ਸਿਹਤ ਵਿਭਾਗ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2024 ’ਚ 42 ਹਜ਼ਾਰ 288 ਤੋਂ ਵੱਧ ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ 2023 ’ਚ 41 ਹਜ਼ਾਰ 337 ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਰੋਜ਼ਾਨਾ 120 ਦੇ ਕਰੀਬ ਕੈਂਸਰ ਦੇ ਮਰੀਜ਼ ਹਸਪਤਾਲਾਂ ’ਚ ਇਲਾਜ ਲਈ ਆ ਰਹੇ ਹਨ। ਕੈਂਸਰ ਕਾਰਨ ਰੋਜ਼ਾਨਾ ਲਗਪਗ 100 ਤੋਂ ਵੱਧ ਮੌਤਾਂ ਹੋ ਰਹੀਆਂ ਹਨ।
ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਨਾਂ ਲੈਣ ਤੋਂ ਵੀ ਜ਼ਿਆਦਾਤਰ ਲੋਕ ਖ਼ੌਫ਼ ਖਾਂਦੇ ਹਨ। ਹਾਲਾਂਕਿ ਇਸ ਬਿਮਾਰੀ ਕਾਰਨ ਹੁੰਦੀਆਂ ਮੌਤਾਂ ਤੇ ਦੂਰ-ਦੁਰਾਡੇ ਮਿਲਣ ਵਾਲਾ ਇਲਾਜ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦਾ ਇਲਾਜ ਮਹਿੰਗਾ ਹੋਣ ਦੇ ਨਾਲ-ਨਾਲ ਖੱਜਲ ਖੁਆਰੀ ਵਾਲਾ ਵੀ ਹੈ। ਕੇਂਦਰ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਜ਼ਿਲ੍ਹਾ ਹਸਪਤਾਲਾਂ ’ਚ ਕੀਮੋਥੈਰੇਪੀ ਦੀ ਸਹੂਲਤ ਦੇਣ ਦਾ ਫ਼ੈਸਲਾ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ।
ਇਸ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਪਰੇਸ਼ਾਨੀਆਂ ਘਟਣਗੀਆਂ। ਦਰਅਸਲ, ਕੀਮੋਥੈਰੇਪੀ ਕੈਂਸਰ ਦੇ ਇਲਾਜ ਦਾ ਉਹ ਹਿੱਸਾ ਹੈ, ਜੋ ਸਰੀਰ ’ਚ ਕੈਂਸਰ ਦੇ ਸੈੱਲਾਂ ਨੂੰ ਖ਼ਤਮ ਕਰਦਾ ਹੈ ਅਤੇ ਇਸ ਦੇ ਵਾਧੇ ਨੂੰ ਰੋਕਣ ਦੇ ਨਾਲ-ਨਾਲ ਇਸ ਨੂੰ ਸਰੀਰ ਦੇ ਦੂਜੇ ਹਿੱਸਿਆਂ ’ਚ ਫੈਲਣ ਨਹੀਂ ਦਿੰਦਾ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਰੀਜ਼ ਨੂੰ ਕੀਮੋਥੈਰੇਪੀ ਕਰਵਾਉਣ ਲਈ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ।
ਕੈਂਸਰ ਬਹੁਤ ਤਕਲੀਫ਼ ਦੇਣ ਵਾਲੀ ਬਿਮਾਰੀ ਹੈ ਤੇ ਕੀਮੋਥੈਰੇਪੀ ਨਾਲ ਮਰੀਜ਼ ਦੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਹੁੰਦਾ ਹੈ। ਕੇਂਦਰ ਦੇ ਐਲਾਨ ਮੁਤਾਬਕ ਕੀਮੋਥੈਰੇਪੀ ਲਈ ਹਸਪਤਾਲਾਂ ’ਚ ਡੇ-ਕੇਅਰ ਸੈਂਟਰ ਸਥਾਪਤ ਕੀਤੇ ਜਾਣਗੇ। ਅਸਲ ’ਚ ਇਹ ਫ਼ੈਸਲਾ ਕੈਂਸਰ ਦੇ ਵਧ ਰਹੇ ਮਾਮਲਿਆਂ ਨੂੰ ਨੱਥ ਪਾਉਣ ਲਈ ਕੀਤਾ ਗਿਆ ਹੈ। ਕੀਮੋਥੈਰੇਪੀ ਕਰਵਾਉਣ ਲਈ ਕੈਂਸਰ ਦੇ ਮਰੀਜ਼ਾਂ ਨੂੰ ਕਈ-ਕਈ ਵਾਰ ਹਸਪਤਾਲਾਂ ਦੇ ਚੱਕਰ ਲਾਉਣੇ ਪੈਂਦੇ ਹਨ। ਦੂਜੇ ਸ਼ਹਿਰਾਂ ’ਚ ਜਾ ਕੇ ਕੀਮੋਥੈਰੇਪੀ ਕਰਵਾਉਣਾ ਬਹੁਤੇ ਪਰਿਵਾਰਾਂ ਲਈ ਆਰਥਿਕ ਤੌਰ ’ਤੇ ਵੱਸੋਂ ਬਾਹਰ ਹੈ। ਪੰਜਾਬ ਦੇ ਨਜ਼ਰੀਏ ਨਾਲ ਸੂਬੇ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬੇਹੱਦ ਚਿੰਤਾਜਨਕ ਹੈ।
ਸਿਹਤ ਵਿਭਾਗ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2024 ’ਚ 42 ਹਜ਼ਾਰ 288 ਤੋਂ ਵੱਧ ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ 2023 ’ਚ 41 ਹਜ਼ਾਰ 337 ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਰੋਜ਼ਾਨਾ 120 ਦੇ ਕਰੀਬ ਕੈਂਸਰ ਦੇ ਮਰੀਜ਼ ਹਸਪਤਾਲਾਂ ’ਚ ਇਲਾਜ ਲਈ ਆ ਰਹੇ ਹਨ। ਕੈਂਸਰ ਕਾਰਨ ਰੋਜ਼ਾਨਾ ਲਗਪਗ 100 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਪੂਰੇ ਮੁਲਕ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਹੋਰ ਵੀ ਭਿਆਨਕ ਹੈ। ਸਾਲ 2024 ’ਚ 15 ਲੱਖ ਦੇ ਕਰੀਬ ਕੈਂਸਰ ਦੇ ਨਵੇਂ ਮਾਮਲੇ ਰਿਕਾਰਡ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਦੀ ਸਾਲ 2022 ਦੀ ਰਿਪੋਰਟ ਮੁਤਾਬਕ 14 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਸਨ ਅਤੇ 9 ਲੱਖ ਤੋਂ ਵੱਧ ਮੌਤਾਂ ਰਿਕਾਰਡ ਕੀਤੀਆਂ ਗਈਆਂ।
ਇਕ ਮੀਡੀਆ ਅਦਾਰੇ ਦੀ ਰਿਪੋਰਟ ਮੁਤਾਬਰ ਆਲਮੀ ਪੱਧਰ ’ਤੇ ਕੈਂਸਰ ਦੇ ਮਰੀਜ਼ਾਂ ’ਚ ਭਾਰਤ ਦਾ ਤੀਜਾ ਰੈਂਕ ਹੈ। ਇਨ੍ਹਾਂ ਅੰਕੜਿਆਂ ਤੋਂ ਇਸ ਬਿਮਾਰੀ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਖਾਸਕਰ ਕੀਮੋਥੈਰੇਪੀ ਲਈ ਮਰੀਜ਼ਾਂ ਦਾ ਸਰੀਰਕ ਤੇ ਆਰਥਿਕ ਤਣਾਅ ਘਟਾਇਆ ਜਾਣਾ ਸਮੇਂ ਦੀ ਲੋੜ ਵੀ ਹੈ। ਦੂਜੇ ਪਾਸੇ ਸਰਕਾਰ ਨੂੰ ਇਹ ਸਹੂਲਤ ਆਪਣੇ ਲੰਬੇ ਸਮੇਂ ਦੇ ਪ੍ਰੋਜੈਕਟਾਂ ’ਚ ਪਾਰਦਰਸ਼ਤਾ ਨਾਲ ਸ਼ਾਮਲ ਕਰਨੀ ਚਾਹੀਦੀ ਹੈ।
ਕੈਂਸਰ ਦੇ ਹਰ ਮਰੀਜ਼ ਤੱਕ ਕੀਮੋਥੈਰੇਪੀ ਦੀ ਸਹੂਲਤ ਪੁੱਜਦੀ ਕਰਨ ਲਈ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਹਸਪਤਾਲਾਂ ਦੀਆਂ ਜ਼ਮੀਨੀ ਪੱਧਰ ਦੀਆਂ ਮੁਸ਼ਕਲਾਂ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ’ਚ ਦਵਾਈਆਂ, ਮਸ਼ੀਨਾਂ, ਡਾਕਟਰਾਂ ਸਣੇ ਹਸਪਤਾਲਾਂ ਦੇ ਸਹਾਇਕ ਅਮਲੇ ਦੀ ਗਿਣਤੀ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਅਹਿਮ ਹਨ। ਇਸ ਦੇ ਨਾਲ ਹੀ ਕੈਂਸਰ ਦੀ ਬਿਮਾਰੀ ਨਾਲ ਜੁੜੇ ਕਿਸੇ ਇਕ ਇਲਾਜ ਦੀ ਸਹੂਲਤ ਤੱਕ ਇਸ ਨੂੰ ਸੀਮਤ ਨਹੀਂ ਕਰਨਾ ਚਾਹੀਦਾ। ਇਸ ਬਿਮਾਰੀ ਦੇ ਮਰੀਜ਼ਾਂ ਨੂੰ ਮੁਕੰਮਲ ਤੌਰ ’ਤੇ ਆਪਣੇ ਨੇੜਲੇ ਹਸਪਤਾਲਾਂ ’ਚ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਹੀ ਭਵਿੱਖ ’ਚ ਸਿਹਤਮੰਦ ਭਾਰਤ ਦੀ ਕਲਪਨਾ ਕੀਤੀ ਜਾ ਸਕਦੀ ਹੈ।