ਉਨ੍ਹਾਂ ਨੇ ਡੂੰਘੇ ਗਣਿਤਕ ਪੇਪਰਾਂ ਤੋਂ ਬਿਨਾਂ ਲੋਕਪ੍ਰਿਯ ਵਿਗਿਆਨ ਦੀਆਂ ਕਿਤਾਬਾਂ ਲਿਖ ਕੇ ਕੌਸਮੋਲੋਜੀ ਅਤੇ ਭੌਤਿਕ ਵਿਗਿਆਨ ਨੂੰ ਆਮ ਪਾਠਕ ਤੱਕ ਪਹੁੰਚਾਇਆ। ਸੰਨ 1988 ਵਿਚ ਪ੍ਰਕਾਸ਼ਿਤ ਹੋਈ ‘A Brief History of Time’ ਨੇ ਕਾਲੇ ਛੇਕਾਂ, ਬਿਗ ਬੈਂਗ, ਸਮੇਂ ਦੇ ਸੁਭਾਅ ਅਤੇ ਇਕਜੁੱਟ ਸਿਧਾਂਤ ਦੀ ਭਾਲ ਵਰ

ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਅੰਦਰੂਨੀ ਯੋਗਤਾ ਉਨ੍ਹਾਂ ਦੀ ਬਾਹਰਲੀ ਸਰੀਰਕ ਅਸਮਰੱਥਾ ਨੂੰ ਉਲੰਘਦੀ ਹੋਈ ਸਮੂਹ ਵਿਸ਼ਵ ਨੂੰ ਹੈਰਾਨ ਕਰ ਦਿੰਦੀ ਹੈ। ਅਸੀਂ ਇਕ ਅਜਿਹੇ ਵਿਗਿਆਨਕ ਦੀ ਗੱਲ ਕਰ ਰਹੇ ਹਾਂ ਜਿਸ ਦੀ ਵਿਦਵਤਾ ਨੇ ਵਿਗਿਆਨਕ ਜਗਤ ਵਿਚ ਸ਼ਾਨਦਾਰ ਖੋਜਾਂ ਕੀਤੀਆਂ। ਇਸ ਮਹੀਨ ਬੁੱਧੀ ਦੇ ਮਾਲਕ ਦਾ ਨਾਂ ਸੀ ਸਟੀਫਨ ਹਾਕਿਨਜ਼। ਇਹ ਭੌਤਿਕ ਵਿਗਿਆਨ ਦੇ ਉਹ ਮਹਾਨ ਖੋਜੀ ਸਨ ਜਿਨ੍ਹਾਂ ਨੇ ਕਾਲੇ ਛੇਕ (Black Holes), ਬ੍ਰਹਿਮੰਡ ਦੀ ਸ਼ੁਰੂਆਤ ਅਤੇ ਕਵਾਂਟਮ ਗਰੈਵਿਟੀ ਬਾਰੇ ਮਨੁੱਖੀ ਸੋਚ ਦਾ ਰੁਖ਼ ਬਦਲ ਦਿੱਤਾ।
ਉਨ੍ਹਾਂ ਦੀ ਜ਼ਿੰਦਗੀ ਅਤੇ ਵਿਗਿਆਨਕ ਜਗਤ ਨੂੰ ਉਨ੍ਹਾਂ ਦੀ ਦੇਣ ਅਤੇ ਵੱਡੀ ਬਿਮਾਰੀ ਦੇ ਬਾਵਜੂਦ ਕੀਤਾ ਸੰਘਰਸ਼, ਮਨੁੱਖੀ ਇਰਾਦੇ ਦੀ ਇਕ ਜਿਉਂਦੀ-ਜਾਗਦੀ ਮਿਸਾਲ ਹੈ। ਹਾਕਿਨਜ਼ 8 ਜਨਵਰੀ 1942 ਨੂੰ ਇੰਗਲੈਂਡ ਦੇ ਸ਼ਹਿਰ ਆਕਸਫੋਰਡ ਵਿਚ ਜਨਮੇ। ਉਨ੍ਹਾਂ ਦਾ ਪਾਲਣ-ਪੋਸ਼ਣ ਵਿਦਵਤਾਪੂਰਨ ਪਰਿਵਾਰਕ ਮਾਹੌਲ ਵਿਚ ਹੋਇਆ ਜਿਸ ਨੇ ਛੋਟੀ ਉਮਰ ਤੋਂ ਹੀ ਵਿਗਿਆਨ ਅਤੇ ਤਰਕਸ਼ੀਲ ਸੋਚ ਦਾ ਰੁਝਾਨ ਪੈਦਾ ਕੀਤਾ। ਹਾਕਿਨਜ਼ ਨੇ ਸ਼ੁਰੂਆਤੀ ਸਿੱਖਿਆ ਸੇਂਟ ਐਲਬਨਜ਼ ਸਕੂਲ ਤੋਂ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿਚ ਬੈਚਲਰ ਡਿਗਰੀ ਹਾਸਲ ਕੀਤੀ ਜਿੱਥੇ ਉਹ ਗੰਭੀਰ ਪੜ੍ਹਾਈ ਨਾਲੋਂ ਵਧੇਰੇ ਸੋਚ-ਵਿਚਾਰ ਅਤੇ ਚਰਚਾ ਵਿਚ ਦਿਲਚਸਪੀ ਰੱਖਦੇ ਸਨ।
