ਘਰੇਲੂ ਕਲੇਸ਼ਾਂ ਦੀ ਜੜ੍ਹ ਵੀ ਮੋਬਾਈਲ ਹੀ ਹਨ। ਜੇ ਮਾਪੇ ਬੱਚਿਆਂ ਨੂੰ ਮੋਬਾਈਲ ਦੀ ਘੱਟ ਵਰਤੋਂ ਕਰਨ ਲਈ ਕਹਿੰਦੇ ਹਨ ਤਾਂ ਉਹ ਲੜਨ ਨੂੰ ਪੈਂਦੇ ਹਨ। ਇਸ ਵਿਚ ਮਾਪਿਆਂ ਦਾ ਜ਼ਿਆਦਾ ਕਸੂਰ ਹੈ ਕਿਉਂਕਿ ਉਹ ਵੀ ਮੋਬਾਈਲਾਂ ਦਾ ਖਹਿੜਾ ਨਹੀਂ ਛੱਡਦੇ ਅਤੇ ਉਨ੍ਹਾਂ ਦੀ ਰੀਸ ਬੱਚੇ ਵੀ ਕਰਦੇ ਹਨ।

ਟੱਚ ਵਾਲਾ ਮੋਬਾਈਲ ਹਰ ਕਿਸੇ ਲਈ ਇਕ ਤਰ੍ਹਾਂ ਨਾਲ ਜ਼ਿੰਦਗੀ ਦਾ ਅਹਿਮ ਅੰਗ ਹੀ ਬਣ ਗਿਆ ਹੈ। ਅਜੋਕੇ ਵਿਗਿਆਨਕ ਯੁੱਗ ਵਿਚ ਭਾਵੇਂ ਇਸ ਦੀ ਵਰਤੋਂ ਬਹੁਤ ਜ਼ਰੂਰੀ ਹੈ ਪਰ ਹਰ ਚੀਜ਼ ਦੀ ਬਹੁਤਾਤ ਹਾਨੀਕਾਰਕ ਹੁੰਦੀ ਹੈ। ਵਪਾਰਕ ਕੰਮਾਂ ਲਈ ਸਫ਼ਰ ਕਰਨ ਸਮੇਂ ਤੇ ਖ਼ੁਸ਼ੀ ਜਾਂ ਗਮੀ ਦੀ ਖ਼ਬਰ ਛੇਤੀ ਪਹੁੰਚਾਉਣ ਲਈ ਇਹ ਬਹੁਤ ਲਾਭਕਾਰੀ ਹੈ। ਇੰਟਰਨੈੱਟ ਰਾਹੀਂ ਅਸੀਂ ਦੇਸ਼ਾਂ-ਵਿਦੇਸ਼ਾਂ ਦੀਆਂ ਗਤੀਵਿਧੀਆਂ ਮਿੰਟਾਂ-ਸਕਿੰਟਾਂ ਵਿਚ ਹੀ ਜਾਣ ਲੈਂਦੇ ਹਾਂ।
ਮੋਬਾਈਲਾਂ ਦੇ ਲਾਭ ਘੱਟ ਅਤੇ ਨੁਕਸਾਨ ਜ਼ਿਆਦਾ ਹਨ। ਇਸ ਦੀ ਜ਼ਿਆਦਾ ਵਰਤੋਂ ਨਾਲ ਨਜ਼ਰ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਦਿਮਾਗ ਚਕਰਾਉਣ ਲੱਗ ਜਾਂਦਾ ਹੈ। ਮੋਬਾਈਲ ਦੀ ਵਧੇਰੇ ਵਰਤੋਂ ਨਾਲ ਜਿੱਥੇ ਸੁਣਨ ਸ਼ਕਤੀ ਘਟਦੀ ਹੈ ਓਥੇ ਹੀ ਦਿਲ ਦੇ ਰੋਗ ਵੀ ਲੱਗ ਸਕਦੇ ਹਨ। ਇਹ ਅਨੇਕ ਮਾਨਸਿਕ ਰੋਗਾਂ ਦਾ ਕਾਰਨ ਵੀ ਬਣਦਾ ਹੈ।
ਮੋਬਾਈਲਾਂ ਦੀ ਲਗਾਤਾਰ ਵਰਤੋਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਨ੍ਹਾਂ ਨੇ ਸਾਡੇ ਰਿਸ਼ਤਿਆਂ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਹੈ। ਗੁਜ਼ਰੇ ਜ਼ਮਾਨੇ ਵਿਚ ਸਾਂਝੇ ਪਰਿਵਾਰ ਸਨ ਅਤੇ ਸਾਰੇ ਜੀਅ ਇਕੱਠੇ ਬੈਠ ਕੇ ਪਰਿਵਾਰਕ ਲੋੜਾਂ, ਆਪਸੀ ਮਿਲਵਰਤਨ ਅਤੇ ਹੋਰ ਮਸਲਿਆਂ ਨੂੰ ਵਿਚਾਰਦੇ ਸਨ। ਪਰਿਵਾਰਕ ਰਿਸ਼ਤਿਆਂ ਵਿਚ ਮੋਬਾਈਲ ਨੇ ਏਨੀਆਂ ਦੂਰੀਆਂ ਪਾ ਦਿੱਤੀਆਂ ਹਨ ਕਿ ਸਾਰੇ ਜੀਅ ਘਰ ਵਿਚ ਰਹਿੰਦੇ ਹੋਏ ਵੀ ਆਪੋ-ਆਪਣੇ ਕਮਰਿਆਂ ਵਿਚ ਬੈਠੇ ਮੋਬਾਈਲਾਂ ਦੀਆਂ ਸਕਰੀਨਾਂ ’ਤੇ ਉਂਗਲਾਂ ਮਾਰਦੇ ਹੋਏ ਇਕ-ਦੂਜੇ ਤੋਂ ਬੇਖ਼ਬਰ ਹਨ। ਮਾਪਿਆਂ ਨੂੰ ਬੱਚਿਆਂ ਨਾਲ ਅਤੇ ਬੱਚਿਆਂ ਨੂੰ ਮਾਪਿਆਂ ਨਾਲ ਗੱਲ ਕਰਨ ਦੀ ਵਿਹਲ ਹੀ ਨਹੀਂ। ਅਸੀਂ ਨੇੜਲੇ ਰਿਸ਼ਤਿਆਂ ਨੂੰ ਛੱਡ ਕੇ ਹੋਰਾਂ ਨਾਲ ਮਿੱਤਰਤਾ ਨੂੰ ਤਰਜੀਹ ਦੇ ਰਹੇ ਹਾਂ।
