ਦੁਕਾਨ ਵਾਲ਼ਿਆਂ ਦੀ ਰੋਟੀ ਕੀ ਲਿਆਉਣ ਲੱਗਿਆ, ਫਿਰ ਮੇਰਾ ਭਣੋਈਆ ਵੀ ਸਾਈਕਲ ’ਤੇ ਘਰੋਂ ਰੋਟੀ ਮੰਗਾਉਣ ਲੱਗ ਪਿਆ। ਦੁਕਾਨਦਾਰਾਂ ਨੇ ਮੈਨੂੰ ਇਹ ਵੀ ਦੱਸ ਦਿੱਤਾ ਕਿ ਮੱਝ ਲਈ ਹਰਾ ਲਿਆਉਣ ਲਈ ਟਾਲ ਕਿੱਥੇ ਹੈ। ਉਹ ਬਾਰਾਂ ਹੱਟਾਂ ਟੱਪ ਕੇ ਸੀ। ਪਹਿਲਾਂ ਛੋਟਾ ਭਾਈਆ ਆਪ ਵੱਡੇ ਭਾਈ ਦੀ ਰੋਟੀ ਲੈਣ ਗਿਆ।

ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਆਰੰਭ ਦੇ ਸਾਲਾਂ ’ਚ ਮੈਂ ਮਾਨਸਾ ’ਚ ਸੀ। ਦੋ ਸਾਲ ਆਪਣੇ ਪਿੰਡ ਤਾਜੋ ਦੇ ਨੇੜਲੇ ਪਿੰਡ ਮਹਿਤੇ ਸਿਲਾਈ ਦਾ ਕੰਮ ਸਿੱਖ ਕੇ ਪਿੰਡ ਆਇਆ ਸੀ। ਉਸੇ ਦਿਨ ਸਬੱਬੀਂ ਮੇਰਾ ਮਾਨਸਾ ਵਾਲਾ ਭਣੋਈਆ ਗੁਰਚਰਨ ਸਿੰਘ ਪਿੰਡ ਆਇਆ ਹੋਇਆ ਸੀ। ਉਹਦਾ ਸੁਭਾਅ ਸੀ, ਜਦੋਂ ਵੀ ਪਿੰਡ ਆਉਂਦਾ, ਰਾਤ ਕੱਟ ਕੇ ਜਾਂਦਾ। ਖਾਣ-ਪੀਣ ਦਾ ਉਹਨੂੰ ਚਾਅ ਸੀ। ਘਰਦੇ ਉਹਦੀ ਸੇਵਾ ਕਰਦੇ। ਦਿਨ ਛਿਪੇ ਆਉਂਦਾ।
ਮੇਰਾ ਜਨੂੰਨ ਸੀ ਕਿ ਮੈਂ ਕਮੀਜ਼-ਪੈਂਟ ਵੀ ਸਿੱਖਾਂ ਤੇ ਕੋਟ-ਪੈਂਟ ਵੀ। ਕੱਪੜੇ ਵਾਲੀ ਦੁਕਾਨ ਦੇ ਥੜ੍ਹੇ ’ਤੇ ਨਾ ਬੈਠਾਂ। ਵੱਖਰੀ ਦੁਕਾਨ ਕਰਾਂ। ਜਦੋਂ ਮੈਂ ਮਾਨਸਾ ਗਿਆ ਸੀ, ਉਦੋਂ ਸਰਦੀਆਂ ਸਨ। ਮੈਂ ਜਿੰਨਾ ਕੁ ਕੰਮ ਜਾਣਦਾ ਸੀ, ਭਣੋਈਆ ਮੈਨੂੰ ਕੱਟ ਕੇ ਦੇ ਦਿੰਦਾ। ਮੈਂ ਬਣਾਉਂਦਾ। ਥੋੜ੍ਹੇ ਜਿਹੇ ਦਿਨਾਂ ਪਿੱਛੋਂ ਹੀ ਉਹ ਮੈਨੂੰ ਤੜਕੇ ਚਾਰ ਵਜੇ ਜਗਾਉਣ ਲੱਗ ਪਿਆ। ਕੋਈ ਨਾ ਕੋਈ ਜੀਨ ਦੀ ਪੈਂਟ ਕੱਟ ਕੇ ਦੇ ਦਿੰਦਾ। ਪੈਂਟਾਂ ਲਈ ਉਦੋਂ ਜੀਨ ਦਾ ਕੱਪੜਾ ਹੀ ਹੁੰਦਾ ਸੀ। ਸਕੂਲਾਂ ਦੀਆਂ ਵਰਦੀਆਂ ’ਚ ਵੀ ਖਾਕੀ ਜੀਨ ਲੱਗੀ ਹੋਈ ਸੀ। ਥੁੜ੍ਹੇ-ਟੁੱਟੇ ਵੀ ਖਾਕੀ ਜੀਨ ਪਾਉਂਦੇ। ਬੈਂਕਾਂ ਅਤੇ ਹੋਰਾਂ ਮਹਿਕਮਿਆਂ ਦੇ ਚਪੜਾਸੀ ਵੀ।
ਮਹਿਤੇ ਮੈਂ ਕੁੜਤੇ-ਚਾਦਰੇ, ਔਰਤਾਂ ਦੇ ਸੂਤੀ ਸੂਟ ਅਤੇ ਨਿੱਕੇ-ਮੋਟੇ ਹੋਰ ਕੱਪੜੇ ਸਿਉਂਦਾ ਸੀ। ਜਦੋਂ ਮੈਂ ਭਣੋਈਏ ਨੂੰ ਪੈਂਟ ਬਣਾਉਂਦੇ ਨੂੰ ਦੇਖਦਾ, ਮੈਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀਆਂ ਗੱਲਾਂ ਯਾਦ ਕਰੀ ਜਾਂਦਾ। ਗੱਲਾਂ ਮਨ ’ਚ ਵਸਾਈ ਜਾਂਦਾ। ਜਿਵੇਂ ਕੱਪੜਿਆਂ ਦੀ ਤਹਿ ਲਾਈ ਜਾਂਦੀ ਹੈ, ਉਸੇ ਤਰ੍ਹਾਂ ਮੈਂ ਪੈਂਟ ਬਣਾਉਣ ਦੇ ਪੜਾਅ ਵੀ ਮਨ ’ਚ ਵਸਾਉਂਦਾ ਜਾਂਦਾ। ਜਦੋਂ ਮੈਂ ਦੂਜੇ-ਤੀਜੇ ਦਿਨ ਉਹਨੂੰ ਦੱਸਿਆ ਕਿ ਮੈਂ ਪੈਂਟ ਬਣਾ ਸਕਦਾ ਹਾਂ ਤਾਂ ਉਹਨੇ ਮੈਨੂੰ ਆਪਣੇ ਮੁੰਡੇ ਮੋਹਣ ਦਾ ਜੇਬਾਂ ਵਾਲਾ ਕੱਛਾ ਕੱਟ ਕੇ ਦੇ ਦਿੱਤਾ। ਉਹ ਗੋਡਿਆਂ ਤੱਕ ਹੁੰਦਾ ਸੀ। ਬਾਕੀ ਸਭ ਕੁਝ ਪੈਂਟ ਵਾਂਗ।
