ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ
ਇੱਥੇ ਰਹਿ ਕੇ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਵਿਦਵਾਨ ਪਿਤਾ ਦੇ ਸਹਿਯੋਗ ਨਾਲ ਪੰਜਾਬੀ, ਹਿੰਦੀ ਤੇ ਸਿੱਖ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਪ੍ਰਸਿੱਧ ਵਿਦਵਾਨਾਂ ਪਾਸੋਂ ਸੰਸਕ੍ਰਿਤ, ਫ਼ਾਰਸੀ, ਇਤਿਹਾਸ, ਨਿਆਂ ਤੇ ਵੇਦਾਂਤ ਦੀ ਸਿੱਖਿਆ ਗ੍ਰਹਿਣ ਕੀਤੀ।
Publish Date: Thu, 29 Aug 2019 09:40 PM (IST)
Updated Date: Fri, 30 Aug 2019 06:51 AM (IST)

ਪੰਜਾਬੀ ਤੇ ਸਿੱਖ ਸਾਹਿਤ ’ਚ ਖੋਜ ਪੱਖੋਂ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖ਼ਸੀਅਤਾਂ ’ਚ ਸ਼ੁਮਾਰ ਹੈ। ਉਨ੍ਹਾਂ ਦਾ ਜਨਮ 30 ਅਗਸਤ 1861 ਨੂੰ ਪਿੰਡ ਬਨੇਰਾ ਖੁਰਦ, ਰਿਆਸਤ ਪਟਿਆਲਾ ’ਚ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰ ਕੌਰ ਦੀ ਕੁੱਖੋਂ ਹੋਇਆ ਸੀ। ਉਸ ਸਮੇਂ ਉਨ੍ਹਾਂ ਦੇ ਪਿਤਾ ਬਾਬਾ ਨਰਾਇਣ ਸਿੰਘ ਨਾਭੇ ਦੇ ਇਕ ਪ੍ਰਸਿੱਧ ਗੁਰਦੁਆਰੇ ਦੇ ਮੁੱਖ ਸੇਵਾਦਾਰ ਸਨ। ਇਹ ਅਸਥਾਨ ਸ਼ਾਸਤਰ ਵਿੱਦਿਆ ਦੇ ਮਾਹਰ ਬਾਬਾ ਅਜਾਪਾਲ ਸਿੰਘ ਨਾਲ ਸਬੰਧਤ ਹੈ। ਇੱਥੇ ਰਹਿ ਕੇ ਹੀ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਵਿਦਵਾਨ ਪਿਤਾ ਦੇ ਸਹਿਯੋਗ ਨਾਲ ਪੰਜਾਬੀ, ਹਿੰਦੀ ਤੇ ਸਿੱਖ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਪ੍ਰਸਿੱਧ ਵਿਦਵਾਨਾਂ ਪਾਸੋਂ ਸੰਸਕ੍ਰਿਤ, ਫ਼ਾਰਸੀ, ਇਤਿਹਾਸ, ਨਿਆਂ ਤੇ ਵੇਦਾਂਤ ਦੀ ਸਿੱਖਿਆ ਗ੍ਰਹਿਣ ਕੀਤੀ। ਜਵਾਨੀ ’ਚ ਜਦੋਂ ਆਪ ਵਿਦਵਾਨਾਂ ਦੇ ਕਦਰਦਾਨ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਨੂੰ ਮਿਲੇ ਤਾਂ ਉਹ ਆਪ ਦੀ ਵਿੱਦਿਆ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਝੱਟ ਭਾਈ ਸਾਹਿਬ ਨੂੰ ਆਪਣਾ ਮੁਸਾਹਿਬ ਬਣਾ ਲਿਆ ਅਤੇ ਮਗਰੋਂ ਆਪਣੇ ਬੇਟੇ ਰਿਪੁਦਮਨ ਸਿੰਘ ਦਾ ਨਿਗਰਾਨ ਨਿਯੁਕਤ ਕੀਤਾ। ਆਪਣੀ ਵਿਦਵਤਾ ਦੇ ਜਾਦੂ ਨਾਲ ਨਾਭਾ ਰਿਆਸਤ ਵਿਚ ਭਾਈ ਸਾਹਿਬ ਨੇ 1886 ਤੋਂ 1923 ਈ. ਤਕ ਕਈ ਉੱਚ ਅਹੁਦਿਆਂ ’ਤੇ ਕੰਮ ਕੀਤਾ। ਉਨ੍ਹਾਂ ਦੀ ਸਹਾਇਕ ਦਿਲਚਸਪੀ ਦਾ ਘੇਰਾ ਅਤੀ ਵਿਸ਼ਾਲ ਸੀ ਜਿਸ ’ਚ ਖੰਡਨ-ਮੰਡਨ, ਇਤਿਹਾਸ ਤੇ ਰਾਜਨੀਤੀ ਆਦਿ ਅਨੇਕ ਵਿਸ਼ੇ ਸ਼ਾਮਲ ਹਨ ਪਰ ਪੰਜਾਬੀ ਕੋਸ਼ਕਾਰੀ ਦੇ ਖੇਤਰ ’ਚ ਉਨ੍ਹਾਂ ਦਾ ਆਪਣਾ ਵਿਸ਼ੇਸ਼ ਸਥਾਨ ਹੈ।
ਕੋਸ਼ਕਾਰੀ ਦੇ ਮੁੱਢਲੇ ਰੂਪ ਨਿਘੰਟੂ ਤੋਂ ਲੈ ਕੇ ਅੱਜ ਤਕ ਪੰਜਾਬੀ ਕੋਸ਼ਕਾਰੀ ਕਈ ਪੜਾਵਾਂ ਨੂੰ ਪਾਰ ਕਰ ਚੁੱਕੀ ਹੈ। ਬੇਸ਼ੱਕ ਭਾਈ ਕਾਨ੍ਹ ਸਿੰਘ ਨਾਭਾ ਤੋਂ ਪਹਿਲਾਂ ਭਾਈ ਮਈਆ ਸਿੰਘ, ਬਿਹਾਰੀ ਲਾਲ ਪੁਰੀ, ਸਾਧੂ ਗੁਰਦਿੱਤ ਸਿੰਘ, ਬਿਸ਼ਨ ਦਾਸ ਉਦਾਸੀ, ਸਾਧੂ ਸੁਤੇ ਪ੍ਰਕਾਸ਼, ਗਿਆਨੀ ਚੰਦਾ ਸਿੰਘ ਅਤੇ ਪੰਡਿਤ ਤਾਰਾ ਚੰਦ ਨਰੋਤਮ ਆਦਿ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਕੋਸ਼ ਸਮੇਂ-ਸਮੇਂ ਤਿਆਰ ਕੀਤੇ ਗਏ ਪਰ ਪੰਜਾਬੀ ਕੋਸ਼ਾਂ ’ਚ ਵਿਸ਼ਵ ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਹੈ। ਇਸ ਕੋਸ਼ ਦਾ ਕੰਮ ਸੰਨ 1900 ਵਿਚ ਬੀਜ ਰੂਪ ’ਚ ਹੋ ਗਿਆ ਸੀ ਜਦੋਂ ਭਾਈ ਸਾਹਿਬ ਨੇ ਉਸ ਸਮੇਂ ਦੇ ਪ੍ਰਾਪਤ ਕੋਸ਼ ਗੁਰ ਗਿਰਾਰਥ ਕੋਸ਼ (ਰਚਿਤ ਪੰਡਿਤ ਤਾਰਾ ਸਿੰਘ ਨਰੋਤਮ) ਅਤੇ ਸ੍ਰੀ ਗੁਰੂ ਗ੍ਰੰਥ ਕੋਸ਼ (ਰਚਿਤ ਭਾਈ ਹਜਾਰਾ ਸਿੰਘ) ਵਿਚ ਦਰਜ ਹੋਣੋਂ ਰਹਿ ਗਏ ਸ਼ਬਦਾਂ ਦਾ ਕੋਸ਼ ਤਿਆਰ ਕਰਨ ਦੀ ਯੋਜਨਾ ਬਣਾਈ। ਇਸ ਕੋਸ਼ ਲਈ ਇਕੱਤਰ ਸਮੱਗਰੀ ਦਾ ਜਦੋਂ ਸੰਪਾਦਨ ਤੇ ਸੰਕਲਨ ਹੋਣ ਲੱਗਾ ਤਾਂ ਇਨਸਾਈਕਲੋਪੀਡੀਆ ਬ੍ਰਿਟਾਨਿਕਾ ਨੇ ਭਾਈ ਸਾਹਿਬ ਨੂੰ ਬਹੁਤ ਪ੍ਰੇਰਿਆ ਤੇ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਕੋਸ਼ ਤਿਆਰ ਕਰਨ ਦੀ ਥਾਂ ਸਿੱਖ ਸਾਹਿਤ ਦਾ ਕੋਸ਼ ਤਿਆਰ ਕੀਤਾ ਜਾਵੇ। ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਇਸ ਯਤਨ ਦੇ ਸਿੱਟੇ ਵਜੋਂ ਸਿਰਜਿਆ ਗਿਆ। ਵਿਗਿਆਨਕ ਲੀਹਾਂ ’ਤੇ ਤਿਆਰ ਕੀਤੇ ਗਏ ਇਸ ਅਦੁੱਤੀ ਹਵਾਲਾ ਗ੍ਰੰਥ ਲਈ ਭਾਈ ਸਾਹਿਬ ਨੂੰ 14-15 ਸਾਲ ਦੀ ਕਠਿਨ ਤਪੱਸਿਆ ਅਤੇ ਅਣਥੱਕ ਮਿਹਨਤ ਕਰਨੀ ਪਈ। ਇਸ ਨੂੰ ਲਿਖਣਾ ਸੰਨ 1912 ਵਿਚ ਆਰੰਭ ਕੀਤਾ ਗਿਆ। ਇਹ ਸੰਨ 1926 ’ਚ ਮੁਕੰਮਲ ਹੋਇਆ ਅਤੇ 1930 ’ਚ ਦਰਬਾਰ ਪਟਿਆਲਾ ਵੱਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ।
ਮਹਾਨ ਕੋਸ਼ ਵਿਚ ਬਨਸਪਤੀ, ਔਸ਼ਧਾਂ, ਛੰਦਾਂ, ਸੰਗੀਤ ਆਦਿ ਸੰਕੇਤਾਂ ਦੀ ਮੁਫੀਦ ਵਿਆਖਿਆ ਦੇ ਨਾਲ-ਨਾਲ ਗੁਰਦੁਆਰਿਆਂ, ਜੁਗਰਾਫੀਏ, ਸਾਇੰਸ, ਇਤਿਹਾਸਕ ਨਾਵਾਂ ਤੇ ਥਾਵਾਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਸ਼ਬਦਾਂ ਦੇ ਹਵਾਲੇ ਲੈ ਕੇ ਉਨ੍ਹਾਂ ਦੀ ਵਿਸਤ੍ਰਿਤ ਵਿਆਖਿਆ ਕੀਤੀ ਗਈ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਉਪਰੋਕਤ ਕਿਸਮ ਦੀ ਸ਼ਬਦਾਵਲੀ ਦੇ ਅਰਥਾਂ ਨੂੰ ਦੱਸਣ ਲਈ ਭਾਈ ਸਾਹਿਬ ਨੂੰ ਰਿੱਗਵੇਦ ਤੋਂ ਲੈ ਕੇ ਆਪਣੇ ਸਮੇਂ ਤਕ ਦੇ ਭਾਰਤੀ ਇਤਿਹਾਸ, ਮਿਥਿਹਾਸ, ਧਾਰਮਿਕ ਤੇ ਨੈਤਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕਰਨਾ ਪਿਆ ਹੋਵੇਗਾ ਪਰ ਗੁਰਮਤਿ ਨਾਲ ਸਬੰਧਤ ਸ਼ਬਦਾਵਲੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪ੍ਰਮਾਣ ਲਈ ਵਰਤਿਆ ਹੈ। ਇਸ ਪੱਖੋਂ ਭਾਈ ਸਾਹਿਬ ਮਿਹਨਤੀ ਤੇ ਲਗਨ ਵਾਲੇ ਪੰਜਾਬੀ ਸੇਵੀ ਸਨ।
ਮਹਾਨ ਕੋਸ਼ ਵਿਚ ਸ਼ਬਦਾਂ ਦੀ ਪੇਸ਼ਕਾਰੀ ਦਾ ਕ੍ਰਮ ਕੇਵਲ ਅੱਖਰਾਂ ਅਨੁਸਾਰ ਹੀ ਨਹੀਂ, ਮਾਤਰਾ ਅਨੁਸਾਰ ਵੀ ਰੱਖਿਆ ਹੈ। ਸੰਸਕ੍ਰਿਤ, ਅੰਗਰੇਜ਼ੀ, ਹਿੰਦੀ, ਅਰਬੀ, ਫਾਰਸੀ ਤੋਂ ਤਤਸਮ, ਅਰਧ ਤਤਸਮ, ਤਦਭਵ, ਮਿਸ਼੍ਰਿਤ, ਅਨੁਕਰਣ, ਪ੍ਰਤਿ ਧ੍ਵਨਿ, ਸੰਕੇਤਕ ਅਤੇ ਸੰਖਿਪਤ ਰੂਪ ’ਚ ਲਏ ਗਏ ਸਾਰੇ ਸ਼ਬਦਾਂ ਨੂੰ ਅੱਖਰ ਕ੍ਰਮ ਅਨੁਸਾਰ ਆਪੋ-ਆਪਣੀ ਥਾਂ ਰੱਖਿਆ ਗਿਆ ਹੈ। ਮਹਾਨ ਕੋਸ਼ ਦੀ ਸਮੱਗਰੀ ਕਿਉਂ ਜੋ ਲਿਖਤੀ ਸਾਹਿਤ ’ਚੋਂ ਲਈ ਗਈ ਹੈ, ਇਸ ਲਈ ਸ਼ਬਦ ਉਹੀ ਰੱਖੇ ਗਏ ਹਨ ਜੋ ਮੂਲ ਲਿਖਤੀ ਸਾਹਿਤ ’ਚ ਹਨ।ਪਰ ਤਤਸਮ ਸ਼ਬਦ ਦਾ ਉਚਾਰਨ ਦੇਣ ਲਈ ਜੇ ਸ਼ਬਦ ਸੰਸਕ੍ਰਿਤ ਸੋਮੇ ’ਚੋਂ ਆਇਆ ਹੈ ਤਾਂ ਉਸ ਨੂੰ ਦੇਵਨਾਗਰੀ ਵਿਚ ਲਿਖ ਦਿੱਤਾ ਹੈ, ਜੇ ਅਰਬੀ ਜਾਂ ਫਾਰਸੀ ਸੋਮੇ ਦਾ ਹੈ ਤਾਂ ਉਸ ਨੂੰ ਅਰਬੀ ਲਿਪੀ ’ਚ ਵੀ ਲਿਖ ਦਿੱਤਾ ਹੈ। ਅਰਬੀ ਅਤੇ ਫਾਰਸੀ ਦੀਆਂ ਧੁਨੀਆਂ ਦੇ ਪ੍ਰਗਟਾਵੇ ਲਈ ਅਨੇਕ ਅੱਖਰ ਚਿੰਨ੍ਹ ਨਵੇਂ ਸਿਰਿਓਂ ਘੜੇ ਅਤੇ ਕੁਝ ਪ੍ਰਚਲਿਤ ਨਵੇਂ ਅੱਖਰਾਂ ਨੂੰ ਵੀ ਵਰਤਿਆ। ਨਵੇਂ ਅੱਖਰ ਚਿੰਨ੍ਹਾਂ ਨੂੰ ਸ਼ਕਲ ਦੇਣ ’ਚ ਜੋ ਮੌਲਿਕਤਾ ਭਾਈ ਸਾਹਿਬ ਨੇ ਦਿਖਾਈ, ਉਹ ਪ੍ਰਸ਼ੰਸਾਯੋਗ ਹੈ। ਮਹਾਨ ਕੋਸ਼ ਤੋਂ ਪਹਿਲਾਂ ਕੋਸ਼ ਰੀਤੀ ਅਨੁਸਾਰ ਸਿੱਖ ਸਿਧਾਂਤ ਨੂੰ ਸਪੱਸ਼ਟ ਕਰਨ ਲਈ ਭਾਈ ਸਾਹਿਬ ਨੇ ‘ਗੁਰੁਮਤ ਪ੍ਰਭਾਕਰ’ ਤੇ ‘ਗੁਰੁਮਤ ਸੁਧਾਕਰ’ ਗ੍ਰੰਥ ਤਿਆਰ ਕੀਤੇ। ਫਿਰ ਇਨ੍ਹਾਂ ਨਾਲ ‘ਗੁਰੁਗਿਰਾ ਕਸੌਟੀ’ ਅਣਛਪੇ ਗ੍ਰੰਥ ਦੀ ਸਮੱਗਰੀ ਮਿਲਾ ਕੇ ਕੋਸ਼ ਰੀਤੀ ਅਨੁਸਾਰ ਹੀ ਇਕ ਹੋਰ ਉੱਤਮ ਗ੍ਰੰਥ ‘ਗੁਰੁਮਤ ਮਾਰਤੰਡ’ (1938 ਈ.) ਦੀ ਰਚਨਾ ਕੀਤੀ। ਭਾਈ ਸਾਹਿਬ ਨੇ ਸਾਹਿਤ ਪ੍ਰੇਮੀਆਂ ਲਈ ਦੋ ਪੁਸਤਕਾਂ ‘ਗੁਰੁਛੰਦ ਦਿਵਾਕਰ’ ਅਤੇ ‘ਗੁਰੁਸ਼ਬਦਾਲੰਕਾਰ’ ਦੀ ਰਚਨਾ ਵੀ ਕੋਸ਼ ਰੀਤੀ ਅਨੁਸਾਰ ਕੀਤੀ। ਜਿਵੇਂ ਕੋਸ਼ ’ਚੋਂ ਸ਼ਬਦ ਲੱਭਿਆ ਜਾਂਦਾ ਹੈ, ਉਸ ਤਰ੍ਹਾਂ ਛੰਦ ਤੇ ਅਲੰਕਾਰ ਇਨ੍ਹਾਂ ਪੁਸਤਕਾਂ ’ਚੋਂ ਆਸਾਨੀ ਨਾਲ ਲੱਭੇ ਜਾ ਸਕਦੇ ਹਨ। ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਦੇ ਲਾਭ ਹਿੱਤ ਕਵੀ ਨੰਦ ਦਾਸ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ ‘ਅਨੇਕਾਰਥ ਕੋਸ਼’ ਅਤੇ ‘ਨਾਮਮਾਲਾ ਕੋਸ਼’ ਦੀ ਸੁਧਾਈ ਕੀਤੀ ਤੇ ਲੋੜ ਅਨੁਸਾਰ ਵਾਧੇ ਕਰ ਕੇ ਕ੍ਰਮਵਾਰ 1925 ਅਤੇ 1938 ਈ. ’ਚ ਪ੍ਰਕਾਸ਼ਿਤ ਹੋਣ ਦੇ ਯੋਗ ਬਣਾਏ। ਇਨ੍ਹਾਂ ਕੋਸ਼ਾਂ ਦੁਆਰਾ ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਭਾਈ ਗੁਰਦਾਸ ਜੀ ਦੇ ਕਬਿੱਤ, ਦਸਮ ਗ੍ਰੰਥ, ਗੁਰ ਬਿਲਾਸ ਅਤੇ ਹਿੰਦੀ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ’ਚ ਵੱਡੀ ਆਸਾਨੀ ਹੋਈ। ਪੰਜਾਬੀ ਕੋਸ਼ਕਾਰੀ ਲਈ ਪੂਰੀ ਉਮਰ ਸਮਰਪਣ ਕਰਨ ਵਾਲੇ ਮਹਾਨ ਭਾਸ਼ਾ ਵਿਗਿਆਨੀ ਭਾਈ ਕਾਨ੍ਹ ਸਿੰਘ ਨਾਭਾ ਦਾ ਦੇਹਾਂਤ 23 ਨਵੰਬਰ 1938 ਨੂੰ ਵਿ੍ਰਜੇਸ਼ ਭਵਨ, ਨਾਭਾ ਵਿਖੇ ਹੋਇਆ।।ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਸਿੱਖ ਕੌਮ ’ਚ ਪੰਥ ਰਤਨ, ਭਾਈ ਸਾਹਿਬ ”ਤੇ ਸਰਦਾਰ ਬਹਾਦੁਰ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ।
-ਮੋਬਾਈਲ ਨੰ. : 98713-12541