ਇਸ ਟਾਪੂ ’ਤੇ ਇੰਨੀ ਵੱਡੀ ਮਾਤਰਾ ਵਿਚ ਤੇਲ ਸਟੋਰ ਕਰਨ ਦੀ ਸਮਰੱਥਾ ਹੈ ਕਿ ਜੇ ਇੱਥੇ ਕੋਈ ਹਮਲਾ ਹੁੰਦਾ ਹੈ ਤਾਂ ਈਰਾਨ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਤੇਲ ਟਿਕਾਣਿਆਂ ਜਾਂ ਬੁਨਿਆਦੀ ਢਾਂਚੇ ’ਤੇ ਹਮਲਾ ਹੁੰਦਾ ਹੈ ਤਾਂ ਉਹ ਸਖ਼ਤ ਜਵਾਬੀ ਕਾਰਵਾਈ ਕਰਨਗੇ।

ਭਾਵੇਂ ਦੁਨੀਆ ਦੇ ਨਕਸ਼ੇ ’ਤੇ ਮਹਿਜ਼ 20 ਵਰਗ ਕਿੱਲੋਮੀਟਰ ਵਿਚ ਫੈਲਿਆ ਇਕ ਟਾਪੂ ਸਿਰਫ਼ ਇਕ ਛੋਟਾ ਜਿਹਾ ਬਿੰਦੂ ਹੀ ਲੱਗਦਾ ਹੋਵੇ ਪਰ ਈਰਾਨ ਦੇ ਇਕ ਰੇਤਲੇ ਟਾਪੂ ਖਾਰਗ ’ਤੇ ਪੂਰੀ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਜੇਕਰ ਇਸ ਟਾਪੂ ’ਤੇ ਕੋਈ ਹਮਲਾ ਹੁੰਦਾ ਹੈ ਜਾਂ ਇੱਥੋਂ ਤੇਲ ਦੀ ਸਪਲਾਈ ਰੁਕਦੀ ਹੈ ਤਾਂ ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆ ਸਕਦਾ ਹੈ।
ਇਸ ਨਾਲ ਗਲੋਬਲ ਐਨਰਜੀ ਮਾਰਕੀਟ ਵਿਚ ਹਾਹਾਕਾਰ ਮਚ ਸਕਦੀ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖਾਰਗ ਦੀਪ ਨੂੰ ਈਰਾਨ ਦੀ ਕਮਜ਼ੋਰੀ ਮੰਨ ਰਹੇ ਹਨ। ਉਹ ਈਰਾਨ ਨੂੰ ਆਰਥਿਕ ਪੱਖੋਂ ਖੋਖਲਾ ਕਰਨਾ ਚਾਹੁੰਦੇ ਹਨ I ਇਸੇ ਲਈ ਇਹ ਟਾਪੂ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ। ਉੱਥੇ ਹੀ ਈਰਾਨ ਇਸ ਨੂੰ ਦੁਨੀਆ ਲਈ ਇਕ ‘ਆਰਥਿਕ ਹਥਿਆਰ’ ਵਜੋਂ ਵਰਤਣ ਦੀ ਧਮਕੀ ਦੇ ਰਿਹਾ ਹੈ।