ਜੇਬਾਂ ਵੀ। ਮੂਹਰਲੇ ਬਟਨ ਵੀ ਤੇ ਲੱਕ ’ਤੇ ਖੜ੍ਹਨ ਵਾਲੀਆਂ ਹੁੱਕਾਂ ਵੀ। ਸਾਈਡ ਤੇ ਲੱਕ ਖੁੱਲ੍ਹਾ-ਪਤਲਾ ਕਰਨ ਵਾਸਤੇ ਲੁੱਪੀਆਂ ਵੀ। ਬਿਨਾਂ ਪੁੱਛੇ ਮੈਂ ਉਹ ਕੱਛਾ ਬਣਾ ਦਿੱਤਾ। ਵੇਖ ਕੇ ਭਣੋਈਆ ਬੜਾ ਖ਼ੁਸ਼ ਹੋਇਆ। ਲੱਗਿਆ, ਜਿਵੇਂ ਉਹਨੇ ਬੈੜ੍ਹਕਾ ਹਾਲ਼ੀ ਕੱਢ ਲਿਆ ਹੋਵੇ। ਤਿੰਨ-ਚਾਰ ਦਿਨਾਂ ’ਚ ਉਹਨੇ ਮੈਨੂੰ ਜੋ ਕੁਝ ਕੱਟ ਕੇ ਦਿੱਤਾ, ਮੈਂ ਬਿਨਾਂ ਰੋਕ-ਟੋਕ ਦੇ ਬਣਾ ਦਿੰਦਾ। ਦਿਮਾਗ ਚੱਲਦਾ ਸੀ। ਸਾਡੇ ਘਰ ਦੀ ਹਾਲਤ ਮਾੜੀ ਤਾਂ ਨਹੀਂ ਸੀ ਪਰ ਪਿਉ ਦੇ ਦੋ ਵਿਆਹ ਹੋਣ ਕਰਕੇ ਕਲੇਸ਼ ਬਹੁਤ ਸੀ। ਕਲੇਸ਼ ਅਤੇ ਪੜ੍ਹਨ ਲਈ ਪੈਸੇ ਨਾ ਹੋਣ ਕਾਰਨ ਮੈਂ ਘਰਦਿਆਂ ਤੋਂ ਚੋਰੀਓਂ ਮਹਿਤੇ ਕੰਮ ਸਿੱਖਣ ਗਿਆ ਸੀ ਤੇ ਮਹਿਤੇ ਪਿੱਛੋਂ ਏਥੇ ਆ ਡਿੱਗਿਆ ਸੀ। ਗਿਆ ਜਾਂ ਆਇਆ ਤਾਂ ਕਹਿ ਹੀ ਨਹੀਂ ਸਕਦੇ। ਮਜਬੂਰੀ ਸੀ। ਮਜਬੂਰ ਬੰਦਾ ਕੀ ਨਹੀਂ ਕਰਦਾ।
ਸਵੇਰੇ ਨੌਂ ਕੁ ਵਜੇ ਅਸੀਂ ਰੇਲਵੇ ਸਟੇਸ਼ਨ ਕੋਲ ਊਸ਼ਾ ਕਲਾਥ ਹਾਊਸ ਦੇ ਥੜ੍ਹੇ ’ਤੇ ਕੱਪੜੇ ਸਿਉਣ ਜਾਂਦੇ। ਮੇਰੇ ਲਈ ਮਾਨਸਾ ਰਹਿਣ ਦੇ ਦੋ ਇਮਤਿਹਾਨ ਸਨ। ਭਣੋਈਏ ਕੋਲ਼ ਰਹਿਣ ਦਾ ਇਮਤਿਹਾਨ ਮੈਂ ਦੇ ਚੁੱਕਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਇਕ ਇਮਤਿਹਾਨ ਦੁਕਾਨ ਵਾਲੇ ਵੀ ਲੈਣਗੇ। ਮਾਲਕ ਦੋ ਭਰਾ ਸਨ, ਜਿਹੜੇ ਪਾਕਿਸਤਾਨ ’ਚੋਂ ਉੱਜੜ ਕੇ ਆਏ ਸਨ। ਦੋਵਾਂ ਦੇ ਨਾਂ ਤਾਂ ਕੋਈ ਹੋਰ ਸਨ, ਅਸੀਂ ਵੱਡੇ ਨੂੰ ਵੱਡਾ ਭਾਈਆ ਕਹਿੰਦੇ। ਛੋਟੇ ਨੂੰ ਛੋਟਾ ਭਾਈਆ। ਕੁਦਰਤੀ ਉਨ੍ਹਾਂ ਦੀ ਮੇਰੇ ਨਾਲ ਹਮਦਰਦੀ ਹੋ ਗਈ। ਮੇਰੇ ਬਾਰੇ ਮੇਰੇ ਭਣੋਈਏ ਨੇ ਦੱਸਿਆ ਹੋਣਾ।
ਸਵੇਰੇ ਆ ਕੇ ਮੈਂ ਦੋ-ਤਿੰਨ ਦਿਨ ਵਿਹਲਾ ਬੈਠਾ ਕੰਮ ਕਰਦੇ ਭਣੋਈਏ ਨੂੰ ਦੇਖਦਾ ਰਹਿੰਦਾ। ਭਣੋਈਏ ਨੇ ਥੋੜ੍ਹਾ ਜਿਹਾ ਵੱਡਾ ਫੱਟਾ ਬਣਾਉਣ ਵਾਸਤੇ ਦੇ ਦਿੱਤਾ ਸੀ। ਪਹਿਲਾ ਛੋਟਾ ਸੀ, ਜਿਸ ’ਤੇ ਇੱਕੋ ਮਸ਼ੀਨ ਧਰਨੀ ਪੈਂਦੀ ਸੀ। ਹੁਣ ਦੋ ਧਰਨੀਆਂ ਪੈਣੀਆਂ ਸਨ। ਮੈਨੂੰ ਵਿਹਲੇ ਬੈਠੇ ਨੂੰ ਦੇਖ ਕੇ ਇਕ ਦਿਨ ਛੋਟਾ ਭਾਈਆ ਮੈਨੂੰ ਸਾਈਕਲ ’ਤੇ ਬਿਠਾ ਕੇ ਲੈ ਗਿਆ ਤੇ ਆਪਣਾ ਘਰ ਦਿਖਾਇਆ। ਰਾਹ ’ਚ ਮੈਨੂੰ ਸਾਈਕਲ ਬਾਰੇ ਜਾਣਨ ਬਾਰੇ ਵੀ ਪੁੱਛਿਆ। ਮੈਂ ਹਾਂ ਕਹੀ। ਮੈਨੂੰ ਨਹੀਂ ਸੀ ਪਤਾ, ਉਹਨੇ ਮੈਨੂੰ ਘਰ ਕਿਉਂ ਦਿਖਾਇਆ। ਅਗਲੇ ਦਿਨ ਗਿਆਰਾਂ ਕੁ ਵਜੇ ਪਤਾ ਲੱਗਿਆ, ਜਦੋਂ ਉਹਨੇ ਮੈਨੂੰ ਸਾਈਕਲ ਦੀ ਚਾਬੀ ਦੇ ਕੇ ਕਿਹਾ ਕਿ ਮੈਂ ਉਨ੍ਹਾਂ ਦੇ ਘਰੋਂ ਰੋਟੀ ਲੈ ਕੇ ਆਵਾਂ। ਪਹਿਲਾਂ ਅਸੀਂ ਰੋਟੀ ਘਰੇ ਖਾ ਕੇ ਆਉਂਦੇ ਸਾਂ।
ਦੁਕਾਨ ਵਾਲ਼ਿਆਂ ਦੀ ਰੋਟੀ ਕੀ ਲਿਆਉਣ ਲੱਗਿਆ, ਫਿਰ ਮੇਰਾ ਭਣੋਈਆ ਵੀ ਸਾਈਕਲ ’ਤੇ ਘਰੋਂ ਰੋਟੀ ਮੰਗਾਉਣ ਲੱਗ ਪਿਆ। ਦੁਕਾਨਦਾਰਾਂ ਨੇ ਮੈਨੂੰ ਇਹ ਵੀ ਦੱਸ ਦਿੱਤਾ ਕਿ ਮੱਝ ਲਈ ਹਰਾ ਲਿਆਉਣ ਲਈ ਟਾਲ ਕਿੱਥੇ ਹੈ। ਉਹ ਬਾਰਾਂ ਹੱਟਾਂ ਟੱਪ ਕੇ ਸੀ। ਪਹਿਲਾਂ ਛੋਟਾ ਭਾਈਆ ਆਪ ਵੱਡੇ ਭਾਈ ਦੀ ਰੋਟੀ ਲੈਣ ਗਿਆ। ਦੋ ਰੁਪਏ ਦੇ ਕੱਖ ਵੀ ਲੈ ਕੇ ਜਾਂਦਾ ਸੀ। ਮਗਰੋਂ ਇਹ ਵਗਾਰ ਮੇਰੇ ਗਲ਼ ਆ ਪਈ। ਮੇਰੇ ਭਣੋਈਏ ਨੇ ਕੋਈ ਵਿਰੋਧ ਨਹੀਂ ਕੀਤਾ।
ਉਹ ਮਾਲਕਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਕਿਉਂਕਿ ਪੇਂਡੂ ਗਾਹਕਾਂ ਦਾ ਕੱਪੜਾ ਪਾੜਨ ਵੇਲੇ ਉਹ ਨਾਪ ਦਿਵਾ ਕੇ ਸਿਲਾਉਣ ਲਈ ਉਸੇ ਨੂੰ ਦੇ ਦਿੰਦੇ। ਦੁਕਾਨ ਦੇ ਖੱਬੇ ਪਾਸੇ ਅਸੀਂ ਬੈਠੇ ਸੀ, ਸੱਜੇ ਪਾਸੇ ਭਜਨ ਸਿੰਘ ਨਾਂ ਦਾ ਇਕ ਹੋਰ ਦਰਜੀ ਬੈਠਾ ਸੀ। ਉਹਦਾ ਸਾਲਾ ਚੇਤਾ ਸਿੰਘ ਨੱਕ ’ਤੇ ਮੱਖੀ ਨਹੀਂ ਸੀ ਬੈਠਣ ਦਿੰਦਾ। ਹੱਟ ਵਾਲ਼ਿਆਂ ਨੇ ਮੇਰਾ ਜਜ਼ਬਾਤੀ ਸੁਭਾਅ ਦੇਖ ਕੇ ਕਾਠੀ ਪਾ ਲਈ ਸੀ। ਵੱਡਾ ਫੱਟਾ ਆਇਆ। ਮੇਰੀ ਮਸ਼ੀਨ ਵੀ ਪਾਸੇ ’ਤੇ ਆ ਟਿਕੀ।
ਦੁਕਾਨ ਪੱਚੀ ਕੁ ਫੁੱਟ ਲੰਬੀ ਸੀ। ਦਸ-ਬਾਰਾਂ ਫੁੱਟ ਚੌੜੀ। ਪਿਛਲੇ ਪਾਸੇ ਛੇ-ਸੱਤ ਫੁੱਟ ਦਾ ਸਟੋਰ ਸੀ ਜਿਸ ਅੱਗੇ ਪਲਾਈ ਦਾ ਤਖ਼ਤਾ ਲੱਗਿਆ ਹੋਇਆ ਸੀ। ਸਟੋਰ ’ਚ ਕੱਪੜਾ ਪੈ ਕੇ ਆਈਆਂ ਪੱਲੀਆਂ, ਲੱਕੜ ਦੇ ਰਬੜ ਦੇ ਰੂਲੇ, ਥਾਨ ’ਚੋਂ ਨਿਕਲੇ ਗੱਤੇ, ਤਿੰਨ ਟੰਗੀ ’ਤੇ ਤੌੜਾ ਪਿਆ ਹੁੰਦਾ। ਸਾਡੀਆਂ ਮਸ਼ੀਨਾਂ ਤੇ ਫੱਟੇ ਵੀ ਸਟੋਰ ’ਚ ਟਿਕਦੇ। ਤੜਕੇ ਅਸੀਂ ਦੁਕਾਨ ’ਤੇ ਆ ਕੇ ਮਸ਼ੀਨ ਸਾਫ਼ ਕਰਦੇ। ਤੇਲ ਦਿੰਦੇ।
