- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰੀ ਇਕ ਦੋਸਤ ਦੀ ਰਿਸ਼ਤੇਦਾਰ ਔਰਤ ਆਪਣੇ ਛੋਟੇ ਬੇਟੇ ਕੋਲ਼ ਰਹਿੰਦੀ ਸੀ ਅਤੇ ਉਸ ਦਾ ਪਤੀ ਕਿਸੇ ਹੋਰ ਸ਼ਹਿਰ ’ਚ ਆਪਣੇ ਵੱਡੇ ਬੇਟੇ ਕੋਲ ਰਹਿੰਦਾ ਸੀ। ਔਰਤ ਭਜਨ ਬੰਦਗੀ ਕਰਿਆ ਕਰਦੀ ਸੀ ਅਤੇ ਇਸ ਦੇ ਫ਼ਲਸਰੂਪ ਉਸ ਨੂੰ ਸਵੇਰ ਦਾ ਨਾਸ਼ਤਾ ਦੇਰ ਨਾਲ਼ ਕਰਨ ਦੀ ਆਦਤ ਸੀ।

ਅੱਜਕਲ ਘਰਾਂ ’ਚ ਹੁੰਦੇ ਕਲੇਸ ਦੀਆਂ ਖ਼ਬਰਾਂ ਅਕਸਰ ਸੁਣਨ ’ਚ ਆਉਂਦੀਆਂ ਹਨ। ਕੋਈ ਝਗੜੇ ਦਾ ਕਾਰਨ ਨੂੰਹ ਸਿਰ ਮੜ੍ਹਦਾ ਹੈ ਅਤੇ ਕੋਈ ਸੱਸ ਸਿਰ। ਸੋਸ਼ਲ ਮੀਡੀਆ ’ਤੇ ਅਕਸਰ ਸਿਖਿਆਦਾਇਕ ਰੀਲਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਕਿਤੇ ਨੂੰਹ ਸੱਸ-ਸਹੁਰੇ ਦੇ ਨਾਲ ਰਹਿਣਾ ਠੀਕ ਨਹੀਂ ਸਮਝਦੀ। ਕਿਤੇ ਘਰ ਰਹਿੰਦੀ ਸੱਸ ਨਾਲ ਨੂੰਹ ਦੀ ਨਹੀਂ ਬਣਦੀ ਅਤੇ ਕਿਤੇ ਸੱਸ ਨੂੰਹ ਨੂੰ ਸਬਕ ਸਿਖਾਉਂਣ ਲਈ ਨੂੰਹ ਨੂੰ ਘਰੋਂ ਜਾਣ ਲਈ ਕਹਿ ਦਿੰਦੀ ਹੈ। ਬਿਰਧ ਸੱਸ-ਸਹੁਰੇ ਨੂੰ ਬਿਰਧ ਆਸ਼ਰਮ ਦਾ ਰਾਹ ਵਿਖਾਉਂਣਾ ਤਾਂ ਰਿਵਾਜ ਹੀ ਬਣ ਗਿਆ ਹੈ। ਕਈ ਘਰਾਂ ’ਚ ਤਾਂ ਦੋ-ਦੋ ਨੂੰਹਾਂ ਹੋਣ ਦੇ ਬਾਵਜੂਦ ਵੀ ਵਿਧਵਾ ਸੱਸ ਆਪਣੀ ਰੋਟੀ ਆਪ ਬਣਾ ਕੇ ਖਾਂਦੀ ਹੈ।
