ਪੰਜਾਬ ਰੋਡਵੇਜ਼ ਦੇ ਇਕ ਡਿਪੂ ’ਤੇ ਲੱਗਾ ਮਕੈਨਿਕ ਵੀ ਅਜਿਹਾ ਹੀ ਸੋਚਦਾ ਸੀ। ਉਸ ਨੂੰ ਸ਼ਰਾਬ ਪੀਣ ਦਾ ਸ਼ੌਕ ਤਾਂ ਹੈ ਹੀ ਸੀ, ਨਾਲ ਹੀ ਮੀਟ ਖਾਣ ਦਾ ਚਸਕਾ ਵੀ ਪੈ ਗਿਆ। ਰੋਡਵੇਜ਼ ਦੇ ਚੰਡੀਗੜ੍ਹ ਜਾਣ ਵਾਲੇ ਡਰਾਈਵਰ ਅਕਸਰ ਓਥੋਂ ਸਸਤੀ ਸ਼ਰਾਬ ਆਪਣੇ ਨਾਲ ਲੈ ਆਉਂਦੇ ਸਨ। ਉਹ ਆਪ ਵੀ ਇਸ ਦਾ ਅਨੰਦ ਮਾਣਦੇ ਸਨ ਅਤੇ ਆਪਣੇ ਯਾਰਾਂ-ਦੋਸਤਾਂ ਨੂੰ ਵੀ ਇਸ ਦਾ ਸੁਆਦ ਚਖਾਉਂਦੇ ਸਨ।

ਸਿਆਣੇ ਆਖਦੇ ਹਨ ਕਿ ਵਿਅਕਤੀ ਨੂੰ ਚਾਦਰ ਦੇਖ ਕੇ ਆਪਣੇ ਪੈਰ ਪਸਾਰਨੇ ਚਾਹੀਦੇ ਹਨ। ਕਈ ਵਿਅਕਤੀ ਬਿਨਾਂ ਸੋਚਿਆਂ ਹੀ ਪੈਸੇ ਖ਼ਰਚ ਕਰੀ ਜਾਣਗੇ। ਉਹ ਔਖੇ ਵੇਲੇ ਲਈ ਪੈਸੇ ਬਚਾਅ ਕੇ ਰੱਖਣ ਦੀ ਆਦਤ ਨਹੀਂ ਪਾਉਂਦੇ। ਕਈ ਤਾਂ ਬਜ਼ੁਰਗਾਂ ਦੀ ਇਹ ਕਹਾਵਤ ਕਹਿ ਕੇ ਸਾਰ ਲੈਂਦੇ ਹਨ ਕਿ “ਰੱਬਾ ਖ਼ਰਚ ਵਧਾ” ਭਾਵ ਜੇ ਰੱਬ ਖ਼ਰਚ ਵਧਾਏਗਾ ਤਾਂ ਉਹ ਖ਼ਰਚਣ ਵਾਸਤੇ ਪੈਸੇ ਵੀ ਦੇਵੇਗਾ। ਕਈ ਇਹ ਕਹਿ ਕੇ ਵੀ ਮਨ ਨੂੰ ਦਿਲਾਸਾ ਦੇ ਦਿੰਦੇ ਹਨ ਕਿ ਜੋ ਵੀ ਹੁੰਦਾ ਹੈ, ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਗੁਰੂ ਪੀਰ ਵੀ ਇਹੀ ਕਹਿੰਦੇ ਹਨ ਕਿ ਸਭ ਕੁਝ ਰੱਬ ਦੇ ਹੁਕਮ ਨਾਲ ਹੀ ਹੁੰਦਾ ਹੈ।
ਪੰਜਾਬ ਰੋਡਵੇਜ਼ ਦੇ ਇਕ ਡਿਪੂ ’ਤੇ ਲੱਗਾ ਮਕੈਨਿਕ ਵੀ ਅਜਿਹਾ ਹੀ ਸੋਚਦਾ ਸੀ। ਉਸ ਨੂੰ ਸ਼ਰਾਬ ਪੀਣ ਦਾ ਸ਼ੌਕ ਤਾਂ ਹੈ ਹੀ ਸੀ, ਨਾਲ ਹੀ ਮੀਟ ਖਾਣ ਦਾ ਚਸਕਾ ਵੀ ਪੈ ਗਿਆ। ਰੋਡਵੇਜ਼ ਦੇ ਚੰਡੀਗੜ੍ਹ ਜਾਣ ਵਾਲੇ ਡਰਾਈਵਰ ਅਕਸਰ ਓਥੋਂ ਸਸਤੀ ਸ਼ਰਾਬ ਆਪਣੇ ਨਾਲ ਲੈ ਆਉਂਦੇ ਸਨ। ਉਹ ਆਪ ਵੀ ਇਸ ਦਾ ਅਨੰਦ ਮਾਣਦੇ ਸਨ ਅਤੇ ਆਪਣੇ ਯਾਰਾਂ-ਦੋਸਤਾਂ ਨੂੰ ਵੀ ਇਸ ਦਾ ਸੁਆਦ ਚਖਾਉਂਦੇ ਸਨ। ਡਰਾਈਵਰ ਇਹ ਵੀ ਸੋਚਦੇ ਸਨ ਕਿ ਸ਼ਰਾਬ ਦੇ ਲਾਲਚ ਵਿਚ ਮਕੈਨਿਕ ਉਨ੍ਹਾਂ ਦੀਆਂ ਬੱਸਾਂ ਦਾ ਖਿਆਲ ਰੱਖੇਗਾ। ਮਕੈਨਿਕ ਦਾ ਮੁਫ਼ਤ ਦੀ ਥੋੜ੍ਹੀ ਸ਼ਰਾਬ ਨਾਲ ਸਰਦਾ ਨਹੀਂ ਸੀ। ਉਹ ਡਰਾਈਵਰਾਂ ਤੋਂ ਆਪਣੇ ਘਰ ਵਾਸਤੇ ਵੱਖਰੀ ਸ਼ਰਾਬ ਮੰਗਵਾ ਲਿਆ ਕਰਦਾ ਸੀ। ਰਾਤ ਦੀ ਰੋਟੀ ਖਾਣ ਤੋਂ ਪਹਿਲਾਂ ਉਹ ਹੋਰ ਇਕ-ਦੋ ਪੈੱਗ ਮਾਰ ਲੈਂਦਾ ਸੀ, ਭਾਵੇਂ ਕਿ ਦਿਨ ਵੇਲੇ ਦਫ਼ਤਰ ਦੇ ਟਾਈਮ ’ਚ ਵੀ ਉਹ ਚੋਰੀ ਛਿਪੇ ਦਾਅ ਲਾ ਲੈਂਦਾ ਸੀ।
ਘਰ ਪੀਣ ਕਰਕੇ ਉਸ ਦਾ ਛੋਟੇ ਭਰਾ, ਜੋ ਕਿ ਨਗਰਪਾਲਿਕਾ ਵਿਚ ਕਲਰਕ ਵਜੋਂ ਤਾਇਨਾਤ ਸੀ, ਨੂੰ ਵੀ ਪੀਣ ਦਾ ਸ਼ੌਕ ਪੈ ਗਿਆ। ਉਨ੍ਹਾਂ ਨੇ ਹੁਣ ਹਫ਼ਤੇ ਵਿਚ ਇਕ-ਦੋ ਵਾਰ ਮੀਟ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਬੇਲੋੜੇ ਖ਼ਰਚ ਨੇ ਉਨ੍ਹਾਂ ਦੀ ਜੇਬ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਹੀ ਖਾਲੀ ਕਰਨੀ ਸ਼ੁਰੂ ਕਰ ਦਿੱਤੀ। ਘਰ ਦਾ ਰਾਸ਼ਨ ਅਤੇ ਬੱਚਿਆਂ ਦੀ ਫੀਸ ਦੀ ਰਕਮ ਤਾਂ ਤਨਖ਼ਾਹ ਮਿਲਣ ’ਤੇ ਹੀ ਅਡਜਸਟ ਹੋ ਜਾਂਦੀ। ਬਾਕੀ ਬਚਦੀ ਤਨਖ਼ਾਹ ਇਨ੍ਹਾਂ ਦੋਵਾਂ ਭਰਾਵਾਂ ਦੇ ਖਾਣ-ਪੀਣ ’ਤੇ ਖ਼ਰਚ ਹੋ ਜਾਂਦੀ ਸੀ। ਦੋਹਾਂ ਦੀਆਂ ਘਰਦੀਆਂ ਬਥੇਰਾ ਇਨ੍ਹਾਂ ਨੂੰ ਟੋਕਦੀਆਂ, ਪਰ ਇਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸੀ ਸਰਕਦੀ। ਖਾਣ-ਪੀਣ ਦੀ ਇਸ ਆਦਤ ਨੇ ਇਨ੍ਹਾਂ ਦੇ ਸਰੀਰ ਵਿਚ ਵੀ ਵਿਗਾੜ ਪਾਉਣਾ ਸ਼ੁਰੂ ਕਰ ਦਿੱਤਾ।
ਵੱਡਾ ਭਰਾ ਮੋਟਾ ਹੋਈ ਜਾਂਦਾ ਸੀ ਅਤੇ ਛੋਟਾ ਭਰਾ ਪਤਲਾ। ਵੱਡੇ ਭਰਾ ਨੂੰ ਤੁਰਨ ਲੱਗਿਆਂ ਸਾਹ ਚੜ੍ਹਦਾ ਸੀ। ਕੰਮ ਕਰਦਿਆਂ ਛੇਤੀ ਥਕਾਵਟ ਮਹਿਸੂਸ ਕਰਨ ਲੱਗਾ ਸੀ। ਡਾਕਟਰਾਂ ਨੇ ਵੀ ਬੜਾ ਮਨ੍ਹਾ ਕੀਤਾ ਪਰ ਉਹ ਸ਼ਰਾਬ ਨਾ ਛੱਡ ਸਕਿਆ। ਸਿੱਟਾ ਇਹ ਨਿਕਲਿਆ ਕਿ ਇਕ ਦਿਨ ਡਿਊਟੀ ਦੌਰਾਨ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਉਸ ਦੀ ਥਾਂ ’ਤੇ ਉਸ ਦੇ ਵੱਡੇ ਬੇਟੇ ਨੂੰ ਪੰਜਾਬ ਰੋਡਵੇਜ਼ ਵਿਚ ਹੀ ਕਲਰਕ ਦੀ ਨੌਕਰੀ ਮਿਲ ਗਈ। ਰੱਬ ਦੀ ਰਹਿਮਤ ਕਿ ਉਹ ਪਿਤਾ ਵਾਲੇ ਮਾੜੇ ਸ਼ੌਕ ਤੋਂ ਬਚਿਆ ਰਿਹਾ। ਉਹ ਧਾਰਮਿਕ ਬਿਰਤੀ ਵਾਲਾ ਸੀ।
ਉਸ ਨੂੰ ਚਾਚੇ ਦਾ ਸ਼ਰਾਬ ਪੀਣਾ ਚੰਗਾ ਨਹੀਂ ਸੀ ਲੱਗਦਾ। ਇਹ ਦੋ ਭਰਾਵਾਂ ਦਾ ਪਰਿਵਾਰ ਦੋ ਮਰਲੇ ਦੇ ਇਕ ਮਕਾਨ ਵਿਚ ਇਕੱਠੇ ਰਹਿੰਦਾ ਸੀ। ਵੱਡਾ ਭਰਾ ਹੇਠਾਂ ਅਤੇ ਛੋਟਾ ਭਰਾ ਚੁਬਾਰੇ ਵਿਚ ਰਹਿੰਦਾ ਸੀ। ਵੱਡੇ ਭਰਾ ਦੇ ਬੇਟੇ ਨੇ ਪਿਤਾ ਦੀ ਮੌਤ ਉਪਰੰਤ ਮਿਲੇ ਕੁਝ ਪੈਸਿਆਂ ਅਤੇ ਕੁਝ ਬੈਂਕ ਤੋਂ ਕਰਜ਼ਾ ਲੈ ਕੇ ਨਜ਼ਦੀਕ ਦੇ ਮੁਹੱਲੇ ਵਿਚ ਇਕ ਪੰਜ ਮਰਲਿਆਂ ਦਾ ਬਣਿਆ-ਬਣਾਇਆ ਮਕਾਨ ਖ਼ਰੀਦ ਲਿਆ ਅਤੇ ਆਪਣੀ ਮਾਂ ਨੂੰ ਨਾਲ ਲੈ ਕੇ ਆਪਣੇ ਵੱਖਰੇ ਮਕਾਨ ਵਿਚ ਚਲਾ ਗਿਆ।
