇ ਨਾ ਕਿਤੇ ਇਨ੍ਹਾਂ ਵੱਲੋਂ ਦਿਲ ਕੰਬਾਊ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਕਾਨੂੰਨ-ਵਿਵਸਥਾ ’ਤੇ ਸਵਾਲ ਉੱਠਦੇ ਹਨ। ਇਨ੍ਹਾਂ ਗੈਂਗਸਟਰਾਂ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ, ਇਸ ਦਾ ਅੰਦਾਜ਼ਾ ਮੈਕਸੀਕੋ ’ਚ ਫ਼ੌਜ ਵੱਲੋਂ ਹਲਾਕ ਕੀਤੇ ਗਏ ‘ਐੱਲ ਮੈਂਚੋ’ ਨਾਂ ਦੇ ਡਰੱਗ ਮਫ਼ੀਆ ਤੋਂ ਲਗਾਇਆ ਜਾ ਸਕਦਾ ਹੈ। ਮੈਕਸੀਕੋ ਸਣੇ ਆਪਣੇ ਗੁਆਂਢੀ ਦੇਸ਼ਾਂ ’ਚ ਵਾਰਦਾਤਾਂ ਲਈ ਜ਼ਿੰਮੇਵਾਰ ਐੱਲ ਮੈਂਚੋ ਜਲਿਸਕੋ ਨਿਊ ਜਨਰੇਸ਼ਨ ਕਾਰਟਲ ਦਾ ਸਭ ਤੋਂ ਵੱਡਾ ਆਗੂ ਸੀ।
ਉਸ ਦੇ ਸਿਰ ’ਤੇ 1.5 ਕਰੋੜ ਡਾਲਰ (ਲਗਪਗ 136 ਕਰੋੜ ਰੁਪਏ) ਦਾ ਇਨਾਮ ਰੱਖਿਆ ਗਿਆ ਸੀ। ਇਸ ਖ਼ੂਨੀ ਗੈਂਗਸਟਰ ਦਾ ਕੱਦ ਇਸ ਗੱਲ ਤੋਂ ਵੀ ਨਾਪਿਆ ਜਾ ਸਕਦਾ ਹੈ ਕਿ ਕਾਰਟਲ ਦੇ ਮੈਂਬਰ ਆਪਣੇ ਲੀਡਰ ਦੀ ਮੌਤ ਦਾ ਬਦਲਾ ਲੈਣ ਲਈ ਜਵਾਬੀ ਹਮਲੇ ਕਰ ਰਹੇ ਹਨ। ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ੀਨਬਾਮ ਨੇ ਐਕਸ ’ਤੇ ਫ਼ੌਜੀ ਆਪ੍ਰੇਸ਼ਨ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਹੈ। ਦਰਅਸਲ, ਮੈਕਸੀਕੋ ’ਚ ਪਿਛਲੇ 10-15 ਸਾਲਾਂ ’ਚ ਡਰੱਗ ਮਾਫ਼ੀਆ ਨੇ ਵੱਡੇ ਪੱਧਰ ’ਤੇ ਪੈਰ ਪਸਾਰੇ ਹਨ।
ਇਨ੍ਹਾਂ ’ਚ ਸਿਨਾਲੋਆ ਕਾਰਟਲ, ਜੁਆਕੁਇਨ ਐੱਲ ਚਾਪੋ ਗੁਜ਼ਮੈਨ, ਜੈਲਿਸਕੋ ਨਿਊ ਜੈਨਰੇਸ਼ਨ ਕਾਰਟਲ, ਲੋਸ ਜੈਟਸਅ ਅਤੇ ਗਲਫ ਕਾਰਟਲ ਬੇਹੱਦ ਸਰਗਰਮ ਹਨ। ਇਹ ਜ਼ਿਆਦਾਤਰ ਕੋਕੀਨ ਤੇ ਹੈਰੋਇਨ ਦੀ ਗੁਆਂਢੀ ਮੁਲਕਾਂ ਤੱਕ ਤਸਕਰੀ ਕਰਦੇ ਹਨ। ਮਨੀ ਲਾਂਡਰਿੰਗ ਇੰਨੇ ਵੱਡੇ ਪੱਧਰ ’ਤੇ ਹੁੰਦੀ ਹੈ ਕਿ ਮੈਕਸੀਕੋ ਦੀਆਂ ਕੁਝ ਰਿਪੋਰਟਾਂ ਮੁਤਾਬਕ ਇਹ ਗੈਂਗ ਉੱਥੇ ‘ਸਮਾਨਾਂਤਰ ਸਰਕਾਰ’ ਚਲਾ ਰਹੇ ਹਨ। ਇਨ੍ਹਾਂ ਗੈਂਗਸਟਰਾਂ ਦਾ ਨੈੱਟਵਰਕ ਸਕੂਲਾਂ ਤੱਕ ਪੁੱਜ ਚੁੱਕਾ ਹੈ। ਵਿਦਿਆਰਥੀਆਂ ਕੋਲੋਂ ਡਰੱਗਜ਼ ਮਿਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਇਸੇ ਕਾਰਨ ਕਿਡਨੈਪਿੰਗ, ਫਿਰੌਤੀਆਂ ਤੇ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਆਮ ਹਨ। ਇਹ ਮਾਫ਼ੀਆ ਧੜੇ ਦੇਸ਼ ’ਤੇ ਆਪਣਾ ਦਬਦਬਾ ਦਰਸਾਉਣ ਲਈ ਆਪਸ ’ਚ ਲੜਦੇ ਰਹਿੰਦੇ ਹਨ ਜਿਸ ਕਾਰਨ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਬੰਧਾਂ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਕਸੀਕੋ ਦੇ ਇਨ੍ਹਾਂ ਡਰੱਗ ਤਸਕਰਾਂ ਤੋਂ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਮਰੀਕਾ ਕਸਟਮ ਐਂਡ ਬਾਰਡਰ ਪੈਟਰੋਲ ਵੱਲੋਂ ਜੂਨ ’ਚ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ 2024 ਤੋਂ ਹੁਣ ਤੱਕ ਅਮਰੀਕਾ ’ਚ ਕੁੱਲ 9,200 ਪੌਂਡ (4,182 ਕਿੱਲੋ) ਫੈਂਟਾਨਿਲ ਜ਼ਬਤ ਕੀਤਾ ਜਾ ਚੁੱਕਾ ਹੈ।
ਇਸ ਵਿਚ ਲਗਪਗ 96 ਫ਼ੀਸਦ ਫੈਂਟਾਨਿਲ ਮੈਕਸੀਕੋ ਦੇ ਨਾਲ ਲੱਗਦੀ ਦੱਖਣ-ਪੱਛਮੀ ਸਰਹੱਦ ’ਤੇ ਫੜਿਆ ਗਿਆ। ਜੇਕਰ ਭਾਰਤ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸਥਿਤੀ ਇੱਥੇ ਵੀ ਇਸੇ ਤਰ੍ਹਾਂ ਦੀ ਹੈ। ਭਾਰਤ ’ਚ ਗੈਂਗਸਟਰਵਾਦ ਤੇ ਡਰੱਗ ਮਾਫ਼ੀਆ ਖ਼ਾਸ ਕਰਕੇ ਸਰਹੱਦੀ ਇਲਾਕਿਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਵਿਦੇਸ਼ਾਂ ’ਚ ਬੈਠ ਕੇ ਗੈਂਗਸਟਰਾਂ ਵੱਲੋਂ ਚਲਾਏ ਜਾਂਦੇ ਗਿਰੋਹਾਂ ਕਾਰਨ ਫਿਰੌਤੀਆਂ ਮੰਗਣ, ਗੋਲ਼ੀਆਂ ਚੱਲਣ ਤੇ ਕਤਲਾਂ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਵੱਡਾ ਸਵਾਲ ਇਹ ਵੀ ਹੈ ਕਿ ਆਖ਼ਰ ਇਹ ਗੈਂਗਸਟਰ ਲੋਕਾਂ ’ਚ ‘ਹੀਰੋ’ ਕਿਉਂ ਬਣ ਰਹੇ ਹਨ?
ਜੇ ਸਾਰੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਨਸ਼ਾ ਤਸਕਰਾਂ ਨੂੰ ਨੱਥ ਪੈਂਦੀ ਹੈ ਤਾਂ ਨਸ਼ਾ ਖ਼ਤਮ ਹੋਣ ਦਾ ਨਾਂ ਕਿਉਂ ਨਹੀਂ ਲੈ ਰਿਹਾ? ਕਿਨ੍ਹਾਂ ਲੋਕਾਂ ਦੀ ਸ਼ਹਿ ’ਤੇ ਇਹ ਗੈਂਗਸਟਰ ਆਪਣੇ ਟਿਕਾਣੇ ਇਕ ਤੋਂ ਦੂਜੇ ਮੁਲਕ ’ਚ ਬਦਲ ਰਹੇ ਹਨ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਦੀ ਚਕਾਚੌਂਧ ਭਰੀ ਜ਼ਿੰਦਗੀ ਨੂੰ ‘ਹੀਰੋਆਂ’ ਵਾਂਗ ਪੇਸ਼ ਕਰਨ ਦੇ ਸਾਰੇ ਤਰੀਕਿਆਂ ’ਤੇ ਰੋਕ ਲੱਗਣੀ ਚਾਹੀਦੀ ਹੈ।
ਸਮਾਜ ਦੇ ਸਾਰੇ ਵਰਗਾਂ, ਖ਼ਾਸ ਤੌਰ ’ਤੇ ਨੌਜਵਾਨਾਂ ਨੂੰ ਸੁਰੱਖਿਅਤ ਰਾਹ ’ਤੇ ਰੱਖਣ ਵਾਸਤੇ ਗੈਂਗਸਟਰਵਾਦ ਤੇ ਡਰੱਗ ਮਾਫ਼ੀਆ ਦੀ ਸਾਂਝੇ ਯਤਨਾਂ ਨਾਲ ਕਮਰ ਤੋੜਨ ਦੀ ਲੋੜ ਹੈ।