ਹੈਰਾਨੀ ਵਾਲੀ ਗੱਲ ਹੈ ਕਿ ਪਾਣੀ ਦੇ ਡੂੰਘਾ ਅਤੇ ਤੇਜ਼ ਹੋਣ ਬਾਰੇ ਪਤਾ ਹੁੰਦਿਆਂ ਵੀ ਕਿਸੇ ਸ਼ਰਧਾਲੂ ਨੂੰ ਲਾਈਫ ਜੈਕਟ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸੁਰੱਖਿਆ ਦੇ ਹੋਰ ਮਾਪਦੰਡ ਵੀ ਅਣਗੌਲੇ ਗਏ ਹਨ। ਇਸ ਘਟਨਾ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ।

ਜਗਰਾਓਂ ਦੇ ਸ਼ਰਧਾਲੂਆਂ ਨਾਲ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਇਲਾਕੇ ’ਚ ਜੋ ਦਰਦਨਾਕ ਘਟਨਾ ਵਾਪਰੀ ਹੈ ਉਸ ਨਾਲ ਪੂਰੇ ਪੰਜਾਬ ’ਚ ਸੋਗ ਵਰਗਾ ਮਾਹੌਲ ਹੈ।ਆਖਰ ਉਹ ਕਿਹੜੇ ਕਾਰਨ ਰਹੇ ਹੋਣਗੇ, ਜਿਨ੍ਹਾਂ ਕਰਕੇ ਸ਼ਰਧਾਲੂਆਂ ਨਾਲ ਭਰਿਆ ਹੋਇਆ ਸਟੀਮਰ ਯਮੁਨਾ ਨਦੀ ’ਚ ਬੇਕਾਬੂ ਹੋ ਕੇ ਪਲਟ ਗਿਆ।
ਇਸ ਘਟਨਾ ਦਾ ਅਸਲ ਜ਼ਿੰਮੇਵਾਰ ਕੌਣ ਹੈ, ਫ਼ਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਹਾਦਸੇ ’ਚ ਦਰਜਨ ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸਟੀਮਰ ’ਚ ਲਗਪਗ 30 ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਕੁਝ ਹਾਲੇ ਵੀ ਲਾਪਤਾ ਹਨ। ਇਸ ਹਾਦਸੇ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨੂੰ ਮਨੁੱਖੀ ਲਾਪਰਵਾਹੀ ਕਿਹਾ ਜਾਵੇ ਜਾਂ ਅਚਨਚੇਤ ਹਾਦਸਾ। ਇਸ ਪਿੱਛੇ ਜੋ ਮੁੱਢਲੀ ਵਜ੍ਹਾ ਸਾਹਮਣੇ ਆਈ ਹੈ ਉਸ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਹੋਈ ਇਹ ਬੇੜੀ ਫਲੋਟਿੰਗ ਪੋਨਟੂਨ (ਇਕ ਤਰ੍ਹਾਂ ਦਾ ਡਰੰਮਾਂ ਦਾ ਪੁਲ਼) ਨਾਲ ਟਕਰਾ ਗਈ ਸੀ। ਇਹ ਵੀ ਖ਼ਦਸ਼ੇ ਜ਼ਾਹਰ ਕੀਤੇ ਗਏ ਹਨ ਕਿ ਇਹ ਬੇੜੀ ਸਮਰੱਥਾ ਤੋਂ ਵੱਧ ਭਰੀ ਹੋਈ ਸੀ।
ਹੈਰਾਨੀ ਵਾਲੀ ਗੱਲ ਹੈ ਕਿ ਪਾਣੀ ਦੇ ਡੂੰਘਾ ਅਤੇ ਤੇਜ਼ ਹੋਣ ਬਾਰੇ ਪਤਾ ਹੁੰਦਿਆਂ ਵੀ ਕਿਸੇ ਸ਼ਰਧਾਲੂ ਨੂੰ ਲਾਈਫ ਜੈਕਟ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸੁਰੱਖਿਆ ਦੇ ਹੋਰ ਮਾਪਦੰਡ ਵੀ ਅਣਗੌਲੇ ਗਏ ਹਨ। ਇਸ ਘਟਨਾ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਮੁੱਢਤੇ ਤੌਰ ’ਤੇ ਇਹ ਸੁਰੱਖਿਆ ਪ੍ਰਬੰਧਾਂ ਦੇ ਫੇਲ੍ਹ ਹੋਣ ਦਾ ਨਤੀਜਾ ਕਿਹਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਰੇਕ ਸਾਲ ਦਰਜਨ ਦੇ ਕਰੀਬ ਅਜਿਹੇ ਮਾਮਲੇ ਪੂਰੇ ਮੁਲਕ ਦੇ ਕਿਸੇ ਨਾ ਕਿਸੇ ਹਿੱਸੇ ’ਚ ਵਾਪਰਦੇ ਹਨ। ਜ਼ਿਆਦਾਤਰ ਮਾਮਲੇ ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਪੱਛਮੀ ਬੰਗਾਲ ਅਤੇ ਕੇਰਲਾ ’ਚ ਸਾਹਮਣੇ ਆਏ ਹਨ। ਸੈਲਾਨੀਆਂ ਦੀ ਸੈਰਸਪਾਟੇ ਦੌਰਾਨ ਨਦੀਆਂ ’ਚ ਬੋਟਿੰਗ ਕਰਨ ਦੀ ਸਭ ਤੋਂ ਵੱਧ ਦਿਲਚਸਪੀ ਹੁੰਦੀ ਹੈ। ਕੋਈ ਇਕ ਛੋਟੀ ਜਿਹੀ ਲਾਪਰਵਾਹੀ ਕਈ ਵਾਰ ਵਰਿੰਦਾਵਨ ’ਚ ਵਾਪਰੀ ਘਟਨਾ ਵਰਗੇ ਹਾਲਾਤ ਪੈਦਾ ਕਰ ਦਿੰਦੀ ਹੈ। ਮੁੰਡੇਸ਼ਵਰੀ ਦਰਿਆ ’ਚ ਬੇੜੀ ਡੁੱਬਣ ਨਾਲ ਕਰੀਬ 20 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਬਿਹਾਰ ਦੇ ਬ੍ਰਹਮਪੁੱਤਰਾ ’ਚ ਦੋ ਬੇੜੀਆਂ ਦੇ ਆਪਸ ’ਚ ਟਕਰਾਉਣ ਕਾਰਨ ਕਈ ਲੋਕ ਜ਼ਖ਼ਮੀ ਹੋਏ ਸਨ।
ਗੋਆ ’ਚ ਸਾਲ 2024 ’ਚ ਬੇੜੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋਈ ਸੀ। ਇਨ੍ਹਾਂ ਘਟਨਾਵਾਂ ਤੋਂ ਭਵਿੱਖ ’ਚ ਸਬਕ ਲੈਣ ਦੀ ਲੋੜ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਡੂੰਘੇ ਦਰਿਆਵਾਂ ’ਚ ਚੱਲਣ ਵਾਲੀਆਂ ਸੈਲਾਨੀ ਬੇੜੀਆਂ ’ਚ ਸਫ਼ਰ ਦਾ ਅਨੰਦ ਲੈਣ ਲੱਗੇ ਲੋਕ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਬੇੜੀਆਂ ਰਾਹੀਂ ਸੈਲਾਨੀਆਂ ਨੂੰ ਇਤਿਹਾਸਕ ਨਦੀਆਂ ਤੇ ਦਰਿਆਵਾਂ ਦੀ ਸੈਰ ਕਰਵਾਉਣਾ ਵੱਡੇ ਰੁਜ਼ਗਾਰ ਦਾ ਹਿੱਸਾ ਹੈ। ਕਈ ਵਾਰ ਬੇੜੀਆਂ ਚਲਾਉਣ ਵਾਲੇ ਸੁਰੱਖਿਆ ਮਾਪਦੰਡਾਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ।
ਥੋੜ੍ਹੇ ਜਿਹੇ ਲਾਲਚ ਪਿੱਛੇ ਬੇੜੀਆਂ ’ਚ ਓਵਰਲੋਡਿੰਗ ਕੀਤੀ ਜਾਂਦੀ ਹੈ। ਬੇੜੀਆਂ ਦੀ ਮੁਰੰਮਤ ਪ੍ਰਤੀ ਵਰਤੀਆਂ ਲਾਪਰਵਾਹੀਆਂ ਵੀ ਹਾਦਸਿਆਂ ਨੂੰ ਜਨਮ ਦਿੰਦੀਆਂ ਹਨ। ਕੁਝ ਮਾਮਲਿਆਂ ’ਚ ਬੇੜੀਆਂ ਚਲਾ ਰਹੇ ਗ਼ੈਰ-ਪੇਸ਼ੇਵਰ ਮਲਾਹ ਵੀ ਲੋਕਾਂ ਨੂੰ ਮੌਤ ਦੇ ਮੂੰਹ ’ਚ ਧੱਕਣ ਲਈ ਜ਼ਿੰਮੇਵਾਰ ਹੁੰਦੇ ਹਨ।
ਮੌਸਮੀ ਚਿਤਾਵਨੀਆਂ ਦੌਰਾਨ ਦਰਿਆਵਾਂ ’ਚ ਬੇੜੀਆਂ ਤੇ ਸਮੁੰਦਰਾਂ ’ਚ ਛੋਟੇ-ਵੱਡੇ ਜਹਾਜ਼ਾਂ ਰਾਹੀਂ ਸਫ਼ਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਡੂੰਘੇ ਪਾਣੀਆਂ ’ਚ ਬੇੜੀਆਂ ਰਾਹੀਂ ਸੈਰ ਕਰਨ ਵਾਲੇ ਸੈਲਾਨੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ’ਚ ਪੈਰ ਧਰਨ ਤੋਂ ਪਹਿਲਾਂ ਖ਼ੁਦ ਸੁਰੱਖਿਆ ਪ੍ਰਬੰਧ ਚੈੱਕ ਕਰਨ ਤਾਂ ਜੋ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਨਾ ਹੋਣਾ ਪਵੇ।