ਇਧਰ ਛੋਟਾ ਭਰਾ ਇਕੱਲਾ ਪੁਰਾਣੇ ਮਕਾਨ ਵਿਚ ਰਹਿਣ ਲੱਗ ਪਿਆ। ਹੁਣ ਉਸ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਸੀ। ਪਹਿਲਾਂ ਵੱਡੀ ਭਰਜਾਈ ਉਸ ਨੂ਼ੰ ਅਕਸਰ ਸਮਝਾਉਂਦੀ ਰਹਿੰਦੀ ਸੀ ਕਿ ਸਮਝ ਜਾ, ਆਪਣੇ ਵੱਡੇ ਭਰਾ ਦਾ ਹਸ਼ਰ ਯਾਦ ਕਰ ਲੈ, ਪਰ ਉਹ ਨਹੀਂ ਸਮਝਿਆ। ਉਸ ਦੀ ਆਰਥਿਕ ਹਾਲਤ ਵੀ ਨਾ ਸੁਧਰੀ। ਮੈਨੂੰ ਅਜਿਹੀ ਇਕ ਹੋਰ ਪਰਿਵਾਰ ਦੀ ਕਹਾਣੀ ਯਾਦ ਆ ਗਈ ਹੈ, ਜੋ ਕਿ ਮੈਂ ਆਪ ਨਾਲ ਸਾਂਝੀ ਕਰਦਾ ਹਾਂ।
ਮੇਰਾ ਜਾਣਕਾਰ ਇਕ ਬਜ਼ੁਰਗ ਡੇਰਾ ਰੋਡ ਬਟਾਲਾ ਵਿਖੇ ਆਪਣੀ ਮਾਲਕੀ ਦੀ ਦੁਕਾਨ ਵਿਚ ਕਢਾਈ ਦਾ ਕੰਮ ਕਰਦਾ ਸੀ। ਉਸ ਨੂੰ ਵੀ ਸ਼ਰਾਬ ਪੀਣ ਦਾ ਕਾਫ਼ੀ ਸ਼ੌਕ ਸੀ। ਇਕ ਵਾਰ ਉਸ ਦੇ ਬੇਟੇ ਦੇ ਦੋ ਦੋਸਤਾਂ ਨੇ ਸ਼ਰਾਬ ਦਾ ਠੇਕਾ ਲੈਣ ਦਾ ਮਨ ਬਣਾਇਆ ਅਤੇ ਆਪਣੇ ਦੋਸਤ ਦੇ ਪਿਤਾ, ਭਾਵ ਉਸ ਬਜ਼ੁਰਗ ਨੂੰ ਠੇਕਾ ਖੋਲ੍ਹਣ ਲਈ ਦੁਕਾਨ ਕਿਰਾਏ ’ਤੇ ਦੇਣ ਲਈ ਕਿਹਾ। ਨਾਲ ਹੀ ਉਨ੍ਹਾਂ ਨੇ ਇਹ ਵੀ ਰਿਆਇਤ ਦੇਣ ਲਈ ਕਿਹਾ ਕਿ ਉਹ ਆਪਣੀ ਕਢਾਈ ਦੀ ਮਸ਼ੀਨ ਬੇਸ਼ੱਕ ਠੇਕੇ ਦੇ ਸਾਹਮਣੇ ਰੱਖ ਲਿਆ ਕਰੇ। ਬਜ਼ੁਰਗ ਤਾਂ ਭਾਵੇਂ ਮੰਨ ਜਾਂਦਾ, ਪਰ ਉਸ ਦੀ ਘਰਵਾਲੀ ਨੇ ਦੁਕਾਨ ਕਿਰਾਏ ’ਤੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਠੇਕੇ ਦੇ ਸਾਹਮਣੇ ਇਕ ਤਾਂ ਔਰਤ ਗਾਹਕ ਕਿਵੇਂ ਆਏਗਾ।
ਦੂਜਾ ਠੇਕੇ ਵਾਲੇ ਮੁੜ ਕਦੇ ਦੁਕਾਨ ਖਾਲੀ ਨਹੀਂ ਕਰਦੇ। ਲਿਹਾਜ਼ਾ ਉਸ ਨੇ ਤਾਂ ਦੁਕਾਨ ਠੇਕੇ ਲਈ ਨਾ ਦਿੱਤੀ ਪਰ ਕੁਦਰਤ ਦਾ ਭਾਣਾ ਕਿ ਉਸ ਦੀ ਦੁਕਾਨ ਤੋਂ ਇਕ ਦੁਕਾਨ ਛੱਡ ਕੇ ਇਕ ਸਬਜ਼ੀ ਵੇਚਣ ਵਾਲੀ ਦੁਕਾਨ ਕਿਰਾਏ ’ਤੇ ਲੈ ਕੇ ਕਿਸੇ ਹੋਰ ਠੇਕੇਦਾਰ ਨੇ ਠੇਕਾ ਖੋਲ੍ਹ ਲਿਆ। ਭਾਵੇਂ ਕਿ ਠੇਕੇ ਦੇ ਅੰਦਰਵਾਰ ਹੀ ਸਰਕਾਰੀ ਅਹਾਤਾ ਸੀ ਪਰ ਉਸ ਬਜ਼ੁਰਗ ਦੇ ਪੇਂਡੂ ਜਾਣਕਾਰ ਜਦ ਕਦੇ ਵੀ ਸ਼ਹਿਰ ਕਿਸੇ ਕੰਮ ਆਉਂਦੇ ਤਾਂ ਉਹ ਠੇਕੇ ਤੋਂ ਸ਼ਰਾਬ ਲੈ ਕੇ ਉਸ ਬਜ਼ੁਰਗ ਦੀ ਦੁਕਾਨ ’ਤੇ ਆ ਜਾਂਦੇ ਅਤੇ ਦੁਕਾਨ ਦੇ ਪਿੱਛੇ ਖਾਲੀ ਥਾਂ ’ਤੇ ਆਪ ਵੀ ਸ਼ਰਾਬ ਪੀਂਦੇ ਅਤੇ ਉਸ ਬਜ਼ੁਰਗ ਨੂੰ ਵੀ ਦੇ ਦਿੰਦੇ।
ਇਸ ਆਦਤ ਨੇ ਉਸ ਦੇ ਘਰ ਦੀ ਆਰਥਿਕ ਦਸ਼ਾ ਵਿਗਾੜ ਦਿੱਤੀ।
ਕਢਾਈ ਦਾ ਕੰਮ ਵੀ ਸ਼ੌਕੀਆ ਕਿਸਮ ਦਾ ਹੁੰਦਾ ਹੈ, ਅਤੇ ਦੁਕਾਨ ’ਤੇ ਕਈ ਵਾਰ ਚਾਹ ਪੀਣ ਜੋਗੇ ਪੈਸੇ ਵੀ ਨਹੀਂ ਆਉਂਦੇ। ਸ਼ਰਾਬ ਪੀਣ ਦੀ ਆਦਤ ਕਾਰਨ ਉਹ ਦਿਲ ਦਾ ਮਰੀਜ਼ ਬਣ ਗਿਆ। ਇਕ ਵਾਰ ਜ਼ਿਆਦਾ ਬਿਮਾਰ ਹੋਣ ’ਤੇ ਜਦ ਸਰਕਾਰੀ ਹਸਪਤਾਲ ਵਿਚ ਉਸ ਨੂੰ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰ ਨੇ ਈਸੀਜੀ ਕਰਨ ਉਪਰੰਤ ਕਿਹਾ ਕਿ ਇਨ੍ਹਾਂ ਦਾ ਦਿਲ ਤਿੰਨ ਥਾਵਾਂ ਤੋਂ ਡੈਮੇਜ ਹੋਇਆ ਪਿਆ ਹੈ।
ਹਸਪਤਾਲ ਦੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਅਤੇ ਆਕਸੀਜਨ ਲਗਾ ਦਿੱਤੀ, ਪਰ ਉਸ ਦਾ ਬੀਪੀ ਅਜਿਹਾ ਲੋਅ ਹੋਇਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਉਸ ਦੇ ਬੇਟੇ ਨੂੰ ਸਾਰੀ ਉਮਰ ਇਹ ਗਿਲਾ ਰਿਹਾ ਕਿ ਜੇਕਰ ਉਸ ਦੇ ਪਿਤਾ ਨੂੰ ਸ਼ਰਾਬ ਪੀਣ ਦਾ ਮਾੜਾ ਸ਼ੌਕ ਨਾ ਹੁੰਦਾ ਤੇ ਉਨ੍ਹਾਂ ਕੋਲ ਮੌਕੇ ’ਤੇ ਪੈਸੇ ਦਾ ਪ੍ਰਬੰਧ ਹੁੰਦਾ ਤਾਂ ਉਹ ਆਪਣੇ ਪਿਤਾ ਨੂੰ ਅੰਮ੍ਰਿਤਸਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਲੈ ਜਾਂਦੇ, ਜਿੱਥੇ ਉਨ੍ਹਾਂ ਦਾ ਇਲਾਜ ਹੋ ਸਕਣਾ ਸੀ।
ਆਓ ਮੁੜ ਉਸ ਨਗਰਪਾਲਿਕਾ ਦੇ ਕਲਰਕ ਵੱਲ ਆਉਂਦੇ ਹਾਂ। ਇਕ ਦਿਨ ਉਸ ਨੂੰ ਕਿਸੇ ਸਿਹਤ ਸਬੰਧੀ ਨੁਕਸ ਕਾਰਨ ਹਸਪਤਾਲ ਵਿਖੇ ਦਾਖ਼ਲ ਹੋਣਾ ਪਿਆ। ਡਾਕਟਰ ਨੇ ਇਲਾਜ ’ਤੇ ਹੋਣ ਵਾਲਾ ਖ਼ਰਚਾ ਦੱਸਿਆ, ਜੋ ਉਸ ਕੋਲ ਨਹੀਂ ਸੀ। ਆਪਣੇ ਭਤੀਜੇ ਤੋਂ ਉਹ ਉਧਾਰ ਮੰਗਣਾ ਨਹੀਂ ਸੀ ਚਾਹੁੰਦਾ। ਲਿਹਾਜ਼ਾ ਉਸ ਨੇ ਆਪਣੀ ਘਰਦੀ ਨੂੰ ਆਪਣੇ ਇਕ ਦੋਸਤ ਵੱਲ ਘੱਲਿਆ। ਦੋਸਤ ਨੇ ਲੋੜ ਅਨੁਸਾਰ ਪੈਸੇ ਦੇ ਦਿੱਤੇ।
ਇਲਾਜ ਉਪਰੰਤ ਤਨਖ਼ਾਹ ਮਿਲਣ ’ਤੇ ਜਦ ਉਹ ਦੋਸਤ ਨੂੰ ਪੈਸੇ ਮੋੜਨ ਗਿਆ ਤਾਂ ਦੋਸਤ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਨੌਕਰੀ ਅਤੇ ਛੋਟਾ ਪਰਿਵਾਰ ਹੋਣ ’ਤੇ ਵੀ ਉਹ ਇੰਨੇ ਪੈਸੇ ਵੀ ਬਚਾਅ ਕੇ ਨਹੀਂ ਰੱਖ ਸਕਦਾ ਜੋ ਕਿ ਲੋੜ ਸਮੇਂ ਕੰਮ ਆ ਸਕਣ। ਦੋਸਤ ਦਾ ਮਿਹਣਾ ਉਸ ਨੂੰ ਜਿਵੇਂ ਖਾ ਗਿਆ। ਉਸ ਨੇ ਅੱਗੇ ਤੋਂ ਸ਼ਰਾਬ ਨਾ ਪੀਣ ਦਾ ਪੱਕਾ ਇਰਾਦਾ ਧਾਰ ਲਿਆ। ਮੀਟ ਖਾਣ ਦਾ ਸ਼ੌਕ ਵੀ ਬੰਦ ਕਰ ਦਿੱਤਾ।
ਉੁਸ ਨੇ ਚਾਦਰ ਦੇਖ ਕੇ ਪੈਰ ਪਸਾਰਨ ਦਾ ਮਨ ਬਣਾ ਲਿਆ। ਇਸ ਘਟਨਾ ਤੋਂ ਸਾਨੂੰ ਸਾਰਿਆਂ ਨੂੰ ਵੀ ਸਬਕ ਲੈ ਕੇ ਨਸ਼ਿਆਂ ਤੋਂ ਪਰਹੇਜ਼ ਕਰ ਕੇ ਆਪਣੇ ਪੈਰ ਚਾਦਰ ਦੇ ਅੰਦਰ ਰੱਖਣ ਦਾ ਸੰਕਲਪ ਕਰਨਾ ਚਾਹੀਦਾ ਹੈ ਤਾਂ ਕਿ ਜੀਵਨ ਵਿਚ ਔਖੀ ਘੜੀ ਆਉਣ ’ਤੇ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ।
ਅਜੀਤ ਕਮਲ
-ਮੋਬਾਈਲ : 94173-76895