ਮੈਂ ਜਿਉਂਦਾ ਹਾਂ ਕਿਉਂਕਿ ਜਿਉਣਾ ਪੈਂਦਾ ਹੈ। ਮੈਂ ਹੱਸਦਾ ਵੀ ਰਿਹਾ ਕਿਉਂਕਿ ਲੋਕਾਂ ਨੂੰ ਦਿਖਾਉਣਾ ਪੈਂਦਾ ਹੈ ਪਰ ਮਾਂ, ਤੇਰੇ ਬਿਨਾਂ ਮੇਰੀ ਹਰ ਖ਼ੁਸ਼ੀ ਅਧੂਰੀ ਰਹੀ। ਹਰ ਤਿਉਹਾਰ ਵਿਚ ਤੇਰਾ ਨਾਂ ਖ਼ਾਮੋਸ਼ੀ ਨਾਲ ਲੈਂਦਾ ਰਿਹਾ। ਹਰ ਸਫਲਤਾ ਵਿਚ ਤੇਰੀ ਘਾਟ ਮੈਨੂੰ ਅੰਦਰੋਂ ਤੋੜਦੀ ਰਹੀ।

ਮੈਂ ਅੱਜ ਵੀ ਉਸੇ ਸਮੇਂ ਵਿਚ ਖੜ੍ਹਾ ਹਾਂ। ਚੌਵੀ ਵਰ੍ਹੇ ਲੰਘ ਗਏ ਨੇ ਪਰ ਮੇਰੇ ਅੰਦਰ ਸਮਾਂ ਅਜੇ ਵੀ ਠਹਿਰਿਆ ਹੋਇਆ ਹੈ। ਚੌਵੀ ਵਰ੍ਹੇ ਪਹਿਲਾਂ ਇਕ ਅੱਖ ਦੇ ਫੋਰ ਅੰਦਰ ਮੇਰੀ ਪੂਰੀ ਦੁਨੀਆ ਉੱਜੜ ਗਈ ਸੀ। ਚੌਂਤੀ ਵਰ੍ਹਿਆਂ ਦਾ ਸਾਥ-ਨਾ ਕੋਈ ਬੋਲ, ਨਾ ਕੋਈ ਗੁੱਸਾ, ਨਾ ਕੋਈ ਸ਼ਿਕਵਾ, ਨਾ ਕੋਈ ਸਵਾਲ-ਇਕਦਮ ਖ਼ਾਮੋਸ਼ੀ ਵਿਚ ਬਦਲ ਗਿਆ ਸੀ। ਮਾਂ, ਤੂੰ ਬਿਨਾਂ ਕੁਝ ਕਹੇ ਉਨ੍ਹਾਂ ਰਾਹਾਂ ਦੀ ਪਾਂਧੀ ਬਣ ਗਈ ਜਿੱਥੋਂ ਵਾਪਸੀ ਦੀਆਂ ਪੈੜਾਂ ਤਾਂ ਕੀ, ਕਿਸੇ ਜਨਮ-ਜਨਮਾਂਤਰਾਂ ਵਿਚ ਵੀ ਸੁਪਨਿਆਂ ਰਾਹੀਂ ਮਿਲਣ ਦੀ ਆਸ ਨਹੀਂ ਹੁੰਦੀ। ਉਸ ਪਲ ਤੋਂ ਹੀ ਮੈਂ ਭਟਕਣ ਦੀ ਜੂਨ ਹੰਢਾਉਣ ਲੱਗ ਪਿਆ ਸਾਂ। ਉਹ ਦਸ ਤਰੀਕ ਮੇਰੇ ਲਈ ਸਿਰਫ਼ ਕੈਲੰਡਰ ਦੀ ਇਕ ਤਰੀਕ ਨਹੀਂ, ਮੇਰੇ ਅੰਦਰ ਡਰ, ਸਹਿਮ ਅਤੇ ਖ਼ਾਲੀਪਣ ਦਾ ਨਾਂ ਏ ਕਿਉਂਕਿ ਤੂੰ ਮੈਨੂੰ ਛੱਡ ਕੇ ਚਲੀ ਗਈ ਸੀ। ਇਸੇ ਤਰੀਕ ਨੂੰ ਮਾਮਾ ਪਾਲੀ ਤੁਰ ਗਿਆ ਅਤੇ ਇਸੇ ਤਰੀਕ ਨੂੰ ਭਾਪਾ ਦਿਲ ਦੇ ਦੌਰੇ ਨਾਲ ਮੰਜੇ ਉੱਤੇ ਅਜਿਹਾ ਡਿੱਗਾ ਕਿ ਕੁਝ ਮਹੀਨਿਆਂ ਮਗਰੋਂ ਉਹ ਵੀ ਉੱਥੇ ਚਲਾ ਗਿਆ ਜਿੱਥੇ ਗਿਆ ਹੋਇਆ ਕਦੇ ਕੋਈ ਵਾਪਸ ਨਹੀਂ ਪਰਤਦਾ। ਇੱਕੋ ਤਰੀਕ ਨੇ ਮੇਰੇ ਘਰ ਦੀਆਂ ਕਈ ਛਾਵਾਂ ਖੋਹ ਲਈਆਂ। ਉਹ ਸਵੇਰ ਅੱਜ ਵੀ ਮੇਰੀਆਂ ਅੱਖਾਂ ਅੱਗੇ ਘੁੰਮਦੀ ਹੈ। ਤੂੰ ਚਕਲੇ ਕੋਲ ਬੈਠੇ ਮੇਰੇ ਲਈ ਰੋਟੀ ਬਣਾ ਰਹੀ ਸੀ। ਘਰ ਵਿਚ ਰੋਟੀ ਦੀ ਮਹਿਕ ਸੀ-ਮਾਂ ਵਾਲੀ ਮਹਿਕ। ਮੈਂ ਨਹਾ ਰਿਹਾ ਸਾਂ, ਬਿਨਾਂ ਇਹ ਜਾਣੇ ਕਿ ਮੈਂ ਆਖ਼ਰੀ ਵਾਰ ਤੇਰੀ ਆਵਾਜ਼ ਸੁਣ ਰਿਹਾ ਹਾਂ। ਅੱਖ ਝਪਕਣ ਵਿਚ ਹੀ ਸਭ ਕੁਝ ਮੁੱਕ ਗਿਆ। ਚਕਲੇ ਉੱਤੇ ਵੇਲੀ ਹੋਈ ਰੋਟੀ ਉਸੇ ਤਰ੍ਹਾਂ ਰਹਿ ਗਈ ਜਿਵੇਂ ਸਮਾਂ ਖ਼ੁਦ ਸਾਹ ਲੈਣਾ ਭੁੱਲ ਗਿਆ ਹੋਵੇ। ਮਾਂ, ਜਦੋਂ ਮੈਂ ਤੈਨੂੰ ਅੰਤਿਮ ਯਾਤਰਾ ਲਈ ਤਿਆਰ ਕਰਦੇ ਦੇਖਿਆ ਤਾਂ ਮੇਰੇ ਹੱਥ ਕੰਬ ਰਹੇ ਸਨ। ਤੂੰ ਜਿਸ ਸਰੀਰ ਨਾਲ ਸਾਨੂੰ ਪਾਲਿਆ, ਉਹ ਬੇਜਾਨ ਪਿਆ ਸੀ। ਤੇਰੇ ਚਿਹਰੇ ਵੱਲ ਤੱਕ ਕੇ ਮੈਂ ਵਾਰ-ਵਾਰ ਸੋਚਦਾ ਰਿਹਾ-ਕੀ ਸੱਚਮੁੱਚ ਮਾਂ ਇਸ ਤਰ੍ਹਾਂ ਚੁੱਪ ਹੋ ਸਕਦੀ ਹੈ? ਲੋਕ ਕਹਿੰਦੇ, ਹੌਸਲਾ ਰੱਖ, ਮਜ਼ਬੂਤ ਬਣ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂ ਦੇ ਬਿਨਾਂ ਮਜ਼ਬੂਤੀ ਦਾ ਅਰਥ ਕੀ ਹੁੰਦਾ ਹੈ। ਤੇ ਫਿਰ ਅੰਤਿਮ ਸਸਕਾਰ ਦੀ ਉਹ ਘੜੀ… ਮੈਂ ਅਜੇ ਵੀ ਉੱਥੇ ਹੀ ਖੜ੍ਹਾ ਹਾਂ। ਮੈਂ ਆਪਣੇ ਹੱਥਾਂ ਨਾਲ ਤੈਨੂੰ ਅਗਨ ਭੇਟ ਕੀਤੀ। ਜਦੋਂ ਲਾਂਬੂ ਲਾਇਆ, ਮਾਂ, ਉਸ ਪਲ ਮੇਰੇ ਅੰਦਰ ਕੁਝ ਸਦਾ ਲਈ ਸੜ ਗਿਆ ਸੀ। ਅੱਗ ਸਿਰਫ਼ ਤੇਰੇ ਸਰੀਰ ਨੂੰ ਨਹੀਂ ਸੀ ਲੱਗੀ-ਉਹ ਮੇਰੀ ਰੂਹ ਵਿਚ ਦਾਖ਼ਲ ਹੋ ਗਈ ਸੀ। ਲੋਕ ਕਹਿੰਦੇ ਨੇ, ਸਸਕਾਰ ਮਗਰੋਂ ਸਭ ਮੁੱਕ ਜਾਂਦਾ ਹੈ ਪਰ ਤੇਰੇ ਸਰੀਰ ਦੀ ਅੱਗ ਦਾ ਸੇਕ ਅੱਜ ਵੀ ਮੈਨੂੰ ਉਸੇ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਦਿਨ ਲਾਂਬੂ ਲਾਉਂਦੇ ਨੂੰ ਲੱਗਾ ਸੀ। ਉਹ ਸੇਕ ਮੇਰੀਆਂ ਹੱਡੀਆਂ, ਮੇਰੇ ਸਾਹਾਂ, ਮੇਰੀ ਖ਼ਾਮੋਸ਼ੀ ਵਿਚ ਵਸ ਗਿਆ। ਸਸਕਾਰ ਮਗਰੋਂ, ਜਦੋਂ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ, ਮੈਂ ਸਿਰਫ਼ ਕੋਈ ਰਸਮ ਨਹੀਂ ਨਿਭਾ ਰਿਹਾ ਸੀ। ਮੈਂ ਆਪਣੇ-ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜੋ ਹੋ ਗਿਆ, ਉਹ ਕਬੂਲ ਕਰ ਲਿਆ ਜਾਵੇ। ਦੀਵਾਨ ਹਾਲ ਵਿਚ ਗੁਰਬਾਣੀ ਦੀ ਆਵਾਜ਼ ਗੂੰਜ ਰਹੀ ਸੀ ‘ਜੋ ਆਇਆ ਸੋ ਚਲਸੀ...’।
