ਦਾਦੀ ਦੱਸਦੀ ਕਿ ਪੁੱਤ ਹੁਣ ਲੋਕ ਕੰਮ ਤੋਂ ਭੱਜਣ ਲੱਗ ਪਏ ਹਨ। ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ। ਉਹ ਬੰਦਾ ਕਾਹਦਾ ਜਿਸ ਨੇ ਜ਼ਿੰਦਗੀ ’ਚ ਸੱਚੀ-ਸੁੱਚੀ ਕਿਰਤ ਨੂੰ ਆਪਣਾ ਧਰਮ ਹੀ ਨਾ ਮੰਨਿਆ। ਉਹ ਜਦੋਂ ਚੁੱਲ੍ਹੇ ਦੀ ਰਾਖ ਨਾਲ ਭਾਂਡੇ ਮਾਂਜਦੀ ਤਾਂ ਉਨ੍ਹਾਂ ਨੂੰ ਪਾਣੀ ਨਾਲ ਧੋਣ ਦੀ ਲੋੜ ਨਹੀਂ ਸੀ ਪੈਂਦੀ। ਉਹ ਵੀ ਆਪਣੇ-ਆਪ ’ਚ ਇਕ ਕਲਾ ਸੀ। ਪੂਰੀ ਸਰਦੀ ’ਚ ਦਰਵਾਜ਼ਾ ਬੰਦ ਨਾ ਕਰਨ ਦਿੰਦੀ, ‘‘ਕਹਿੰਦੀ, ਮੇਰਾ ਤਾਂ ਸਾਹ ਬੰਦ ਹੋਣ ਲੱਗ ਜਾਂਦਾ ਹੈ, ਸਰਦੀ ਕਦੋਂ ਮੁੱਕੇਗੀ।

ਪੰਜਾਬ ’ਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਭਾਰੀ ਬਾਰਿਸ਼ ਅਤੇ ਗੜੇਮਾਰੀ ਨੇ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ। ਪੁਰਾਣੇ ਸਮਿਆਂ ਤੋਂ ਹੀ ਚੇਤ ਮਹੀਨੇ ’ਚ ਪਏ ਮੀਂਹ ਨੂੰ ਫ਼ਸਲਾਂ ਲਈ ਬਹੁਤ ਘਾਤਕ ਮੰਨਿਆ ਜਾਂਦਾ ਰਿਹਾ ਹੈ। ਭਾਰੀ ਮੀਂਹ ਨੇ ਮੇਰੇ ਦਾਦੀ ਦੇ ਕਹੇ ਸ਼ਬਦ ਚੇਤੇ ਕਰਵਾ ਦਿੱਤੇ ਹਨ। ਪੁਰਾਣੇ ਸਮਿਆਂ ’ਚ ਲੋਕ ਸਾਦੀ ਜ਼ਿੰਦਗੀ ਜਿਉਂਦੇ ਸਨ। ਮੌਸਮ ਮੁਤਾਬਕ ਹੀ ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ ਅਤੇ ਜਿਉਣ ਦਾ ਢੰਗ ਹੁੰਦਾ ਸੀ। ਸਾਡੇ ਪੁਰਾਤਨ ਸੱਭਿਆਚਾਰ ਦੇ ਰਸਮੋ-ਰਿਵਾਜ ਵੀ ਕੁਦਰਤ ਅਨੁਸਾਰ ਹੀ ਜੁੜੇ ਹੋਏ ਸਨ, ਪੁਰਾਣੇ ਬਜ਼ੁਰਗਾਂ ਦੇ ਨਾਂ ਦੇਸੀ ਮਹੀਨਿਆਂ ਅਨੁਸਾਰ ਹੁੰਦੇ ਜਿਵੇਂ ਕਿ ਚੇਤ ਸਿੰਘ, ਵਿਸਾਖਾ ਰਾਮ, ਮੱਘਰ ਸਿੰਘ, ਸਾਵਨ ਸਿੰਘ ਆਦਿ।
