ਸਾਰੇ ਵਿਸ਼ਲੇਸ਼ਕਾਂ ਨੂੰ ਸ਼ੱਕ ਸਤਾ ਰਿਹਾ ਹੈ ਕਿ ਏਆਈ ਵੱਡੇ ਪੱਧਰ ’ਤੇ ਹਲਚਲ ਮਚਾ ਸਕਦੀ ਹੈ। ਮਨੁੱਖੀ ਸਮਾਜ ਦੇ ਸੰਤੁਲਨ ਨੂੰ ਵੀ ਪ੍ਰਭਾਵਿਤ ਕਰਨ ਦੇ ਸਮਰੱਥ ਹੈ। ਅੱਜ ਉਤਪਾਦਕਤਾ ਤੇ ਸਮਰੱਥਾ ਲਗਾਤਾਰ ਵਧ ਰਹੀ ਹੈ। ਚੀਜ਼ਾਂ ਸਸਤੀਆਂ ਹੋ ਰਹੀਆਂ ਹਨ। ਸੇਵਾਵਾਂ ਦਾ ਪੱਧਰ ਸੁਧਰਿਆ ਹੈ।

ਪਿਛਲੇ ਇਕ ਦਹਾਕੇ ਦੌਰਾਨ ਦੁਨੀਆ ਜਿੰਨੀ ਤੇਜ਼ੀ ਨਾਲ ਬਦਲੀ ਹੈ, ਉਸ ਨੂੰ ਦੇਖਦੇ ਹੋਏ ਅਗਲੇ ਦਸ-ਵੀਹ ਸਾਲਾਂ ਦੀਆਂ ਸੰਭਾਵਿਤ ਤਬਦੀਲੀਆਂ ਨੂੰ ਸਮਝਣਾ ਜ਼ਰੁਰੀ ਹੋ ਗਿਆ ਹੈ। ਮਨੁੱਖੀ ਇਤਿਹਾਸ ਦੇ ਜ਼ਿਆਦਾਤਰ ਦੌਰ ’ਚ ਕਮੀਆਂ ਵਰਗੇ ਪਹਿਲੂ ਨੇ ਵੀ ਸੱਭਿਆਤਾਵਾਂ ਦਾ ਤਾਣਾਬਾਣਾ ਰਚਿਆ ਹੈ। ਫਿਰ ਚਾਹੇ ਇਹ ਖਾਣਪੀਣ ਦੀ ਕਮੀ ਹੋਵੇ, ਜ਼ਮੀਨ, ਕਿਰਤ, ਪੂੰਜੀ ਜਾਂ ਗਿਆਨ ਦੀ। ਸਾਡੇ ਆਰਥਿਕ ਸਿਧਾਂਤਾਂ ਦੀ ਉਤਪਤੀ ਅਤੇ ਸਿਆਸੀ ਸੰਸਥਾਨਾਂ ਦਾ ਵਿਕਾਸ ਵੀ ਕਮੀਆਂ ਦੀ ਮੈਨੇਜਮੈਂਟ ’ਤੇ ਕੇਂਦਰਿਤ ਰਿਹਾ। ਮਸ਼ੀਨੀ ਹੁਨਰ ਭਾਵ ਏਆਈ ’ਚ ਇਸ ਰਵਾਇਤੀ ਵਾਤਾਵਰਨ ਨੂੰ ਪਲਟਣ ਦੀ ਸਮਰੱਥਾ ਹੈ।
ਜੇ ਵੀਹਵੀਂ ਸਦੀ ਕਮੀਆਂ ਨਾਲ ਨਜਿੱਠਣ ਨਾਲ ਜੁੜੀ ਸੀ ਤਾਂ ਆਉਣ ਵਾਲਾ ਦਹਾਕਾ ਬਹੁਤਾਤ ਦੇ ਨਾਲ ਸੰਤੁਲਨ ਦੀ ਚੁਣੌਤੀ ਦੇ ਨਾਂ ਹੋ ਸਕਦਾ ਹੈ। ਨਵੇਂ ਵਾਤਾਵਰਨ ’ਚ ਤਕਨੀਕ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਉਸ ਲਿਹਾਜ਼ ਨਾਲ ਸਾਡੀਆਂ ਸੰਸਥਾਵਾਂ ਪੱਛੜਦੀਆਂ ਜਾ ਰਹੀਆਂ ਹਨ। ਇਸ ਕਾਰਨ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਨੀਤੀਗਤ ਤਰੀਕਿਆਂ ’ਤੇ ਵਿਚਾਰ ਕੀਤਾ ਜਾਵੇ ਜੋ ਏਆਈ ਨਾਲ ਪੈਦਾ ਹੋਈ ਉਥਲ-ਪੁਥਲ ਨਾਲ ਨਜਿੱਠਣ ’ਚ ਕਾਰਗਰ ਸਾਬਿਤ ਹੋ ਸਕਣ।
ਰਵਾਇਥੀ ਅਰਥ ਸ਼ਾਸਤਰ ’ਚ ਉਤਪਾਦਨ ਦੇ ਚਾਰ ਮੁੱਖ ਕਾਰਕ-ਕਿਰਤ, ਪੂੰਜੀ, ਜ਼ਮੀਨ ਤੇ ਤਕਨੀਕ ਮੰਨੇ ਗਏ ਹਨ। ਤਕਨੀਕ ਨੇ ਹਮੇਸ਼ਾ ਕਿਰਤ ਨੂੰ ਸਹਿਯੋਗ ਪ੍ਰਦਾਨ ਕੀਤਾ ਹੈ। ਹਰੇਕ ਤਕਨੀਕ ਉਤਪਾਦਕਤਾ ਅਤੇ ਮਿਹਨਤਾਨਾ ਵਧਾਉਣ ਦੇ ਨਾਲ ਹੀ ਮੰਗ ਦੇ ਵਿਸਥਾਰ ਤੇ ਨਵੀਆਂ ਨੌਕਰੀਆਂ ਦਾ ਜ਼ਰੀਆ ਬਣੀ ਹੈ। ਇਸ ਨਾਲ ਕੁਝ ਅਸਹੂਲਤ ਹੁੰਦੀ ਵੀ ਸੀ ਤਾਂ ਬਸ ਤਤਕਾਲੀ ਹੀ ਨਾ ਕਿ ਸਥਾਈ, ਪਰ ਏਆਈ ਨਾਲ ਇਹ ਰੁਝਾਨ ਪਲਟ ਸਕਦਾ ਹੈ। ਪਹਿਲੀ ਵਾਰ ਤਕਨੀਕ ਸਿੱਧੇ ਤੌਰ ’ਤੇ ਕਿਰਤ ਦਾ ਬਦਲ ਬਣਦੀ ਦਿਖਾਈ ਦੇ ਰਹੀ ਹੈ।
ਨਾ ਸਿਰਫ਼ ਸਰੀਰਕ ਕਿਰਤ, ਬਲਕਿ ਬੌਧਿਕ, ਪੇਸ਼ੇਵਰ ਤੇ ਰਚਨਾਤਮਕ ਕੰਮਕਾਰ ਦੇ ਮਾਮਲੇ ’ਚ ਵੀ ਏਆਈ ਦਬਦਬਾ ਦਿਖਾ ਰਹੀ ਹੈ। ਏਆਈ ਦੇ ਨਾਲ ਉਤਪਾਦਕਤਾ ਤਾਂ ਵਧ ਰਹੀ ਹੈ, ਪਰ ਰੁਜ਼ਗਾਰ ਉਸ ਹਿਸਾਬ ਨਾਲ ਪੈਦਾ ਨਹੀਂ ਹੋ ਰਿਹਾ ਹੈ। ਇਸ ਨਾਲ ਸਾਂਝੀ ਤਰੱਕੀ ਦਾ ਰਾਹ ਮਜ਼ਬੂਤ ਹੁੰਦਾ ਨਹੀਂ ਦਿਖਾਈ ਦੇ ਰਿਹਾ। ਭਾਵ ਅਸਮਾਨਤਾ ਵਧੇਗੀ। ਕੁਦਰਤ ਤੇ ਸਵਰੂਪ ’ਚ ਵੀ ਏਆਈ ਪਿਛਲੀਆਂ ਤਕਨੀਕਾਂ ਦੀ ਤੁਲਨਾ ’ਚ ਵੱਖ ਹੈ। ਇਸ ਦਾ ਕੋਈ ਨਮੂਨਾ ਇਕ ਵਾਰ ਆਕਾਰ ਲੈਣ ’ਤੇ ਇਹ ਸੀਮਾਂਤ ਲਾਗਤ ਨੂੰ ਸਿਫ਼ਰ ਤੱਕ ਕਰਨ ’ਚ ਸਮਰੱਥ ਹੈ। ਇਹ ਸੁਭਾਵਿਕ ਰੂਪ ਨਾਲ ਏਕਾਧਿਕਾਰ ਦੀ ਸਥਿਤੀ ਪੈਦਾ ਕਰਦੀ ਹੈ। ਕੁਝ ਦੇਸ਼ਾਂ ਦੀਆਂ ਚੋਣਵੀਆਂ ਕੰਪਨੀਆਂ ਵੱਲੋਂ ਵਿਸ਼ੇਸ਼ ਖੇਤਰ ’ਚ ਮੁਹਾਰਤ ਹਾਸਲ ਕਰਨ ਨਾਲ ਇਹ ਜ਼ਾਹਰ ਵੀ ਹੁੰਦਾ ਹੈ।
ਸਾਰੇ ਵਿਸ਼ਲੇਸ਼ਕਾਂ ਨੂੰ ਸ਼ੱਕ ਸਤਾ ਰਿਹਾ ਹੈ ਕਿ ਏਆਈ ਵੱਡੇ ਪੱਧਰ ’ਤੇ ਹਲਚਲ ਮਚਾ ਸਕਦੀ ਹੈ। ਮਨੁੱਖੀ ਸਮਾਜ ਦੇ ਸੰਤੁਲਨ ਨੂੰ ਵੀ ਪ੍ਰਭਾਵਿਤ ਕਰਨ ਦੇ ਸਮਰੱਥ ਹੈ। ਅੱਜ ਉਤਪਾਦਕਤਾ ਤੇ ਸਮਰੱਥਾ ਲਗਾਤਾਰ ਵਧ ਰਹੀ ਹੈ। ਚੀਜ਼ਾਂ ਸਸਤੀਆਂ ਹੋ ਰਹੀਆਂ ਹਨ। ਸੇਵਾਵਾਂ ਦਾ ਪੱਧਰ ਸੁਧਰਿਆ ਹੈ। ਭੌਤਿਕ ਜੀਵਨ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ। ਏਆਈ ਨੂੰ ਕਾਮਯਾਬੀ ਨਾਲ ਅਪਨਾਉਣ ਵਾਲੇ ਦੇਸ਼ ਤੇਜ਼ ਆਰਥਿਕ ਵਿਕਾਸ ਕਰ ਰਹੇ ਹਨ। ਸਿਹਤ ਸੇਵਾਵਾਂ ’ਚ ਜ਼ਬਰਦਸਤ ਸੁਧਾਰ ਹੋਇਆ ਹੈ। ਜੀਵਨ ਪ੍ਰਤੀ ਆਸ ਵਧੀ ਹੈ ਤੇ ਬਿਮਾਰੀਆਂ ’ਤੇ ਭਾਰ ਘਟ ਰਿਹਾ ਹੈ। ਜੀਵਨ ਦੇ ਵਿਸਥਾਰ ਤੇ ਕੰਮ ਦਾ ਘੇਰਾ ਤੰਗ ਹੋਣ ’ਤੇ ਜਨਸੰਖਿਆ ਲਾਭਅੰਸ਼ ਆਪਣੇ ਅਰਥ ਗੁਆ ਦਿੰਦਾ ਹੈ। ਇਸ ਵਾਤਾਵਰਨ ’ਚ ਵਿਦੇਸ਼ ਤੋਂ ਭੇਜੀ ਜਾਣ ਵਾਲੀ ਰਕਮ ’ਤੇ ਨਿਰਭਰ ਰਾਸ਼ਟਰ-ਸਮਾਜ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਤਦ ਮਾਣ ਤੇ ਰੋਜ਼ੀ-ਰੋਟੀ ਦੇ ਆਧਾਰ ਦੇ ਰੂਪ ’ਚ ਰੁਜ਼ਗਾਰ ਦਾ ਵਿਚਾਰ ਸੰਕਟ ਦਾ ਸ਼ਿਕਾਰ ਹੋਣ ਲਗਦਾ ਹੈ।
ਸਾਧਨਾਂ ਦਾ ਕੇਂਦਰੀਕਰਨ ਵੀ ਏਆਈ ਦੇ ਮੋਰਚੇ ’ਤੇ ਪੈਦਾ ਹੋਣ ਵਾਲੀ ਇਕ ਹੋਰ ਸਮੱਸਿਆ ਹੈ। ਇਸ ਕਾਰਨ ਸਾਧਨਾਂ ਦੀ ਦੁਬਾਰਾ ਵੰਡ ਲਈ ਕੋਈ ਕਾਰਗਰ ਨੀਤੀਗਤ ਤਰੀਕਾ ਲੱਭਣਾ ਹੀ ਪਵੇਗਾ। ਇਸ ਦੀ ਕਮੀ ’ਚ ਵਿਆਪਕ ਆਰਥਿਕ ਮਾੜੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਆਈ ਦੇ ਕਾਰਨ ਸਿੱਖਣ-ਸਮਝਣ ਦੀ ਸਮਰੱਥਾ ’ਤੇ ਵੀ ਸੰਕਟ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ।
ਜਦ ਮਸ਼ੀਨ ਹੀ ਫ਼ੈਸਲੇ ਲੈਣ ’ਚ ਭੂਮਿਕਾ ਨਿਭਾਉਣ ਲੱਗੇਗੀ ਤਾਂ ਲੋਕਾਂ ’ਚ ਸਿੱਖਣ ਦੇ ਪ੍ਰਤੀ ਝੁਕਾਅ ਘਟਣ ਦਾ ਸ਼ੱਕ ਵਧਦਾ ਹੈ। ਇਤਿਹਾਸਕਾਰ ਡੇਵਿਡ ਰੋਕਲਿਨ ਨੇ ਇਹ ਰੇਖਾਂਕਿਤ ਵੀ ਕੀਤਾ ਸੀ ਕਿ ਆਟੋ-ਪਾਇਲਟ ਮੋਡ ’ਤੇ ਵੱਧ ਨਿਰਭਰਤਾ ਸੰਕਟ ਦੇ ਸਮੇਂ ਪਾਇਲਟਾਂ ਦੇ ਹੱਥ-ਪੈਰਾ ਫੁਲਾ ਦਿੰਦੀ ਹੈ। ਵੱਡਾ ਖ਼ਤਰਾ ਇਹ ਨਹੀਂ ਕਿ ਮਸ਼ੀਨ ਇਨਸਾਨ ਦੀ ਤਰ੍ਹਾਂ ਕੰਮ ਕਰੇ, ਬਲਕਿ ਇਹ ਖ਼ਤਰਾ ਕਿਤੇ ਵੱਡਾ ਹੋਵੇਗਾ ਕਿ ਇਨਸਾਨ ਹੀ ਮਸ਼ੀਨ ਦੀ ਤਰ੍ਹਾਂ ਵਿਵਹਾਰ ਕਰਨ ਲੱਗੇ।
ਏਆਈ ਕਾਰਨ ਫ਼ਰਜ਼ੀ ਸੂਚਨਾਵਾਂ ਤੇ ਸਾਰੀ ਤਰ੍ਹਾਂ ਦੀ ਸ਼ੱਕੀ ਸਮੱਗਰੀ ਦਾ ਹੜ੍ਹ ਵੀ ਸੰਕਟ ਵਧਾ ਰਿਹਾ ਹੈ। ਇਸ ਨਾਲ ਭਰੋਸੇ ਦੀ ਭਾਵਨਾ ’ਤੇ ਸੱਟ ਲੱਗੀ ਹੈ। ਸੱਚ ਤੇ ਝੂਠ ਨੂੰ ਲੈ ਕੇ ਅਜਿਹਾ ਜਾਲ ਬੁਣਿਆ ਜਾ ਰਿਹਾ ਹੈ ਕਿ ਲੋਕ ਭੁਲੇਖੇ ’ਚ ਰਹਿ ਰਹੇ ਹਨ। ਏਆਈ ’ਤੇ ਪਕੜ ਰੱਖਣ ਵਾਲੇ ਹੋਰ ਤਾਕਤਵਰ ਬਣਨ ਦੇ ਰਾਹ ’ਤੇ ਹਨ। ਇਸ ਦੇ ਦਮ ’ਤੇ ਨਵੇਂ ਅਮੀਰਾਂ ਦਾ ਉਭਾਰ ਹੋ ਰਿਹਾ ਹੈ।
