ਕਾਂਗਰਸ ਦੇ ਡੀਡੀ ਸਾਥੀਸਨ, ਬਜ਼ੁਰਗ ਆਗੂ ਰਮੇਸ਼ ਚੇਨੀਥਾਲਾ, ਸ਼ਸ਼ੀ ਥਰੂਰ, ਕੇਸੀ ਵੇਣੂਗੋਪਾਲ ਵਾਇਨਾਡ ਤੋਂ ਚੁਣੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਿਚ ਸੱਤਾ ਪ੍ਰਾਪਤੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਰਾਜ ਵਿਚ ਧਰਮ, ਜਾਤ, ਇਲਾਕਾ ਆਦਿ ਚੋਣਾਂ ਵਿਚ ਵੱਡਾ ਪ੍ਰਭਾਵ ਰੱਖਦੇ ਹਨ।

ਭਾਰਤ ਦੇ ਪੰਜ ਰਾਜਾਂ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਹਮਲੇ ਤੋਂ ਉਤਪੰਨ ਤੇਲ ਤੇ ਗੈਸ ਦੀ ਕਿੱਲਤ ਅਤੇ ਵਿਸ਼ਵ ਪੱਧਰ ’ਤੇ ਬਦਲਦੇ ਜਿਉ-ਪੋਲੀਟੀਕਲ ਮੰਜ਼ਰ ’ਚ ਹੋ ਰਹੀਆਂ ਹਨ। ਇਹ ਚੋਣਾਂ ਨੌਂ ਤੋਂ 29 ਅਪ੍ਰੈਲ ਦਰਮਿਆਨ ਹੋ ਰਹੀਆਂ ਹਨ। ਚਾਰ ਮਈ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਤਿੰਨ ਰਾਜਾਂ ਪੱਛਮੀ ਬੰਗਾਲ, ਕੇਰਲ ਅਤੇ ਤਾਮਿਲਨਾਡੂ ਵਿਚ ਸੱਤਾਧਾਰੀ ਆਗੂ ਅਤੇ ਗੱਠਜੋੜ ਇਸ ਗੱਲ ’ਤੇ ਪੂਰਾ ਜ਼ੋਰ ਲਾ ਰਹੇ ਹਨ ਕਿ ਇਨ੍ਹਾਂ ਰਾਜਾਂ ਵਿਚ ਭਾਜਪਾ ਦੇ ਪੈਰ ਨਾ ਲੱਗਣ ਦਿੱਤੇ ਜਾਣ। ਪੱਛਮੀ ਬੰਗਾਲ ਅੰਦਰ ਪਿਛਲੇ 15 ਸਾਲਾਂ ਤੋਂ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸੁਪਰੀਮੋ ਮਮਤਾ ਬੈਨਰਜੀ ਡਟੀ ਹੋਈ ਹੈ।
ਤਾਮਿਲਨਾਡੂ ਵਿਚ ਡੀਐੱਮਕੇ ਆਧਾਰਤ ਐੱਮਕੇ ਸਟਾਲਿਨ ਦੀ ਅਗਵਾਈ ਵਾਲਾ ਸੈਕੂਲਰ ਪ੍ਰਗਤੀਸ਼ੀਲ ਗੱਠਜੋੜ ਤੇ ਕੇਰਲ ਅੰਦਰ ਪਿਛਲੇ 10 ਸਾਲਾਂ ਤੋਂ ਸੀਪੀਐੱਮ ਆਗੂ ਪਿਨੇਰਈ ਵਿਜਿਅਨ ਦੀ ਅਗਵਾਈ ਵਿਚ ਸੱਤਾ ਵਿਚ ਚੱਲ ਰਹੀ ਖੱਬਾ ਲੋਕਤੰਤਰੀ ਮੋਰਚਾ ਸਰਕਾਰ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਾ ਚਾਹੁੰਦੀ ਹੈ। ਅਸਾਮ ਵਿਚ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੀ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਸੱਤਾ ਵਿਚ ਹੈ ਅਤੇ ਉਹ ਮੁੜ ਹਰ ਹਾਲਤ ਵਿਚ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ। ਕੇਂਦਰੀ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿਚ ਸੱਤਾਧਾਰੀ ਐੱਨਡੀਏ ਗੱਠਜੋੜ ਏਆਈਐਨਆਰ ਕਾਂਗਰਸ ਆਗੂ ਮੁੱਖ ਮੰਤਰੀ ਐੱਨ ਰੰਗਾ ਸੁਆਮੀ ਦੀ ਅਗਵਾਈ ਵਿਚ ਸੱਤਾ ਬਰਕਰਾਰ ਰੱਖਣ ਲਈ ਜ਼ੋਰ ਅਜ਼ਮਾਈ ਕਰ ਰਿਹਾ ਹੈ।
ਪੱਛਮੀ ਬੰਗਾਲ ਵਿਧਾਨ ਸਭਾ 294 ਮੈਂਬਰਾਂ ’ਤੇ ਆਧਾਰਤ ਹੈ। ਰਾਜ ਦੇ 6.44 ਕਰੋੜ ਅਤੇ ਸਪਲੀਮੈਂਟਰੀ ਸੂਚੀ ਵਿਚ ਦਰਜ ਵੋਟਰ ਦੋ ਪੜਾਵਾਂ ਵਿਚ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ ਅਗਲੀ ਸਰਕਾਰ ਲਈ ਫ਼ਤਵਾ ਦੇਣਗੇ। ਪਹਿਲੇ ਪੜਾਅ ਵਿਚ 152 ਹਲਕਿਆਂ ਵਿਚ 23 ਅਤੇ ਦੂਜੇ ਪੜਾਅ ’ਚ 142 ਹਲਕਿਆਂ ਵਿਚ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ।
ਮੁੱਖ ਮੰਤਰੀ ਮਮਤਾ ਬੈਨਰਜੀ ਭਾਜਪਾ ਨੂੰ ਰਾਜ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ‘ਕਰੋ ਜਾਂ ਮਰੋ’ ਦੀ ਰਣਨੀਤੀ ਤਹਿਤ ਲੜਾਈ ਲੜ ਰਹੀ ਹੈ। ਉਸ ਨੇ ਮੁੱਖ ਮੁੱਦਾ ਐੱਸਆਈਆਰ ਨੂੰ ਬਣਾਇਆ ਹੋਇਆ ਹੈ। ਸੰਨ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਜਿਨ੍ਹਾਂ 89 ਸੀਟਾਂ ’ਤੇ ਟੀਐੱਮਸੀ ਨੇ 10000 ਵੋਟਾਂ ਨਾਲ ਲੀਡ ਲਈ ਸੀ, ਕੇਂਦਰ ਸਰਕਾਰ ਨੇ ਚੋਣ ਕਮਿਸ਼ਨ ਰਾਹੀਂ ਉਨ੍ਹਾਂ ਵਿੱਚੋਂ ਘੁਸਪੈਠੀਏ ਵੋਟਰਾਂ ਦੇ ਨਾਂ ਹਟਾ ਦਿੱਤੇ ਹਨ। ਇਨ੍ਹਾਂ ਵਿੱਚੋਂ 6.17 ਲੱਖ ’ਤੇ ਲੀਕ ਫਿਰ ਚੁੱਕੀ ਹੈ ਅਤੇ 6 ਲੱਖ ਫ਼ੈਸਲੇ ਅਧੀਨ ਹਨ। ਮਿਸਾਲ ਵਜੋਂ ਸੰਨ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਵਾਨੀਪੁਰ ਸੀਟ ਮੁੱਖ ਮੰਤਰੀ ਨੇ 58832 ਵੋਟਾਂ ਨਾਲ ਜਿੱਤੀ ਸੀ ਪਰ ਲੋਕ ਸਭਾ ਚੋਣਾਂ ਵਿਚ ਫ਼ਰਕ 8291 ਵੋਟਾਂ ਦਾ ਰਹਿ ਗਿਆ ਸੀ।
ਐੱਸਆਈਆਰ ਤਹਿਤ ਇਸ ਹਲਕੇ ਵਿੱਚੋਂ 47 ਹਜ਼ਾਰ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ ਅਤੇ 14000 ਕੇਸ ਅਦਾਲਤ ਦੇ ਵਿਚਾਰ ਅਧੀਨ ਹਨ। ਅਜਿਹੀ ਪ੍ਰਕਿਰਿਆ ਦੂਜੇ ਹਲਕਿਆਂ ਵਿਚ ਵੀ ਚੱਲ ਰਹੀ ਹੈ। ਭਾਜਪਾ ਮਮਤਾ ਸਰਕਾਰ ’ਤੇ ਸਕੂਲ ਸੇਵਾ ਕਮਿਸ਼ਨ ਸਕੈਮ, ਰਾਸ਼ਨ ਸਕੈਮ ਅਤੇ ਅਗਸਤ 2024 ਵਿਚ ਮੈਡੀਕਲ ਵਿਦਿਆਰਥਣ ਦੇ ਰੇਪ ਅਤੇ ਕਤਲ ਦਾ ਮੁੱਦਾ ਉਠਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ’ਤੇ ਰਾਜ ਨੂੰ ਘੁਸਪੈਠੀਆਂ ਦਾ ‘ਮੁੱਖ ਲਾਂਘਾ’ ਬਣਾਉਣ ਦਾ ਦੋਸ਼ ਲਗਾਇਆ। ਟੀਐੱਮਸੀ ਤੋਂ ਵੱਖ ਹੋਇਆ ਬਾਹੂਬਲੀ ਹਮਾਯੂੰ ਕਬੀਰ ‘ਜਨਤਾ ਉਨਾਯਨ ਪਾਰਟੀ’ ਖੜ੍ਹੀ ਕਰ ਕੇ ਬੇਲਡਾਂਗਾ, ਜ਼ਿਲ੍ਹਾ ਮੁਰਸ਼ਿਦਾਬਾਦ ਵਿਚ ਬਾਬਰੀ ਮਸਜਿਦ ਉਸਾਰਨ ਦਾ ਮੁੱਦਾ ਭੜਕਾ ਰਿਹਾ ਹੈ।
ਟੀਐੱਮਸੀ ਆਗੂ ਮਹੂਆ ਮਿੱਤਰਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੋਦੀ ਸਰਕਾਰ ’ਤੇ ਜਬਰਦਸਤ ਹਮਲਾ ਕਰਦਿਆਂ ਕਿਹਾ ਹੈ ਕਿ ਤਖ਼ਤ ’ਤੇ ਬੈਠ ਕੇ ਕੋਈ ਬਾਦਸ਼ਾਹ ਨਹੀਂ ਬਣ ਜਾਂਦਾ ਬਲਕਿ ਉਹ ਰਾਜ ਸਰਕਸ ਬਣ ਜਾਂਦਾ ਹੈ। ਸੰਨ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਟੀਐੱਮਸੀ ਨੇ 48 ਪ੍ਰਤੀਸ਼ਤ ਵੋਟਾਂ ਨਾਲ 215 ਜਦਕਿ ਭਾਜਪਾ ਨੇ 38 ਫ਼ੀਸਦੀ ਵੋਟਾਂ ਨਾਲ 77 ਸੀਟਾਂ ਜਿਤੀਆਂ ਸਨ। ਸਾਂਝਾ ਮੋਰਚਾ ਸਿਰਫ਼ 10 ਪ੍ਰਤੀਸ਼ਤ ਵੋਟਾਂ ਲੈ ਕੇ ਇਕ ਸੀਟ ਤੱਕ ਸੀਮਤ ਰਿਹਾ ਸੀ। ਲੋਕ ਸਭਾ ਚੋਣਾਂ 2024 ਵਿਚ ਟੀਐੱਮਸੀ ਨੇ 46% ਵੋਟਾਂ ਨਾਲ 29, ਭਾਜਪਾ ਨੇ 39% ਨਾਲ 12 ਅਤੇ ਖੱਬੇ ਮੋਰਚੇ ਨੇ 11% ਵੋਟਾਂ ਨਾਲ ਇਕ ਸੀਟ ਪ੍ਰਾਪਤ ਕੀਤੀ ਸੀ। ਓਧਰ ਕੇਰਲ ’ਚ ਇਵੇਂ ਲੱਗਦਾ ਹੈ ਜਿਵੇਂ ਸੱਤਾਧਾਰੀ ਖੱਬੇ ਲੋਕਤੰਤਰੀ ਮੋਰਚੇ ਵਿਰੁੱਧ ਲਹਿਰ ਜ਼ੋਰ ਫੜਦੀ ਹੋਵੇ।
ਬੀਤੇ 10 ਸਾਲ ਤੋਂ ਚੱਲ ਰਹੀ ਖੱਬੇ ਮੋਰਚੇ ਦੀ ਪਿਨੇਰਈ ਵਿਜਿਅਨ ਸਰਕਾਰ ਵਿਰੁੱਧ ਆਵਾਜ਼ ਉੱਠਣਾ ਸੁਭਾਵਿਕ ਹੈ। ਇਸ ਵਾਰ ਰਾਜ ਵਿਚ ਤੀਜੀ ਸ਼ਕਤੀ ਭਾਜਪਾ ਰਾਜਨੀਤਕ ਘੁਸਪੈਠ ਲਈ ਤਤਪਰ ਹੈ। ਰਾਜ ਵਿਚ 140ਸੀਟਾਂ ਆਧਾਰਤ ਵਿਧਾਨ ਸਭਾ ਦੀ ਚੋਣ ਲਈ 9 ਅਪ੍ਰੈਲ ਨੂੰ 26953644 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ। ਸੰਨ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੀਪੀਐੱਮ ਨੇ 62, ਕਾਂਗਰਸ ਨੇ 21, ਸੀਪੀਆਈ ਨੇ 17, ਆਈਯੂਐੱਮਐੱਲ ਨੇ 15, ਆਜ਼ਾਦਾਂ ਨੇ 6 ਅਤੇ ਹੋਰਨਾਂ ਨੇ 19 ਸੀਟਾਂ ਪ੍ਰਾਪਤ ਕੀਤੀਆਂ ਸਨ। ਸੰਨ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਾਂਝਾ ਲੋਕਤੰਤਰੀ ਮੋਰਚਾ ਜਿੱਤ ਪ੍ਰਾਪਤ ਕਰ ਗਿਆ ਸੀ। ਕਾਂਗਰਸ ਨੇ 14, ਆਈਯੂਐੱਮਐੱਲ ਨੇ 2, ਸੀਪੀਐੱਮ ਨੇ 1, ਭਾਜਪਾ ਨੇ 1 ਤੇ ਆਰਐੱਸਪੀ ਨੇ 1 ਸੀਟਾਂ ਹਾਸਲ ਕੀਤੀਆਂ ਸਨ।
ਕਾਂਗਰਸ ਦੇ ਡੀਡੀ ਸਾਥੀਸਨ, ਬਜ਼ੁਰਗ ਆਗੂ ਰਮੇਸ਼ ਚੇਨੀਥਾਲਾ, ਸ਼ਸ਼ੀ ਥਰੂਰ, ਕੇਸੀ ਵੇਣੂਗੋਪਾਲ ਵਾਇਨਾਡ ਤੋਂ ਚੁਣੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਿਚ ਸੱਤਾ ਪ੍ਰਾਪਤੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਰਾਜ ਵਿਚ ਧਰਮ, ਜਾਤ, ਇਲਾਕਾ ਆਦਿ ਚੋਣਾਂ ਵਿਚ ਵੱਡਾ ਪ੍ਰਭਾਵ ਰੱਖਦੇ ਹਨ। ਖਾੜੀ ਦੇਸ਼ਾਂ ਵਿਚ 30 ਲੱਖ ਕੇਰਲ ਵਾਸੀ ਕੰਮ ਕਰਦੇ ਹਨ ਜਿਨ੍ਹਾਂ ਦਾ ਅਜੋਕੀ ਜੰਗ ਵਿਚ ਕੇਂਦਰ ਸਰਕਾਰ ਨੇ ਕੋਈ ਧਿਆਨ ਨਹੀਂ ਰੱਖਿਆ। ਇਸ ਦੀ ਕੀਮਤ ਭਾਜਪਾ ਨੂੰ ਚਕਾਉਣੀ ਪੈ ਸਕਦੀ ਹੈ।
ਤਾਮਿਲਨਾਡੂ ’ਚ 56707380 ਵੋਟਰ 23 ਅਪ੍ਰੈਲ ਨੂੰ 234 ਸੀਟਾਂ ਵਾਲੀ ਵਿਧਾਨ ਸਭਾ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਸੰਨ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੀਐੱਮਕੇ ਨੇ ਐੱਮਕੇ ਸਟਾਲਿਨ ਦੀ ਅਗਵਾਈ ਵਿਚ 133, ਏਡੀਐੱਮਕੇ ਨੇ 66, ਕਾਂਗਰਸ ਨੇ 18, ਪੀਐੱਮਕੇ ਨੇ 5, ਭਾਜਪਾ ਨੇ 4, ਵੀਸੀਕੇ ਨੇ 4, ਸੀਪੀਐੱਮ ਨੇ 2 ਅਤੇ ਸੀਪੀਆਈ ਨੇ 2 ਸੀਟਾਂ ਪ੍ਰਾਪਤ ਕੀਤੀਆਂ। ਸੰਨ 2024 ਦੀਆਂ ਲੋਕ ਸਭਾ ਚੋਣਾਂ ਵਿਚ ਡੀਐੱਮਕੇ ਅਤੇ ਇੰਡੀਆ ਗੱਠਜੋੜ ਨੇ 39 ਦੀਆਂ 39 ਸੀਟਾਂ 46.97 ਪ੍ਰਤੀਸ਼ਤ ਵੋਟਾਂ ਹਾਸਲ ਕਰ ਕੇ ਜਿੱਤੀਆਂ ਸਨ। ਏਡੀਐੱਮਕੇ ਦੀ ਅਗਵਾਈ ਵਾਲੇ ਮੋਰਚੇ ਨੇ 28.05 ਅਤੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੇ 18.28 ਪਤੀਸ਼ਤ ਵੋਟਾਂ ਹਾਸਲ ਕੀਤੀਆਂ ਸਨ।
ਮੁੱਖ ਮੰਤਰੀ ਨੇ ਆਪਣੀ ਪਾਰਟੀ ਡੀਐੱਮਕੇ ਦਾ ਮੈਨੀਫੈਸਟੋ ਜਾਰੀ ਕਰਦਿਆਂ ਕਿਸਾਨਾਂ ਨੂੰ ਮੁਫ਼ਤ ਵਾਟਰ ਪੰਪ, 10ਲੱਖ ਨਵੇਂ ਘਰ ਉਸਾਰਨ, 25 ਲੱਖ ਵਿਦਿਆਰਥੀਆਂ ਨੂੰ ਲੈਪਟਾਪ, 1500 ਰੁਪਏ ਮਾਸਿਕ, ਮੁੱਖ ਮੰਤਰੀ ਮੈਡੀਕਲ ਕਵਰਅੱਪ 15 ਲੱਖ, ਬੁਢਾਪਾ ਪੈਨਸ਼ਨ 2000, ਔਰਤਾਂ ਨੂੰ 2000, ਅਪਾਹਜਾਂ ਨੂੰ 2500 ਕੈਸ਼, 1.5 ਲੱਖ ਨੌਕਰੀਆਂ ਅਤੇ ਪਤਾ ਨਹੀਂ ਹੋਰ ਕੀ-ਕੀ ਦੇ ਚੋਣ ਵਾਅਦੇ ਕੀਤੇ ਹਨ।
