ਉਨ੍ਹਾਂ ਨਾਲ ਮੁਲਾਕਾਤਾਂ ਤੋਂ ਬਾਅਦ ਹਮੇਸ਼ਾ ਇਹ ਲੱਗਦਾ ਸੀ ਕਿ ਜ਼ਿੰਦਗੀ ਵਿਚ ਹਮੇਸ਼ਾ ਕੁਝ ਅਜਿਹਾ ਹੁੰਦਾ ਹੈ , ਜਿਸ ਨੂੰ ਸਿੱਖਿਆ ਜਾ ਸਕਦਾ ਹੈ। ਅਸਲ ਵਿਚ ਸੰਗੀਤ ਦੀਆਂ ਬਰੀਕੀਆਂ ਨਾਲ ਜਨੂਨ ਤੇ ਜ਼ਿਦ ਨਾਲ ਗਾਉਣਾ ਉਨ੍ਹਾਂ ਦੀ ਹਿੰਮਤ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਆਖ਼ਰੀ ਸਾਹਾਂ, 92 ਸਾਲ ਦੀ ਉਮਰ ਤੱਕ ਨਿਭਾਇਆ ਹੈ ।

12 ਅਪ੍ਰੈਲ ਭਾਰਤੀ ਸੰਗੀਤ ਦੀ ਦੁਨੀਆ ਵਿਚ ਉਹ ਦਿਨ ਹੈ ਜਦੋਂ ਭਾਰਤੀ ਸੰਗੀਤ ਦੀ ਅਮਰ ਵਿਰਾਸਤ ਦਾ ਇਕ ਅਜਿਹਾ ਸਿਤਾਰਾ ਬੁਝ ਗਿਆ ਜਿਸ ਦੀ ਸੰਗੀਤਮਈ ਰਵਾਨਗੀ ਨੇ ਦੁਨੀਆ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ। ਆਸ਼ਾ ਭੋਸਲੇ ਭਾਰਤੀ ਫਿਲਮੀ ਸੰਗੀਤ ਦੀ ਅਜਿਹੀ ਆਵਾਜ਼ ਦਾ ਨਾਂ ਸੀ, ਜੋ ਸੱਤ ਦਹਾਕਿਆਂ ਦੀ ਮਿਹਨਤ ਤੇ ਸੰਘਰਸ਼ ਨਾਲ ਇਕ ਅਦਭੁਤ ਸੰਗੀਤ ਦੀ ਦੁਨੀਆ ਦੀ ਮਾਲਕ ਬਣੀ। ਇਹ ਆਵਾਜ਼ ਹੁਣ ਇਸ ਦੁਨੀਆ ਤੋਂ ਵਿਦਾ ਹੋ ਗਈ ਹੈ।
92 ਸਾਲ ਦੇ ਆਪਣੇ ਜੀਵਨ ਵਿਚ ਉਨ੍ਹਾਂ ਨੇ ਬਹੁਤ ਕੁਝ ਦੇਖਿਆ ਤੇ ਬਹੁਤ ਕੁਝ ਸਿਰਜਿਆ। ਭਾਰਤੀ ਸੰਗੀਤ ਵਿਚ ਸੁਰਾਂ ਦੀ ਇਸ ਮਹਾਰਾਣੀ ਨੇ ਕਰੋੜਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ। ਇਹ ਆਸ਼ਾ ਭੋਸਲੇ ਦੇ ਸੰਗੀਤ ਤੇ ਗਾਇਕੀ ਦੀ ਤਾਕਤ ਤੇ ਉਨ੍ਹਾਂ ਦਾ ਜਨੂਨ ਸੀ ਜਿਸ ਨਾਲ ਉਨ੍ਹਾਂ ਨੇ ਕਰੋੜਾਂ ਭਾਰਤੀਆਂ ਦੇ ਦਿਲਾਂ ’ਤੇ ਰਾਜ ਕੀਤਾ। ਉਨ੍ਹਾਂ ਦੀ ਗਾਇਕੀ ਹਮੇਸ਼ਾ ਦਿਲਾਂ ’ਚ ਜ਼ਿੰਦਾ ਰਹੇਗੀ। ਉਹ ਕਰੋੜਾਂ ਲੋਕਾਂ ਵਾਂਗ ਮੇਰੀਆਂ ਯਾਦਾਂ ਵਿਚ ਵੀ ਹਮੇਸ਼ਾ ਵਸੇ ਰਹਿਣਗੇ। ਮੇਰੀ ਉਨ੍ਹਾਂ ਨਾਲ ਪਹਿਲੀ ਵਾਰ 1986 ਵਿਚ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਨਾਲ ਯਾਦਾਂ ਦਾ ਸਿਲਸਿਲਾ ਸਦਾ ਬਣਿਆ ਰਿਹਾ। ਉਹ ਇਕ ਮਿਸਾਲੀ ਕਲਾਕਾਰ ਸਨ ਜਿਨ੍ਹਾਂ ਨੇ 12 ਹਜ਼ਾਰ ਤੋਂ ਜ਼ਿਆਦਾ ਗੀਤ ਭਾਰਤੀ ਫਿਲਮ ਇੰਡਸਟਰੀ ਲਈ ਗਾਏ। ਇਹ ਦੁਨੀਆ ਵਿਚ ਉਨ੍ਹਾਂ ਦਾ ਰਿਕਾਰਡ ਸੀ । ਇਸ ਨੂੰ ਗਿਨੀਜ਼ ਬੁੱਕ ਵਿਚ ਵੀ ਦਰਜ ਕੀਤਾ ਗਿਆ ਹੈ।
