- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਆਈ ਸਿਖਰ ਸੰਮੇਲਨ ਦੇ ਮਾਧਿਅਮ ਨਾਲ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜੀ ਭੂ-ਰਾਜਨੀਤੀ ਨੂੰ ਵੀ ਨਵੇਂ ਸਿਰੇ ਤੋਂ ਸੰਤੁਲਿਤ ਕਰਨ ਵਿਚ ਸਮਰੱਥ ਹੋ ਸਕਦਾ ਹੈ।

ਨਵੀਂ ਦਿੱਲੀ ਵਿਚ ਆਰੰਭ ਹੋਇਆ ਏਆਈ ਪ੍ਰਭਾਵ ਸਿਖਰ ਸੰਮੇਲਨ ਸਿਰਫ਼ ਕੂਟਨੀਤਕ ਮੋਰਚੇ ’ਤੇ ਹੀ ਇਕ ਮੀਲ ਦਾ ਪੱਥਰ ਨਹੀਂ, ਸਗੋਂ ਇਕ ਸੁਚੱਜੀ ਰਣਨੀਤਕ ਪੁਨਰ-ਸੰਰਚਨਾ ਦਾ ਪ੍ਰਤੀਕ ਵੀ ਹੈ। ਇਹ ਸਿਖਰ ਸੰਮੇਲਨ ਭਾਰਤ ਦੀ ਇਸ ਭਾਵਨਾ ਨੂੰ ਦਰਸਾਉਂਦਾ ਹੈ ਕਿ ਉਹ ਇਸ ਉੱਭਰਦੀ ਹੋਈ ਤਕਨਾਲੋਜੀ ਨਾਲ ਜੁੜੇ ਵਿਚਾਰਾਂ ਨੂੰ ਪ੍ਰਭਾਵਿਤ ਕਰ ਕੇ ਇਸ ਨੂੰ ਸਮਾਵੇਸ਼ੀ ਤੇ ਲੋਕਤੰਤਰੀ ਬਣਾਉਣਾ ਚਾਹੁੰਦਾ ਹੈ।
ਇਸ ਆਯੋਜਨ ਜ਼ਰੀਏ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਨਾਲ ਜੁੜੀ ਚਰਚਾ ਨੂੰ ਸੁਰੱਖਿਆ ਅਤੇ ਮੁਕਾਬਲੇਬਾਜ਼ੀ ਦੇ ਲਾਭ ਦੀਆਂ ਲੁਕਵੀਆਂ ਚਿੰਤਾਵਾਂ ਤੋਂ ਇਲਾਵਾ ਉਸ ਦੇ ਪ੍ਰਭਾਵਾਂ ਵੱਲ ਮੋੜਨਾ ਚਾਹੁੰਦਾ ਹੈ। ਜਿਵੇਂ ਕਿ ਕੌਣ ਇਸ ਤੋਂ ਲਾਭ ਉਠਾ ਰਿਹਾ ਹੈ ਅਤੇ ਕੌਣ ਨਹੀਂ, ਅਤੇ ਕੌਣ ਇਸ ਖੇਡ ਦੇ ਨਿਯਮ ਨਿਰਧਾਰਤ ਕਰ ਰਿਹਾ ਹੈ?
ਇਸ ਤੋਂ ਪਹਿਲਾਂ ਏਆਈ ਸਬੰਧੀ ਆਯੋਜਨ ਵਿਕਸਤ ਦੇਸ਼ਾਂ ਵਿਚ ਹੋਏ ਹਨ ਅਤੇ ਪਹਿਲੀ ਵਾਰ ਗਲੋਬਲ ਸਾਊਥ ਵਿਚ ਅਜਿਹਾ ਸਿਖਰ ਸੰਮੇਲਨ ਹੋ ਰਿਹਾ ਹੈ। ਪ੍ਰਤੀਕਾਤਮਕ ਤੌਰ ’ਤੇ ਵੀ ਇਹ ਇਕ ਵੱਡਾ ਬਦਲਾਅ ਹੈ। ਪਿਛਲੇ ਆਯੋਜਨਾਂ ਵਿਚ ਗੱਲਬਾਤ ਮੁੱਖ ਤੌਰ ’ਤੇ ਏਆਈ ਮਾਡਲ ਦੇ ਵਿਕਾਸ ਅਤੇ ਖ਼ਤਰੇ ’ਤੇ ਕੇਂਦਰਿਤ ਰਹੀ। ਇਸ ਨਜ਼ਰੀਏ ਤੋਂ ਭਾਰਤ ਦੀ ਮੇਜ਼ਬਾਨੀ ਵਿਚ ਇਹ ਆਯੋਜਨ ਅਲੱਗ ਕਹਾਣੀ ਸੁਣਾਉਣ ਜਾ ਰਿਹਾ ਹੈ।
ਭਾਰਤ ਏਆਈ ਦੇ ਕਾਰਜ ਨੂੰ ਇਕ ਤਕਨੀਕੀ ਮੁੱਦੇ ਤੋਂ ਪਰੇ ਵਿਕਾਸ ਸਬੰਧੀ ਪਹਿਲੂ ਦੇ ਰੂਪ ਵਿਚ ਦੁਬਾਰਾ ਪਰਿਭਾਸ਼ਤ ਕਰਨ ਦੇ ਯਤਨ ਵਿਚ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨੁੱਖਤਾ ਲਈ ਏਆਈ’ ਵਾਲੇ ਉਸ ਮੰਤਰ ਨੂੰ ਹੀ ਦਰਸਾਉਂਦਾ ਹੈ ਕਿ ਕਿਸੇ ਤਕਨੀਕ ਦਾ ਉਦੇਸ਼ ਨਿੱਜੀ ਪੂੰਜੀ ਨੂੰ ਵਧਾਉਣ ਦੀ ਬਜਾਏ ਵਿਆਪਕ ਜਨਤਕ ਹਿੱਤਾਂ ਦੀ ਪੂਰਤੀ ਕਰਨ ਦਾ ਹੋਣਾ ਚਾਹੀਦਾ ਹੈ।
ਭਾਰਤ ਦਾ ਏਜੰਡਾ ਤਿੰਨ ਮਾਨਕ ਸਤੰਭਾਂ ’ਤੇ ਆਧਾਰਤ ਹੈ। ਇਹ ਤਿੰਨ ਸਤੰਭ ਹਨ : ਲੋਕ, ਧਰਤੀ ਅਤੇ ਪ੍ਰਗਤੀ। ਇਨ੍ਹਾਂ ਤਿੰਨਾਂ ਸਤੰਭਾਂ ਨੂੰ ਵਿਵਹਾਰਕ ਨਜ਼ਰੀਏ ਤੋਂ ਸੱਤ ਵਿਸ਼ਿਆਂ ਵਾਲੇ ‘ਚੱਕਰਾਂ’ ਵਿਚ ਵੰਡਿਆ ਗਿਆ ਹੈ। ਇਹ ਸੱਤ ਚੱਕਰ ਹਨ-ਕੰਪਿਊਟਿੰਗ ਅਤੇ ਡਾਟਾ ਤੱਕ ਪਹੁੰਚ ਦਾ ਲੋਕਤੰਤਰੀਕਰਨ, ਸਮਾਜਿਕ ਪ੍ਰਭਾਵ ਲਈ ਏਆਈ, ਸੁਰੱਖਿਅਤ ਅਤੇ ਭਰੋਸੇਯੋਗ ਏਆਈ, ਉਤਪਾਦਨ ਅਤੇ ਸਪਲਾਈ ਚੇਨ ਵਿਚ ਏਆਈ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ, ਸਿਹਤ ਸੇਵਾਵਾਂ ਅਤੇ ਗਲੋਬਲ ਸਾਊਥ ਲਈ ਏਆਈ।
ਇਹ ਨਜ਼ਰੀਆ ਏਆਈ ਨੂੰ ਸਮਾਵੇਸ਼ਨ ਅਤੇ ਸਥਿਰਤਾ ਦੇ ਦਾਇਰੇ ਵਿਚ ਇਕ ਰਣਨੀਤਕ ਬਦਲ ਦੇ ਤੌਰ ’ਤੇ ਰੇਖਾਂਕਿਤ ਕਰਦਾ ਹੈ। ਇਸ ਪ੍ਰਕਿਰਿਆ ਵਿਚ ਮਿੰਨੀ ਏਆਈ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਮਿੰਨੀ ਏਆਈ ਦਾ ਮਤਲਬ ਹੈ ਅਜਿਹੇ ਮਾਡਲ ਜੋ ਵਰਤੋਂ ਵਿਚ ਸੁਗਮ, ਕਿਫ਼ਾਇਤੀ ਅਤੇ ਬਹੁ-ਭਾਸ਼ੀ ਹੋਣ। ਖ਼ਾਸ ਤੌਰ ’ਤੇ ਕਮਜ਼ੋਰ ਕੁਨੈਕਟੀਵਿਟੀ ਵਾਲੇ ਮੁਹਾਂਦਰੇ ਵਿਚ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕਣ। ਇਸ ਨਜ਼ਰੀਏ ਨਾਲ ਭਾਰਤ ਇਹ ਦਰਸਾਉਣਾ ਚਾਹੁੰਦਾ ਹੈ ਕਿ ਇਨੋਵੇਸ਼ਨ ਸਿਰਫ਼ ਵੱਡੇ ਪੈਮਾਨੇ ਅਤੇ ਉੱਚ ਤਕਨਾਲੋਜੀ ਪ੍ਰਣਾਲੀਆਂ ਤੱਕ ਹੀ ਸੀਮਤ ਨਹੀਂ ਰਹਿ ਸਕਦੀ।
ਇਸ ਦੇ ਬਜਾਏ, ਉਸ ਦੀ ਦ੍ਰਿਸ਼ਟੀ ਉਪਯੋਗਿਤਾ ਨੂੰ ਕੇਂਦਰ ’ਚ ਰੱਖਦੀ ਹੈ। ਇਸ ਵਿਚ ਪੂਰਵ-ਅਨੁਮਾਨਤ ਜਨਤਕ ਸਿਹਤ ਮਾਡਲ, ਜਲਵਾਯੂ ਦੇ ਅਨੁਕੂਲ ਖੇਤੀ ਅਤੇ ਡਿਜੀਟਲ ਸੇਵਾਵਾਂ ਦੀ ਵੰਡ ਮਹੱਤਵਪੂਰਨ ਹਨ। ਇਸ ਨਾਲ ਏਆਈ ਸਿਰਫ਼ ਕਾਰਪੋਰੇਟ ਹੁਨਰ ਦਾ ਪ੍ਰਦਰਸ਼ਨ ਨਹੀਂ, ਸਗੋਂ ਰਾਜ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦਾ ਇਕ ਉਪਕਰਨ ਬਣ ਜਾਂਦੀ ਹੈ। ਇਸ ਤਰ੍ਹਾਂ ਇਹ ਇਕ ਪਾਸੇ ਵਿਕਾਸ ਸਬੰਧੀ ਵਿਵਹਾਰਕਤਾ ਬਣ ਜਾਂਦੀ ਹੈ, ਤਾਂ ਦੂਜੇ ਪਾਸੇ ਭੂ-ਰਾਜਨੀਤਕ ਸਥਿਤੀ ਦੀ ਪ੍ਰਤੀਕ। ਭਾਰਤ ਦੀ ਇੱਛਾ ਸਿਰਫ਼ ਵਿਸ਼ਵ ਏਆਈ ਮਿਆਰਾਂ ਦੇ ਅਨੁਪਾਲਕ ਬਣਨ ਤੱਕ ਸੀਮਤ ਨਹੀਂ ਹੈ, ਸਗੋਂ ਉਹ ਉਨ੍ਹਾਂ ਵਿਚ ਸਰਗਰਮ ਭਾਗੀਦਾਰ ਵੀ ਬਣਨਾ ਚਾਹੁੰਦਾ ਹੈ।
ਤੀਹ ਲੱਖ ਤੋਂ ਵੱਧ ਏਆਈ ਪੇਸ਼ੇਵਰਾਂ ਅਤੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋ-ਸਿਸਟਮ ਦੇ ਆਧਾਰ ’ਤੇ ਨਵੀਂ ਦਿੱਲੀ ਦਾ ਮੰਨਣਾ ਹੈ ਕਿ ਉਸ ਕੋਲ ਇਸ ਵਿਚਾਰ-ਵਟਾਂਦਰੇ ਨੂੰ ਦਿਸ਼ਾ ਦੇਣ ਲਈ ਜ਼ਰੂਰੀ ਜਨਸੰਖਿਆ ਅਤੇ ਉੱਦਮਸ਼ੀਲ ਸ਼ਕਤੀ ਮੌਜੂਦ ਹੈ। ਇਸ ਸਬੰਧ ਵਿਚ ਜਦੋਂ ਸੈਮ ਆਲਟਮੈਨ ਜਿਹੇ ਏਆਈ ਕ੍ਰਾਂਤੀ ਦੇ ਮੋਹਰੀ ਦੂਤ ਇਹ ਕਹਿੰਦੇ ਹਨ ਕਿ ਭਾਰਤ ਵਿਚ ਫੁੱਲ ਸਟੈਕ ਏਆਈ ਲੀਡਰ ਬਣਨ ਦੀ ਭਰਪੂਰ ਸੰਭਾਵਨਾ ਹੈ ਤਾਂ ਇਹ ਉਸ ਧਾਰਨਾ ਨੂੰ ਮਜ਼ਬੂਤ ਕਰਦਾ ਹੈ ਕਿ ਇਹ ਦੇਸ਼ ਉੱਭਰਦੀਆਂ ਅਰਥ-ਵਿਵਸਥਾਵਾਂ ਦੇ ਇਕ ਵਿਆਪਕ ਗੱਠਜੋੜ ਨੂੰ ਅਗਵਾਈ ਦੇ ਸਕਦਾ ਹੈ। ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਜਿਹੀਆਂ ਸੰਸਥਾਵਾਂ ਦਾ ਇਸ ਸੰਮੇਲਨ ਨਾਲ ਜੁੜਨਾ ਇਸ ਦੀ ਬਹੁਪੱਖੀ ਦਿਸ਼ਾ ਨੂੰ ਵੀ ਦਰਸਾਉਂਦਾ ਹੈ।
ਕੁੱਲ-ਮਿਲਾ ਕੇ ਦੇਖਿਆ ਜਾਵੇ ਤਾਂ ਭਾਰਤ ਏਆਈ ਮੁਹਾਂਦਰੇ ’ਤੇ ਖ਼ੁਦ ਨੂੰ ਪੱਛਮੀ ਇਨੋਵੇਸ਼ਨ ਕੇਂਦਰਾਂ ਅਤੇ ਗਲੋਬਲ ਸਾਊਥ ਦੀਆਂ ਸੰਚਾਲਨ ਸਬੰਧੀ ਜ਼ਰੂਰਤਾਂ, ਅਮਰੀਕੀ ਅਗਵਾਈ ਵਾਲੇ ਉਦਯੋਗਿਕ ਈਕੋਸਿਸਟਮ ਅਤੇ ਸਰਕਾਰੀ ਨਿਯੰਤਰਣ ਵਾਲੇ ਚੀਨ ਦੇ ਵਿਸ਼ਾਲਤਾ ਨਾਲ ਭਰਪੂਰ ਤੰਤਰ ਦੇ ਵਿਚਕਾਰ ਇਕ ਪੁਲ ਵਜੋਂ ਸਥਾਪਤ ਕਰਨ ਵਿਚ ਲੱਗਾ ਹੋਇਆ ਹੈ। ਏਆਈ ਸੰਚਾਲਨ ਨਾਲ ਜੁੜਿਆ ਇਕ ਰਾਹ ਭਾਰਤ ਦੀ ਵਿਸ਼ਾਲ ਵਿਦੇਸ਼ ਨੀਤੀ ਦੇ ਰੁਝਾਨਾਂ ਨੂੰ ਵੀ ਦਰਸਾਉਂਦਾ ਹੈ।
ਅਲੱਗ-ਥਲੱਗ ਪਏ ਬਿਨਾਂ ਰਣਨੀਤਕ ਖ਼ੁਦਮੁਖਤਾਰੀ ਨੂੰ ਬਣਾਈ ਰੱਖਣਾ ਇਸ ਨੀਤੀ ਦੇ ਮੂਲ ਵਿਚ ਹੈ। ਤਕਨੀਕੀ ਰਾਸ਼ਟਰਵਾਦ ਦੇ ਇਸ ਦੌਰ ਵਿਚ ਅਜਿਹਾ ਰੁਖ਼-ਰਵੱਈਆ ਨਾ ਸਿਰਫ਼ ਵਿਸ਼ਵ ਦੇ ਸ਼ਕਤੀ ਕੇਂਦਰਾਂ ਨਾਲ ਜੁੜੇ ਰਹਿਣ ਸਗੋਂ ਅਫ਼ਰੀਕਾ, ਦੱਖਣੀ-ਪੂਰਬੀ ਏਸ਼ੀਆ ਅਤੇ ਦੱਖਣੀ ਅਮਰੀਕੀ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਗੁੰਜਾਇਸ਼ ਵੀ ਦਿੰਦਾ ਹੈ।
ਵਿਸ਼ਵ ਪੱਧਰ ’ਤੇ ਭਾਰਤ ਦੇ ਸੁਰ ਵੀ ਇਸ ਦੀਆਂ ਘਰੇਲੂ ਨੀਤੀਆਂ ਨਾਲ ਮੇਲ ਖਾ ਰਹੇ ਹਨ। ਇਸ ਦਿਸ਼ਾ ਵਿਚ ਕਲਿਆਣਕਾਰੀ ਢਾਂਚੇ, ਸਿਹਤ ਸੇਵਾਵਾਂ, ਖੇਤੀਬਾੜੀ ਸਲਾਹ-ਮਸ਼ਵਰੇ ਅਤੇ ਡਿਜੀਟਲ ਗਵਰਨੈਂਸ ਦੀ ਦਿਸ਼ਾ ਵਿਚ ਏਆਈ ਨਾਲ ਜੁੜੀਆਂ ਪਹਿਲਾਂ ਭਾਰਤ ਦੇ ਦਾਅਵਿਆਂ ਨੂੰ ਠੋਸ ਆਧਾਰ ਪ੍ਰਦਾਨ ਕਰਦੀਆਂ ਹਨ। ਇਸ ਦਾ ਸਪਸ਼ਟ ਅਰਥ ਹੈ ਕਿ ਭਾਰਤ ਸਿਰਫ਼ ਤਕਨੀਕੀ ਸਮਾਵੇਸ਼ਨ ਦਾ ਉਪਦੇਸ਼ ਹੀ ਨਹੀਂ ਦੇ ਰਿਹਾ, ਸਗੋਂ ਇਸ ਨੂੰ ਅਮਲ ਵਿਚ ਵੀ ਲਿਆ ਰਿਹਾ ਹੈ।
ਖ਼ਾਹਿਸ਼ਾਂ ਨੂੰ ਸਦਾ ਹਕੀਕਤ ਦੀਆਂ ਕਸੌਟੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ ਹਾਲੇ ਸੀਮਤ ਹਨ। ਸੈਮੀਕੰਡਕਟਰ ਸਪਲਾਈ ਚੇਨ ਲਈ ਵਿਦੇਸ਼ ’ਤੇ ਨਿਰਭਰਤਾ ਤਕਨੀਕੀ ਪ੍ਰਭੂਸੱਤਾ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ। ਇਸ ਤੋਂ ਇਲਾਵਾ ਐਲਗੋਰਿਦਮ ਸਬੰਧੀ ਸਾੜੇ ਤੋਂ ਲੈ ਕੇ ਨਿੱਜੀ ਡਾਟਾ ਸੁਰੱਖਿਆ ਜਿਹੇ ਪ੍ਰਸ਼ਨ ਵੀ ਹਨ।
ਅਜਿਹੇ ਵਿਚ ਜੇ ਭਾਰਤ ਵਿਸ਼ਵ ਪੱਧਰ ’ਤੇ ਏਆਈ ਦੀ ਭਰੋਸੇਯੋਗਤਾ ਦੀ ਮੰਗ ਨੂੰ ਲੈ ਕੇ ਸਾਵਧਾਨ ਹੁੰਦਾ ਹੈ ਤਾਂ ਉਸ ਨੂੰ ਘਰੇਲੂ ਮੋਰਚੇ ’ਤੇ ਵੀ ਰੈਗੂਲੇਟਰੀ ਅਨੁਕੂਲਤਾ ਦਿਖਾਉਣੀ ਪਵੇਗੀ। ਇਸ ਲਈ ਇਹ ਏਆਈ ਸਿਖਰ ਸੰਮੇਲਨ ਭਾਰਤ ਦੇ ਸਾਹਮਣੇ ਚੁਣੌਤੀਆਂ ਅਤੇ ਮੌਕੇ, ਦੋਵੇਂ ਹੀ ਪ੍ਰਦਾਨ ਕਰਦਾ ਹੈ। ਜੇ ਭਾਰਤ ਇਸ ਵਿਚ ਸਫਲ ਹੁੰਦਾ ਹੈ ਤਾਂ ਉਹ ਏਆਈ ਨਾਲ ਜੁੜੀ ਭੂ-ਰਾਜਨੀਤੀ ਨੂੰ ਵੀ ਨਵੇਂ ਸਿਰੇ ਤੋਂ ਸੰਤੁਲਿਤ ਕਰਨ ਵਿਚ ਸਮਰੱਥ ਹੋ ਸਕਦਾ ਹੈ। ਇੰਨਾ ਤਾਂ ਨਿਸ਼ਚਤ ਹੈ ਕਿ ਭਾਰਤ ਇਸ ਏਆਈ-ਐਕਸਪ੍ਰੈੱਸ ਵਿਚ ਸਿਰਫ਼ ਇਕ ਡੱਬੇ ਵਿਚ ਜਗ੍ਹਾ ਹਾਸਲ ਕਰਨ ਨਾਲ ਸੰਤੁਸ਼ਟ ਨਹੀਂ ਹੋਣ ਵਾਲਾ। ਉਹ ਇੰਜਣ ਦਾ ਹਿੱਸਾ ਵੀ ਬਣਨਾ ਚਾਹੁੰਦਾ ਹੈ।
-ਹਰਸ਼.ਵੀ. ਪੰਤ
-(ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਉਪ ਮੁਖੀ ਹੈ)।
-response@jagran.com