ਭੂ-ਸਿਆਸੀ ਸੰਦਰਭ ’ਚ ਵੀ ਏਆਈ ਅਸਮਾਨਤਾ ਵਧਾ ਰਿਹਾ ਹੈ, ਕਿਉਂਕਿ ਆਧੁਨਿਕ ਤਕਨੀਕ ਤੋਂ ਵਾਂਝੇ ਦੇਸ਼ ਆਪਣੇ-ਆਪ ਪੱਛੜਦੇ ਜਾਣਗੇ। ਕਿਸੇ ਦੇਸ਼ ਦੀ ਖ਼ੁਦਮੁਖ਼ਤਿਆਰੀ ’ਤੇ ਕਿਸੇ ਹੋਰ ਦੇਸ਼ ਤੋਂ ਸੰਚਾਲਿਤ ਹੋ ਰਹੇ ਐਲਗੋਰਿਦਮ ਨਾਲ ਗ੍ਰਹਿਣ ਲੱਗ ਸਕਦਾ ਹੈ। ਇਸ ਸਭ ਦੇ ਬਾਵਜੂਦ ਜੇ ਸਹੀ ਨੀਤੀਗਤ ਉਪਾਅ ਅਪਣਾਏ ਜਾਣ ਤਾਂ ਏਆਈ ਤਕਨੀਕ ਬਹੁਤ ਸਕਾਰਾਤਮਕ ਤਬਦੀਲੀ ਵੀ ਲਿਆ ਸਕਦੀ ਹੈ। ਇਸ ਲਈ ਏਆਈ ਨੂੰ ਤਕਨੀਕੀ ਉਪਕਰਨ ਤੋਂ ਵੱਧ ਸੱਭਿਅਤਾਵਾਦੀ ਸ਼ਕਤੀ ਦੇ ਰੂਪ ’ਚ ਦੇਖਣਾ ਪਵੇਗਾ।
ਏਆਈ ਦੀ ਵਰਤੋਂ ਮਨੁੱਖ ਦੀ ਥਾਂ ਲੈਣ ਦੀ ਥਾਂ ’ਤੇ ਉਸ ਦੀਆਂ ਸਮਰੱਥਾਵਾਂ ਨੂੰ ਵਧਾਉਣ ’ਤੇ ਕੇਂਦਰਿਤ ਹੋਣੀ ਚਾਹੀਦੀ ਹੈ। ਏਆਈ ਉਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ’ਚ ਸਮਰੱਥ ਹੈ, ਜਿਸ ਲਈ ਅਸਾਧਾਰਨ ਮਨੁੱਖੀ ਕੋਸ਼ਿਸ਼ਾਂ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਬਾਹਰੀ-ਪੁਲਾੜ ’ਚ ਕੋਈ ਨਵਾਂ ਮੋਰਚਾ ਖੋਲ੍ਹਣਾ, ਗਹਿਰੇ ਸਮੁੰਦਰ ਜਾਂ ਧਰਤੀ ਦੀਆਂ ਪੇਚੀਦਾ ਪਰਤਾਂ ਦੇ ਰਹੱਸਾਂ ਨੂੰ ਹੱਲ ਕਰਨਾ। ਇਸ ਨਾਲ ਕਈ ਗ੍ਰਿਹਾਂ ’ਤੇ ਮਨੁੱਖੀ ਜੀਵਨ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਅਸੀਂ ਕੁਦਰਤ ਨੂੰ ਬਿਹਤਰ ਤਰੀਕੇ ਨਾਲ ਸਮਝ ਕੇ ਉਸ ਦੇ ਚੰਗੇ ਪ੍ਰਬੰਧਨ ਦੇ ਮੰਤਰ ਸਮਝ ਸਕਦੇ ਹਾਂ। ਤੱਥਾਂ ਅਤੇ ਸੂਚਨਾਵਾਂ ਦੀ ਵੈਰੀਫਿਕੇਸ਼ਨ ਲਈ ਵੀ ਇਸ ਦੀ ਸੇਵਾ ਬਹੁਤ ਕਾਰਗਰ ਹੋ ਸਕਦੀ ਹੈ।
ਇਹ ਸਵੀਕਾਰ ਕਰਨ ’ਚ ਕੋਈ ਸ਼ੱਕ ਨਹੀਂ ਕਿ ਏਆਈ ਕਿੰਨੀ ਵੀ ਸਮਰੱਥਾ ਪੈਦਾ ਕਰ ਲਵੇ, ਪਰ ਉਸ ਦਾ ਪਿਆਰ, ਦੇਖਭਾਲ, ਹਮਦਰਦੀ ਤੇ ਨੈਤਿਕ ਫ਼ਰਜ਼ਾਂ ਵਰਗੀਆਂ ਮਨੁੱਖੀ ਭਾਵਨਾਵਾਂ ਨਾਲ ਲੈਸ ਹੋਣਾ ਸੰਭਵ ਨਹੀਂ ਹੈ। ਏਆਈ ਨਾਲ ਮਰੀਜ਼ ਦਾ ਇਲਾਜ ਚਾਹੇ ਬਿਹਤਰ ਹੋ ਜਾਵੇ, ਪਰ ਪਿਆਰ-ਦੁਲਾਰ ਤੇ ਦੇਖਭਾਲ ਪਰਿਵਾਰ ਵਾਲਿਆਂ ਤੋਂ ਹੀ ਸੰਭਵ ਹੈ। ਸਾਨੂੰ ਸਮਝਣਾ ਪਵੇਗਾ ਕਿ ਏਆਈ ਕੋਈ ਪ੍ਰਤੀਯੋਗੀ ਲਾਭ ਨਹੀਂ, ਬਲਕਿ ਇਕ ਸਾਂਝਾ ਫ਼ਰਜ਼ ਹੈ।
ਵਸੁਧੈਵ ਕੁਟੁੰਬਕਮ ਦਾ ਭਾਰਤੀ ਵਿਚਾਰ ਹੁਣ ਦਰਸ਼ਨ ਦੇ ਘੇਰੇ ਤੋਂ ਨਿਕਲ ਕੇ ਹੋਂਦ ਦੀ ਰਣਨੀਤੀ ਦਾ ਹਿੱਸਾ ਬਣ ਚੁੱਕਾ ਹੈ। ਇਸ ਕਾਰਨ, ਭਾਰਤ ਆਪਣੀ ਸੱਭਿਅਤਾਗਤ ਗਹਿਰਾਈ ਤੇ ਭਰੋਸੇਯੋਗਤਾ ਰਾਹੀਂ ਨਵੇਂ ਸ਼ਾਸਕੀ ਢਾਂਚਿਆਂ ਲਈ ਵਿਸ਼ਵ ਪੱਧਰੀ ਏਆਈ ਮਾਪਦੰਡਾਂ ਨੂੰ ਆਕਾਰ ਦੇਣ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਅਜੇ ਕੁਮਾਰ
(ਲੇਖਕ ਸਾਬਕਾ ਰੱਖਿਆ ਸਕੱਤਰ ਅਤੇ ਯੂਪੀਐੱਸਸੀ ਦਾ ਚੇਅਰਮੈਨ ਹੈ। ਲੇਖ ’ਚ ਜ਼ਾਹਰ ਕੀਤੇ ਵਿਚਾਰ ਨਿੱਜੀ ਹਨ)
response@jagran.com