ਪਾਕਿਸਤਾਨ ਨੇ ਕਿਹਾ ਸੀ ਕਿ ਬਲੋਚਾਂ ਦੀ ਜੰਗ ਆਜ਼ਾਦੀ ਲਈ ਨਹੀਂ, ਦਹਿਸ਼ਤਵਾਦ ਲਈ ਹੈ।’ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀ ਕਮੇਟੀ ਨੇ ਪਾਕਿਸਤਾਨ ਦੇ ਇਸ ਪ੍ਰਸਤਾਵ ਨੂੰ ਮੰਨਦਿਆਂ ਅਤੇ ਅਮਰੀਕਾ ਨੇ ਬੀਐੱਲਏ ਅਤੇ ਮਜੀਦ ਬ੍ਰਿਗੇਡ ਨੂੰ 2005 ਵਿਚ ਵਿਦੇਸ਼ੀ ਅੱਤਵਾਦੀ ਸੰਗਠਨ ਨਾਮਜ਼ਦ ਕੀਤਾ ਸੀ।

ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੀ ਪਾਕਿਸਤਾਨੀ ਫ਼ੌਜ ਖ਼ਿਲਾਫ਼ ਆਪ੍ਰੇਸ਼ਨ ‘ਹੈਰੋਫ’ ਫੇਜ਼-2 ਅਧੀਨ ਹਮਲੇ ਜਾਰੀ ਹਨ। ਬੀਐੱਲਏ ਦੇ ਹਮਲੇ ਵਿਚ ਸ਼ਾਮਲ ਦੋ ਆਤਮਘਾਤੀ ਮਹਿਲਾ ਹਮਲਾਵਰਾਂ ਦੇ ਵੀਡੀਓ ਜਾਰੀ ਕੀਤੇ ਗਏ ਹਨ। ਇਹ ਦੋਵੇਂ ਕਈ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਦਾ ਕਰਨ ਬਣੀਆਂ ਹਨ। ਵੀਡੀਓ ਕਲਿੱਪ ਵਿਚ ਦਿਖਾਈ ਦੇਣ ਵਾਲੀ ਆਤਮਘਾਤੀ ਹਮਲਾਵਰ ਹਵਾ ਬਲੋਚ ਹੈ ਜੋ ਪਾਕਿਸਤਾਨੀ ਫ਼ੌਜ ’ਤੇ ਗੋਲ਼ੀਬਾਰੀ ਕਰ ਰਹੀ ਹੈ। ਗਵਾਦਰ ਮੋਰਚੇ ’ਤੇ ਆਪ੍ਰੇਸ਼ਨ ‘ਹੈਰੋਫ’ (ਕਾਲਾ ਤੂਫ਼ਾਨ) ਦੇ ਦੂਜੇ ਪੜਾਅ ਦੌਰਾਨ ਹਵਾ ਬਲੋਚ ਨੇ ਸਾਥੀ ਹਮਲਾਵਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਿਨਾਂ ਕਿਸੇ ਸਵਾਰਥ ਦੇ ਲੜਾਈ ਲੜੀ। ਉਸ ਨੇ ਆਪਣੀ ਮੌਤ ਤੋਂ 12 ਘੰਟੇ ਪਹਿਲਾਂ ਜਾਰੀ ਕੀਤੇ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ,‘‘ਤੁਹਾਡੀ ਬਲੋਚ ਭੈਣ ਪਾਕਿ ਆਰਮੀ (ਪੰਜਾਬੀਆਂ) ਵਿਰੁੱਧ ਜੂਝਦੀ ਹੋਈ ਫ਼ੌਜੀਆਂ ਨੂੰ ਮਾਰ ਰਹੀ ਹੈ।’’ ਉਸ ਨੇ ਗਵਾਦਰ ਨੇੜੇ ਤਾਇਨਾਤ ਸਾਰੇ ਸੁਰੱਖਿਆ ਬਲ ਮਾਰ-ਮੁਕਾਏ ਹਨ। ਹਵਾ ਬਲੋਚ ਦੀ ਖ਼ੂਨ ਨਾਲ ਲਥਪਥ ਲਾਸ਼, ਇਕ ਹੋਰ ਆਤਮਘਾਤੀ ਹਮਲਾਵਰ ਦੀ ਲਾਸ਼ ਨਾਲ ਮਿੱਟੀ ’ਚ ਪਈ ਸੀ ਜਿਸ ਦੀ ਪਛਾਣ ਆਸਿਫਾ ਮੈਂਗਲ ਵਜੋਂ ਹੋਈ ਸੀ। ਉਨ੍ਹਾਂ ਆਤਮਘਾਤੀ ਹਮਲਾਵਰਾਂ ਨੇ ਤਾਜ਼ਨ ਨੌਸ਼ਕੀ ’ਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ (ਆਈਐੱਸਆਈ) ਦੇ ਹੈੱਡ ਕੁਆਰਟਰ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿਚ ਕਈ ਫ਼ੌਜੀ ਮਾਰੇ ਗਏ ਸਨ।
ਪਾਕਿਸਤਾਨ ਨੇ ਕਿਹਾ ਸੀ ਕਿ ਬਲੋਚਾਂ ਦੀ ਜੰਗ ਆਜ਼ਾਦੀ ਲਈ ਨਹੀਂ, ਦਹਿਸ਼ਤਵਾਦ ਲਈ ਹੈ।’ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀ ਕਮੇਟੀ ਨੇ ਪਾਕਿਸਤਾਨ ਦੇ ਇਸ ਪ੍ਰਸਤਾਵ ਨੂੰ ਮੰਨਦਿਆਂ ਅਤੇ ਅਮਰੀਕਾ ਨੇ ਬੀਐੱਲਏ ਅਤੇ ਮਜੀਦ ਬ੍ਰਿਗੇਡ ਨੂੰ 2005 ਵਿਚ ਵਿਦੇਸ਼ੀ ਅੱਤਵਾਦੀ ਸੰਗਠਨ ਨਾਮਜ਼ਦ ਕੀਤਾ ਸੀ। ਬੀਐੱਲਏ ਦੀਆਂ ਇਕਾਈਆਂ ਮਜੀਦ ਬ੍ਰਿਗੇਡ ਤੇ ਫਤਿਹ ਸਕੁਐਡ ਸਾਂਝੇ ਤੌਰ ’ਤੇ ਕੰਮ ਕਰਦੀਆਂ ਹਨ। ਮਜੀਦ ਬ੍ਰਿਗੇਡ ਦੀ ਸਥਾਪਨਾ ਸਾਬਕਾ ਬੀਐੱਲਏ ਆਗੂ ਅਸਲਮ ਅਚੂ ਨੇ 2010-11 ਦੌਰਾਨ ਕੀਤੀ ਸੀ। ਜੇਕਰ ਪਾਕਿਸਤਾਨ ਕਿਸੇ ਸੰਗਠਨ ਨੂੰ ਅੱਤਵਾਦੀ ਐਲਾਨਣ ਲਈ ਯੂਨਾਈਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਦੀ ਵਰਤੋਂ ਕਰੇ ਤਾਂ ਇਸ ਨੂੰ ਮਜ਼ਾਕ ਹੀ ਮੰਨਿਆ ਜਾਵੇਗਾ। ਬਲੋਚ ਮਨੁੱਖੀ ਅਧਿਕਾਰ ਸੰਗਠਨ ਦੇ ਮੀਰ ਯਾਰ ਬਲੋਚ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਇਹ ਮੰਨਿਆ ਹੈ ਕਿ ਪਾਕਿਸਤਾਨੀ ਫ਼ੌਜੀ ਬਲੋਚ ਵਿਰੋਧੀਆਂ ਵਿਰੁੱਧ ਆਪਣੇ-ਆਪ ਨੂੰ ਅਪਾਹਜ ਮਹਿਸੂਸ ਕਰ ਰਹੇ ਹਨ। ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਇਕ ਸ਼ੀਆ ਮਸਜਿਦ ’ਤੇ ਆਤਮਘਾਤੀ ਬੰਬਾਰ ਨੇ ਹਮਲਾ ਕਰ ਕੇ 70 ਦੇ ਲਗਪਗ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਦਾ ਕਾਰਨ ਪਾਕਿਸਤਾਨ ਵਿਚ ਸੁੰਨੀ ਫ਼ਿਰਕੇ ਦੀ ਬਹੁ-ਗਿਣਤੀ ਹੈ। ਸੋ, ਸ਼ੀਆ ਫ਼ਿਰਕੇ ਦੇ ਲੋਕ ਉਨ੍ਹਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਇਕ ਆਤਮਘਾਤੀ ਬੰਬਾਰ ਨੇ ਇਸਲਾਮਾਬਾਦ ਦੀ ਸੈਸ਼ਨ ਕੋਰਟ ਦੀ ਇਮਾਰਤ ’ਤੇ ਹਮਲਾ ਕਰ ਕੇ 12 ਲੋਕਾਂ ਨੂੰ ਮਾਰ ਦਿੱਤਾ ਸੀ। ਪਿਛਲੇ ਦਿਨੀਂ ਬਲੋਚ ਬਾਗ਼ੀਆਂ ਨੇ 300 ਤੋਂ ਵਧੇਰੇ ਪਾਕਿ ਫ਼ੌਜੀਆਂ ਦੀ ਜਾਨ ਲੈ ਲਈ ਸੀ। ਬਲੋਚ ਬਾਗ਼ੀਆਂ ਅਤੇ ਪਾਕਿਸਤਾਨ ਦੇ ਸੁਰੱਖਿਆਂ ਬਲਾਂ ਦਰਮਿਆਨ ਹੋਈਆਂ ਹਿੰਸਕ ਝੜਪਾਂ ਤੋਂ ਪਿੱਛੋਂ ਘੱਟੋ-ਘੱਟ 180 ਬਲੋਚ ਬਾਗ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਝੜਪਾਂ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਦੇ 362 ਤੋਂ ਵੱਧ ਮੁਲਾਜ਼ਮ ਵੀ ਮਾਰੇ ਗਏ। ਤਹਿਰੀਕ-ਏ-ਤਾਲਿਬਾਨ ਪਾਕਿਸਤਨ (ਟੀਟੀਪੀ) ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਪਾਕਿਸਤਾਨ ਲਈ ਨਾਸੂਰ ਬਣ ਗਏ ਹਨ। ਪਿਛਲੇ ਸ਼ਨਿੱਚਰਵਾਰ ਤੋਂ ਸ਼ੁਰੂ ਹੋਈ ਸੁਰੱਖਿਆ ਕਾਰਵਾਈ ਵਿਚ ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ 216 ਬਲੋਚ ਬਾਗ਼ੀ ਮਾਰੇ ਗਏ।
ਪਾਕਿਸਤਾਨ ਦੇ ਚਾਰ ਸੂਬਿਆਂ ਪੰਜਾਬ, ਸਿੰਧ, ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਹਨ ਜਿਨ੍ਹਾਂ ’ਚੋਂ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਹੈ। ਇਹ ਪਾਕਿਸਾਤਨ ਦੇ ਕੁੱਲ ਖੇਤਰਫਲ ਦਾ 44 ਫ਼ੀਸਦੀ ਹੈ। ਜਦਕਿ ਇਸ ਦੀ ਆਬਾਦੀ, ਪਾਕਿਸਤਾਨ ਦੀ ਕੁੱਲ ਆਬਾਦੀ ਦੀ 3.6 ਫ਼ੀਸਦੀ ਹੈ। ਸੰਨ 1947 ਤੋਂ ਪਹਿਲਾਂ ਬਲੋਚਿਸਤਾਨ ਖ਼ੁਦ ਚਾਰ ਰਿਆਸਤਾਂ ਕਨਾਤ, ਲਾਸਬੇਲਾ, ਖਾਰਨ ਅਤੇ ਮਕਰਾਨ ਵਿਚ ਵੰਡਿਆ ਹੋਇਆ ਸੀ। ਸਤਾਰਵੀਂ ਸਦੀ ਵਿਚ ਬਲੋਚਾਂ ਦੀ ਰਾਸ਼ਟਰੀ ਚੇਤਨਾ ਅਤੇ ਸੰਘਰਸ਼ ਕਨਾਤ ਦੇ ਖਾਨਾਂ ਦੁਆਲੇ ਕੇਂਦਰਿਤ ਹੋ ਗਿਆ ਸੀ। ਸੰਨ 1666 ਵਿਚ ਮੀਰ ਅਹਿਮਦ ਨੇ ਕਨਾਤ ਦੇ ਖਾਨ ਦੀ ਗੱਦੀ ਸਥਾਪਤ ਕੀਤੀ ਸੀ। ਸੰਨ 1758 ਵਿਚ ਮੀਰ ਨਸੀਰ ਖਾਨ ਪਹਿਲਾ ਕਨਾਤ ਦੀ ਗੱਦੀ ’ਤੇ ਬੈਠਿਆ ਸੀ। ਇਸ ਕਾਲ ਨੂੰ ਬਲੋਚਿਸਤਾਨ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਅੰਗਰੇਜ਼ ਸੈਨਾ ਨੇ ਕਨਾਤ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਖਾਨ ਤੇ ਉਸ ਦੇ ਬਹੁਤ ਸਾਰੇ ਸੈਨਿਕ ਮਾਰੇ ਗਏ। ਅੰਗਰੇਜ਼ਾਂ ਨੇ ਬਲੋਚਿਸਤਾਨ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ। ਸੰਨ 1931 ਵਿਚ ਬਲੋਚ ਮੱਧ ਵਰਗੀ ਜਮਾਤ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਕੌਮੀ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਉਨ੍ਹਾਂ ਅੰਜੂਮਨ-ਏ-ਇਤਿਹਾਦ-ਏ-ਬਲੋਚਿਸਤਾਨ ਲਹਿਰ ਚਲਾਈ। ਉਹ ਆਜ਼ਮ ਖਾਨ ਨੂੰ ਕਨਾਤ ਦੇ ਖਾਨ ਦੀ ਗੱਦੀ ਦਿਵਾਉਣ ’ਚ ਕਾਮਯਾਬ ਰਹੇ ਅਤੇ ਉਸ ਅਧੀਨ ਇਹ ਸੰਵਿਧਾਨਕ ਸਰਕਾਰ ਕਾਇਮ ਕੀਤੀ। ਫਿਰ ਮੀਰ ਅਹਿਮਦ ਖਾਨ ਯਾਰ ਨੇ ਮੁਸਲਿਮ ਲੀਗ ਖੜ੍ਹੀ ਕਰ ਦਿੱਤੀ। ਮੁਹੰਮਦ ਅਲੀ ਜਿਨਾਹ ਨੇ ਕਨਾਤ ਨੂੰ ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਪਰ ਕਨਾਤ ਦੇ ਖਾਨ ਅਹਿਮਦ ਯਾਰ ਖਾਨ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ। ਸਤਾਈ ਮਾਰਚ 1948 ਨੂੰ ਪਾਕਿਸਤਾਨੀ ਫ਼ੌਜ ਨੇ ਕਨਾਤ ’ਤੇ ਹਮਲਾ ਕਰ ਦਿੱਤਾ। ਗਵਾਦਰ ਬੰਦਰਗਾਹ ਅਰਬ ਸਾਗਰ ਦੇ ਤੱਟ ’ਤੇ ਸਥਿਤ ਹੈ। ਪਾਕਿਸਤਾਨ ਨੇ ਇਹ ਬੰਦਰਗਾਹ ਚੀਨ ਨੂੰ ਸੌਂਪ ਦਿੱਤੀ ਹੈ। ਉੱਥੇ ਚੀਨ ਇਕ ਵਿਸ਼ਾਲ ਬੰਦਰਗਾਹ ਵਿਕਸਤ ਕਰ ਰਿਹਾ ਹੈ। ਗਵਾਦਰ ਬੰਦਰਗਾਹ ਤੱਕ ਜਾਣ ਲਈ ਬਲੋਚਿਸਤਾਨ ਦੀ ਧਰਤੀ ਵਿਚਲੇ ਬਹੁਮੁੱਲੇ ਖ਼ਜ਼ਾਨੇ, ਕੁਦਰਤੀ ਬੇਸ਼ਕੀਮਤੀ ਧਾਤਾਂ, ਯੂਰੇਨੀਅਮ, ਸੋਨਾ, ਤਾਂਬਾ, ਪੈਟਰੋਲੀਅਮ, ਕੋਲਾ ਤੇ ਗੈਸ ਭੰਡਾਰ ਚੀਨ ਵੱਲੋਂ ਲੁੱਟੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ 15 ਅਗਸਤ 2016 ਨੂੰ ਸੁਤੰਤਰਤਾ ਦਿਵਸ ਸਮਾਗਮ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਬਲੋਚਿਸਤਾਨ ਦੇ ਲੋਕਾਂ ਦੇ ਆਜ਼ਾਦੀ ਸੰਗਰਾਮ ਦੀ ਖੁੱਲ੍ਹੀ ਹਮਾਇਤ ਕੀਤੀ ਸੀ। ਕੁਝ ਸਮਾਂ ਪਹਿਲਾਂ ਮੋਦੀ ਨੇ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਦਾ ਉਦਘਾਟਨ ਕੀਤਾ ਸੀ। ਇਹ ਬੰਦਰਗਾਹ ਬਲੋਚਿਸਤਾਨ ਦੀ ਆਜ਼ਾਦੀ, ਈਰਾਨ, ਅਫ਼ਗਾਨਿਸਤਾਨ ਵਿਚ ਅੱਤਵਾਦ ਦੇ ਖ਼ਾਤਮੇ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ। ਇਸ ਚਾਬਹਾਰ ਬੰਦਰਗਾਹ ਦਾ ਭਾਰਤ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਇਹ ਉਸ ਨੂੰ ਪਾਕਿਸਤਾਨ ਵਿੱਚੋਂ ਲੰਘੇ ਬਿਨਾਂ ਹੀ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਪਹੁੰਚ ਪ੍ਰਦਾਨ ਕਰਦੀ ਹੈ।
ਕੋਇਟਾ ਦੇ ਇਕ ਟੈਕਸੀ ਡਰਾਈਵਰ ਨੇ ਕਿਹਾ, ‘ਬਲੋਚ ਹੋਣਾ ਹੀ ਗੁਨਾਹ ਹੈ, ਪਤਾ ਨਹੀਂ ਪਾਕਿਸਤਾਨੀ ਫ਼ੌਜ ਕਦੋਂ ਚੁੱਕ ਲਵੇ। ਹਰ ਪਾਸੇ ਦਹਿਸ਼ਤ ਤੇ ਖ਼ੌਫ਼ ਦਾ ਮਾਹੌਲ ਹੈ।’ ਇਕ ਖ਼ੁਫ਼ੀਆ ਏਜੰਸੀ ਦੀ ਚੇਤਾਵਨੀ ਦੇ ਬਾਵਜੂਦ ਉਸ ਪੱਤਰਕਾਰ ਨੇ ਕੋਇਟਾ, ਤੁਰਬਤ, ਖੁਜਦਾਰ ਅਤੇ ਗਵਾਦਰ ਦਾ ਦੌਰਾ ਕੀਤਾ। ਤੁਰਬਤ ਜ਼ਿਲ੍ਹੇ ਵਿਚ ਪਾਕਿ ਫ਼ੌਜ ਦੇ ਹਮਲਿਆਂ ਕਰਕੇ 716 (22 %) ਸਕੂਲ ਬੰਦ ਹਨ। ਕੋਇਟਾ ਦੇ ਇਕ ਨਾਗਰਿਕ ਨੇ ਉਸ ਪੱਤਰਕਾਰ ਨੂੰ ਕਿਹਾ ਕਿ, ‘ਸਾਹਿਬ, ਕੋਇਟਾ ਸਾਡਾ ਘਰ ਹੈ ਜੋ ਜਿਸ ਤਰ੍ਹਾਂ ਪਾਕਿ ਫ਼ੌਜ ਦੇ ਘੇਰੇ ਵਿਚ ਹੈ, ਅਸੀਂ ਖ਼ੌਫ਼ ’ਚ ਦਿਨ ਕੱਟ ਰਹੇ ਹਾਂ।’ ਪੰਜਵੇਂ ਸੰਘਰਸ਼ ਤੋਂ ਬਾਅਦ ਮੌਜੂਦਾ ਬਲੋਚ ਸੰਘਰਸ਼ ਨੇ ਪਾਕਿਸਤਾਨੀ ਹਕੂਮਤ ਦੇ ਸਾਹਮਣੇ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈ। ਪਹਿਲਾਂ ਹੋਏ ਸੰਘਰਸ਼ਾਂ ਨਾਲੋਂ ਨਿਆਰਾ ਇਹ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਲਗਪਗ ਸਾਰੇ ਬਲੋਚਿਸਤਾਨ ਵਿਚ ਫੈਲ ਗਿਆ ਹੈ। ਇਸ ਸੰਘਰਸ਼ ਵਿਚ ਔਰਤਾਂ ਅਤੇ ਮਰਦ, ਇਕੱਠੇ ਹਿੱਸਾ ਲੈ ਰਹੇ ਹਨ। ਦਰਅਸਲ, ਇਹ ਸੰਘਰਸ਼ ਜਿੱਥੇ ਬਲੋਚਿਸਤਾਨ ਦੀ ਆਜ਼ਾਦੀ ਲਈ ਹੈ, ਓਥੇ ਹੀ ਪਾਕਿ ਹੁਕਮਰਾਨਾਂ ਦੁਆਰਾ ਪਿਛਲੇ 77 ਸਾਲਾਂ ਤੋਂ ਬਲੋਚਾਂ ਨੂੰ ਨਾ ਸਿਰਫ਼ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਸਗੋਂ ਉਨ੍ਹਾਂ ’ਤੇ ਜਬਰ-ਜ਼ੁਲਮ ਕਰ ਕੇ ਦਬਾਇਆ ਵੀ ਜਾ ਰਿਹਾ ਹੈ। ਬਲੋਚਿਸਤਾਨ ਦੇ 70 ਫ਼ੀਸਦੀ ਬੱਚੇ ਸਕੂਲ ਦਾ ਮੂੰਹ ਨਹੀਂ ਦੇਖਦੇ ਅਤੇ ਪ੍ਰਾਂਤ ਦੇ 65 ਫ਼ੀਸਦੀ ਨੌਜਵਾਨ ਅਜਿਹੇ ਹਨ ਜਿਹੜੇ ਬੇਰੁਜ਼ਗਾਰ ਹਨ। ਪਿਛਲੇ ਸੱਤ ਦਹਾਕਿਆਂ ਤੋਂ ਵੱਧ ਦੇ ਸਮੇਂ ਤੋਂ ਵਿਕਾਸ ਨਾ ਹੋਣ, ਪ੍ਰਸ਼ਾਸਨਿਕ ਅਣਦੇਖੀ ਅਤੇ ਫ਼ੌਜ ਦੇ ਦਮਨ-ਚੱਕਰ ਨੇ ਬਲੋਚਾਂ ਨੂੰ ਮਜਬੂਰ ਕੀਤਾ ਹੈ ਕਿ ਉਹ ਆਪਣੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਹਥਿਆਰ ਚੁੱਕਣ ਤੇ ਉਨ੍ਹਾਂ ਦਾ ਇਹ ਸੰਘਰਸ਼ ਨਿਰੰਤਰ ਜਾਰੀ ਹੈ।
-ਮੁਖ਼ਤਾਰ ਗਿੱਲ
-ਸੰਪਰਕ : 98140-82217