ਫਿਰ ਉਹ ਕੈਂਬਰਿਜ ਯੂਨੀਵਰਸਿਟੀ ਚਲੇ ਗਏ ਅਤੇ ਉੱਥੇ ਕੌਸਮੋਲੋਜੀ ਵਿਚ ਪੀਐੱਚਡੀ ਸ਼ੁਰੂ ਕੀਤੀ। ਲਗਪਗ 21 ਸਾਲਾਂ ਦੀ ਉਮਰ ਵਿਚ ਉਨ੍ਹਾਂ ਨੂੰ ਏਐੱਲਐੱਸ (Amyotrophic Lateral Sclerosis - ਮੋਟਰ ਨਿਊਰਾਨ ਡਿਸੀਜ਼) ਦੀ ਬਿਮਾਰੀ ਹੋ ਗਈ। ਇਸ ਬਿਮਾਰੀ ਨੇ ਹੌਲੀ-ਹੌਲੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਚਾਰ ਕਰ ਦਿੱਤਾ ਪਰ ਮਾਨਸਿਕ ਤੌਰ ’ਤੇ ਉਹ ਬੇਹੱਦ ਸਰਗਰਮ ਅਤੇ ਰਚਨਾਤਮਕ ਬਣੇ ਰਹੇ।
ਉਨ੍ਹਾਂ ਨੂੰ 1960 ਅਤੇ 1970 ਦੇ ਦਹਾਕੇ ਵਿਚ ਕੈਂਬਰਿਜ ਯੂਨੀਵਰਸਿਟੀ ਵਿਚ ਲੂਕਾਸੀਅਨ ਪ੍ਰੋਫੈਸਰ ਆਫ ਮੈਥੇਮੈਟਿਕਸ ਨਿਯੁਕਤ ਕੀਤਾ ਗਿਆ, ਕਦੇ ਨਿਊਟਨ ਵੀ ਇਸ ਅਸਾਮੀ ’ਤੇ ਰਿਹਾ ਸੀ। ਬਿਮਾਰੀ ਕਾਰਨ ਬੋਲਣ ਦੀ ਸਮਰੱਥਾ ਖ਼ਤਮ ਹੋਣ ਤੋਂ ਬਾਅਦ ਕੰਪਿਊਟਰ ਸਪੀਚ ਸਿੰਥੇਸਾਈਜ਼ਰ ਦੀ ਸਹਾਇਤਾ ਨਾਲ ਲੈਕਚਰ ਅਤੇ ਸੰਚਾਰ ਜਾਰੀ ਰੱਖਿਆ। ਉਹ ਸੰਸਾਰ ਭਰ ਵਿਚ ਵਿਗਿਆਨਕ ਕਾਨਫਰੰਸਾਂ, ਟੀਵੀ ਪ੍ਰੋਗਰਾਮਾਂ ਅਤੇ ਲੈਕਚਰਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹੇ।
ਹਾਕਿਨਜ਼ ਦੀ ਸਭ ਤੋਂ ਵੱਡੀ ਵਿਗਿਆਨਕ ਖੋਜ ਕਾਲੇ ਛੇਕਾਂ ਬਾਰੇ ਅਤੇ ਹਾਕਿਨਜ਼ ਰੇਡੀਏਸ਼ਨਜ਼ ਬਾਰੇ ਸੀ। ਕਾਲੇ ਛੇਕਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਕਾਲੇ ਨਹੀਂ ਹੁੰਦੇ ਸਗੋਂ ਕੁਆਂਟਮ ਪ੍ਰਭਾਵਾਂ ਕਾਰਨ ਉਹ ਥੋੜ੍ਹੀ ਤਾਪ ਵਾਲੀ ਰੇਡੀਏਸ਼ਨ ਨਿਕਾਸ ਕਰਦੇ ਹਨ ਜਿਸ ਨੂੰ ਅੱਜ ਹਾਕਿਨਜ਼ ਰੇਡੀਏਸ਼ਨਜ਼ ਕਿਹਾ ਜਾਂਦਾ ਹੈ।
ਇਸ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਕਾਲੇ ਛੇਕ ਤੋਂ ਪ੍ਰਕਾਸ਼ ਤੱਕ ਨਹੀਂ ਨਿਕਲ ਸਕਦਾ ਪਰ ਹਾਕਿਨਜ਼ ਨੇ ਦੱਸਿਆ ਕਿ ਈਵੈਂਟ ਹੋਰਾਈਜਨ ਦੇ ਨੇੜੇ ਕਵਾਂਟਮ ਉਥਲ-ਪੁਥਲ ਕਾਰਨ ਕਣਾਂ ਦੀ ਜੋੜੀ ਬਣਦੀ ਹੈ ਜਿਸ ਦਾ ਇਕ ਹਿੱਸਾ ਕਾਲੇ ਛੇਕ ਤੋਂ ਬਾਹਰ ਨਿਕਲ ਜਾਂਦਾ ਹੈ। ਹਾਕਿਨਜ਼ ਰੇਡੀਏਸ਼ਨ ਦੇ ਸੰਕਲਪ ਨੇ ਇਹ ਦਰਸਾਇਆ ਕਿ ਕਾਲੇ ਛੇਕ ਤਾਪਮਾਨ ਅਤੇ ਐਂਟਰੋਪੀ ਰੱਖਦੇ ਹਨ ਜਿਸ ਕਾਰਨ ਕਾਲੇ ਛੇਕਾਂ ਲਈ ਥਰਮੋ ਡਾਇਨਾਮਿਕਸ ਦੇ ਨਵੇਂ ਨਿਯਮ ਪਰਿਭਾਸ਼ਤ ਕੀਤੇ ਗਏ। ਹਾਕਿਨਜ਼ ਨੇ ਰੋਜਰ ਪੈਨਰੋਜ ਨਾਲ ਮਿਲ ਕੇ ਸਿੰਗੂਲੈਰਿਟੀ ਥਿਊਰਮ ਵਿਕਸਤ ਕੀਤੇ।
ਉਨ੍ਹਾਂ ਨੇ ਡੂੰਘੇ ਗਣਿਤਕ ਪੇਪਰਾਂ ਤੋਂ ਬਿਨਾਂ ਲੋਕਪ੍ਰਿਯ ਵਿਗਿਆਨ ਦੀਆਂ ਕਿਤਾਬਾਂ ਲਿਖ ਕੇ ਕੌਸਮੋਲੋਜੀ ਅਤੇ ਭੌਤਿਕ ਵਿਗਿਆਨ ਨੂੰ ਆਮ ਪਾਠਕ ਤੱਕ ਪਹੁੰਚਾਇਆ। ਸੰਨ 1988 ਵਿਚ ਪ੍ਰਕਾਸ਼ਿਤ ਹੋਈ ‘A Brief History of Time’ ਨੇ ਕਾਲੇ ਛੇਕਾਂ, ਬਿਗ ਬੈਂਗ, ਸਮੇਂ ਦੇ ਸੁਭਾਅ ਅਤੇ ਇਕਜੁੱਟ ਸਿਧਾਂਤ ਦੀ ਭਾਲ ਵਰਗੇ ਮੁਸ਼ਕਲ ਵਿਸ਼ਿਆਂ ਨੂੰ ਸਾਧਾਰਨ ਭਾਸ਼ਾ ਵਿਚ ਵਿਸ਼ਵ ਭਰ ਦੇ ਲੱਖਾਂ ਪਾਠਕਾਂ ਤੱਕ ਪਹੁੰਚਾਇਆ।
ਉਹਨਾਂ ਦੇ ਵਿਗਿਆਨਕ ਯੋਗਦਾਨਾਂ ਦੀ ਮਾਨਤਾ ਵਜੋਂ ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਸਨਮਾਨ ਮਿਲੇ ਜਿਨ੍ਹਾਂ ਵਿਚ ਰੋਇਲ ਸੁਸਾਇਟੀ ਦੀ ਫੈਲੋਸ਼ਿਪ, ਕਮਾਂਡਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ ਅਤੇ ਹੋਰ ਉੱਚੇ ਪਦਕ ਸ਼ਾਮਲ ਹਨ। ਭਾਵੇਂ ਹਾਕਿਨਜ਼ ਨੂੰ ਨੋਬਲ ਇਨਾਮ ਨਹੀਂ ਮਿਲ ਸਕਿਆ ਪਰ ਕਾਲੇ ਛੇਕਾਂ, ਸਿੰਗੂਲੈਰਿਟੀ ਅਤੇ ਕੌਸਮੋਲੋਜੀ ਵਿਚ ਕੀਤੇ ਕੰਮ ਨੇ ਉਨ੍ਹਾਂ ਦਾ ਨਾਂ ਵਿਗਿਆਨ ਦੇ ਇਤਿਹਾਸ ਵਿਚ ਅਮਰ ਕਰ ਦਿੱਤਾ ਹੈ। ਉਨ੍ਹਾਂ ਦੀ ਦੇਣ ਆਉਣ ਵਾਲੇ ਸਮਿਆਂ ’ਚ ਖੋਜੀਆਂ ਨੂੰ ਰਾਹ ਦਿਖਾਉਂਦੀ ਰਹੇਗੀ। ਵਿਗਿਆਨ ਦਾ ਇਹ ਸਪੂਤ 14 ਮਾਰਚ 2018 ਨੂੰ ਕੈਂਬਰਿਜ ’ਚ ਆਪਣਾ ਸਰੀਰ ਛੱਡ ਗਿਆ ਪਰ ਉਹ ਵਿਗਿਆਨ ਜਗਤ ਲਈ ਸਦਾ ਚਾਨਣ-ਮੁਨਾਰਾ ਰਹੇਗਾ।
-ਜਸਵਿੰਦਰ ਸਿੰਘ ਰੁਪਾਲ
-ਮੋਬਾਈਲ : 98147-15796