ਇਸ ਟਾਪੂ ’ਤੇ ਇੰਨੀ ਵੱਡੀ ਮਾਤਰਾ ਵਿਚ ਤੇਲ ਸਟੋਰ ਕਰਨ ਦੀ ਸਮਰੱਥਾ ਹੈ ਕਿ ਜੇ ਇੱਥੇ ਕੋਈ ਹਮਲਾ ਹੁੰਦਾ ਹੈ ਤਾਂ ਈਰਾਨ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਤੇਲ ਟਿਕਾਣਿਆਂ ਜਾਂ ਬੁਨਿਆਦੀ ਢਾਂਚੇ ’ਤੇ ਹਮਲਾ ਹੁੰਦਾ ਹੈ ਤਾਂ ਉਹ ਸਖ਼ਤ ਜਵਾਬੀ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਵਿਸ਼ਵ ਤੇਲ ਸਪਲਾਈ ਦੇ ਸਭ ਤੋਂ ਮਹੱਤਵਪੂਰਨ ਰਸਤੇ ਹੋਰਮੁਜ਼ ਨੂੰ ਬੰਦ ਕਰ ਦੇਵੇਗਾ ਜਿਸ ਨਾਲ ਪੂਰੀ ਦੁਨੀਆ ਵਿਚ ਤੇਲ ਦਾ ਭਾਰੀ ਸੰਕਟ ਪੈਦਾ ਹੋ ਜਾਵੇਗਾ।
ਇਹ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਹੈ ਜਿੱਥੋਂ ਦੁਨੀਆ ਦਾ ਲਗਪਗ 20% ਤੇਲ ਲੰਘਦਾ ਹੈ। ਈਰਾਨ ਦੇ ਬੁਸ਼ਹਿਰ ਤਟ ਤੋਂ ਲਗਪਗ 25 ਕਿੱਲੋਮੀਟਰ ਦੂਰ ਫ਼ਾਰਸ ਦੀ ਖਾੜੀ ਦੇ ਉੱਤਰ-ਪੂਰਬੀ ਹਿੱਸੇ ਵਿਚ ਸਥਿਤ ਖਾਰਗ ਦੀਪ ਮਹਿਜ਼ 6 ਕਿੱਲੋਮੀਟਰ ਲੰਬਾ ਅਤੇ ਲਗਪਗ 4 ਕਿੱਲੋਮੀਟਰ ਚੌੜਾ ਹੈ।
ਇਹ ਟਾਪੂ ਈਰਾਨ ਲਈ ਆਰਥਿਕ ਅਤੇ ਰਣਨੀਤਕ ਪੱਖੋਂ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ। ਟਾਪੂ ਦੇ ਪੂਰਬੀ ਪਾਸੇ ਟੀ-ਜੈੱਟੀ ਹੈ ਜਿੱਥੇ ਇੱਕੋ ਸਮੇਂ ਕਈ ਦਰਮਿਆਨੇ ਆਕਾਰ ਦੇ ਟੈਂਕਰ ਖੜ੍ਹੇ ਹੋ ਸਕਦੇ ਹਨ। ਟਾਪੂ ਦੇ ਪੱਛਮੀ ਪਾਸੇ ਡੂੰਘੇ ਪਾਣੀ ਵਿਚ ਸਥਿਤ ਸੀ-ਆਈਲੈਂਡ ਖ਼ਾਸ ਤੌਰ ’ਤੇ ਦੁਨੀਆ ਦੇ ਸਭ ਤੋਂ ਵਿਸ਼ਾਲ ਤੇਲ ਟੈਂਕਰਾਂ ਲਈ ਬਣਾਇਆ ਗਿਆ ਹੈ। ਇੱਥੇ ਪਾਣੀ ਦੀ ਡੂੰਘਾਈ ਇੰਨੀ ਹੈ ਕਿ 5,00,000 ਟਨ ਤੱਕ ਦੇ ਜਹਾਜ਼ ਆਸਾਨੀ ਨਾਲ ਆ ਸਕਦੇ ਹਨ। ਈਰਾਨ ਦੁਆਰਾ ਦੁਨੀਆ ਭਰ ਵਿਚ ਭੇਜੇ ਜਾਣ ਵਾਲੇ ਕੱਚੇ ਤੇਲ ਦਾ ਬਹੁਤ ਵੱਡਾ ਹਿੱਸਾ ਇਸੇ ਟਾਪੂ ਰਾਹੀਂ ਹੋ ਕੇ ਜਾਂਦਾ ਹੈ।
ਖਾਰਗ ਦੀਪ ’ਤੇ ਤੇਲ ਦੇ ਵੱਡੇ-ਵੱਡੇ ਟੈਂਕ ਬਣੇ ਹੋਏ ਹਨ। ਇੱਥੇ ਅਨੁਮਾਨਤ 28 ਤੋਂ 30 ਮਿਲੀਅਨ ਬੈਰਲ ਕੱਚਾ ਤੇਲ ਸਟੋਰ ਕਰਨ ਦੀ ਸਮਰੱਥਾ ਹੈ ਅਤੇ ਇੱਥੋਂ ਰੋਜ਼ਾਨਾ ਲਗਪਗ 5 ਮਿਲੀਅਨ ਬੈਰਲ ਤੇਲ ਜਹਾਜ਼ਾਂ ਵਿਚ ਭਰਿਆ ਜਾ ਸਕਦਾ ਹੈ। ਇਹ ਖੇਤਰ ਅਹਿਮ ਸਮੁੰਦਰੀ ਰਸਤੇ ਦੇ ਨੇੜੇ ਹੋਣ ਕਾਰਨ ਰਣਨੀਤਕ ਪੱਖੋਂ ਮਹੱਤਵਪੂਰਨ ਹੈ। ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਹੀ ਇੱਥੇ ਸੰਕਟ ਦੇ ਗਹਿਰੇ ਬੱਦਲ ਛਾਏ ਹੋਣ। ਸੰਨ 1980 ਦੇ ਦਹਾਕੇ ਵਿਚ ਹੋਈ ਈਰਾਨ-ਇਰਾਕ ਜੰਗ, ਜਿਸ ਨੂੰ ‘ਟੈਂਕਰ ਵਾਰ’ ਵੀ ਕਿਹਾ ਜਾਂਦਾ ਹੈ, ਦੌਰਾਨ ਖਾਰਗ ਦੀਪ ਖ਼ੂਨੀ ਸੰਘਰਸ਼ ਦਾ ਮੁੱਖ ਕੇਂਦਰ ਰਿਹਾ ਸੀ।
ਸੰਨ 1982 ਤੋਂ 1988 ਦੇ ਵਿਚਕਾਰ ਇਸੇ ਦੀਪ ’ਤੇ ਇਰਾਕੀ ਹਵਾਈ ਸੈਨਾ ਨੇ ਸੈਂਕੜੇ ਵਾਰ ਹਮਲੇ ਕੀਤੇ ਸਨ ਅਤੇ ਇਸ ਨੂੰ ‘ਦੁਨੀਆ ਦਾ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾਣ ਵਾਲਾ ਟਾਪੂ’ ਕਿਹਾ ਜਾਣ ਲੱਗਾ। ਇਰਾਕ ਨੇ ਫਰਾਂਸ ਤੋਂ ਮਿਲੇ ‘ਸੁਪਰ ਐਟੈਂਡਰਡ’ ਜਹਾਜ਼ਾਂ ਅਤੇ ‘ਐਕਸੋਸੈੱਟ’ ਮਿਜ਼ਾਈਲਾਂ ਦੀ ਵਰਤੋਂ ਕਰ ਕੇ ਇੱਥੋਂ ਦੇ ਤੇਲ ਟੈਂਕਾਂ ਅਤੇ ਜੈੱਟਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ। ਇਰਾਕ ਦੇ ਤਤਕਾਲੀ ਰਾਸ਼ਟਰਪਤੀ ਸੱਦਾਮ ਹੁਸੈਨ ਜਾਣਦੇ ਸਨ ਕਿ ਜੇਕਰ ਈਰਾਨ ਨੂੰ ਹਰਾਉਣਾ ਹੈ ਤਾਂ ਉਸ ਦੀ ਆਮਦਨ ਦੇ ਤੇਲ ਰੂਪੀ ਸਰੋਤ ਨੂੰ ਬੰਦ ਕਰਨਾ ਪਵੇਗਾ।
ਭਾਰੀ ਬੰਬਾਰੀ ਦੇ ਬਾਵਜੂਦ ਇਰਾਕ ਖਾਰਗ ਦੀਪ ਤੋਂ ਹੋਣ ਵਾਲੇ ਨਿਰਯਾਤ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਿਆ ਸੀ। ਈਰਾਨੀ ਇੰਜੀਨੀਅਰਾਂ ਨੇ ਹਮਲੇ ਦੇ ਕੁਝ ਘੰਟਿਆਂ ਬਾਅਦ ਹੀ ਮੁਰੰਮਤ ਕਰ ਕੇ ਤੇਲ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਸੀ। ਹਮਲਿਆਂ ਤੋਂ ਬਚਣ ਲਈ ਈਰਾਨ ਨੇ ਖਾਰਗ ਦੀਪ ਤੋਂ ਤੇਲ ਨੂੰ ਛੋਟੇ ਜਹਾਜ਼ਾਂ ਰਾਹੀਂ ‘ਸਿਰੀ ਦੀਪ’ ਵਰਗੇ ਦੂਰ-ਦੁਰਾਡੇ ਇਲਾਕਿਆਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਸੀ ਜਿੱਥੇ ਇਰਾਕੀ ਜਹਾਜ਼ ਨਹੀਂ ਪਹੁੰਚ ਸਕਦੇ ਸਨ।
ਉਸੇ ਵੇਲੇ ਤੋਂ ਈਰਾਨ ਜਾਣਦਾ ਹੈ ਕਿ ਖਾਰਗ ਦੀਪ ਉਸ ਲਈ ਕਿੰਨਾ ਨਾਜ਼ੁਕ ਅਤੇ ਮਹੱਤਵਪੂਰਨ ਹੈl ਅੱਜ ਉਹੀ ਖ਼ਤਰਾ ਇਜ਼ਰਾਈਲ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ। ਇਸੇ ਲਈ ਤਾਜ਼ਾ ਰਿਪੋਰਟਾਂ ਅਨੁਸਾਰ ਹੁਣ ਈਰਾਨ ਨੇ ਇਸ ਦੀ ਸੁਰੱਖਿਆ ਲਈ ਭਾਰੀ ਫ਼ੌਜੀ ਤਾਇਨਾਤੀ ਕੀਤੀ ਹੋਈ ਹੈ ਅਤੇ ਮਿਜ਼ਾਈਲ ਡਿਫੈਂਸ ਸਿਸਟਮ ਲਗਾਏ ਹੋਏ ਹਨ। ਆਪਣੀ ‘ਐੱਸ-300’ ਵਰਗੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਈਰਾਨ ਦੇ ਪੱਖ ਵਿਚ ਸਪਸ਼ਟ ਤੌਰ ’ਤੇ ਖੜ੍ਹੇ ਚੀਨ ਅਤੇ ਰੂਸ, ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਦੇ ਖ਼ਿਲਾਫ਼ ਹਨ।
ਰੱਬ ਨਾ ਕਰੇ, ਜੇਕਰ ਖਾਰਗ ਦੀਪ ’ਤੇ ਹਮਲਾ ਹੁੰਦਾ ਹੈ ਤਾਂ ਇਹ ਸਿਰਫ਼ ਈਰਾਨ-ਇਜ਼ਰਾਈਲ, ਅਮਰੀਕਾ ਦੀ ਜੰਗ ਨਹੀਂ, ਸਗੋਂ ਪੂਰੀ ਦੁਨੀਆ ਲਈ ‘ਆਰਥਿਕ ਸੁਨਾਮੀ’ ਸਾਬਿਤ ਹੋ ਸਕਦਾ ਹੈ। ਆਰਥਿਕ ਮਾਹਿਰਾਂ ਅਨੁਸਾਰ, ਵਿਸ਼ਵ ਬਾਜ਼ਾਰ ਵਿਚ ਤੇਲ ਦੀ ਸਪਲਾਈ ਵਿਚ ਵੱਡੇ ਪੱਧਰ ’ਤੇ ਕਮੀ ਆ ਸਕਦੀ ਹੈ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੁਰੰਤ ਤੇਜ਼ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇਹ ਆਪਣੀ ਲੋੜ ਦਾ 85% ਤੇਲ ਬਾਹਰੋਂ ਮੰਗਵਾਉਂਦਾ ਹੈ। ਤੇਲ ਮਹਿੰਗਾ ਹੋਣ ਨਾਲ ਸਾਮਾਨ ਦੀ ਢੋਆ-ਢੁਆਈ ਮਹਿੰਗੀ ਹੋ ਜਾਂਦੀ ਹੈ। ਇਸ ਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਫਲ, ਸਬਜ਼ੀਆਂ ਅਤੇ ਰਾਸ਼ਨ ਦੀਆਂ ਕੀਮਤਾਂ ’ਤੇ ਪੈਂਦਾ ਹੈ, ਜਿਸ ਨਾਲ ਆਮ ਆਦਮੀ ਦਾ ਬਜਟ ਵਿਗੜ ਸਕਦਾ ਹੈ। ਜਦੋਂ ਤੇਲ ਮਹਿੰਗਾ ਹੁੰਦਾ ਹੈ ਤਾਂ ਭਾਰਤ ਨੂੰ ਜ਼ਿਆਦਾ ਡਾਲਰ ਖ਼ਰਚਣੇ ਪੈਂਦੇ ਹਨ ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਪੈਂਦਾ ਹੈ ਅਤੇ ਭਾਰਤੀ ਰੁਪਇਆ ਕਮਜ਼ੋਰ ਹੋ ਸਕਦਾ ਹੈ। ਪੰਜਾਬ ਦੇ ਕਿਸਾਨਾਂ ਲਈ ਡੀਜ਼ਲ ਦੀ ਮਹਿੰਗਾਈ ਕਾਰਨ ਸਿੱਧਾ ਖੇਤੀ ਲਾਗਤ ਵਿਚ ਵਾਧਾ ਹੋਵੇਗਾ, ਟਰੈਕਟਰ ਚਲਾਉਣਾ ਅਤੇ ਫ਼ਸਲ ਮੰਡੀ ਤੱਕ ਪਹੁੰਚਾਉਣੀ ਮਹਿੰਗੀ ਹੋਵੇਗੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਅਤੇ ਗੈਸ ਮਹਿੰਗੀ ਹੋਣ ਨਾਲ ਯੂਰੀਆ ਅਤੇ ਹੋਰ ਖਾਦਾਂ ਦੀਆਂ ਕੀਮਤਾਂ ’ਤੇ ਅਸਰ ਪੈਂਦਾ ਹੈ। ਸ਼ਾਂਤੀ ਹੀ ਇੱਕੋ-ਇੱਕ ਰਸਤਾ ਹੈ ਕਿਉਂਕਿ ਜੰਗ ਦੀ ਕੀਮਤ ਪੂਰੀ ਦੁਨੀਆ ਦੇ ਆਮ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਚੁਕਾਉਣੀ ਪੈਂਦੀ ਹੈ। ਸਵਾਲ ਇਹ ਹੈ ਕਿ ਕੀ ਕੂਟਨੀਤੀ ਰਾਹੀਂ ਵਿਸ਼ਵ ਸ਼ਕਤੀਆਂ ਇਸ ਆਰਥਿਕ ਤਬਾਹੀ ਨੂੰ ਰੋਕ ਸਕਣਗੀਆਂ ਅਤੇ ਇਸ ਸੰਕਟ ਨੂੰ ਟਾਲਿਆ ਜਾ ਸਕੇਗਾ ਜਾਂ ਫਿਰ ਇਹ ਛੋਟਾ ਜਿਹਾ ਟਾਪੂ ਕਿਸੇ ਵੱਡੀ ਜੰਗ ਦਾ ਕਾਰਨ ਬਣੇਗਾ?
-ਗੁਰ ਕ੍ਰਿਪਾਲ ਸਿੰਘ ਅਸ਼ਕ
-ਮੋਬਾਈਲ : 98780-19889