ਮੇਰੀ ਇਕ ਦੋਸਤ ਦੀ ਰਿਸ਼ਤੇਦਾਰ ਔਰਤ ਆਪਣੇ ਛੋਟੇ ਬੇਟੇ ਕੋਲ਼ ਰਹਿੰਦੀ ਸੀ ਅਤੇ ਉਸ ਦਾ ਪਤੀ ਕਿਸੇ ਹੋਰ ਸ਼ਹਿਰ ’ਚ ਆਪਣੇ ਵੱਡੇ ਬੇਟੇ ਕੋਲ ਰਹਿੰਦਾ ਸੀ। ਔਰਤ ਭਜਨ ਬੰਦਗੀ ਕਰਿਆ ਕਰਦੀ ਸੀ ਅਤੇ ਇਸ ਦੇ ਫ਼ਲਸਰੂਪ ਉਸ ਨੂੰ ਸਵੇਰ ਦਾ ਨਾਸ਼ਤਾ ਦੇਰ ਨਾਲ਼ ਕਰਨ ਦੀ ਆਦਤ ਸੀ। ਉਸ ਦੀ ਨੂੰਹ ਆਪਣੇ ਦੋ ਬੱਚਿਆਂ ਨੂੰ ਨਾਸ਼ਤਾ ਕਰਵਾ ਕੇ ਸਕੂਲ ਸੁਵੱਖਤੇ ਭੇਜ ਦਿੰਦੀ ਸੀ ਅਤੇ ਸੱਸ ਦੀ ਰੋਟੀ ਵੀ ਨਾਲ਼ ਹੀ ਤਿਆਰ ਕਰਕੇ ਰੱਖ ਛੱਡਦੀ ਸੀ। ਸੱਸ ਤੋਂ ਠੰਡੀ ਰੋਟੀ ਖਾਧੀ ਨਹੀਂ ਸੀ ਜਾਂਦੀ ਅਤੇ ਜਦੋਂ ਉਹ ਨੂੰਹ ਨੂੰ ਰੋਟੀ ਗਰਮ ਕਰਕੇ ਦੇਣ ਲਈ ਕਹਿੰਦੀ ਤਾਂ ਨੂੰਹ ਉਸ ਦੇ ਗਲ਼ ਪੈ ਜਾਂਦੀ। ਇਸ ਖਿਝ ਤੋਂ ਬਚਣ ਲਈ ਉਹ ਵੀ ਆਪਣੇ ਵੱਡੇ ਬੇਟੇ ਕੋਲ ਆ ਗਈ।
ਸਾਡੇ ਮੁਹੱਲੇ ਦੀ ਇਕ ਔਰਤ ਦੇ ਦੋ ਬੇਟੇ ਹਨ ਅਤੇ ਦੋ ਬੇਟੀਆਂ। ਵੱਡੀ ਬੇਟੀ ਦਾ ਘਰ ਛੋਟਾ ਸੀ, ਜਿਸ ਕਰਕੇ ਵਿਆਹ ਸਮੇਂ ਉਸ ਨੂੰ ਓਨਾ ਕੁ ਦਾਜ ਦਿੱਤਾ, ਜਿੰਨਾ ਉਸ ਦੇ ਘਰ ਰੱਖਿਆ ਜਾ ਸਕਦਾ ਹੋਵੇ। ਹੁਣ ਵੱਡੀ ਬੇਟੀ ਨੇ ਮਕਾਨ ਵੱਡਾ ਕਰ ਲਿਆ ਹੈ ਅਤੇ ਉਹ ਉਸ ਨੂੰ ਆਪਣੇ ਜੋੜੇ ਪੈਸਿਆਂ ਨਾਲ ਡਬਲ ਬੈੱਡ, ਅਲਮਾਰੀ, ਫਰਿਜ਼ ਆਦਿ ਲੈ ਕੇ ਦੇ ਆਈ ਹੈ। ਛੋਟੀ ਬੇਟੀ ਵੀ ਵੱਡੀ ਵਾਂਗ ਚੀਜ਼ਾਂ ਦੀ ਮੰਗ ਕਰ ਰਹੀ ਹੈ ਪਰ ਉਸ ਦਾ ਘਰ ਵੀ ਛੋਟਾ ਹੈ, ਜਿਸ ਕਰਕੇ ਉਹ ਛੋਟੀ ਬੇਟੀ ਨੂੰ ਕਹਿੰਦੀ ਹੈ ਕਿ ਉਹ ਉਸ ਦੇ ਬੱਚਿਆਂ ਦੇ ਨਾਂ ਪੈਸੇ ਜਮ੍ਹਾਂ ਕਰਵਾ ਦਿੰਦੀ ਹੈ। ਨੂੰਹਾਂ ਇਸ ਤੇ ਇਤਰਾਜ਼ ਕਰਦੀਆਂ ਹਨ ਪਰ ਔਰਤ ਕਹਿੰਦੀ ਹੈ ਕਿ ਉਸ ਨੇ ਤੁਹਾਡੇ ਪਾਸੋਂ ਤਾਂ ਪੈਸੇ ਨਹੀਂ ਲਏ। ਮਿਹਨਤ ਮਜ਼ਦੂਰੀ ਕਰਕੇ ਉਸ ਨੇ ਪੈਸੇ ਜੋੜੇ ਹਨ, ਉਹ ਜਿੱਥੇ ਮਰਜ਼ੀ ਖ਼ਰਚ ਕਰੇ। ਧੀਆਂ ਦਾ ਘਰ ਵਸਾਉੁਣ ਦੀ ਫ਼ਿਕਰ ਨਾ ਪਿਓ ਨੂੰ ਹੈ, ਨਾ ਭਰਾਵਾਂ ਨੂੰ, ਸਿਰਫ਼ ਮਾਂ ਨੂੰ ਹੈ।
