ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹੇ ਬਹੁਤ ਘੱਟ ਸਿਆਸਤਦਾਨ ਹਨ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਸਕਾਰਾਤਮਕ ਢੰਗ ਨਾਲ ਬਦਲ ਕੇ ਰਾਜਨੀਤੀ ਦੇ ਵਿਆਪਕ ਅਤੇ ਚੁਣੌਤੀਪੂਰਨ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡੀ ਹੋਵੇ। ਸਾਬਕਾ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਯਕੀਨਨ ਤੌਰ ’ਤੇ ਉਨ੍ਹਾਂ ਵਿੱਚੋਂ ਇਕ ਸਨ। ਉਨ੍ਹਾਂ ਨੇ ਆਪਣੀ ਕਲਮ ਦੀ ਸ਼ਕਤੀ ਦੀ ਵਰਤੋਂ ਕਰ ਕੇ ਅਤੇ ਬਹੁਤ ਸਾਰੇ ਪਰਿਵਾਰਾਂ, ਖ਼ਾਸ ਕਰਕੇ ਕਮਜ਼ੋਰ ਅਤੇ ਪੱਛੜੇ ਵਰਗਾਂ ਦੇ ਲੋਕਾਂ ਲਈ ਨੌਕਰੀਆਂ ਯਕੀਨੀ ਬਣਾ ਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ।

ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹੇ ਬਹੁਤ ਘੱਟ ਸਿਆਸਤਦਾਨ ਹਨ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਸਕਾਰਾਤਮਕ ਢੰਗ ਨਾਲ ਬਦਲ ਕੇ ਰਾਜਨੀਤੀ ਦੇ ਵਿਆਪਕ ਅਤੇ ਚੁਣੌਤੀਪੂਰਨ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡੀ ਹੋਵੇ। ਸਾਬਕਾ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਯਕੀਨਨ ਤੌਰ ’ਤੇ ਉਨ੍ਹਾਂ ਵਿੱਚੋਂ ਇਕ ਸਨ। ਉਨ੍ਹਾਂ ਨੇ ਆਪਣੀ ਕਲਮ ਦੀ ਸ਼ਕਤੀ ਦੀ ਵਰਤੋਂ ਕਰ ਕੇ ਅਤੇ ਬਹੁਤ ਸਾਰੇ ਪਰਿਵਾਰਾਂ, ਖ਼ਾਸ ਕਰਕੇ ਕਮਜ਼ੋਰ ਅਤੇ ਪੱਛੜੇ ਵਰਗਾਂ ਦੇ ਲੋਕਾਂ ਲਈ ਨੌਕਰੀਆਂ ਯਕੀਨੀ ਬਣਾ ਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ।
ਛੇ ਦਹਾਕਿਆਂ ਤੱਕ ਸੂਬੇ ਦੀ ਵਾਗਡੋਰ ਸੰਭਾਲਣ ਵਾਲੇ ਬਹੁਤ ਹੀ ਸ਼ਕਤੀਸ਼ਾਲੀ ਸਿਆਸਤਦਾਨ ਹੋਣ ਦੇ ਬਾਵਜੂਦ ਬੂਟਾ ਸਿੰਘ ਕਦੇ ਵੀ ਆਪਣੀਆਂ ਜੜ੍ਹਾਂ ਜਾਂ ਆਪਣੇ ਲੋਕਾਂ ਨੂੰ ਨਹੀਂ ਭੁੱਲੇ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸ਼ਾਸਨਕਾਲ ਦੌਰਾਨ ਭਾਰਤ ਦੇ ਉਪ ਰੇਲ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਨੂੰ ਵਿਆਪਕ ਭਰਤੀ ਮੁਹਿੰਮ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ ਜਿਸ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਇੱਕੋ ਵਾਰ ਰੇਲ ਮੰਤਰਾਲੇ ਵਿਚ ਭਰਤੀ ਕੀਤਾ ਗਿਆ ਸੀ। ਇਸ ਭਰਤੀ ਨੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਲਈ ਨਵੇਂ ਰਾਹ ਖੋਲ੍ਹੇ ਕਿਉਂਕਿ ਉਨ੍ਹਾਂ ਦੇ ਨੇਤਾ ਨੇ ਇਹ ਯਕੀਨੀ ਬਣਾਇਆ ਸੀ ਕਿ ਉਨ੍ਹਾਂ ਦਾ ਸਵੈ-ਮਾਣ ਵਧਾਇਆ ਜਾਵੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ। ਇਹ ਇਕ ਲੰਬੇ ਤੇ ਵਿਲੱਖਣ ਸਿਆਸੀ ਕਰੀਅਰ ਦੀ ਸ਼ੁਰੂਆਤ ਸੀ ਜਿਸ ਨੇ ਮਿਸ਼ਨਰੀ ਜੋਸ਼ ਤੇ ਵਚਨਬੱਧਤਾ ਨਾਲ ਮਨੁੱਖਤਾ ਤੇ ਦੇਸ਼ ਦੀ ਅਸਲ ਸੇਵਾ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਇਸ ਪੁੱਤਰ ਨੇ ਦੇਸ਼ ਪ੍ਰਤੀ ਆਪਣੀ ਸੋਚ ਅਤੇ ਸਮਰਪਣ ਨਾਲ ਆਪਣੀ ਜ਼ਿੰਦਗੀ ’ਚ ਨਵੀਆਂ ਬੁਲੰਦੀਆਂ ਨੂੰ ਛੂਹਿਆ ਜੋ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ। ਬੂਟਾ ਸਿੰਘ ਅੱਠ ਵਾਰ ਸੰਸਦ ਮੈਂਬਰ ਰਹੇ ਜਿਨ੍ਹਾਂ ਨੇ 1962, 1967, 1971, 1980, 1985, 1992, 1998 ਅਤੇ 1999 ਦੌਰਾਨ ਚਾਰ-ਚਾਰ ਵਾਰ ਲੋਕ ਸਭਾ ਵਿਚ ਪੰਜਾਬ ਅਤੇ ਰਾਜਸਥਾਨ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਸਾਲ 1962, 1967, 1971 ਅਤੇ 1980 ਵਿਚ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ 1984, 1992, 1998 ਅਤੇ 1999 ਵਿਚ ਰਾਜਸਥਾਨ ਦੇ ਜਲੌਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਇਸ ਉੱਘੇ ਆਗੂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਲੋਕ ਸਭਾ ਸੀਟ ਜਿੱਤਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਉਨ੍ਹਾਂ ਨੇ 1998 ਵਿਚ ਜਲੌਰ ਤੋਂ ਇਕ ਆਜ਼ਾਦ ਉਮੀਦਵਾਰ ਵਜੋਂ ਲਗਪਗ 1.66 ਲੱਖ ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਰਿਕਾਰਡ ਅੱਠ ਵਾਰ ਲੋਕ ਸਭਾ ਮੈਂਬਰ ਰਹਿਣ ਤੋਂ ਇਲਾਵਾ ਉਨ੍ਹਾਂ ਨੇ ਬਿਹਾਰ ਦੇ ਰਾਜਪਾਲ ਤੇ ਬਾਅਦ ਵਿਚ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ।
ਉਨ੍ਹਾਂ ਦਾ ਸ਼ੁਰੂਆਤੀ ਜੀਵਨ ਮੁਸ਼ਕਲਾਂ ਨਾਲ ਭਰਪੂਰ ਰਿਹਾ। ਉਹ 1934 ’ਚ ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਗ਼ਰੀਬ ਪਰਿਵਾਰ ਵਿਚ ਜਨਮੇ, ਜਿੱਥੇ ਦੋ ਡੰਗ ਦੀ ਰੋਟੀ ਮਿਲਣੀ ਵੀ ਮੁਸ਼ਕਲ ਸੀ ਪਰ ਬੂਟਾ ਸਿੰਘ ਨੇ ਬੇਹੱਦ ਮੁਸ਼ਕਲ ਨਾਲ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਇਕ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਕੀਤੀ, ਰੋਜ਼ਾਨਾ ਮਜ਼ਦੂਰੀ ਕੀਤੀ ਤੇ ਬਾਅਦ ’ਚ ਪੱਤਰਕਾਰ ਬਣ ਗਏ ਤੇ ਆਪਣਾ ਜੀਵਨ ਦੇਸ਼ ਨੂੰ ਸਮਰਪਿਤ ਕੀਤਾ। ਕਿਸੇ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਆਮ ਘਰਾਂ ਦਾ ਮੁੰਡਾ ਜਿਸ ਨੇ ਆਰਟਸ ਵਿਚ ਮਾਸਟਰਜ਼ ਡਿਗਰੀ ਕੀਤੀ ਹੈ, ਬਹੁਤ ਗ਼ਰੀਬੀ ਤੋਂ ਉੱਠ ਕੇ ਕੌਮੀ ਰਾਜਨੀਤੀ ਵਿਚ ਇਕ ਉੱਘੀ ਸ਼ਖ਼ਸੀਅਤ ਵਜੋਂ ਆਪਣੀ ਪਛਾਣ ਬਣਾਏਗਾ।
ਡਾ. ਬੀਆਰ ਅੰਬੇਡਕਰ ਤੇ ਉਨ੍ਹਾਂ ਦੇ ‘ਸਿੱਖਿਅਤ ਕਰੋ, ਸੰਗਠਿਤ ਕਰੋ, ਅੰਦੋਲਨ ਕਰੋ’ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਬੂਟਾ ਸਿੰਘ ਨੇ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਸਫਲਤਾ ਦਾ ਰਸਤਾ ਬਣਾਇਆ। ਹਾਲਾਂਕਿ ਉਨ੍ਹਾਂ ਨੂੰ ਅਕਸਰ ਇਕ ਦਲਿਤ ਨੇਤਾ ਕਿਹਾ ਜਾਂਦਾ ਹੈ ਪਰ ਅਸਲ ਵਿਚ ਉਹ ਮਨੁੱਖਤਾ ਦੇ ਨੇਤਾ ਸਨ ਅਤੇ ਉਨ੍ਹਾਂ ਦੀ ਧਰਮ ਨਿਰਪੱਖ ਤੇ ਪ੍ਰਗਤੀਸ਼ੀਲ ਸੋਚ ਲਈ ਉਨ੍ਹਾਂ ਨੂੰ ਸਾਰੇ ਧਰਮਾਂ ਤੇ ਭਾਈਚਾਰਿਆਂ ਵੱਲੋਂ ਬਰਾਬਰ ਸਤਿਕਾਰਿਆ ਜਾਂਦਾ ਸੀ।
ਹਰ ਖੇਤਰ ’ਚ ਉਨ੍ਹਾਂ ਦਾ ਵਿਆਪਕ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਹੈ ਤੇ ਦੇਸ਼ ਦੇ ਸਮਕਾਲੀ ਸਿਆਸੀ ਇਤਿਹਾਸ ਵਿਚ ਸ਼ਾਇਦ ਹੀ ਕੋਈ ਅਜਿਹੀ ਮਿਸਾਲ ਮਿਲਦੀ ਹੋਵੇ। ਉਨ੍ਹਾਂ ਦੀ ਪ੍ਰਸਿੱਧੀ ਤੇ ਮੌਜੂਦਗੀ ਸਿਰਫ਼ ਇਕ ਰਾਜ ਜਾਂ ਖੇਤਰ ਤੱਕ ਸੀਮਤ ਨਹੀਂ ਸੀ ਸਗੋਂ ਪੂਰੇ ਭਾਰਤ ਵਿਚ ਸੀ। ਬੂਟਾ ਸਿੰਘ ਨੇ ਛੂਤ-ਛਾਤ ਦਾ ਸਖ਼ਤ ਵਿਰੋਧ ਕੀਤਾ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਕਿ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਸ਼ੋਸ਼ਣ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੇ ਠੋਸ ਯਤਨਾਂ ਕਾਰਨ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰਾਂ ਦੀ ਰੋਕਥਾਮ) ਐਕਟ, 1989, ਹੱਥੀਂ ਮਲ-ਮੂਤਰ ਸਾਫ਼ ਕਰਨ ਦੀ ਮਨਾਹੀ ਅਤੇ ਸੁੱਕੇ ਪਖਾਨਿਆਂ ਦੀ ਉਸਾਰੀ (ਮਨਾਹੀ) ਐਕਟ, 1993 ਅਤੇ ਅਜਿਹੇ ਹੋਰ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਇਹ ਐਕਟ ਹੁਣ ਸਮਾਜ ਦੇ ਕਮਜ਼ੋਰ ਤੇ ਪੱਛੜੇ ਵਰਗਾਂ ਦੇ ਸ਼ੋਸ਼ਣ ਨੂੰ ਰੋਕ ਕੇ ਤੇ ਉਨ੍ਹਾਂ ਨੂੰ ਸਮਾਜ ’ਚ ਮਜ਼ਬੂਤ ਬਣਾ ਕੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਇਕ ਪਹਿਰੇਦਾਰ ਵਜੋਂ ਕੰਮ ਕਰ ਰਹੇ ਹਨ। ਭਾਵੇਂ ਉਹ ਇਕ ਨਿਮਰ ਪਰਿਵਾਰ ਤੋਂ ਸਨ, ਫਿਰ ਵੀ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੇ ਉਨ੍ਹਾਂ ਨੂੰ ਚੋਟੀ ਦੇ ਭਾਰਤੀ ਨੇਤਾਵਾਂ ਦੀ ਸੂਚੀ ਵਿਚ ਖੜ੍ਹਾ ਕਰ ਦਿੱਤਾ।
ਉਹ ਸਾਲ 1977 ਦੀ ਜਨਤਾ ਪਾਰਟੀ ਦੀ ਲਹਿਰ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਇੰਦਰਾ ਗਾਂਧੀ ਦੀ ਅਗਵਾਈ ਹੇਠ ਆਲ ਇੰਡੀਆ ਕਾਂਗਰਸ ਕਮੇਟੀ ਦੇ ਇਕਲੌਤੇ ਜਨਰਲ ਸਕੱਤਰ ਬਣੇ। ਕਾਂਗਰਸ ਦੇ ਪਹਿਲਾਂ ਦੇ ‘ਗਾਂ ਤੇ ਵੱਛੇ’ ਵਾਲੇ ਚੋਣ ਨਿਸ਼ਾਨ ਦੇ ਫ੍ਰੀਜ਼ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਪਾਰਟੀ ਲਈ ਮੌਜੂਦਾ ‘ਹੱਥ’ ਚੋਣ ਚਿੰਨ੍ਹ ਪ੍ਰਾਪਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਇਕ ਸਮੇਂ ਬੂਟਾ ਸਿੰਘ, ਸ਼੍ਰੀਮਤੀ ਗਾਂਧੀ ਲਈ ‘ਵਨ ਮੈਨ ਆਰਮੀ’ ਸਨ ਕਿਉਂਕਿ ਉਹ 1977-79 ਤੱਕ ਸਾਬਕਾ ਪ੍ਰਧਾਨ ਮੰਤਰੀ ਦੇ ਦਫ਼ਤਰ ਇੰਚਾਰਜ-ਕਮ-ਨਿੱਜੀ ਸਹਾਇਕ-ਕਮ-ਡਰਾਈਵਰ-ਕਮ-ਗੰਨਮੈਨ ਰਹੇ।
ਇਕ ਉੱਘੇ ਐੱਸਸੀ ਨੇਤਾ ਹੋਣ ਦੇ ਨਾਤੇ ਉਨ੍ਹਾਂ ਨੇ 1971 ਤੋਂ ਬਾਅਦ ਕਦੇ ਵੀ ਟਿਕਟ ਨਹੀਂ ਮੰਗੀ ਸੀ। ਇਸ ਦੀ ਬਜਾਏ, ਪਾਰਟੀ ਨੇ ਖ਼ੁਦ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਕਿੱਥੇ ਚੋਣ ਲੜਨੀ ਚਾਹੀਦੀ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਮੁਸ਼ਕਲ ਹਾਲਾਤ ਵਿਚ ਵੀ ਪਾਰਟੀ ਲਈ ਜਿੱਤ ਯਕੀਨੀ ਬਣਾਈ। ਇਸੇ ਕਰਕੇ ਪੰਜਾਬ ਵਿਚ ਸਾਲ 1980 ਦੇ ਦਹਾਕੇ ਦੇ ਅਸ਼ਾਂਤ ਸਮੇਂ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਰਾਜਸਥਾਨ-ਗੁਜਰਾਤ ਸਰਹੱਦ ’ਤੇ ਸਥਿਤ ਜਲੌਰ ਤੋਂ ਚੋਣ ਮੈਦਾਨ ਵਿਚ ਉਤਾਰਿਆ। ਇਹ ਉਹ ਸੀਟ ਸੀ, ਜਿਸ ਦੇ ਲੋਕਾਂ ਦੀ ਉਨ੍ਹਾਂ ਨੇ ਚਾਰ ਵਾਰ ਨੁਮਾਇੰਦਗੀ ਕੀਤੀ ਸੀ। ਬੂਟਾ ਸਿੰਘ ਸ਼ਾਇਦ ਕਮਜ਼ੋਰ ਤੇ ਪੱਛੜੇ ਵਰਗ ਦੀ ਆਖ਼ਰੀ ਆਵਾਜ਼ ਸਨ ਜਿਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਡਾ. ਬੀਆਰ ਅੰਬੇਡਕਰ ਦਾ ਦਲਿਤਾਂ ਦੇ ਸਸ਼ਕਤੀਕਰਨ ਦਾ ਸੁਪਨਾ ਸਿਰਫ਼ ਸਿਆਸੀ ਸ਼ਕਤੀ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ।
