- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ਤੇ ਪੁਲਾਂ ਦੀ ਉਸਾਰੀ ਤੇ ਸੰਗਤ ਦੇ ਸਹਿਯੋਗ ਨਾਲ 22 ਕਰੋੜ ਤੋਂ ਵੀ ਵੱਧ ਰਕਮ ਖ਼ਰਚ ਕੇ ਪੱਛੜੇ ਪਿੰਡਾਂ ਦੇ ਲੋਕਾਂ ਨੂੰ ਸੁੱਖ-ਸਹੂਲਤਾਂ ਦਿੱਤੀਆਂ। ਦੋ ਸੌ ਤੋਂ ਵੀ ਵੱਧ ਪਿੰਡਾਂ ਦੇ ਗੁਰੂ-ਘਰਾਂ ਦੀਆਂ ਇਮਾਰਤਾਂ, ਸਰਕਾਰੀ ਸਕੂਲਾਂ ਵਿਚ ਲੈਬਜ਼, ਕਲਾਸ ਰੂਮ, ਪ੍ਰੀਖਿਆ ਹਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੇ ਆਪਣੇ ਫ਼ਰਜ਼ ਨੂੰ ਨਿਭਾਇਆ।
ਜੀਵਨ ਦਾ ਹਰ ਪਲ ਮਨੁੱਖਤਾ ਦੀ ਸੇਵਾ ਤੇ ਪਰਉਪਕਾਰ ਵਿਚ ਬਿਤਾਉਣ ਵਾਲੇ ਬਾਬਾ ਮਲਕੀਅਤ ਸਿੰਘ ਮਾਣਕੋ (ਜੱਬੜ) ਮਾਨਵੀ ਗੁਣਾਂ ਨਾਲ ਓਤ-ਪੋਤ ਆਤਮਾ ਦੇ ਮਾਲਕ ਸਨ। ਅੱਜ ਭਾਵੇਂ ਉਹ ਅਕਾਲ ਪੁਰਖ ਦੇ ਚਰਨਾਂ ਵਿਚ ਬਿਰਾਜ ਚੁੱਕੇ ਹਨ ਪਰ ਉਹ ਵਿੱਦਿਆਦਾਨੀ ਵਜੋਂ ਸਿਮਰਨ, ਦਇਆ, ਨਿਮਰਤਾ ਵਰਗੇ ਵੱਡੇ ਗੁਣਾਂ ਕਰਕੇ ਆਪਣੇ ਨਾਲ ਪਿਆਰ ਕਰਨ ਵਾਲੇ ਲੱਖਾਂ ਲੋਕਾਂ ਦੇ ਹਿਰਦਿਆਂ ਵਿਚ ਵਸਦੇ ਹਨ।
ਆਪ ਅਜਿਹੀ ਬਹੁ-ਪੱਖੀ ਸ਼ਖ਼ਸੀਅਤ ਸਨ ਜੋ ਆਪਣੇ ਅੰਤਿਮ ਸੁਆਸਾਂ ਤੱਕ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਜਲੰਧਰ) ਦੀ ਸਥਾਪਨਾ ਵਿਚ ਰੁੱਝੇ ਰਹੇ। ਮਾਣਕੋ ਜ਼ਿਲ੍ਹਾ ਜਲੰਧਰ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਪਿੰਡ ਹੈ। ਇਹ ਨਿਰੋਲ ਪੇਂਡੂ ਇਲਾਕਾ ਹੋਣ ਕਰਕੇ ਅਤੇ ਚੋਆਂ ਦੀ ਮਾਰ ਨਾਲ ਪਾਣੀ ਵਿਚ ਡੁੱਬਾ ਹੋਣ ਕਾਰਨ ਬਹੁਤ ਪੱਛੜਿਆ ਹੋਇਆ ਸੀ। ਇਸ ਪਿੰਡ ਦੀ ਉੱਚੀ-ਨੀਵੀਂ ਧਰਤੀ ਨੂੰ ਇਲਾਕੇ ਦੇ ਲੋਕ ਜੱਬੜ (ਜਿੱਥੇ ਫ਼ਸਲ ਨਹੀਂ ਸੀ ਉਗਾਈ ਜਾ ਸਕਦੀ) ਕਹਿੰਦੇ ਸਨ। ਇੱਥੇ ਹੀ ਬਾਬਾ ਭਾਗ ਸਿੰਘ ਨੇ ਡੇਰਾ ਸੰਤਪੁਰਾ ਦੀ ਸਥਾਪਨਾ ਕੀਤੀ।
ਉਨ੍ਹਾਂ ਦੇ ਗੁਰਪੁਰੀ ਜਾਣ ਤੋਂ ਪਿੱਛੋਂ ਸੰਤ ਮੁਸਾਫ਼ਿਰ ਜੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ। ਉਨ੍ਹਾਂ ਦੇ ਪਦ-ਚਿੰਨ੍ਹਾਂ ’ਤੇ ਚੱਲਦਿਆਂ ਸੰਤ ਬਾਬਾ ਮਲਕੀਅਤ ਸਿੰਘ ਨੇ ਨਿਰੋਲ ਪੇਂਡੂ ਖੇਤਰ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਰਗੀ ਵਿੱਦਿਅਕ ਸੰਸਥਾ ਬਣਾ ਕੇ ਜਿੱਥੇ ਨਿਰਮਲ ਸੰਪ੍ਰਦਾਇ ਦੇ ਨਾਂ ਨੂੰ ਉਜਾਗਰ ਕੀਤਾ, ਇਸ ਦੇ ਨਾਲ-ਨਾਲ ਇਸ ਇਲਾਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਖ਼ਰਚ ਕੇ ਪੁਲਾਂ, ਸੜਕਾਂ, ਗੁਰਦੁਆਰਾ ਸਾਹਿਬਾਨ, ਸਕੂਲਾਂ ਤੇ ਹਸਪਤਾਲਾਂ ਦੀ ਉਸਾਰੀ ਕਰਵਾ ਕੇ ਲੋਕਾਂ ਦੇ ਮਸੀਹੇ ਵਜੋਂ ਭਰਪੂਰ ਸਤਿਕਾਰ ਪ੍ਰਾਪਤ ਕੀਤਾ।
ਨਿਰਮਲ ਸੰਤ ਸਮਾਜ ਤੇ ਇਲਾਕੇ ਦੇ ਸੂਝਵਾਨ ਲੋਕਾਂ ਨੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਵੇਖਦਿਆਂ ਦੇਸ਼ ਤੇ ਵਿਦੇਸ਼ ਵਿੱਚੋਂ ਮਾਇਕ ਸਹਾਇਤਾ ਭੇਜ ਕੇ ਆਪਣਾ ਯੋਗਦਾਨ ਪਾਇਆ।
ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਵੱਡੀ ਸੰਸਥਾ ਲਈ ਇਕ ਬਹੁਤ ਵੱਡੀ ਚੁਣੌਤੀ ਸੀ ਪਰ ਉਨ੍ਹਾਂ ਦੇ ਸੇਵਾਦਾਰ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਨੇ ਇਸ ਵੱਡੀ ਜ਼ਿੰਮੇਵਾਰੀ ਨੂੰ ਜਿਵੇਂ ਨਿਭਾਇਆ, ਉਸ ਦੀ ਮਿਸਾਲ ਵੀ ਬਹੁਤ ਘੱਟ ਹੀ ਮਿਲਦੀ ਹੈ। ਬ੍ਰਹਮ ਜੀ ਨੇ ਸਮਾਜ ਸੇਵਾ ਦੇ ਖੇਤਰ ਵਿਚ ਸੀਮਤ ਸਮੇਂ ਵਿਚ ਹੀ ਇਲਾਕੇ ਦੇ ਲੋਕਾਂ ਦੀ ਅਗਵਾਈ ਕਰਦਿਆਂ ਯੂਨੀਵਰਸਿਟੀ ਵਰਗੀ ਵੱਡੀ ਵਿੱਦਿਅਕ ਸੰਸਥਾ ਨੂੰ ਬਾਖ਼ੂਬੀ ਸੰਭਾਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਤੋਂ ਇਲਾਵਾ ਕੋਵਿਡ ਦੇ ਭਿਆਨਕ ਸਮੇਂ ਵਿਚ ਸੰਗਤ ਦੀ ਭਰਪੂਰ ਸੇਵਾ ਕੀਤੀ। ਹਰ ਲੋੜਵੰਦ ਦੀ ਸੇਵਾ ਕਰਨਾ ਅਤੇ ਸਰਬੱਤ ਦੇ ਭਲੇ ਲਈ ਪਲ-ਪਲ ਬਤੀਤ ਕਰਨ ਕਰਕੇ ਸੰਗਤ ਤੋਂ ਮਣਾਂ-ਮੂੰਹੀਂ ਪਿਆਰ ਪ੍ਰਾਪਤ ਕੀਤਾ ਪਰ ਛੇਤੀ ਹੀ ਸੰਸਾਰ ਤੋਂ ਵਿਦਾਈ ਲੈ ਗਏ।
ਸੰਤ ਬਾਬਾ ਮਲਕੀਅਤ ਸਿੰਘ ਦਾ ਜਨਮ 28 ਜਨਵਰੀ 1957 ਨੂੰ ਇਸੇ ਪਿੰਡ ਮਾਣਕੋਂ (ਜਲੰਧਰ) ਵਿਖੇ ਹਜ਼ਾਰਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਪ੍ਰੀਤਮ ਕੌਰ ਦੀ ਕੁੱਖ ਤੋਂ ਹੋਇਆ ਸੀ। ਉਹ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ ਤੇ ਪ੍ਰਭੂ-ਬੰਦਗੀ ਅਤੇ ਵੈਰਾਗ ਵਿਚ ਵਿਚਰਦਿਆਂ ਮਨੁੱਖਤਾ ਦੇ ਭਲੇ ਅਤੇ ਸੇਵਾ ਲਈ ਹਰ ਸਮੇਂ ਤਤਪਰ ਰਹਿੰਦੇ ਸਨ। ਇਸ ਅਸਥਾਨ ਦੀ ਸੇਵਾ ਸੰਭਾਲਦਿਆਂ ਸੇਵਾ ਦੇ ਖੇਤਰ ਵਿਚ ਵੱਡੇ ਕਾਰਜਾਂ ਵਿਚ ਰੁੱਝ ਗਏ।