ਹੇਠਾਂ ਪੁਰਜ਼ਿਆਂ ਨੂੰ ਤੇਲ ਦੇਣ ਵੇਲੇ ਜਾਂ ਸ਼ਿਟਲ ਖੋਲ੍ਹਣ ਵੇਲੇ ਮਸ਼ੀਨ ਉੱਪਰ ਚੁੱਕਣੀ ਪੈਂਦੀ। ਇਕ ਦਿਨ ਮੈਂ ਤੜਕੇ ਸ਼ਿਟਲ ਖੋਲ੍ਹਣ ਲਈ ਮਸ਼ੀਨ ਦੇ ਲੱਕ ਨੂੰ ਹੱਥ ਪਾ ਕੇ ਉੱਤੇ ਚੁੱਕਿਆ ਹੀ ਸੀ ਕਿ ਮੈਨੂੰ ਮਸ਼ੀਨ ਦੀ ਪਟੜੀ ਦੇ ਡੱਬੇ ’ਚੋਂ ਦੋ ਦਸੀਆਂ, ਦੋ ਪੰਜੀਆਂ, ਤਿੰਨ-ਚਾਰ ਤਿੱਕੀਆਂ ਦਿਸੀਆਂ। ਦੇਖ ਕੇ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇਹ ਰੱਖੀਆਂ ਨਹੀਂ ਸਨ। ਇਹ ਕਿੱਥੋਂ ਆ ਗਈਆਂ। ਸੋਚਿਆ, ਮੇਰੇ ਭਣੋਈਏ ਨੇ ਰੱਖੀਆਂ ਹੋਣਗੀਆਂ।
ਮੈਂ ਜਦੋਂ ਹੌਲ਼ੀ ਦੇਣੇ ਉਹਨੂੰ ਪੁੱਛਿਆ ਤਾਂ ਉਹਨੇ ਮੂੰਹ ’ਤੇ ਉਂਗਲ ਰੱਖ ਕੇ ਚੁੱਪ ਰਹਿਣ ਲਈ ਕਿਹਾ। ਜਦੋਂ ਘਰੇ ਪੁੱਛਿਆ ਤਾਂ ਉਹਨੇ ਗੱਲ ਗੋਲ਼-ਮੋਲ਼ ਕਰ ਦਿੱਤੀ। ਕਹਿੰਦਾ, ‘‘ਕੋਈ ਨਾ। ਤੈਨੂੰ ਆਪੇ ਪਤਾ ਲੱਗ ਜੂ। ਤੂੰ ਛੇੜੀਂ ਨਾ।’’ਮੈਂ ਉਹਦੀ ਗੱਲ ਪੱਲੇ ਬੰਨ੍ਹ ਲਈ। ਦੋ ਕੁ ਸਾਲਾਂ ’ਚ ਮੈਂ ਕੋਟ-ਪੈਂਟ ਬਣਾਉਣ ਅਤੇ ਕੱਟਣ ਲੱਗ ਪਿਆ।
ਚੇਲੇ ਨੇ ਆਉਣਾ ਵੀ ਹੁੰਦਾ ਹੈ, ਜਾਣਾ ਵੀ। ਮੈਂ ਵੀ ਆ ਗਿਆ।