ਉਨ੍ਹਾਂ ਨਾਲ ਮੁਲਾਕਾਤਾਂ ਤੋਂ ਬਾਅਦ ਹਮੇਸ਼ਾ ਇਹ ਲੱਗਦਾ ਸੀ ਕਿ ਜ਼ਿੰਦਗੀ ਵਿਚ ਹਮੇਸ਼ਾ ਕੁਝ ਅਜਿਹਾ ਹੁੰਦਾ ਹੈ , ਜਿਸ ਨੂੰ ਸਿੱਖਿਆ ਜਾ ਸਕਦਾ ਹੈ। ਅਸਲ ਵਿਚ ਸੰਗੀਤ ਦੀਆਂ ਬਰੀਕੀਆਂ ਨਾਲ ਜਨੂਨ ਤੇ ਜ਼ਿਦ ਨਾਲ ਗਾਉਣਾ ਉਨ੍ਹਾਂ ਦੀ ਹਿੰਮਤ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਆਖ਼ਰੀ ਸਾਹਾਂ, 92 ਸਾਲ ਦੀ ਉਮਰ ਤੱਕ ਨਿਭਾਇਆ ਹੈ । ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੇਰੀਆਂ ਯਾਦਾਂ ਵਿਚ ਆਸ਼ਾ ਜੀ ਦੀਆਂ ਯਾਦਾਂ, ਜੀਵਨ ਦੀ ਰਫ਼ਤਾਰ ਤੇ ਸੰਗੀਤ ਦੇ ਪ੍ਰਤੀ ਉਹ ਸਨਮਾਨ ਹਨ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸੁਰਾਂ ਦੀ ਅਮਰ ਦੁਨੀਆ ਵਿਚ ਜਦੋਂ ਵੀ ਆਵਾਜ਼ ਦੀ ਰੰਗਤ, ਲਚਕ ਤੇ ਅਨੋਖੀ ਅਦਾਕਾਰੀ ਦੀ ਗੱਲ ਹੁੰਦੀ ਹੈ, ਤਾਂ ਆਸ਼ਾ ਜੀ ਦਾ ਨਾਂ ਸਭ ਤੋਂ ਉੱਚੀ ਧੁਨ ਵਾਂਗ ਗੂੰਜਦਾ ਹੈ। ਉਹ ਇਕ ਅਜਿਹੀ ਗਾਇਕਾ ਹਨ, ਜਿਨ੍ਹਾਂ ਦੀ ਆਵਾਜ਼ ਸਿਰਫ਼ ਸੁਣੀ ਨਹੀਂ ਜਾਂਦੀ, ਮਹਿਸੂਸ ਕੀਤੀ ਜਾਂਦੀ ਹੈ।
ਆਸ਼ਾ ਭੋਸਲੇ ਦਾ ਜਨਮ 8 ਸਤੰਬਰ 1933 ਨੂੰ ਸਾਂਗਲੀ ਵਿਚ ਹੋਇਆ। ਉਹ ਇਕ ਸੰਗੀਤਕ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਦਿਨਾਨਾਥ ਮੰਗੇਸ਼ਕਰ ਇਕ ਮਸ਼ਹੂਰ ਗਾਇਕ ਤੇ ਰੰਗਮੰਚ ਕਲਾਕਾਰ ਸਨ। ਉਨ੍ਹਾਂ ਦੀ ਵੱਡੀ ਭੈਣ ਲਤਾ ਜੀ ਨੇ ਜਿੱਥੇ ਕਲਾਸਿਕਲ ਅਤੇ ਭਾਵਪੂਰਨ ਗਾਇਕੀ ਨਾਲ ਨਾਂ ਕਮਾਇਆ, ਉੱਥੇ ਆਸ਼ਾ ਜੀ ਨੇ ਆਪਣੇ ਅੰਦਾਜ਼ ਨਾਲ ਹਰ ਕਿਸਮ ਦੇ ਗੀਤਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ।
ਅਸਲ ਵਿਚ ਆਸ਼ਾ ਜੀ ਦੀ ਆਵਾਜ਼ ਵਿਚ ਇਕ ਅਜਿਹਾ ਜਾਦੂ ਹੈ ਜੋ ਹਰ ਮੌਕੇ ਲਈ ਸੁਹਾਵਣਾ ਹੈ। ਕੁਝ ਪ੍ਰਸਿੱਧ ਗੀਤਾਂ ਦੇ ਮੁਖੜੇ ਅੱਜ ਵੀ ਲੋਕਾਂ ਦੀ ਜੁਬਾਨ ’ਤੇ ਹਨ ਜਿਵੇਂ “ਪੀਆ ਤੂ ਅਬ ਤੋ ਆਜਾ’’, “ਦਮ ਮਾਰੋ ਦਮ’’, “ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ’’, “ਇਨ ਆਂਖੋਂ ਕੀ ਮਸਤੀ ਕੇ’’ ਇਹ ਸਿਰਫ਼ ਗੀਤ ਨਹੀਂ, ਸਗੋਂ ਸਮੇਂ ਦੀਆਂ ਧੜਕਣਾਂ ਹਨ, ਜੋ ਅੱਜ ਵੀ ਹਰ ਦਿਲ ਵਿਚ ਵਸਦੀਆਂ ਹਨ। ਆਰਡੀ ਬਰਮਨ ਨਾਲ ਉਨ੍ਹਾਂ ਦੀ ਜੋੜੀ ਨੇ ਸੰਗੀਤ ਦੇ ਇਤਿਹਾਸ ਵਿਚ ਨਵਾਂ ਅਧਿਆਇ ਲਿਖਿਆ। ਦੋਹਾਂ ਦੀ ਸਾਂਝ ਨੇ ਅਜਿਹੇ ਅਮਰ ਗੀਤਾਂ ਨੂੰ ਜਨਮ ਦਿੱਤਾ, ਜੋ ਅੱਜ ਦੀ ਪੀੜ੍ਹੀ ਨੂੰ ਜੋੜਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਵੀ ਪਸੰਦ ਕੀਤੇ ਜਾਣਗੇ।
ਆਸ਼ਾ ਭੋਸਲੇ ਦੀ ਕਲਾ ਨੂੰ ਦੇਸ਼ ਅਤੇ ਵਿਦੇਸ਼ ਵਿਚ ਬੇਹੱਦ ਸਨਮਾਨ ਮਿਲਿਆ। ਉਨ੍ਹਾਂ ਨੂੰ ਕੁੱਝ ਪ੍ਰਮੁੱਖ ਐਵਾਰਡ ਮਿਲੇ ਹਨ। ਉਹ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਹਨ। ਇਸ ਤੋਂ ਇਲਾਵਾ ਉਹ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਅਤੇ ਕਈ ਵਾਰ ਫ਼ਿਲਮ ਫੇਅਰ ਐਵਾਰਡ ਜੇਤੂ ਰਹੇ ਹਨ। ਇਹ ਸਨਮਾਨ ਸਿਰਫ਼ ਇਨਾਮ ਨਹੀਂ, ਉਨ੍ਹਾਂ ਦੀ ਸੰਗੀਤਕ ਸਾਧਨਾ ਦਾ ਪ੍ਰਮਾਣ ਹਨ। ਉਨ੍ਹਾਂ ਦੀਆਂ ਮੁਲਾਕਾਤਾਂ ਤੇ ਯਾਦਾਂ ਦੀ ਮਿਠਾਸ ਹਮੇਸ਼ਾ ਯਾਦ ਆਉਂਦੀ ਰਹੇਗੀ।
ਉਨ੍ਹਾਂ ਦੀ ਸਾਦਗੀ ਅਤੇ ਖ਼ੁਸ਼ਮਿਜ਼ਾਜ ਸੁਭਾਅ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ ਸੀ । ਉਨ੍ਹਾਂ ਦੀਆਂ ਗੱਲਾਂ ਵਿਚ ਜੀਵਨ ਦੇ ਤਜਰਬੇ ਅਤੇ ਹਾਸੇ ਦੀ ਮਿਠਾਸ ਹੁੰਦੀ ਸੀ। ਆਸ਼ਾ ਜੀ ਗੱਲ ਕਰਦੇ ਸਨ ਤਾਂ ਲੱਗਦਾ ਸੀ ਜਿਵੇਂ ਕੋਈ ਧੁਨ ਚਲ ਰਹੀ ਹੋਵੇ, ਉਹ ਹੱਸਦੇ ਸਨ ਤਾਂ ਲੱਗਦਾ ਸੀ ਜਿਵੇਂ ਘੰਟੀਆਂ ਵੱਜ ਪਈਆਂ ਹੋਣ। ਭਾਰਤੀ ਫਿਲਮ ਸੰਗੀਤ ਤੇ ਭਾਰਤੀ ਫਿਲਮਾਂ ਵਿਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ। ਉਨ੍ਹਾਂ ਨੇ ਹਰ ਕਿਸਮ ਦੇ ਗੀਤਾਂ ਵਿਚ ਆਪਣੀ ਅਵਾਜ਼ ਦੇ ਰੰਗ ਭਰੇ, ਚਾਹੇ ਉਹ ਗ਼ਜ਼ਲਾਂ ਹੋਣ ਜਾਂ ਮਾਡਰਨ ਧੁਨਾਂ। ਉਨ੍ਹਾਂ ਦੀ ਆਵਾਜ਼ ਨੇ ਫਿਲਮਾਂ ਨੂੰ ਜ਼ਿੰਦਗੀ ਦਿੱਤੀ ਅਤੇ ਕਹਾਣੀਆਂ ਨੂੰ ਅਹਿਸਾਸਾਂ ਨਾਲ ਜੋੜਿਆ।
ਆਪਣੀਆਂ ਮੁਲਾਕਾਤਾਂ ਵਿਚ ਮੈਨੂੰ ਅਕਸਰ ਯਾਦ ਆਉਂਦਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਚੰਗੇ ਸੰਗੀਤ, ਚੰਗੀ ਜ਼ਿੰਦਗੀ ਤੋਂ ਇਲਾਵਾ ਚੰਗੇ ਖਾਣ-ਪੀਣ ਨੂੰ ਪਹਿਲ ਦਿੱਤੀ। ਉਹ ਅਦਭੁਤ ਖਾਣਾ ਬਣਾਉਣ ਦੇ ਵੀ ਮਾਹਿਰ ਸਨ। ਕਾਰੋਬਾਰੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅੱਜ ਵੀ ਉਨ੍ਹਾਂ ਦੇ ਕਈ ਰੈਸਟੋਰੈਂਟ ਦੁਬਈ ਤੋਂ ਲੈ ਕੇ ਭਾਰਤ ਵਿਚ ਚੱਲ ਰਹੇ ਹਨ। ਇਹ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਦੂਸਰਾ ਪਹਿਲੂ ਸੀ। ਭਾਰਤੀ ਸੰਗੀਤ ਵਿਚ ਜਿਸ ਤਰ੍ਹਾਂ ਦੇ ਤਜਰਬੇ ਤੇ ਜਿਸ ਤਰ੍ਹਾਂ ਦੀਆਂ ਸੰਗੀਤ ਧੁਨਾਂ ਤੇ ਗਾਇਕੀ ਦੀ ਧੂਮ ਉਨ੍ਹਾਂ ਨੇ ਮਚਾਈ, ਉਸ ਵਿਚ ਜੈੱਨ ਜੀ ਤੋਂ ਲੈ ਕੇ ਸਭ ਤਰ੍ਹਾਂ ਦੇ ਲੋਕਾਂ ਦਾ ਐਸਾ ਸੁਮੇਲ ਹੈ ਕਿ ਉਹ ਕਰੋੜਾਂ ਲੋਕਾਂ ਦੇ ਦਿਲਾਂ ਦੀ ਆਵਾਜ਼ ਤੇ ਧੜਕਣ ਬਣੇ ਰਹੇ ਹਨ। ਉਹ ਸਿਰਫ਼ ਇਕ ਗਾਇਕਾ ਨਹੀਂ, ਇਕ ਯੁੱਗ ਹਨ, ਇਕ ਅਹਿਸਾਸ ਹਨ, ਇਕ ਯਾਦ ਹਨ ਜੋ ਕਦੇ ਮਿਟ ਨਹੀਂ ਸਕਦੀ। ਅੱਜ ਉਹ ਭਾਵੇਂ ਚਲੇ ਗਏ ਹਨ ਪਰ ਸਾਡੀਆਂ ਯਾਦਾਂ ਵਿਚ ਹਮੇਸ਼ਾ ਤਾਜ਼ਾ ਰਹਿਣਗੇ ।
ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
-ਲੇਖਕ ਪ੍ਰਸਿੱਧ ਬ੍ਰਾਡਕਾਸਟਰ ਅਤੇ ਮੀਡੀਆ ਵਿਸ਼ਲੇਸ਼ਕ ਹੈ।
ਸੰਪਰਕ : +91 94787 30156