ਅਸਾਮ ਵਿਚ 25021413 ਵੋਟਰ 126 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਨਵੀਂ ਸਰਕਾਰ ਨੂੰ ਫ਼ਤਵਾ ਦੇਣ ਲਈ 9 ਅਪ੍ਰੈਲ ਨੂੰ ਵੋਟਾਂ ਪਾ ਚੁੱਕੇ ਹਨ। ਸੰਨ 2023 ਵਿਚ ਰਾਜ ਵਿਚ ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਮੁਸਲਿਮ ਸੀਟਾਂ 29 ਤੋਂ ਘਟਾ ਕੇ 22 ਕਰ ਦਿੱਤੀਆਂ ਹਨ। ਸੰਨ 2021 ਦੀਆਂ ਚੋਣਾਂ ਵਿਚ ਭਾਜਪਾ ਨੇ 60, ਕਾਂਗਰਸ ਨੇ 29, ਏਆਈਯੂਡੀਐੱਫ 6, ਏਜੀਪੀ 9, ਯੂਪੀਪੀਐੱਲ 6, ਆਜ਼ਾਦ 1 ਤੇ ਹੋਰਨਾਂ ਨੇ 5 ਸੀਟਾਂ ਹਾਸਲ ਕੀਤੀਆਂ। ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 9 (37.9%), 3 ਕਾਂਗਰਸ ਨੇ(37.9%), ਏਜੀਪੀ ਨੇ 1(6.6%) ਅਤੇ ਯੂਪੀਪੀਐੱਲ ਨੇ 1 (2.5%) ਸੀਟਾਂ ਹਾਸਲ ਕੀਤੀਆਂ ਸਨ।
ਕਾਂਗਰਸ ਪਾਰਟੀ ਗੌਰਵ ਗੋਗੋਈ ਦੀ ਅਗਵਾਈ ਵਿਚ ਬੜੀ ਸ਼ਿੱਦਤ ਨਾਲ ਸੱਤਾ ਹਾਸਲ ਕਰਨ ਲਈ ਯਤਨਸ਼ੀਲ ਹੈ। ਪੁੱਡੂਚੇਰੀ ਦੀ ਵਿਧਾਨ ਸਭਾ ਦੇ ਕੁੱਲ 33 ਮੈਂਬਰ ਹਨ। ਇਨ੍ਹਾਂ ਵਿੱਚੋਂ 30 ਮੈਂਬਰ ਚੁਣੇ ਜਾਂਦੇ ਹਨ ਜਦਕਿ 3 ਮੈਂਬਰ ਕੋਆਪਟ ਕੀਤੇ ਜਾਂਦੇ ਹਨ। ਉੱਥੇ ਨੌਂ ਅਪ੍ਰੈਲ ਨੂੰ 944211 ਵੋਟਰ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰ ਚੁੱਕੇ ਹਨ। ਪੁੱਡੂਚੇਰੀ ਵਿਚ ਏਆਈਐੱਨਆਰ ਕਾਂਗਰਸ ਦੇ ਆਗੂ ਐੱਨ. ਰੰਗਾਸੁਆਮੀ ਦੀ ਅਗਵਾਈ ਵਿਚ ਐੱਨਡੀਏ ਗੱਠਜੋੜ ਸੱਤਾ ਵਿਚ ਹੈ। ਇਸ ਵਾਰ ਪੀਣ ਵਾਲੇ ਸਾਫ਼ ਪਾਣੀ, ਬੇਰੁਜ਼ਗਾਰੀ, ਅਮਨ-ਕਾਨੂੰਨ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੇ ਮੁੱਦੇ ਉਠਾ ਕੇ ਕਾਂਗਰਸ ਆਪਣੇ ਆਗੂ ਵੀ ਵੈਥੀਲੰਘਮ ਦੀ ਅਗਵਾਈ ਵਿਚ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ। ਨਿਸ਼ਚਿਤ ਤੌਰ ’ਤੇ ਇਹ ਚੋਣਾਂ ਭਾਰਤੀ ਰਾਜਨੀਤੀ ’ਚ ਭਵਿੱਖੀ ਤਬਦੀਲੀ ਲਈ ਅਹਿਮ ਭੂਮਿਕਾ ਨਿਭਾਉਣਗੀਆਂ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +12898292929