ਘਰੇਲੂ ਕਲੇਸ਼ਾਂ ਦੀ ਜੜ੍ਹ ਵੀ ਮੋਬਾਈਲ ਹੀ ਹਨ। ਜੇ ਮਾਪੇ ਬੱਚਿਆਂ ਨੂੰ ਮੋਬਾਈਲ ਦੀ ਘੱਟ ਵਰਤੋਂ ਕਰਨ ਲਈ ਕਹਿੰਦੇ ਹਨ ਤਾਂ ਉਹ ਲੜਨ ਨੂੰ ਪੈਂਦੇ ਹਨ। ਇਸ ਵਿਚ ਮਾਪਿਆਂ ਦਾ ਜ਼ਿਆਦਾ ਕਸੂਰ ਹੈ ਕਿਉਂਕਿ ਉਹ ਵੀ ਮੋਬਾਈਲਾਂ ਦਾ ਖਹਿੜਾ ਨਹੀਂ ਛੱਡਦੇ ਅਤੇ ਉਨ੍ਹਾਂ ਦੀ ਰੀਸ ਬੱਚੇ ਵੀ ਕਰਦੇ ਹਨ। ਮਾਪਿਆਂ ਅਤੇ ਬੱਚਿਆਂ ਦੇ ਸੁਭਾਆਂ ਵਿਚ ਚਿੜਚਿੜਾਪਣ ਆਉਣ ਕਰਕੇ ਕਈ ਲੋਕ ਖ਼ੁਦਕੁਸ਼ੀਆਂ ਵੀ ਕਰ ਲੈਂਦੇ ਹਨ।
ਮੋਬਾਈਲਾਂ ਦੀਆਂ ਖ਼ਤਰਨਾਕ ਗੇਮਾਂ ਦੇ ਜਾਲ਼ ਵਿਚ ਫਸਣ ਨਾਲ ਕਈ ਲੋਕ ਜਾਨੋਂ ਹੱਥ ਧੋ ਬੈਠੇ ਹਨ। ਮੋਬਾਈਲਾਂ ਦੀ ਵਧੇਰੇ ਵਰਤੋਂ ਨੇ ਜਿੱਥੇ ਅਪਰਾਧਾਂ ਵਿਚ ਵਾਧਾ ਕੀਤਾ ਹੈ ਓਥੇ ਹੀ ਇਸ ਦੀ ਡਰਾਈਵਿੰਗ ਦੌਰਾਨ ਵਰਤੋਂ ਕਰਨ ਨਾਲ ਸੜਕ ਹਾਦਸਿਆਂ ਵਿਚ ਵੀ ਵਾਧਾ ਹੋਇਆ ਹੈ। ਵਾਹਨ ਚਲਾਉਂਦਿਆਂ ਸਾਡਾ ਇਕ ਹੱਥ ਸਟੀਅਰਿੰਗ ’ਤੇ ਹੁੰਦਾ ਹੈ ਅਤੇ ਦੂਜੇ ਨਾਲ ਅਸੀਂ ਮੋਬਾਈਲ ਕੰਨ ਨੂੰ ਲਗਾ ਕੇ ਗੱਲ ਕਰ ਰਹੇ ਹੁੰਦੇ ਹਾਂ।
ਸਾਡਾ ਜ਼ਿਆਦਾ ਧਿਆਨ ਗੱਲਾਂ ਵੱਲ ਹੁੰਦਾ ਹੈ ਅਤੇ ਬੇਧਿਆਨੀ ਕਾਰਨ ਹਾਦਸਾ ਵਾਪਰ ਜਾਂਦਾ ਹੈ। ਵਾਹਨ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਸਾਡੀ ਤੇ ਹੋਰਾਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਸਕਦੀ ਹੈ। ਸਾਨੂੰ ਬਿਨਾਂ ਵਜ੍ਹਾ ਮੋਬਾਈਲਾਂ ਦੀ ਵਰਤੋਂ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਕ ਵਾਰ ਲੰਘਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਵੀ ਮੋਬਾਈਲ ਦੀ ਵਰਤੋਂ ਘਟਾਉਣ ਅਤੇ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਵੱਲ ਪ੍ਰੇਰਿਤ ਕਰਨ।
-ਜਤਿੰਦਰ ਸਿੰਘ ਪਮਾਲ,
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ।
-ਮੋਬਾਈਲ : 98156-73477