- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਪਹਿਲਾਂ ਵੀ ਮੁਲਕ ਦੇ ਕਈ ਵੱਡੇ ਆਗੂ ਅਜਿਹੇ ਪਲੇਨ ਅਤੇ ਹੈਲੀਕਾਪਟਰ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਬੀਤੇ ਵਰ੍ਹੇ ਏਅਰ ਇੰਡੀਆ ਫਲਾਈਟ ਦੇ 12 ਜੂਨ ਨੂੰ ਅਹਿਮਦਾਬਾਦ ਵਿਖੇ ਹੋਏ ਹਾਦਸੇ ’ਚ ਭਾਜਪਾ ਨੇਤਾ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਸਮੇਤ ਅਨੇਕ ਲੋਕਾਂ ਦੀ ਮੌਤ ਹੋ ਗਈ ਸੀ।

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਬਾਰਾਮਤੀ ਏਅਰਪੋਰਟ ’ਤੇ ਹਵਾਈ ਹਾਦਸੇ ’ਚ ਮੌਤ ਨੇ ਮੁਲਕ ਦੀ ਹਵਾਈ ਸੁਰੱਖਿਆ ਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹਵਾਈ ਅੱਡੇ ’ਤੇ ਰਨਵੇਅ ਕੋਲ ਪਲੇਨ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ।
ਉਨ੍ਹਾਂ ਦੇ ਨਾਲ ਪਾਇਲਟ ਕੈਪਟਨ ਸੁਮਿਤ ਕਪੂਰ, ਕੈਪਟਨ ਸਾਂਭਵੀ ਪਾਠਕ, ਪਵਾਰ ਦੇ ਸੁਰੱਖਿਆ ਗਾਰਡ ਵਿਦਿਪ ਜਾਧਵ ਅਤੇ ਫਲਾਈਟ ਅਟੈਂਡੈਂਟ ਪਿੰਕੀ ਮਾਲੀ ਦੀ ਵੀ ਮੌਤ ਹੋਈ ਹੈ। ਦਰਅਸਲ, ਪਵਾਰ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਪ੍ਰਚਾਰ ਲਈ ਬਾਰਾਮਤੀ ਗਏ ਸਨ।
ਉੱਥੇ ਉਨ੍ਹਾਂ ਨੇ ਚਾਰ ਥਾਈਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸੀ। ਇਹ ਇਸ ਸਾਲ ਦਾ ਪਹਿਲਾ ਅਜਿਹਾ ਹਵਾਈ ਹਾਦਸਾ ਕਿਹਾ ਜਾ ਸਕਦਾ ਹੈ ਜਿਸ ’ਚ ਕਿਸੇ ਕੱਦਾਵਰ ਆਗੂ ਦੀ ਜਾਨ ਗਈ ਹੋਵੇ। ਇਸ ਹਾਦਸੇ ਦੇ ਕਾਰਨਾਂ ਤੋਂ ਹੌਲੀ-ਹੌਲੀ ਪਰਦਾ ਉੱਠ ਰਿਹਾ ਹੈ ਪਰ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਾਦਸੇ ਦਾ ਸ਼ਿਕਾਰ ਪਲੇਨ ਲਗਪਗ 16 ਸਾਲ ਪੁਰਾਣਾ ਸੀ। ਪੀਆਈਬੀ ਮੁਤਾਬਕ ਲਿਆਰਜੈੱਟ-45 ਜਹਾਜ਼ 2010 ’ਚ ਬਣਿਆ ਸੀ।
ਇਸ ’ਚ ਅੱਠ ਕੁ ਯਾਤਰੀ ਸਫ਼ਰ ਕਰ ਸਕਦੇ ਹਨ। ਇਸ ਸ਼੍ਰੇਣੀ ਦੇ ਜਹਾਜ਼ਾਂ ਨਾਲ ਆਲਮੀ ਪੱਧਰ ’ਤੇ ਕਈ ਥਾਈਂ ਕ੍ਰੈਸ਼ ਹੋਣ ਦੇ ਮਾਮਲੇ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਫਰਵਰੀ 2021 ’ਚ ਮੈਕਸੀਕੋ ਏਅਰ ਫੋਰਸ ਵੱਲੋਂ ਵਰਤਿਆ ਜਾ ਰਿਹਾ ਲਿਅਰਜੈੱਟ 45 ਕ੍ਰੈਸ਼ ਹੋ ਚੁੱਕਾ ਹੈ। ਇਸ ਹਾਦਸੇ ’ਚ 6 ਫ਼ੌਜੀਆਂ ਦੀ ਜਾਨ ਗਈ ਸੀ। ਚਾਰ ਨਵੰਬਰ 2008 ਨੂੰ ਇਸੇ ਸ਼੍ਰੇਣੀ ਦੇ ਪਲੇਨ ਦੇ ਕ੍ਰੈਸ਼ ਹੋਣ ਕਾਰਨ ਨੌਂ ਲੋਕਾਂ ਦੀ ਮੌਤ ਹੋਈ ਸੀ। ਇਟਲੀ ’ਚ ਵੀ ਲਿਅਰਜੈੱਟ 2003 ’ਚ ਕ੍ਰੈਸ਼ ਹੋ ਚੁੱਕਾ ਹੈ ਅਤੇ ਇਸ ਦੌਰਾਨ ਦੋ ਕ੍ਰੂ ਮੈਂਬਰਾਂ ਦੀ ਮੌਤ ਹੋਈ ਸੀ।
ਇਸ ਸ਼੍ਰੇਣੀ ਦੇ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਜ਼ਿਆਦਾਤਰ ਸਮੱਸਿਆਵਾਂ ਲੈਂਡਿੰਗ ਵੇਲੇ ਗਿਅਰ ’ਚ ਖ਼ਰਾਬੀ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ ਇਸ ਜਹਾਜ਼ ਦੀਆਂ ਕੁਝ ਸੁਰੱਖਿਆ ਅਤੇ ਆਰਾਮਦਾਇਕ ਵਿਸ਼ੇਸ਼ਤਾਵਾਂ ਵੀ ਹਨ ਪਰ ਮਹਾਰਾਸ਼ਟਰ ’ਚ ਹੋਇਆ ਹਾਦਸਾ ਬੇਹੱਦ ਦੁਖਦ ਹੈ ਅਤੇ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਸਮਾਂਬੱਧ ਪਤਾ ਲੱਗਣਾ ਚਾਹੀਦਾ ਹੈ। ਅਜੀਤ ਪਵਾਰ ਦਾ ਸਿਆਸੀ ਸਫ਼ਰ ਵੀ ਸ਼ਾਨਦਾਰ ਰਿਹਾ ਹੈ। ਉਹ ਸੱਤ ਵਾਰ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਪਹਿਲੀ ਵਾਰ 1991 ’ਚ ਜ਼ਿਮਨੀ ਚੋਣ ’ਚ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ 1995, 1999, 2004, 2009 ਅਤੇ 2014 ’ਚ ਵੀ ਜਿੱਤ ਹਾਸਲ ਕੀਤੀ।
ਇਸ ਤੋਂ ਪਹਿਲਾਂ ਵੀ ਮੁਲਕ ਦੇ ਕਈ ਵੱਡੇ ਆਗੂ ਅਜਿਹੇ ਪਲੇਨ ਅਤੇ ਹੈਲੀਕਾਪਟਰ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਬੀਤੇ ਵਰ੍ਹੇ ਏਅਰ ਇੰਡੀਆ ਫਲਾਈਟ ਦੇ 12 ਜੂਨ ਨੂੰ ਅਹਿਮਦਾਬਾਦ ਵਿਖੇ ਹੋਏ ਹਾਦਸੇ ’ਚ ਭਾਜਪਾ ਨੇਤਾ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਸਮੇਤ ਅਨੇਕ ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 ’ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਏਅਰਫੋਰਸ ਦੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਸਨ।
ਸਾਲ 2011 ’ਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਅਤੇ 2029 ’ਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਆਰ ਰੈੱਡੀ ਦੀ ਵੀ ਹੈਲੀਕਾਪਟਰ ਹਾਦਸੇ ’ਚ ਜਾਨ ਗਈ ਸੀ। ਸਾਲ 2001 ਨੂੰ ਕਾਂਗਰਸ ਦੇ ਸੀਨੀਅਰ ਆਗੂ ਮਾਧਵ ਰਾਓ ਸਿੰਧੀਆ ਦੀ ਮੌਤ ਵੀ ਯੂਪੀ ਦੇ ਮੈਨਪੁਰੀ ’ਚ ਜਹਾਜ਼ ਹਾਦਸੇ ’ਚ ਹੋਈ ਸੀ। ਬੇਸ਼ੱਕ ਭਾਰਤ ’ਚ ਅਜਿਹੇ ਹਵਾਈ ਹਾਦਸਿਆਂ ਦਾ ਕੋਈ ਇਕ ਕਾਰਨ ਨਹੀਂ ਹੈ ਪਰ ਜ਼ਿਆਦਾਤਰ ਟੇਕ ਆਫ ਅਤੇ ਲੈਂਡਿੰਗ ਨਾਲ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਜਹਾਜ਼ਾਂ ਦੇ ਪਾਇਲਟਾਂ ਤੇ ਕ੍ਰੂ ਮੈਂਬਰਾਂ ਦੇ ਤਣਾਅ ਅਤੇ ਤਾਲਮੇਲ ਦੀ ਘਾਟ ਕਾਰਨ ਵੀ ਬਹੁਤੇ ਥਾਈਂ ਅਜਿਹੇ ਹਾਦਸੇ ਵਾਪਰੇ ਹਨ। ਇਕ ਰਿਪੋਰਟ ਮੁਤਾਬਕ 50 ਤੋਂ 60 ਫ਼ੀਸਦ ਮਾਮਲਿਆਂ ਦੇ ਇਹੀ ਕਾਰਨ ਹਨ। ਅਜੀਤ ਪਵਾਰ ਦੇ ਪਲੇਨ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਭਵਿੱਖ ’ਚ ਹਵਾਈ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਸਭ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।