ਅੱਜਕਲ ਮੋਬਾਇਲਾਂ ਦਾ ਜੁੱਗ ਹੈ। ਧੀਆਂ ਰੋਜ਼ ਆਪਣੇ ਮਾਪਿਆਂ ਨਾਲ ਮੋਬਾਇਲ ’ਤੇ ਗੱਲ ਕਰਦੀਆਂ ਹਨ ਅਤੇ ਘਰਦੀਆਂ ਸਾਰੀਆਂ ਨਿੱਕੀਆਂ-ਮੋਟੀਆਂ ਗੱਲਾਂ ਮਾਪਿਆਂ ਤੱਕ ਪੰਹੁਚਾਉਂਦੀਆਂ ਹਨ। ਕੋਈ ਟਾਂਵੀ ਮਾਂ ਹੀ ਅੱਜਕਲ ਹੁੰਦੀ ਹੈ ਜੋ ਆਪਣੀ ਧੀ ਨੂੰ ਡਾਂਟਦੀ ਹੈ ਕਿ ਸਹੁਰੇ ਘਰ ਦੀਆਂ ਗੱਲਾਂ ਕੋਲ ਹੀ ਰੱਖਿਆ ਕਰੇ। ਮੈਨੂੰ ਯਾਦ ਹੈ ਮੇਰੇ ਸੱਸ-ਸਹੁਰੇ ਨੇ ਮੇਰੀ ਪਤਨੀ ਨੂੰ ਇਹ ਸਖ਼ਤ ਹਦਾਇਤ ਕੀਤੀ ਸੀ ਕਿ ਪੇਕੇ ਆਉਣਾ ਹੋਵੇ ਤਾਂ ਰਾਜ਼ੀ-ਬਾਜ਼ੀ ਆਵੀਂ, ਲੜ ਕੇ ਪੇਕੇ ਆਉਣ ਦੀ ਲੋੜ ਨਹੀਂ ਅਤੇ ਸਹੁਰੇ ਘਰ ਦੀ ਕੋਈ ਗੱਲ ਪੇਕੇ ਸਾਂਝੀ ਨਾ ਕਰੀਂ। ਏਦਾਂ ਫਿੱਕ ਪੈਂਦੀ ਹੈ।
ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਉਦੋਂ ਸਰਕਾਰੀ ਨੌਕਰੀ ਨਹੀਂ ਸੀ ਕਰਦਾ। ਪਿਤਾ ਜੀ ਨਾਲ ਦੁਕਾਨ ’ਤੇ ਕਢਾਈ ਦਾ ਕੰਮ ਕਰਦਾ ਸੀ। ਜਨਵਰੀ 1972 ’ਚ ਮੇਰਾ ਵਿਆਹ ਹੋ ਗਿਆ ਅਤੇ ਵਿਆਹ ਉਪਰੰਤ ਹੀ ਮੈਂ ਆਈਟੀਆਈ ਬਟਾਲਾ ਤੋਂ ਸਟੈਨੋਗ੍ਰਾਫ਼ੀ ਦਾ ਕੋਰਸ ਕੀਤਾ। ਦੁਕਾਨ ਦਾ ਕੰਮ ਏਨਾ ਕਮਾਈ ਵਾਲਾ ਨਹੀਂ ਸੀ, ਸਹੁਰੇ ਜਾਣ ਸਮੇਂ ਮੇਰੇ ਪਿਤਾ ਜੀ ਮੈਨੂੰ 20 ਰੁਪਏ ਦਿਆ ਕਰਦੇ ਸਨ। ਅੰਮ੍ਰਿਤਸਰ ਦਾ ਕਿਰਾਇਆ ਉਦੋਂ ਸਵਾ ਰੁਪਿਆ ਇਕ ਪਾਸੇ ਦਾ ਲੱਗਦਾ ਸੀ। ਵਿਆਹ ਸਮੇਂ ਸੋਨਾ 150 ਰੁਪਏ ਤੋਲਾ ਸੀ। ਲਿਹਾਜਾ ਘਰਦਿਆਂ ਨੇ ਮੇਰੀ ਘਰਵਾਲੀ ਨੂੰ ਸੋਨੇ ਦੀਆਂ ਚੂੜੀਆਂ, ਕਾਂਟੇ ਅਤੇ ਵਾਲੀਆਂ ਆਦਿ ਬਣਵਾ ਕੇ ਦਿੱਤੇ ਸਨ। ਹਰ ਔਰਤ ਗਹਿਣਿਆਂ ਦੀ ਸ਼ੌਕੀਨ ਹੁੰਦੀ ਹੈ ਪਰ ਕਿਸੇ ਘਰੇਲੂ ਲੋੜ ਪਿੱਛੇ ਮੇਰੀ ਪਤਨੀ ਨੇ ਸਾਰੀਆਂ ਚੂੜੀਆਂ ਘਰਦਿਆਂ ਨੂੰ ਦੇ ਦਿੱਤੀਆਂ।
ਭਾਵੇਂ ਕਿ ਜੁਲਾਈ 1976 ’ਚ ਮੈਨੂੰ ਜਿਲ੍ਹਾ ਉਦਯੋਗ ਕੇਂਦਰ, ਬਟਾਲਾ ਵਿਖੇ ਸਟੈਨੋ ਦੀ ਨੌਕਰੀ ਮਿਲ ਗਈ ਸੀ ਅਤੇ ਘਰਵਾਲੀ ਵੀ ਨਿਆਣਿਆਂ ਦੀ ਕਿਸੇ ਗੱਲ ਤੋਂ ਵੱਖ ਰੋਟੀ ਪਕਾਉਣ ਲੱਗ ਪਈ ਸੀ ਪਰ ਸਾਡੇ ਘਰ ਹਰ ਹਫ਼ਤੇ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ। ਕਦੇ ਮੇਰੇ ਸਹੁਰਿਆਂ ਵੱਲੋਂ ਅਤੇ ਕਦੇ ਕਿਸੇ ਭੈਣ ਭਣਵਈਏ ਨੇ। ਮੇਰੇ ਇਕ ਜੀਜੇ ਨੂੰ ਛੱਡ ਕੇ ਬਾਕੀ ਸਾਰੇ ਖਾ ਪੀ ਲੈਂਦੇ ਸਨ। ਸਾਰਿਆਂ ਦੀ ਰਾਤ ਦੀ ਰੋਟੀ ਸਾਡੇ ਵੱਲ ਹੁੰਦੀ ਸੀ ਅਤੇ ਸਵੇਰ ਦੀ ਛੋਟੇ ਭਰਾ ਵੱਲ। ਇਸ ਮਹਿਮਾਨਨਵਾਜ਼ੀ ਕਾਰਨ ਮੇਰੀ ਘਰਵਾਲੀ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਉਦੋਂ ਤਨਖ਼ਾਹ ਵੀ ਥੋੜ੍ਹੀ ਹੁੰਦੀ ਸੀ ਅਤੇ ਵਧਦੀ ਵੀ ਹੌਲੀ-ਹੌਲੀ ਸੀ। ਇੰਜ ਸਾਰੀ ਤਨਖ਼ਾਹ ਘਰ ਹੀ ਖ਼ਰਚ ਹੋ ਜਾਂਦੀ ਸੀ ਅਤੇ ਕੋਈ ਰਕਮ ਜੁੜਦੀ ਨਹੀਂ ਸੀ। ਮਕਾਨ ਵੀ ਪੁਰਾਣਾ ਸੀ ਲਿਹਾਜਾ ਦਫ਼ਤਰ ਰਾਹੀਂ ਵਿੱਤ ਵਿਭਾਗ ਤੋਂ ਕਰਜ਼ਾ ਲੈ ਕੇ ਪੁਰਾਣਾ ਢਾਹ ਕੇ ਨਵਾਂ ਮਕਾਨ ਬਣਾਇਆ। ਇੰਜ ਹੀ ਛੋਟੇ ਭਰਾ ਨੇ ਵੀ ਪੁਰਾਣਾ ਢਾਹ ਕੇ ਨਵਾਂ ਬਣਾ ਲਿਆ।
ਮੇਰੀ ਪਤਨੀ ਨੇ ਅੱਜਤਕ ਕਦੇ ਕਿਸੇ ਗਹਿਣੇ ਦੀ ਮੰਗ ਨਹੀਂ ਕੀਤੀ, ਉਸ ਨੇ ਤਿੰਨ ਬੇਟਿਆਂ ਦੇ ਵਿਆਹ ’ਚ ਨੂੰਹਾਂ ਨੂੰ ਜਿੰਨਾ ਸੰਭਵ ਹੋਇਆ ਗਹਿਣੇ ਬਣਵਾ ਕੇ ਦਿੱਤੇ। ਉਸ ਕੋਲ ਸਿਰਫ਼ ਕੰਨਾਂ ਦੀਆਂ ਵਾਲ਼ੀਆਂ ਹੀ ਸਨ ਪਰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ’ਤੇ ਪਾਲਕੀ ਸਾਹਿਬ ਦੇ ਦਰਸ਼ਨਾਂ ਨੂੰ ਗਈ ਦੀ ਇਕ ਵਾਲੀ ਕਿਸੇ ਨੇ ਲਾਹ ਲਈ। ਮੈਂ ਆਪਣੀ ਪੈਨਸ਼ਨ ’ਚੋਂ ਉਸ ਦੇ ਖਾਤੇ ’ਚ ਕੁਝ ਰਕਮ ਟਰਾਂਸਫਰ ਕਰ ਦਿੰਦਾ ਹਾਂ, ਜਿਸ ਨਾਲ ਉਹ ਆਪਣੀ ਮਰਜ਼ੀ ਦੇ ਸੂਟ ਆਦਿ ਬਣਵਾ ਲੈਂਦੀ ਹੈ। ਹੋਰ ਕਿਸੇ ਚੀਜ਼ ਦਾ ਉਸ ਨੂੰ ਸ਼ੌਕ ਨਹੀਂ ਹੈ।
ਤਿੰਨੇ ਨੂੰਹਾਂ ਉਸ ਨੂੰ ਮਾਂ ਵਾਂਗ ਸਤਿਕਾਰ ਦਿੰਦੀਆਂ ਹਨ ਅਤੇ ਉਹ ਵੀ ਨੂੰਹਾਂ ਨੂੰ ਆਪਣੀਆਂ ਧੀਆਂ ਵਾਂਗ ਸਮਝਦੀ ਹੈ। ਤਿੰਨਾਂ ਦੇ ਬੱਚੇ ਜਵਾਨ ਹੋ ਗਏ ਹਨ ਅਤੇ ਵਿਆਹ ਨੂੰ ਵੀ ਕਈ ਸਾਲ ਹੋ ਗਏ ਹਨ ਪਰ ਅੱਜ ਤੱਕ ਸਾਰਾ ਪਰਿਵਾਰ ਇਕੱਠਾ ਹੈ। ਤਿੰਨਾਂ ਨੂੰਹਾਂ ਨੇ ਰੋਟੀ ਪਕਾਉਣ ਦੀ ਵਾਰੀ ਬੱਧੀ ਹੋਈ ਹੈ। ਇਕ ਸਵੇਰੇ, ਇਕ ਦੁਪਹਿਰੇ ਅਤੇ ਇਕ ਰਾਤ ਦੀ ਰੋਟੀ ਪਕਾਉਂਦੀ ਹੈ। ਤਿੰਨਾਂ ਦੇ ਦੋ-ਦੋ ਬੱਚੇ (ਇਕ ਬੇਟਾ ਇਕ ਬੇਟੀ) ਹਨ। ਕਿਸੇ ’ਚ ਮੇਰ-ਤੇਰ ਨਹੀਂ ਹੈ। ਖਾਣ ਦੀ ਕੋਈ ਚੀਜ਼ ਵੀ ਕੋਈ ਲਿਆਉਂਦਾ ਹੈ ਤਾਂ ਸਾਰਿਆਂ ’ਚ ਵੰਡ ਕੇ ਖਾਧੀ ਜਾਂਦੀ ਹੈ। ਇਹ ਸਾਰੀ ਕਰਾਮਾਤ ਮੇਰੀ ਪਤਨੀ ਦੀ ਹੈ। ਨੂੰਹਾਂ ਵੀ ਸੱਸ ਦਾ ਤਾਂ ਹੀ ਸਤਿਕਾਰ ਕਰਦੀਆਂ ਹਨ ਜੇਕਰ ਸੱਸ ਵੀ ਨੂੰਹਾਂ ਨੂੰ ਉਨ੍ਹਾਂ ਦੇ ਕੰਮ ’ਚ ਸਹਿਯੋਗ ਦੇਵੇ। ਮੇਰੀ ਪਤਨੀ ਆਪਣੀ ਉਮਰ ਅਤੇ ਸਰੀਰਕ ਹਾਲਤ ਤਹਿਤ ਹਰ ਲੋੜੀਂਦਾ ਸਹਿਯੋਗ ਆਪਣੀਆਂ ਨੂੰਹਾਂ ਨੂੰ ਦਿੰਦੀ ਹੈ। ਸਬਜ਼ੀ ਲਈ ਪਿਆਜ਼, ਲਸਣ ਅਤੇ ਅਦਰਕ ਆਦਿ ਛਿੱਲ ਕੇ ਕੱਟ ਕੇ ਦੇਣਾ, ਸਬਜ਼ੀਆਂ ਧੋ ਕੇ ਕੱਟ ਕੇ ਦੇਣੀਆਂ, ਦਾਲਾਂ ਦੀ ਚੁਗਾਈ ਆਦਿ। ਸਿਆਲ ’ਚ ਸਾਗ ਸਾਫ਼ ਕਰਨਾ ਅਤੇ ਬਾਅਦ ਵਿਚ ਦਾਤਰ ਨਾਲ ਚੀਰ ਕੇ ਦੇਣਾ। ਸਾਗ ਤਾਂ ਆਮਤੌਰ ’ਤੇ ਮੇਰੀ ਪਤਨੀ ਹੀ ਬਣਾਉਂਦੀ ਹੈ, ਸਾਗ ’ਚ ਅੱਲਣ ਪਾ ਕੇ ਸਾਗ ਘੋਟਣ ਵਿਚ ਕਿਸੇ ਨੂੰਹ ਨੂੰ ਜ਼ਰੂਰ ਉਹ ਅਵਾਜ਼ ਮਾਰ ਲੈਂਦੀ ਹੈ।
ਅੱਜਕਲ ਉਸ ਨੇ ਆਪਣੀ ਖੱਬੀ ਅੱਖ ਦਾ ਓਪਰੇਸ਼ਨ ਕਰਵਾਇਆ ਹੋਇਆ ਹੈ, ਜਿਸ ਕਰਕੇ ਉਹ ਨੂੰਹਾਂ ਦੀ ਰਸੋਈ ਦੇ ਕੰਮ ’ਚ ਮਦਦ ਨਹੀਂ ਕਰ ਸਕਦੀ। ਡਾਕਟਰ ਜਦੋਂ ਆਗਿਆ ਦੇਵੇਗਾ ਤਾਂ ਉਹ ਮੁੜ ਨੂੰਹਾਂ ਦੀ ਰਸੋਈ ਦੇ ਕੰਮ ’ਚ ਮਦਦ ਲਈ ਤਿਆਰ ਰਹੇਗੀ। ਪਟਰਾਣੀ ਬਣਕੇ ਅਤੇ ਮੰਜੇ ’ਤੇ ਬਹਿ ਕੇ ਹੁਕਮ ਚਲਾਇਆਂ ਨੂੰਹਾਂ ਤੋਂ ਏਨਾ ਸਤਿਕਾਰ ਨਹੀਂ ਮਿਲਦਾ, ਜਿੰਨਾਂ ਉਨ੍ਹਾਂ ਦੇ ਕੰਮ ’ਚ ਸਹਿਯੋਗੀ ਬਣਨ ’ਤੇ ਮਿਲਦਾ ਹੈ। ਪਰਿਵਾਰ ਨੂੰ ਜੋੜ ਕੇ ਰੱਖਣਾ ਘਰ ਦੀ ਵੱਡੀ ਔਰਤ ਦਾ ਫਰਜ਼ ਬਣਦਾ ਹੈ ਜੋ ਕਿ ਹਰ ਔਰਤ ਨੂੰ ਨਿਭਾਉਣਾ ਚਾਹੀਦਾ ਹੈ।
ਅਜੀਤ ਕਮਲ
-ਮੋਬਾਈਲ : 94173-76895