ਸਮੁੱਚਾ ਸਿੱਖ ਜਗਤ ਉਨ੍ਹਾਂ ਨੂੰ ਇਸ ਕਰਕੇ ਸਤਿਕਾਰ ਦਿੰਦਾ ਸੀ ਕਿ ਉਹ ਇਕੋ ਸਮੇਂ ਕੌਮੀ ਦਰਦ ਨਾਲ ਓਤ-ਪੋਤ ਦੇਸ਼ ਭਗਤ, ਸੰਤ ਕਵੀ, ਗੁਰਬਾਣੀ ਦੇ ਵਿਆਖਿਆਕਾਰ ਹੋਣ ਦੇ ਨਾਲ-ਨਾਲ ਸਮੇਂ ਦੀ ਬਰਤਾਨਵੀ ਹਕੂਮਤ ਨੂੰ ਵੰਗਾਰਨ ਵਾਲੇ ਗ਼ਦਰੀ ਬਾਬਿਆਂ ਦੇ ਸਾਥੀ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਗੁਰਸਿੱਖ ਸਨ।

ਰੱਬੀ ਰੰਗ ’ਚ ਰੰਗੀ ਪਵਿੱਤਰ ਆਤਮਾ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰ-ਸ਼ਬਦ ਦੇ ਅਭਿਆਸੀ ਜੀਊੜੇ ਸਨ। ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦੀ ਆਤਮਿਕ ਖੁਰਾਕ ਸੀ ਤੇ ਇਹ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਚੁੱਕਾ ਸੀ। ਰੱਬੀ ਪ੍ਰੇਮ ਵਿਚ ਜਦੋਂ ਉਨ੍ਹਾਂ ਦੀ ਆਤਮਾ ਬੋਲਦੀ ਸੀ, ਉਦੋਂ ਅਨੇਕਾਂ ਰੱਬੀ ਰੰਗ ਵਿਚ ਰੰਗੀਆਂ ਆਤਮਾਵਾਂ ਅੰਦਰੋਂ ਵੀ ਗੁਰ-ਸ਼ਬਦ ਦੀ ਹੂਕ ਸੁਣਾਈ ਦਿੰਦੀ ਸੀ।
ਸਮੁੱਚਾ ਸਿੱਖ ਜਗਤ ਉਨ੍ਹਾਂ ਨੂੰ ਇਸ ਕਰਕੇ ਸਤਿਕਾਰ ਦਿੰਦਾ ਸੀ ਕਿ ਉਹ ਇਕੋ ਸਮੇਂ ਕੌਮੀ ਦਰਦ ਨਾਲ ਓਤ-ਪੋਤ ਦੇਸ਼ ਭਗਤ, ਸੰਤ ਕਵੀ, ਗੁਰਬਾਣੀ ਦੇ ਵਿਆਖਿਆਕਾਰ ਹੋਣ ਦੇ ਨਾਲ-ਨਾਲ ਸਮੇਂ ਦੀ ਬਰਤਾਨਵੀ ਹਕੂਮਤ ਨੂੰ ਵੰਗਾਰਨ ਵਾਲੇ ਗ਼ਦਰੀ ਬਾਬਿਆਂ ਦੇ ਸਾਥੀ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਗੁਰਸਿੱਖ ਸਨ। ਭਾਈ ਸਾਹਿਬ ਦਾ ਜਨਮ 7 ਜੁਲਾਈ 1878 ਈ: ਨੂੰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਨੱਥਾ ਸਿੰਘ ਅਤੇ ਮਾਤਾ ਪੰਜਾਬ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਨਾਭੇ ਤੋਂ ਹਾਸਲ ਕੀਤੀ।
ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖ਼ਲਾ ਲਿਆ। ਕਾਲਜ ਵਿਚ ਪੜ੍ਹਦਿਆਂ ਭਰ ਜਵਾਨੀ ਦੇ ਦਿਨਾਂ ਵਿਚ ਰੱਬੀ ਰੰਗ ਵਿਚ ਰੰਗੇ ਗਏ। ਅਜਿਹਾ ਮਜੀਠਾ ਰੰਗ ਚੜ੍ਹਿਆ ਜਿਸ ਨਾਲ ਉਨ੍ਹਾਂ ਦੀ ਆਤਮਾ ਰੰਗੀ ਗਈ। ਗ੍ਰੈਜੂਏਸ਼ਨ 22 ਸਾਲ ਦੀ ਉਮਰ ਵਿਚ ਕਰ ਕੇ ਜਦੋਂ ਅਜੇ ਜੀਵਨ ਸਫ਼ਰ ਦੀ ਆਰੰਭਤਾ ਕਰਨੀ ਸੀ, ਉਸ ਸਮੇਂ ਪੰਜਾਬ ਵਿਚ ਪਲੇਗ ਦੀ ਭਿਆਨਕ ਮਹਾਮਾਰੀ ਫੈਲ ਗਈ। ਸੰਨ 1902 ਵਿਚ ਪਲੇਗ ਦੀ ਮਹਾਮਾਰੀ ਨੂੰ ਕਾਬੂ ਕਰਨ ਲਈ ਅੰਗਰੇਜ਼ੀ ਹਕੂਮਤ ਦੇ ਇੰਗਲੈਂਡ ਤੋਂ ਆਏ ਡਾ. ਫਿਸ਼ਰ ਨਾਲ ਭਾਈ ਸਾਹਿਬ ਨਾਇਬ-ਤਹਿਸੀਲਦਾਰ ਨਿਯੁਕਤ ਹੋਏ।
ਜਦੋਂ ਪਲੇਗ ਵਰਗੀ ਬਿਮਾਰੀ ਦਾ ਹਮਲਾ ਖ਼ਤਮ ਹੋਇਆ ਤਾਂ ਸਰਕਾਰ ਨੇ ਇਸ ਮਹਿਕਮੇ ਨੂੰ ਖ਼ਤਮ ਕਰ ਕੇ ਭਾਈ ਸਾਹਿਬ ਨੂੰ ਕਿਸੇ ਹੋਰ ਮਹਿਕਮੇ ਵਿਚ ਤਬਦੀਲ ਕਰਨ ਦੀ ਵਿਚਾਰ ਕੀਤੀ। ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਪੂਰਨ ਰੂਪ ਵਿਚ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਮਨ ਬਣਾ ਲਿਆ। ਉਨ੍ਹਾਂ ਦੇਖਿਆ ਪੰਜਾਬ ਦੇ ਲੋਕਾਂ ਨੂੰ ਗੁਰੂ ਸਾਹਿਬ ਦੀ ਫ਼ਿਲਾਸਫ਼ੀ ਤੇ ਗੁਰ-ਸ਼ਬਦ ਨਾਲ ਜੋੜਨ ਤੋਂ ਬਿਨਾਂ ਲੋਕਾਂ ਦੀ ਜੀਵਨ ਸ਼ੈਲੀ ਵਿਚ ਤਬਦੀਲੀ ਨਹੀਂ ਆ ਸਕਦੀ। ਇਸ ਤੋਂ ਛੇਤੀ ਪਿੱਛੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰ ਕੇ ਸਰਬਲੋਹ ਦੇ ਧਾਰਨੀ ਬਣ ਕੇ ਬਿਬੇਕੀ ਜੀਵਨ ਆਰੰਭ ਕਰ ਦਿੱਤਾ।
ਇਸ ਤੋਂ ਪਿੱਛੋਂ ਕੁਝ ਸਮਾਂ ਜੀਵਨ ਨਿਰਬਾਹ ਲਈ ਐਬਟਾਬਾਦ (ਪਾਕਿਸਤਾਨ) ਵਿਚ ਹੈੱਡ ਕਲਰਕ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ। ਪਰ ਸਿੱਖ ਧਰਮ ਦੇ ਪ੍ਰਚਾਰ ਲਈ ਹਿਰਦੇ ਵਿਚ ਅਥਾਹ ਪ੍ਰੇਮ ਸੀ, ਉਹ ਨਹੀਂ ਸੀ ਚਾਹੁੰਦੇ ਕਿ ਸਿੱਖ ਸਰਦਾਰ ਬਰਤਾਨਵੀ ਹਕੂਮਤ ਦੇ ਹੱਥਾਂ ਵਿਚ ਖੇਡਣ। ਹੁਣ ਉਨ੍ਹਾਂ ਧਰਮ ਦੇ ਪ੍ਰਚਾਰ ਲਈ ਕਮਰਕੱਸਾ ਕਰ ਲਿਆ। ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਾਵਨ ਅਵਸਰ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਨੇੜੇ ਹੋਣ ਵਾਲੇ ਨਾਚ-ਗਾਣੇ ਤੇ ਮੁਜਰੇ ਬੰਦ ਕਰਵਾ ਦਿੱਤੇ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਮੁਕਤੀ ਦਿਵਾਈ ।
ਸੰਨ 1914 ਵਿਚ ਅੰਗਰੇਜ਼ ਹਕੂਮਤ ਵੱਲੋਂ ਵਾਇਸਰਾਏ ਭਵਨ ਦੇ ਵਿਸਥਾਰ ਲਈ ਸਿੱਖ ਸੰਗਤ ਤੋਂ ਪੁੱਛੇ ਬਿਨਾਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਦੀ ਕੰਧ ਨੂੰ ਢਾਹੇ ਜਾਣ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਨਿਹੱਥੇ ਮੁਸਾਫ਼ਰਾਂ ਉੱਪਰ ਗੋਲ਼ੀ ਚਲਾ ਕੇ ਸ਼ਹੀਦ ਕਰਨ ਦੀ ਘਟਨਾ ਤੋਂ ਪਿੱਛੋਂ ਭਾਈ ਸਾਹਿਬ ਵੱਲੋਂ ਹਕੂਮਤ ਨਾਲ ਸਿੱਧੀ ਟੱਕਰ ਲੈਣ ਲਈ ਫ਼ਿਰੋਜ਼ਪੁਰ ਛਾਉਣੀ ਤੋਂ ਹਮਲਾ ਕਰਨ ਅਤੇ ਲਾਹੌਰ ਸਾਜਿਸ਼ ਕੇਸ ਵਿਚ ਆਪ ਜੀ ਨੂੰ ਗ੍ਰਿਫ਼ਤਾਰ ਕਰ ਕੇ 30 ਮਾਰਚ, 1916 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭਾਈ ਸਾਹਿਬ ਨੇ ਜੇਲ੍ਹ ਯਾਤਰਾ ਦੇ ਦੌਰਾਨ 42 ਦੇ ਲਗਪਗ ਕਿਤਾਬਾਂ ਗੁਰਮਤਿ ਸਾਹਿਤ ਦੇ ਪਾਠਕਾਂ ਦੀ ਝੋਲੀ ਪਾਈਆਂ । ਇਨ੍ਹਾਂ ਪੁਸਤਕਾਂ ਵਿਚ ਜੇਲ੍ਹ ਚਿੱਠੀਆਂ, ਜੋਤਿ ਵਿਗਾਸ (ਕਾਵਿ ਸੰਗ੍ਰਹਿ), ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ ਪ੍ਰਸਤੀ ਹੈ, ਗੁਰਮਤਿ ਵਿਚਾਰਾਂ, ਸੱਚਖੰਡ ਦਰਸ਼ਨ, ਸਿੱਖ ਕੌਣ, ਅੰਮ੍ਰਿਤ ਵੇਲਾ, ਸਿੰਘਾਂ ਦਾ ਪੰਥ ਨਿਰਾਲਾ, ਦਰਸ਼ਨ ਝਲਕਾਂ, ਕਾਵਿ ਉਡਾਰੀਆਂ ਅਤੇ ਕਥਾ ਕੀਰਤਨ ਆਦਿ ਸ਼ਾਮਿਲ ਹਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਪੰਥ ਦੀ ਅਜਿਹੀ ਰੰਗ-ਰੱਤੜੀ ਆਤਮਾ ਸਨ, ਜੋ ਸੱਚਖੰਡ ਪਿਆਨੇ ਤੱਕ ਲਗਾਤਾਰ ਸਿੱਖ ਹਿੱਤਾਂ ਲਈ ਕਾਰਜਸ਼ੀਲ ਰਹੇ। ਉਨ੍ਹਾਂ ਨੇ ਆਪਣੀ ਜੀਵਨ ਯਾਤਰਾ ਦੌਰਾਨ ਲੱਖਾਂ ਸਿੱਖ ਸੰਗਤਾਂ ਦੀ ਜੀਵਨ ਸ਼ੈਲੀ ਨੂੰ ਬਦਲਣ ਲਈ ਵੱਡਾ ਯੋਗਦਾਨ ਪਾਇਆ । ਉਹ 83 ਸਾਲ ਦੀ ਉਮਰ ਭੋਗ ਕੇ 16 ਅਪ੍ਰੈਲ, 1961 ਨੂੰ ਆਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ’ਚ ਜਾ ਬਿਰਾਜੇ।
-ਭਗਵਾਨ ਸਿੰਘ ਜੌਹਲ