ਸੜਕਾਂ ਤੇ ਪੁਲਾਂ ਦੀ ਉਸਾਰੀ ਤੇ ਸੰਗਤ ਦੇ ਸਹਿਯੋਗ ਨਾਲ 22 ਕਰੋੜ ਤੋਂ ਵੀ ਵੱਧ ਰਕਮ ਖ਼ਰਚ ਕੇ ਪੱਛੜੇ ਪਿੰਡਾਂ ਦੇ ਲੋਕਾਂ ਨੂੰ ਸੁੱਖ-ਸਹੂਲਤਾਂ ਦਿੱਤੀਆਂ। ਦੋ ਸੌ ਤੋਂ ਵੀ ਵੱਧ ਪਿੰਡਾਂ ਦੇ ਗੁਰੂ-ਘਰਾਂ ਦੀਆਂ ਇਮਾਰਤਾਂ, ਸਰਕਾਰੀ ਸਕੂਲਾਂ ਵਿਚ ਲੈਬਜ਼, ਕਲਾਸ ਰੂਮ, ਪ੍ਰੀਖਿਆ ਹਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੇ ਆਪਣੇ ਫ਼ਰਜ਼ ਨੂੰ ਨਿਭਾਇਆ। ਸੰਨ 2003 ਵਿਚ ਇੰਜੀਨੀਅਰਿੰਗ ਕਾਲਜ ਉਪਰੰਤ ਪਬਲਿਕ ਸਕੂਲ, ਐਜੂਕੇਸ਼ਨ ਕਾਲਜ, ਨਰਸਿੰਗ ਕਾਲਜ ਦੀ ਸਥਾਪਨਾ, ਸੰਤ ਬਾਬਾ ਭਾਗ ਸਿੰਘ ਚੈਰੀਟੇਬਲ ਸੁਸਾਇਟੀ ਬਣਾ ਕੇ ਵਿੱਦਿਅਕ ਖੇਤਰ ਵਿਚ ਵੱਡਾ ਯੋਗਦਾਨ ਪਾਇਆ।
ਆਪਣੀ ਥੋੜ੍ਹ-ਚਿਰੀ ਆਯੂ ਦੌਰਾਨ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਨਾਲ ਯੂਨੀਵਰਸਿਟੀ ਦੀ ਸਥਾਪਨਾ ਵੀ ਕਰ ਦਿੱਤੀ। ਇਲਾਕੇ ਦਾ ਹਰ ਪਰਵਾਸੀ ਭਾਰਤੀ ਸੇਵਾ ਦੇ ਖੇਤਰ ਵਿਚ ਹੋ ਰਹੇ ਕਾਰਜਾਂ ਨੂੰ ਮਾਇਕ ਸਹਾਇਤਾ ਭੇਜ ਕੇ ਖ਼ੁਸ਼ੀ ਮਹਿਸੂਸ ਕਰਦਾ ਸੀ। ਸੰਤ ਬਾਬਾ ਮਲਕੀਅਤ ਸਿੰਘ ਨੇ ਆਪਣੀ ਹਯਾਤੀ ਦੌਰਾਨ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ।
ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਵਡੇਰੇ ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਮੁਸਾਫ਼ਿਰ ਜੀ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੀ ਯਾਦ ਵਿਚ ਡੇਰਾ ਸੰਤਪੁਰਾ ਮਾਣਕੋ (ਜੱਬੜ) ਵਿਖੇ ਉਨ੍ਹਾਂ ਦੇ ਉਤਰਾਧਿਕਾਰੀ ਬਾਬਾ ਜਨਕ ਸਿੰਘ ਦੀ ਅਗਵਾਈ ’ਚ ਮਹਾਨ ਗੁਰਮਤਿ ਸਮਾਗਮਾਂ ਦੀ ਸਮਾਪਤੀ 3 ਜਨਵਰੀ ਨੂੰ ਹੋਵੇਗੀ। ਇਨ੍ਹਾਂ ਸਮਾਗਮਾਂ ’ਚ ਦੇਸ਼-ਵਿਦੇਸ਼ ਦੀ ਸੰਗਤ ਤੋਂ ਇਲਾਵਾ ਬੁੱਧੀਜੀਵੀ, ਸਿੱਖਿਆ ਸ਼ਾਸਤਰੀ, ਸਿੰਘ ਸਾਹਿਬ, ਸੰਤ-ਮਹਾਪੁਰਸ਼ਾਂ ਤੋਂ ਬਿਨਾਂ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਵੀ ਪੁੱਜ ਰਹੀਆਂ ਹਨ।
-ਭਗਵਾਨ ਸਿੰਘ ਜੌਹਲ