ਨਹਿਰੂ-ਗਾਂਧੀ ਦੌਰ ਦੇ ਸਮੇਂ ਕਾਂਗਰਸ ਵਿਚ ਸਭ ਤੋਂ ਸ਼ਕਤੀਸ਼ਾਲੀ ਅਤੇ ਉੱਘੇ ਕਾਂਗਰਸੀ ਨੇਤਾ ਹੋਣ ਦੇ ਬਾਵਜੂਦ ਉਹ ਕਦੇ ਵੀ ਰਾਜ ਸਭਾ ਜ਼ਰੀਏ ਸੰਸਦ ਵਿਚ ਨਹੀਂ ਗਏ ਕਿਉਂਕਿ ਉਹ ਮੰਨਦੇ ਸਨ ਕਿ ਇਕ ਸਿਆਸਤਦਾਨ ਨੂੰ ਜਨਤਾ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ ਜਿਸ ਲਈ ਲੋਕਾਂ ਦਾ ਫ਼ੈਸਲਾ ਜ਼ਰੂਰੀ ਹੈ। ਏਸ਼ੀਅਨ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਬੂਟਾ ਸਿੰਘ ਨੇ ਨਵੀਂ ਦਿੱਲੀ ਵਿਖੇ 1982 ਦੀਆਂ ਏਸ਼ੀਅਨ ਖੇਡਾਂ ਸਫਲਤਾਪੂਰਵਕ ਕਰਵਾ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਉਨ੍ਹਾਂ ਵੱਲੋਂ ਕੀਤੇ ਗਏ ਵਿਲੱਖਣ ਕਾਰਜਾਂ ਸਦਕਾ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਦਾ ਰੁਤਬਾ ਉੱਚਾ ਹੋ ਗਿਆ ਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਅਤੇ ਸੰਗਠਨਾਤਮਕ ਹੁਨਰ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਇਸੇ ਤਰ੍ਹਾਂ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਵਜੋਂ ਬੂਟਾ ਸਿੰਘ ਨੇ ਪ੍ਰਧਾਨ ਮੰਤਰੀ ਸਮੇਤ ਵੀਵੀਆਈਪੀਜ਼ ਦੀ ਸੁਰੱਖਿਆ ਲਈ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਅਤੇ ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸਪੀਜੀ) ਦੇ ਰੂਪ ਵਿਚ ਸ਼ਕਤੀਸ਼ਾਲੀ ਫੋਰਸਾਂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਦਰਅਸਲ, ਬੂਟਾ ਸਿੰਘ ਦਾ ਸੰਘਰਸ਼ ਨੌਜਵਾਨਾਂ ਲਈ ਉਮੀਦ ਦੀ ਕਿਰਨ ਹੈ ਕਿਉਂਕਿ ਇਹ ਸੰਘਰਸ਼ ਹਰ ਸ਼ਖ਼ਸ ਨੂੰ ਇਹ ਸਿਖਾਉਂਦਾ ਹੈ ਕਿ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਪੱਕੇ ਇਰਾਦੇ ਨਾਲ ਕੋਈ ਵੀ ਵਿਅਕਤੀ ਆਪਣੇ ਜੀਵਨ ਵਿਚ ਕੁਝ ਵੀ ਪ੍ਰਾਪਤ ਕਰ ਸਕਦਾ ਹੈ। ਆਖ਼ਰੀ ਸਾਹ ਤੱਕ ਬੂਟਾ ਸਿੰਘ ਨੇ ਸਮਾਜ ਦੇ ਗ਼ਰੀਬ ਅਤੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਅਤੇ ਤਰੱਕੀ ਲਈ ਅਣਥੱਕ ਮਿਹਨਤ ਕੀਤੀ।
-ਮਨਵਿੰਦਰ ਸਿੰਘ
-(ਲੇਖਕ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵਿਚ ਜੁਆਇੰਟ ਡਾਇਰੈਕਟਰ ਹੈ)।
-ਮੋਬਾਈਲ : 98159-16179