ਇਹ ਤੁਕਾਂ ਮੇਰੇ ਕੰਨਾਂ ਵਿਚ ਨਹੀਂ, ਮੇਰੇ ਦਿਲ ਵਿਚ ਵੱਜ ਰਹੀਆਂ ਸਨ। ਅਰਦਾਸ ਦੇ ਬੋਲ ਕੰਨਾਂ ਵਿਚ ਪੈ ਰਹੇ ਸਨ ਪਰ ਮੇਰਾ ਮਨ ਖ਼ਾਲੀ ਸੀ। ਮੈਂ ਵਾਹਿਗੁਰੂ ਅੱਗੇ ਝੁਕਿਆ ਹੋਇਆ ਸੀ ਪਰ ਮੇਰਾ ਦਿਲ ਝੁਕ ਕੇ ਵੀ ਨਹੀਂ ਸੀ ਝੁਕ ਰਿਹਾ। ਉਸ ਦਿਨ ਗੁਰਦੁਆਰਾ ਸਾਹਿਬ ਤੋਂ ਘਰ ਤੱਕ ਦਾ ਸਫ਼ਰ ਮੈਂ ਅੱਜ ਵੀ ਤੈਅ ਕਰ ਰਿਹਾ ਹਾਂ। ਰਸਤੇ ਵਿਚ ਮਨ ਅੰਦਰ ਇਕ ਹੋਰ ਆਵਾਜ਼ ਗੂੰਜਦੀ ਰਹੀ-‘ਮਾਝ ਨ ਜਾਨੈ ਮਰਣੁ, ਜੀਵਣੁ ਕਿਆ ਸੰਸਾਰਿ’ ਕਬੀਰ ਜਾ ਦਿਨ ਹਉ ਮੁਆ, ਪਾਛੈ ਭਇਆ ਅਨੰਦੁ’ ਪਰ ਮਾਂ, ਉਸ ਅਨੰਦ ਦੀ ਕੋਈ ਛਾਂ ਵੀ ਮੈਨੂੰ ਨਹੀਂ ਛੂਹ ਸਕੀ। ਉਹ ਸਫ਼ਰ ਅਜੇ ਤੱਕ ਮੁੱਕਿਆ ਨਹੀਂ। ਮੈਂ ਘਰ ਵੱਲ ਤੁਰਿਆ ਸੀ ਪਰ ਅੰਦਰੋਂ ਕੁਝ ਵੀ ਮੇਰੇ ਨਾਲ ਘਰ ਨਹੀਂ ਸੀ ਆਇਆ। ਦਰਵਾਜ਼ਾ ਖੋਲ੍ਹਿਆ ਪਰ ਅੰਦਰ ਮਾਂ ਨਹੀਂ ਸੀ। ਘਰ ਸੀ ਪਰ ਮਾਂ ਵਾਲੀ ਗਰਮੀ ਨਹੀਂ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ, ਮੇਰੀ ਜ਼ਿੰਦਗੀ ਦਾ ਹਰ ਰਾਹ ਉਸੇ ਉਦਾਸੀ ਦੇ ਸਫ਼ਰ ਨਾਲ ਜੁੜਿਆ ਹੋਇਆ ਹੈ।
ਮੈਂ ਜਿਉਂਦਾ ਹਾਂ ਕਿਉਂਕਿ ਜਿਉਣਾ ਪੈਂਦਾ ਹੈ। ਮੈਂ ਹੱਸਦਾ ਵੀ ਰਿਹਾ ਕਿਉਂਕਿ ਲੋਕਾਂ ਨੂੰ ਦਿਖਾਉਣਾ ਪੈਂਦਾ ਹੈ ਪਰ ਮਾਂ, ਤੇਰੇ ਬਿਨਾਂ ਮੇਰੀ ਹਰ ਖ਼ੁਸ਼ੀ ਅਧੂਰੀ ਰਹੀ। ਹਰ ਤਿਉਹਾਰ ਵਿਚ ਤੇਰਾ ਨਾਂ ਖ਼ਾਮੋਸ਼ੀ ਨਾਲ ਲੈਂਦਾ ਰਿਹਾ। ਹਰ ਸਫਲਤਾ ਵਿਚ ਤੇਰੀ ਘਾਟ ਮੈਨੂੰ ਅੰਦਰੋਂ ਤੋੜਦੀ ਰਹੀ। ਲੋਕ ਕਹਿੰਦੇ ਨੇ ਕਿ ਸਮਾਂ ਜ਼ਖ਼ਮ ਭਰ ਦਿੰਦਾ ਹੈ ਪਰ ਮੈਂ ਕਹਿੰਦਾ ਹਾਂ ਕਿ ਸਮਾਂ ਸਿਰਫ਼ ਸਹਿਣ ਦੀ ਆਦਤ ਪਾ ਦਿੰਦਾ ਹੈ। ਦਰਦ ਕਦੇ ਮੁੱਕਦਾ ਨਹੀਂ। ਉਹ ਅੰਦਰ ਇਕ ਖਾਮੋਸ਼ ਅੱਗ ਬਣ ਕੇ ਸੜਦਾ ਰਹਿੰਦਾ ਹੈ। ਕਦੇ ਕੋਈ ਯਾਦ ਹਵਾ ਬਣ ਕੇ ਉਸ ਅੱਗ ਨੂੰ ਫੂਕ ਮਾਰ ਦਿੰਦੀ ਹੈ ਤੇ ਮੈਂ ਫਿਰ ਸੜਨ ਲੱਗ ਪੈਂਦਾ ਹਾਂ। ਮਾਂ, ਤੂੰ ਮੈਨੂੰ ਸਿਰਫ਼ ਜਨਮ ਨਹੀਂ ਦਿੱਤਾ-ਤੂੰ ਮੈਨੂੰ ਨੇਕ ਇਨਸਾਨ ਬਣਾਇਆ। ਸੱਚ, ਸਬਰ, ਮਿਹਨਤ ਅਤੇ ਨਿਮਰਤਾ-ਇਹ ਸਾਰੇ ਗੁਣ ਮੈਂ ਤੇਰੇ ਜੀਵਨ ਤੋਂ ਸਿੱਖੇ। ਅੱਜ ਜਦੋਂ ਜ਼ਿੰਦਗੀ ਮੈਨੂੰ ਝੁਕਾਉਂਦੀ ਹੈ, ਮੈਂ ਤੇਰੇ ਸਿਖਾਏ ਸਬਰ ਨਾਲ ਹੀ ਆਪਣੇ-ਆਪ ਨੂੰ ਸੰਭਾਲਦਾ ਹਾਂ। ਮਾਂ ਇਹ ਮੇਰੇ ਅੰਦਰ ਦੀ ਸੱਚੀ ਗਵਾਹੀ ਹੈ। ਕਿਉਂਕਿ ਮਾਂ ਨੂੰ ਯਾਦ ਕਰਨਾ ਮੇਰੇ ਲਈ ਇਕ ਦਿਨ ਦਾ ਕੰਮ ਨਹੀਂ-ਇਹ ਮੇਰੇ ਹਰ ਸਾਹ ਨਾਲ ਜੁੜਿਆ ਹੋਇਆ ਹੈ। ਮਾਂ, ਤੂੰ ਅੱਗ ਵਿਚ ਸਮਾ ਗਈ ਸੀ ਪਰ ਤੂੰ ਮੁੱਕੀ ਨਹੀਂ। ਤੂੰ ਅੱਜ ਵੀ ਮੇਰੇ ਅੰਦਰ ਮੌਜੂਦ ਏਂ। ਤੇਰਾ ਉਹ ਸੇਕ ਜੋ ਉਸ ਦਿਨ ਮੈਨੂੰ ਲੱਗਾ ਸੀ, ਅੱਜ ਵੀ ਓਨਾ ਹੀ ਤੇਜ਼ ਹੈ। ਵਾਪਸੀ ਦੀਆਂ ਪੈੜਾਂ ਨਹੀਂ ਮਿਲਦੀਆਂ ਪਰ ਤੇਰੀ ਮੌਜੂਦਗੀ ਮੇਰੇ ਹਰ ਕਦਮ, ਮੇਰੇ ਹਰ ਸਾਹ ਅਤੇ ਮੇਰੀ ਹਰ ਖਾਮੋਸ਼ੀ ਵਿਚ ਹੈ।
-ਪ੍ਰੋ. ਮਨਜੀਤ ਅਣਖੀ
-(ਪੰਜਾਬੀ ਵਿਭਾਗ, ਯੂਨੀਵਰਸਿਟੀ ਕਾਲਜ, ਜਲੰਧਰ)।
-ਸੰਪਰਕ : 78885-20498