ਜਦੋਂ ਕਲਮ ਨਾਲ ਵਾਹ ਪਿਆ ਤਾਂ ਸ਼ਾਇਰ ਮਹਿੰਦਰ ਸਾਥੀ ਨਾਲ ਮੇਰੀ ਦੋਸਤੀ ਹੋ ਗਈ। ਉਹ ਪਰਪੱਕ ਕਵੀ ਸੀ, ਮੈਂ ਉੱਠਦਾ ਕਵੀ। ਮੇਰੇ ਗਾਉਣ ਕਰਕੇ ਜਾਂ ਬੀਸੀ ਹੋਣ ਕਰਕੇ ਸਾਡੀ ਸਾਂਝ ਸੀ। ਉਹ ਵੀ ਦੁੱਖਾਂ ਦਾ ਮਾਰਿਆ ਹੋਇਆ ਸੀ, ਮੈਂ ਵੀ। ਤਪਾ ਮੰਡੀ ’ਚ ਇਕ ਸਮਾਗਮ ਹੋਇਆ। ਉਹ ਆਇਆ। ਦੋ-ਤਿੰਨ ਵਾਰ ਅਸੀਂ ਪਹਿਲਾਂ ਮਿਲ ਚੁੱਕੇ ਸੀ। ਉਹ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਜੀਵਨੀ ਦੇ ਤਿੰਨ ਹਿੱਸੇ ਵੀ ਮੇਰੇ ਪੜ੍ਹਨ ਲਈ ਲੈ ਕੇ ਆਇਆ। ਫੜਾਉਂਦਿਆਂ ਇਹ ਵੀ ਕਿਹਾ ਕਿ ਇਹ ਦੋ-ਤਿੰਨ ਵਾਰ ਪੜ੍ਹ। ਤੇਰਾ ਇਹ ਭੁਲੇਖਾ ਨਿਕਲ ਜਾਊ ਕਿ ਮੈਂ ਹੀ ਦੁਖੀ ਹਾਂ।
ਮੈਂ ਉਹ ਪੜ੍ਹਨੇ ਸ਼ੁਰੂ ਕੀਤੇ ਪਰ ਇਕ ਪੰਨੇ ’ਤੇ ਆ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਗੋਰਕੀ ਨੇ ਇਹ ਦੱਸਿਆ ਕਿ ਜਦੋਂ ਉਹ ਮਾਸਕੋ ’ਚ ਕਿਸੇ ਜੁੱਤੀਆਂ ਵਾਲੀ ਦੁਕਾਨ ’ਤੇ ਨੌਕਰੀ ਕਰਦਾ ਸੀ ਤਾਂ ਦੁਕਾਨਦਾਰ ਉਹਦੀ ਇਮਾਨਦਾਰੀ ਪਰਖਣ ਵਾਸਤੇ ਦੁਕਾਨ ’ਚ ਸਿੱਕੇ ਸੁੱਟ ਦਿੰਦੇ ਸਨ। ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਮੈਂ ਚੋਰ ਤਾਂ ਨਹੀਂ। ਇਹ ਪੜ੍ਹਦਿਆਂ ਮੇਰੀਆਂ ਅੱਖਾਂ ਅੱਗੇ ਮੇਰੀ ਮਸ਼ੀਨ ਦੀ ਪਟੜੀ ’ਚ ਧਰੇ ਸਿੱਕੇ ਘੁੰਮ ਗਏ। ਫਿਰ ਸੋਚਿਆ, ਮਾਨਸਾ ਤੋਂ ਮਾਸਕੋ ਹਜ਼ਾਰਾਂ ਮੀਲ ਦੂਰ ਹੈ ਪਰ ਗ਼ਰੀਬ ਨੂੰ ਪਰਖਣ ਦਾ ਢੰਗ ਇੱਕੋ ਹੈ।
-ਬੂਟਾ ਸਿੰਘ ਚੌਹਾਨ
-ਮੋਬਾਈਲ : 98143-80749