ਦੇਸੀ ਮਹੀਨਿਆਂ ਦੀਆਂ ਬਹੁਤ ਸਾਰੀਆਂ ਯਾਦਾਂ ਅੱਜ ਵੀ ਚੇਤਿਆਂ ’ਚ ਰਹਿੰਦੀਆਂ ਹਨ ਭਾਵੇਂ ਕਿ ਨਵੀਂ ਪੀੜ੍ਹੀ ਦੇਸੀ ਮਹੀਨਿਆਂ ਦੇ ਨਾਂ ਅੱਜ ਵਿਸਾਰ ਚੁੱਕੀ ਹੈ। ਪੱਕੀਆਂ ਫ਼ਸਲਾਂ ਉੱਤੇ ਮੀਂਹ ਪੈਣਾ ਬਹੁਤ ਹਾਨੀਕਾਰਕ ਹੈ। ਦੇਸੀ ਮਹੀਨੇ ਚੇਤ ’ਚ ਕਣਕ ਦੀ ਫ਼ਸਲ ਪੱਕ ਕੇ ਪੂਰੇ ਜੋਬਨ ’ਤੇ ਹੁੰਦੀ ਹੈ। ਜਦੋਂ ਚੇਤ ਦਾ ਮਹੀਨਾ ਆਉਂਦਾ ਹੈ ਤਾਂ ਮੇਰੇ ਦਾਦੀ ਜੀ ਦਾ ਕਥਨ ਚੇਤੇ ਆ ਜਾਂਦਾ ਹੈ ਕਿ ਉਨ੍ਹਾਂ ਨੇ ਚੇਤ ਮਹੀਨੇ ਪੱਕੀ ਫ਼ਸਲ ’ਤੇ ਬਾਰਿਸ਼ ਹੋਣ ਅਤੇ ਬੱਦਲ ਗਰਜਣ ਦਾ ਬਹੁਤ ਫ਼ਿਕਰ ਕਰਨਾ।
ਉਨ੍ਹਾਂ ਕਹਿਣਾ ਕਿ ‘ਬਰਸੇ ਚੇਤ, ਘਰ ਨਾ ਖੇਤ’। ਚੇਤ ’ਚ ਮੀਹ ਕਣਕ ਦੀ ਪੱਕੀ ਫ਼ਸਲ ਲਈ ਬਹੁਤ ਘਾਤਕ ਹੈ। ਜੇਕਰ ਅਨਾਜ ਕਿਸਾਨਾਂ ਦੀ ਝੋਲੀ ਪਵੇਗਾ ਤਾਂ ਹੀ ਆਪਣੇ ਘਰ ਬਚਣਗੇ। ਛੇ ਮਹੀਨਿਆਂ ਦੀ ਪਾਲੀ ਫ਼ਸਲ ਉੱਤੇ ਗੜੇਮਾਰੀ ਦਾ ਹੋਣਾ ਕਿਸਾਨਾਂ ਲਈ ਬਹੁਤ ਹੀ ਦੁਖਦਾਈ ਹੁੰਦਾ ਹੈ।
ਸਿਆਲ ਦੀਆਂ ਰਾਤਾਂ ਨੂੰ ਜਦੋਂ ਲੋਕ ਰਜਾਈਆਂ ਵਿਚ ਸੁੱਤੇ ਹੁੰਦੇ ਹਨ ਉਦੋਂ ਕਿਸਾਨ ਵਿਚਾਰੇ ਆਪਣੀਆਂ ਕਣਕਾਂ ਨੂੰ ਪਾਣੀ ਦਿੰਦੇ ਅਤੇ ਪੁੱਤਾਂ ਵਾਂਗੂ ਪਾਲਦੇ ਹਨ। ਹਰ ਕਿਸਾਨ ਨੇ ਬਹੁਤ ਸੁਪਨੇ ਸੰਜੋਏ ਹੋਏ ਹੁੰਦੇ ਹਨ-ਬਹੁਤ ਸਾਰੀਆਂ ਕਬੀਲਦਾਰੀਆਂ, ਬੈਂਕਾਂ ਅਤੇ ਆੜ੍ਹਤੀਆਂ ਦਾ ਕਰਜ਼ਾ, ਬੱਚਿਆਂ ਦੇ ਵਿਆਹ ਅਤੇ ਪੜ੍ਹਾਈਆਂ ਦੇ ਖ਼ਰਚੇ ਉਸ ਨੇ ਕਰਨੇ ਹੁੰਦੇ ਹਨ। ਕਿਸਾਨ ਨੂੰ ਆਸ ਹੁੰਦੀ ਹੈ ਕਿ ਪੱਕੀ ਫ਼ਸਲ ਮੇਰੇ ਘਰ ਆਵੇਗੀ ਅਤੇ ਮੈਂ ਆਪਣੀਆਂ ਦੇਣਦਾਰੀਆਂ ਤੋਂ ਸੁਰਖਰੂ ਹੋ ਜਾਵਾਂਗਾ।
ਗੜੇਮਾਰੀ ਦੀਆਂ ਤਸਵੀਰਾਂ ਮੀਡੀਆ ’ਚ ਦੇਖ ਕੇ ਅੱਖਾਂ ਵਿਚ ਅੱਥਰੂ ਆ ਜਾਂਦੇ ਹਨ ਕਿ ਅੰਨਦਾਤੇ ਉੱਤੇ ਪਰਮਾਤਮਾ ਕਿਸ ਤਰ੍ਹਾਂ ਦਾ ਕਹਿਰ ਵਰਤਾ ਰਿਹਾ ਹੈ ਪਰ ਕਿਸਾਨ ਫਿਰ ਵੀ ਰੱਬ ਦੀ ਰਜ਼ਾ ਕਹਿ ਕੇ ਸਬਰ ਦਾ ਘੁੱਟ ਭਰ ਲੈਂਦੇ ਹਨ। ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਦਾਤੇ ਦੀਆਂ ਦਸ ਦਸੀਆਂ ਹਨ, ਪੁੱਤ ਬੰਦਾ ਕਰ ਵੀ ਕੀ ਸਕਦਾ ਹੈ, ਉਸ ਡਾਢੇ ਦੇ ਅੱਗੇ ਕੀ ਜ਼ੋਰ ਹੈ। ਦੂਜਾ ਕਥਨ ਜੋ ਮੈਨੂੰ ਅੱਜ ਵੀ ਚੇਤੇ ਹੈ, ਉਹ ਇਹ ਕਿ ਪੁੱਤ, ਚੇਤ ਦੀ ਮਾਂ ਦਾ ਢਿੱਡ ਨਹੀਂ ਪਾੜਿਆ ਕਰਦੇ। ਚੇਤ ਮਹੀਨੇ ਦਾ ਬਹੁਤ ਸਤਿਕਾਰ ਕੀਤਾ ਜਾਂਦਾ, ਕਿਹਾ ਜਾਂਦਾ ਕਿ ‘ਚੇਤ ਮਹੀਨਾ ਚੜ੍ਹਦਾ ਹੈ, ਕਣਕੀ ਸੋਨਾ ਮੜ੍ਹਦਾ ਹੈ’। ਯਾਨੀ ਸੋਨੇ ਵਰਗੇ ਦਾਣੇ ਕਣਕ ਦੀਆਂ ਬੱਲੀਆਂ ’ਚ ਹੁੰਦੇ ਹਨ। ਉਸ ਸਮੇਂ ਲੋਕ ਗਰਮੀ ਸ਼ੁਰੂ ਹੁੰਦਿਆਂ ਹੀ ਬਾਹਰ ਪੈਣਾ ਸ਼ੁਰੂ ਕਰ ਦਿੰਦੇ। ਦੇਸੀ ਮਹੀਨੇ ਫੱਗਣ ’ਚ ਠੰਢ ਘਟਣੀ ਸ਼ੁਰੂ ਹੋ ਜਾਂਦੀ। ਚੇਤ ’ਚ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਸ਼ੁਰੂ ਹੋਣ ਲੱਗਦੀ ਸੀ।
ਉਨ੍ਹਾਂ ਸਮਿਆਂ ’ਚ ਬਿਜਲੀ ਬਹੁਤ ਘੱਟ ਆਉਂਦੀ ਸੀ। ਚੇਤ ਦੀਆਂ ਰਾਤਾਂ ਵਿਚ ਅੰਦਰ ਸੌਣਾ ਔਖਾ ਲੱਗਦਾ ਪਰ ਮੇਰੀ ਦਾਦੀ ਕਹਿੰਦੀ ਕਿ ਬਾਹਰ ਪੈਣ ਦੀ ਸ਼ੁਰੂਆਤ ਫੱਗਣ ਤੋਂ ਕਰਨੀ ਚਾਹੀਦੀ ਹੈ, ਭਾਵੇ ਆਪਾਂ ਇਕ ਰਾਤ ਹੀ ਬਾਹਰ ਪੈ ਜਾਈਏ, ਜੇਕਰ ਫੱਗਣ ਮਹੀਨੇ ਬਾਹਰ ਨਹੀਂ ਪੈਣਾ, ਤਾਂ ਫਿਰ ਪੂਰਾ ਚੇਤ ਮਹੀਨਾ ਹੀ ਅੰਦਰ ਪੈਣਾ ਪਵੇਗਾ ਕਿਉਂਕਿ ਚੇਤ ਮਹੀਨੇ ਬਾਹਰ ਪੈ ਕੇ ਆਪਾਂ ਚੇਤ ਦੀ ਮਾਂ ਦਾ ਢਿੱਡ ਨਹੀਂ ਪਾੜਨਾ। ਲੋਕ ਪੂਰੀ ਗਰਮੀ ਬਾਹਰ ਸੌਂਦੇ, ਮੀਹ-ਹਨੇਰੀਆਂ ਬਹੁਤ ਆਉਂਦੀਆਂ।
ਮੰਜਿਆਂ ਉੱਤੇ ਧੂੜ-ਮਿੱਟੀ ਚੜ੍ਹ ਜਾਣੀ। ਧੂੜ ਨਾਲ ਮੂੰਹ-ਸਿਰ ਭਰ ਜਾਂਦਾ। ਮੀਂਹ ਪੈਣ ਕਾਰਨ ਬਿਜਲੀ ਨਾ ਹੁੰਦਿਆਂ ਵੀ ਬਿਨਾਂ ਪੱਖੇ ਤੋਂ ਅੰਦਰ ਪੈਣਾ ਪੈਂਦਾ। ਇਕ ਗਰਮੀ ਅਤੇ ਦੂਜਾ ਮੱਛਰ, ਦਿਨ ’ਚ ਮੱਖੀਆਂ ਬਹੁਤ ਤੰਗ ਕਰਦੀਆਂ। ਦਿਨ ਦੀ ਗਰਮੀ ’ਚ ਸਾਡੇ ਵਿਹੜੇ ’ਚ ਲੱਗੀਆਂ ਦੋ ਜੁੜਵਾਂ ਨਿੰਮਾਂ ਪੂਰੇ ਪਰਿਵਾਰ ਅਤੇ ਡੰਗਰ-ਪਸ਼ੂਆਂ ਲਈ ਵੱਡੀ ਰਾਹਤ ਦੇਣ ਦਾ ਕੰਮ ਕਰਦੀਆਂ ਸਨ। ਅਸੀਂ ਛੋਟੇ ਹੁੰਦਿਆਂ ਨਿੰਮਾਂ ਉੱਤੇ ਪੀਂਘਾਂ ਪਾਉਂਦੇ ਅਤੇ ਖ਼ੂਬ ਝੂਟਦੇ ਸਾਂ।
ਪੂਰਾ ਪਰਿਵਾਰ ਦੁਪਹਿਰ ਵੇਲੇ ਨਿੰਮਾਂ ਦੀ ਠੰਢੀ ਛਾਂ ਮਾਣਦਾ। ਕਿੰਨਾ ਚੰਗਾ ਸੀ ਉਹ ਸਮਾਂ, ਭਲੇ ਵੇਲੇ ਸਨ। ਸਬਰ-ਸੰਤੋਖ ਵਾਲੇ ਲੋਕ ਸਨ। ਮੇਰੀ ਦਾਦੀ ਦੱਸਦੀ ਕਿ ਇਕ ਵਾਰ ਅਸੀਂ ਫਲਗੂ ਦੇ ਨਹਾਉਣ ’ਤੇ ਗਈਆਂ ਸਾਂ ਕਿ ਉੱਥੇ ਇਕ ਫਲ ਛੱਡਣ ਦਾ ਅਹਿਦ ਲੈਣਾ ਪੈਂਦਾ ਹੈ। ਮੈਂ ਪੇਠਾ ਨਾ ਖਾਣ ਦਾ ਅਹਿਦ ਲਿਆ ਸੀ। ਉਸ ਨੇ ਸਾਰੀ ਉਮਰ ਨਾ ਕਦੇ ਪੇਠਾ ਮਠਿਆਈ ਖਾਧੀ ਅਤੇ ਨਾ ਹੀ ਪੇਠੇ ਦੀ ਸਬਜ਼ੀ। ਉਸ ਸਮੇਂ ਆਏ ਮਹੀਨੇ ਦਸਵੀਂ ਵਾਲੇ ਦਿਨ ਆਮ ਘਰਾਂ ਵਾਂਗ ਸਾਡੇ ਘਰ ਵੀ ਖੀਰ ਬਣਦੀ। ਸ਼ਾਮ ਨੂੰ ਸਾਰੇ ਜੀਅ ਖੀਰ ਖਾਂਦੇ। ਜੇਕਰ ਖੀਰ ਦੂਜੇ ਦਿਨ ਰਹਿ ਜਾਂਦੀ ਤਾਂ ਮੇਰੀ ਦਾਦੀ ਖੀਰ ਖਾਣ ਤੋਂ ਵਰਜਦੀ ਹੋਈ ਕਹਿੰਦੀ, ਪੁੱਤ ਇਕਾਦਸੀ ਨੂੰ ਖੀਰ ਖਾਣੀ ਚੰਗੀ ਨਹੀਂ ਹੈ। ਲੋਕ ਇਕਾਦਸੀ ਵਾਲੇ ਦਿਨ ਸਿਰਾਂ ਉੱਤੇ ਪਸ਼ੂਆਂ ਲਈ ਪੱਠੇ ਲੈ ਕੇ ਆਉਂਦੇ। ਨਾ ਹੀ ਕੋਈ ਬਲਦਾਂ ਨਾਲ ਹਲ ਵਾਹੁੰਦਾ ਅਤੇ ਨਾ ਹੀ ਰੇਹੜੀ ਲਈ ਜੋੜਦਾ ਸੀ। ਗਊ ਦੇ ਜਾਏ ਇਕ ਦਿਨ ਪੂਰਾ ਆਰਾਮ ਕਰਦੇ।
ਪਿਛਲੇ ਸਮੇਂ ਮੈਂ ਇਕ ਕੈਂਸਰ ਮਾਹਿਰ ਡਾਕਟਰ ਦਾ ਲੈਕਚਰ ਸੁਣਿਆ। ਉਸ ਨੇ ਕਿਹਾ ਕਿ ਰਾਤ ਦੇ ਬਣੇ ਚੌਲ ਖ਼ਾਸ ਕਰਕੇ ਅੱਜ-ਕੱਲ੍ਹ ਫਰਿੱਜਾਂ ’ਚ ਰੱਖੇ ਸਾਨੂੰ ਕਦੇ ਵੀ ਦੂਜੇ ਦਿਨ ਨਹੀਂ ਖਾਣੇ ਚਾਹੀਦੇ। ਇਹ ਪੇਟ ’ਚ ਗਲਦੇ ਨਹੀਂ ਅਤੇ ਇਹ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਵੱਡਾ ਕਾਰਨ ਬਣਦੇ ਹਨ। ਸੋ, ਵੇਖੋ ਉਸ ਸਮੇਂ ਹਰ ਗੱਲ ਦੇ ਪਿੱਛੇ ਕੋਈ ਤਰਕ ਸੀ। ਲੋਕ ਮਿਹਨਤ ਬਹੁਤ ਕਰਦੇ, ਨਰਮੇ-ਕਪਾਹਾਂ ਚੁਗਣੀਆਂ।
ਦਾਦੀ ਦੱਸਦੀ ਕਿ ਪੁੱਤ ਹੁਣ ਲੋਕ ਕੰਮ ਤੋਂ ਭੱਜਣ ਲੱਗ ਪਏ ਹਨ। ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ। ਉਹ ਬੰਦਾ ਕਾਹਦਾ ਜਿਸ ਨੇ ਜ਼ਿੰਦਗੀ ’ਚ ਸੱਚੀ-ਸੁੱਚੀ ਕਿਰਤ ਨੂੰ ਆਪਣਾ ਧਰਮ ਹੀ ਨਾ ਮੰਨਿਆ। ਉਹ ਜਦੋਂ ਚੁੱਲ੍ਹੇ ਦੀ ਰਾਖ ਨਾਲ ਭਾਂਡੇ ਮਾਂਜਦੀ ਤਾਂ ਉਨ੍ਹਾਂ ਨੂੰ ਪਾਣੀ ਨਾਲ ਧੋਣ ਦੀ ਲੋੜ ਨਹੀਂ ਸੀ ਪੈਂਦੀ। ਉਹ ਵੀ ਆਪਣੇ-ਆਪ ’ਚ ਇਕ ਕਲਾ ਸੀ। ਪੂਰੀ ਸਰਦੀ ’ਚ ਦਰਵਾਜ਼ਾ ਬੰਦ ਨਾ ਕਰਨ ਦਿੰਦੀ, ‘‘ਕਹਿੰਦੀ, ਮੇਰਾ ਤਾਂ ਸਾਹ ਬੰਦ ਹੋਣ ਲੱਗ ਜਾਂਦਾ ਹੈ, ਸਰਦੀ ਕਦੋਂ ਮੁੱਕੇਗੀ।
ਪਰਮਾਤਮਾ ਦੀ ਬਖ਼ਸ਼ੀ ਹੋਈ ਨੀਲੀ ਛੱਤ ਹੇਠ ਸੌਣ ਦਾ ਇਕ ਆਪਣਾ ਹੀ ਆਨੰਦ ਹੈ। ਉਸ ਨੇ ਪੂਰੀ ਜ਼ਿੰਦਗੀ ਬਹੁਤ ਹੀ ਸਾਦਗੀ ਦੇ ਨਾਲ ਕੱਟੀ ਅਤੇ ਲੰਬੀ ਉਮਰ ਭੋਗ ਕੇ ਇਸ ਜੱਗ ਤੋਂ ਰੁਖ਼ਸਤ ਹੋਈ। ਅੱਜ-ਕੱਲ੍ਹ ਸਾਰਾ ਸਾਲ ਲੋਕ ਅੰਦਰ ਹੀ ਸੌਣ ਲੱਗ ਪਏ ਹਨ, ਚੰਨ-ਤਾਰੇ ਦੇਖਣ ਵਾਲਾ ਬਚਪਨ ਲੋਪ ਹੋ ਗਿਆ ਹੈ। ਬਜ਼ੁਰਗਾਂ ਦੀਆਂ ਬਾਤਾਂ ਸੁਣਨ ਵਾਲੇ ਬੱਚੇ ਟੀਵੀ ਤੇ ਫੋਨ ਦੀ ਗ੍ਰਿਫਤ ’ਚ ਆ ਗਏ ਹਨ। ਘਰ-ਘਰ ਏਸੀ ਲੱਗ ਗਏ ਹਨ। ਘਰਾਂ ’ਚ ਭਾਵੇਂ ਰੁੱਖ ਹਨ ਪਰ ਉਨ੍ਹਾਂ ਥੱਲੇ ਬੈਠਿਆ ਕੋਈ ਵੀ ਨਜ਼ਰ ਨਹੀਂ ਆਉਂਦਾ। ਅਸੀਂ ਕੁਦਰਤ ਨਾਲੋਂ ਬੇਮੁੱਖ ਹੁੰਦੇ ਜਾ ਰਹੇ ਹਾਂ। ਇਮਾਨਦਾਰੀ ਅਤੇ ਮਿਹਨਤ ਸਾਡੀ ਜ਼ਿੰਦਗੀ ’ਚੋਂ ਉੱਡ-ਪੁੱਡ ਗਈਆਂ ਹਨ। ਪੈਸੇ ਪਿੱਛੇ ਭੱਜ-ਦੌੜ ਹੈ ਜੋ ਕਦੇ ਵੀ ਨਹੀਂ ਮੁੱਕਣੀ।
-ਹਰਸੰਤ ਸਿੰਘ ਢੀਂਡਸਾ
-(ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੌਹਰੀਆਂ (ਸੰਗਰੂਰ)।
-ਮੋਬਾਈਲ : 9417924177