ਨੌਜਵਾਨਾਂ ਨੂੰ ਡੇਟਿੰਗ ’ਤੇ ਜਾਣ, ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਵੱਧ ਛੁੱਟੀਆਂ ਅਤੇ ਵਿਸ਼ੇਸ਼ ਪੈਕੇਜ ਦਿੱਤੇ ਜਾ ਰਹੇ ਹਨ। ਜਣੇਪਾ ਛੁੱਟੀ ਨੂੰ ਵਧਾਇਆ ਜਾ ਰਿਹਾ ਹੈ। ਬੱਚਿਆਂ ਦੇ ਪਿਤਾ ਬਣਨ ਵਾਲਿਆਂ ਨੂੰ ਵੀ ਛੁੱਟੀ ਦਿੱਤੀ ਜਾ ਰਹੀ ਹੈ ਪਰ ਨੌਜਵਾਨ, ਖ਼ਾਸ ਕਰਕੇ ਮਹਿਲਾਵਾਂ ਬੱਚੇ ਨਹੀਂ ਚਾਹੁੰਦੀਆਂ।

ਬੀਤੇ ਦਿਨੀਂ ਦਿੱਲੀ ਵਿਚ ਮਹਿਲਾਵਾਂ ਬਾਰੇ ਕੀਤੇ ਗਏ ਇਕ ਸਰਵੇਖਣ ਵਿਚ ਦੱਸਿਆ ਗਿਆ ਹੈ ਕਿ ਹੁਣ ਮਹਿਲਾਵਾਂ 30 ਸਾਲਾਂ ਦੀ ਉਮਰ ਤੋਂ ਬਾਅਦ ਹੀ ਬੱਚੇ ਚਾਹੁੰਦੀਆਂ ਹਨ। ਸੰਨ 2024 ਵਿਚ ਹੋਏ ਇਕ ਹੋਰ ਸਰਵੇਖਣ ਵਿਚ ਪਤਾ ਲੱਗਾ ਸੀ ਕਿ ਚਾਰ ਵਿੱਚੋਂ ਇਕ ਬੱਚੇ ਨੂੰ 30 ਸਾਲਾਂ ਤੋਂ ਵੱਧ ਉਮਰ ਵਾਲੀ ਔਰਤ ਨੇ ਜਨਮ ਦਿੱਤਾ। ਤੀਹ ਤੋਂ ਪੈਂਤੀ ਸਾਲਾਂ ਦੀਆਂ ਮਾਵਾਂ ਦੀ ਗਿਣਤੀ 2005 ਤੋਂ 2024 ਤੱਕ 2.7 ਫ਼ੀਸਦ ਤੋਂ ਵਧ ਕੇ 8.9 ਪ੍ਰਤੀਸ਼ਤ ਹੋ ਗਈ ਹੈ। ਵੀਹ ਤੋਂ 24 ਸਾਲਾਂ ਦੀ ਉਮਰ ਵਿਚ ਮਾਂ ਬਣਨ ਵਾਲੀਆਂ ਮਹਿਲਾਵਾਂ ਦੀ ਗਿਣਤੀ 2024 ਵਿਚ ਘਟ ਕੇ 27.1 ਫ਼ੀਸਦ ਰਹਿ ਗਈ। ਲੰਬੇ ਸਮੇਂ ਤੱਕ ਮੰਨਿਆ ਜਾਂਦਾ ਰਿਹਾ ਹੈ ਕਿ ਮਹਿਲਾਵਾਂ ਦੀ ਮਾਂ ਬਣਨ ਦੀ ਉਮਰ 30 ਵਰ੍ਹਿਆਂ ਤੋਂ ਬਾਅਦ ਠੀਕ ਨਹੀਂ ਹੁੰਦੀ ਪਰ ਹੁਣ ਵਕਤ ਬਦਲ ਗਿਆ ਹੈ। ਉਹ ਹੁਣ ਪੜ੍ਹਾਈ ਕਰਨ, ਨੌਕਰੀ ਕਰਨ ਅਤੇ ਤਰੱਕੀ ਲਈ ਨੌਕਰੀਆਂ ਬਦਲਣ ਵਿਚ ਰੁਚੀ ਰੱਖਦੀਆਂ ਹਨ।
ਉਹ ਆਪਣੀ ਸਿਹਤ ’ਤੇ ਵੀ ਧਿਆਨ ਦੇ ਰਹੀਆਂ ਹਨ। ਵਿਆਹ ਹੁਣ ਉਨ੍ਹਾਂ ਦੀ ਤਰਜੀਹ ਵਿਚ ਨਹੀਂ ਰਿਹਾ। ਜੇਕਰ ਉਹ ਵਿਆਹ ਕਰਦੀਆਂ ਵੀ ਹਨ ਤਾਂ ਦੇਰ ਨਾਲ। ਇਕ ਸਮਾਂ ਸੀ ਜਦੋਂ ਜੇ ਕਿਸੇ ਕੁੜੀ ਦੀ ਉਮਰ 30 ਸਾਲ ਤੋਂ ਵੱਧ ਹੋ ਜਾਂਦੀ ਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਹੁਣ ਉਸ ਦਾ ਵਿਆਹ ਨਹੀਂ ਹੋਵੇਗਾ ਪਰ ਹੁਣ ਲੜਕੇ-ਲੜਕੀਆਂ ਦੇ ਵਿਆਹ 30 ਸਾਲ ਦੀ ਉਮਰ ਤੋਂ ਬਾਅਦ ਹੋ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਵਧਦਾ ਸ਼ਹਿਰੀਕਰਨ ਵੀ ਹੈ। ਵਿਆਹ ਤੋਂ ਬਾਅਦ ਇਹ ਲੋਕ ਤੁਰੰਤ ਬੱਚੇ ਨਹੀਂ ਚਾਹੁੰਦੇ। ਪਹਿਲਾਂ ਉਹ ਇਕ ਨਵੀਂ ਜੀਵਨਸ਼ੈਲੀ ਵਿਚ ਰਚਣਾ-ਮਿਚਣਾ ਚਾਹੁੰਦੇ ਹਨ, ਫਿਰ ਬੱਚਿਆਂ ਬਾਰੇ ਸੋਚਦੇ ਹਨ। ਇਸ ਦੌਰ ’ਚ ਮੱਧ ਵਰਗ ਵਿਚ ਇਕ ਬੱਚੇ ਦਾ ਚਲਨ ਵੀ ਵਧਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੌਰ ’ਚ ਬੱਚੇ ਪਾਲਣਾ ਮਹਿੰਗਾ ਹੋ ਗਿਆ ਹੈ।
ਜੇ ਮਾਤਾ-ਪਿਤਾ ਦੋਵੇਂ ਵੀ ਕਮਾਉਂਦੇ ਹਨ, ਤਾਂ ਦੱਸਿਆ ਜਾਂਦਾ ਹੈ ਕਿ ਇਕ ਬੱਚੇ ਦੀ ਦੇਖਭਾਲ ਅਤੇ ਸਿੱਖਿਆ ਵਿਚ ਹੀ ਇਕ ਤਨਖ਼ਾਹ ਖ਼ਰਚ ਹੋ ਜਾਂਦੀ ਹੈ। ਇਕ ਬੱਚੇ ਬਾਰੇ ਪੁਰਾਣੀ ਧਾਰਨਾ ਸੀ ਕਿ ਉਹ ਖ਼ੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਹੈ। ਉਸ ਨੂੰ ਜੀਵਨ ਭਰ ਸਾਥ ਦੀ ਕਮੀ ਮਹਿਸੂਸ ਹੁੰਦੀ ਹੈ। ਹੁਣ ਇਹ ਵੀ ਨਹੀਂ ਰਿਹਾ ਕਿ ਜੇ ਕੁੜੀ ਹੈ, ਤਾਂ ਪੁੱਤਰ ਜ਼ਰੂਰ ਚਾਹੀਦਾ ਹੈ। ਕੁਝ ਦਿਨ ਪਹਿਲਾਂ ਇਕ ਅਖ਼ਬਾਰ ਨੇ ਉਨ੍ਹਾਂ ਮਾਪਿਆਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਦਾ ਇਕ ਪੁੱਤਰ ਜਾਂ ਇਕ ਕੁੜੀ ਹੈ। ਉਨ੍ਹਾਂ ਮਾਪਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਇਕ ਬੱਚੇ ਨੂੰ ਕਦੇ ਕੋਈ ਸਮੱਸਿਆ ਨਹੀਂ ਹੋਈ ਬਲਕਿ ਉਹ ਜੀਵਨ ਨੂੰ ਜੀਣਾ ਜਲਦੀ ਸਿੱਖ ਜਾਂਦੇ ਹਨ। ਉਹ ਆਪਣਾ ਕੰਮ ਖ਼ੁਦ ਕਰਦੇ ਹਨ ਅਤੇ ਜ਼ਿਆਦਾ ਅਨੁਸ਼ਾਸਿਤ ਹੁੰਦੇ ਹਨ। ਸਾਡੇ ਦੇਸ਼ ਵਿਚ ਉਸ ਪੀੜ੍ਹੀ ਨੂੰ ਜ਼ਿਆਦਾ ਸਮਾਂ ਨਹੀਂ ਬੀਤਿਆ ਹੈ ਜਦੋਂ ਘਰ ਵਿਚ ਪੰਜ-ਛੇ ਭੈਣ-ਭਰਾ ਹੋਣੇ ਆਮ ਗੱਲ ਸੀ। ਘਰ ਵਿਚ ਆਮਦਨ ਦਾ ਸਰੋਤ ਇੱਕੋ-ਇੱਕ ਕਮਾਉਣ ਵਾਲਾ ਪਿਤਾ ਹੁੰਦਾ ਸੀ। ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਵੀ ਬੱਚੇ ਠੀਕ-ਠਾਕ ਨੌਕਰੀਆਂ ਪ੍ਰਾਪਤ ਕਰ ਲੈਂਦੇ ਸਨ। ਉਨ੍ਹਾਂ ਦੇ ਵਿਆਹ ਵੀ 30 ਸਾਲ ਤੋਂ ਪਹਿਲਾਂ ਹੋ ਜਾਂਦੇ ਸਨ। ਉਨ੍ਹਾਂ ਦਿਨਾਂ ਵਿਚ ਨੌਕਰੀ ਕਰਨ ਵਾਲੀ ਔਰਤ ਦਾ ਮਤਲਬ ਕਿਸੇ ਮੁਸੀਬਤ ਦੀ ਮਾਰੀ ਕੋਈ ਮਹਿਲਾ ਹੀ ਹੁੰਦਾ ਸੀ।
ਕੁੜੀ ਦੀ ਪੜ੍ਹਾਈ ਦਾ ਮਤਲਬ ਉਸ ਦੀ ਨੌਕਰੀ ਜਾਂ ਆਤਮ-ਨਿਰਭਰਤਾ ਨਹੀਂ ਬਲਕਿ ਇਹ ਮੰਨਿਆ ਜਾਂਦਾ ਸੀ ਕਿ ਜੇਕਰ ਕਿਤੇ ਦੂਰ-ਦੁਰਾਡੇ ਉਸ ਨੂੰ ਵਿਆਹ ਦਿੱਤਾ ਜਾਵੇ, ਤਾਂ ਘੱਟੋ-ਘੱਟ ਚਿੱਟੀ-ਪੱਤਰ ਲਿਖ ਕੇ ਆਪਣਾ ਹਾਲ-ਚਾਲ ਤਾਂ ਦੱਸ ਸਕੇ। ਫਿਰ ਇਕ ਅਜਿਹਾ ਦੌਰ ਵੀ ਆਇਆ ਜਦੋਂ ਦੇਸ਼ ਵਿਚ ਅਲਟਰਾਸਾਊਂਡ ਰਾਹੀਂ ਗਰਭ ਵਿਚ ਹੀ ਕੁੜੀਆਂ ਨੂੰ ਮਾਰਨ ਵਾਲਿਆਂ ਦਾ ਹੜ੍ਹ ਆ ਗਿਆ। ਮਾਦਾ ਭਰੂਣ ਹੱਤਿਆ ’ਤੇ ਹਾਲਾਂਕਿ ਸਰਕਾਰ ਨੇ ਰੋਕ ਲਗਾਈ ਹੋਈ ਹੈ ਪਰ ਹੁਣ ਵੀ ਕਦੇ-ਕਦਾਈਂ ਇਸ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਜਿਵੇਂ-ਜਿਵੇਂ ਕੁੜੀਆਂ ਪੜ੍ਹੀਆਂ-ਲਿਖੀਆਂ, ਉਨ੍ਹਾਂ ਨੇ ਆਪਣੇ ਲਈ ਬਣਾਈਆਂ ਗਈਆਂ ਧਾਰਨਾਵਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਸੰਨ 1975 ਵਿਚ ਅੰਤਰਰਾਸ਼ਟਰੀ ਮਹਿਲਾ ਵਰ੍ਹਾ ਮਨਾਇਆ ਗਿਆ। ਉਦੋਂ ਤੋਂ ਹੀ ਆਪਣੇ ਇੱਥੇ ਮਹਿਲਾਵਾਂ ਦੇ ਮਸਲਿਆਂ ਨੂੰ ਵੀ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਉਨ੍ਹਾਂ ਦੀ ਪੜ੍ਹਾਈ ਅਤੇ ਆਤਮ-ਨਿਰਭਰਤਾ ’ਤੇ ਵੱਧ ਜ਼ੋਰ ਦਿੱਤਾ ਗਿਆ। ਵਿਆਹ ਅਤੇ ਬੱਚੇ ਪਹਿਲੀ ਤਰਜੀਹ ਤੋਂ ਬਹੁਤ ਪਿੱਛੇ ਚਲੇ ਗਏ। ਅੱਜ ਕਿਸੇ ਵੀ ਆਰਥਿਕ ਤੌਰ ’ਤੇ ਸਮਰੱਥ ਕੁੜੀ ਤੋਂ ਪੁੱਛੋ ਜਾਂ ਕਿਸੇ ਗ਼ਰੀਬ ਤੋਂ, ਸਭ ਇਸ ਗੱਲ ’ਤੇ ਇਕਮਤ ਹਨ ਕਿ ਪਹਿਲਾਂ ਉਹ ਪੜ੍ਹਨਾ ਚਾਹੁੰਦੀਆਂ ਹਨ, ਨੌਕਰੀ ਕਰਨੀ ਚਾਹੁੰਦੀਆਂ ਹਨ। ਉਸ ਤੋਂ ਬਾਅਦ ਹੀ ਵਿਆਹ ਆਦਿ ਬਾਰੇ ਸੋਚਣਗੀਆਂ। ਹੁਣ ‘ਅਸੀਂ ਦੋ-ਸਾਡੇ ਦੋ’ ਜਿਹੇ ਨਾਅਰੇ ਕਿਤੇ ਵੀ ਸੁਣਾਈ ਨਹੀਂ ਦਿੰਦੇ। ਮਹਿਲਾਵਾਂ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਠੀਕ ਲੱਗਦਾ ਹੈ ਕਿ ਇਕ ਬੱਚਾ ਹੋਵੇ ਪਰ ਵਿਸ਼ਵ ਪੱਧਰ ’ਤੇ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਹੋ ਸਕਦਾ ਹੈ ਕਿ ਭਾਰਤ ਨੂੰ ਵੀ 50 ਸਾਲ ਬਾਅਦ ਇਹੀ ਭੋਗਣਾ ਪਵੇ। ਇਕ ਸਮਾਂ ਸੀ ਜਦੋਂ ਚੀਨ ਦੀ ਆਬਾਦੀ ਦੁਨੀਆ ਵਿਚ ਸਭ ਤੋਂ ਵੱਧ ਸੀ। ਉੱਥੇ ਦੀ ਸਰਕਾਰ ਨੇ ‘ਇਕ ਬੱਚਾ’ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ। ਹੁਣ ਉਸੇ ਚੀਨ ਦੀ ਹਾਲਤ ਕੀ ਹੈ? ਉੱਥੇ ਲਗਾਤਾਰ ਨੌਜਵਾਨਾਂ ਦੀ ਕਮੀ ਹੋ ਰਹੀ ਹੈ ਅਤੇ ਬੁਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ। ਇਸ ਕਾਰਨ ਉੱਥੋਂ ਦੀ ਸਰਕਾਰ ਨੌਜਵਾਨਾਂ ਨੂੰ ਵੱਖ-ਵੱਖ ਪ੍ਰਲੋਭਨ ਦੇ ਰਹੀ ਹੈ।
ਨੌਜਵਾਨਾਂ ਨੂੰ ਡੇਟਿੰਗ ’ਤੇ ਜਾਣ, ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਵੱਧ ਛੁੱਟੀਆਂ ਅਤੇ ਵਿਸ਼ੇਸ਼ ਪੈਕੇਜ ਦਿੱਤੇ ਜਾ ਰਹੇ ਹਨ। ਜਣੇਪਾ ਛੁੱਟੀ ਨੂੰ ਵਧਾਇਆ ਜਾ ਰਿਹਾ ਹੈ। ਬੱਚਿਆਂ ਦੇ ਪਿਤਾ ਬਣਨ ਵਾਲਿਆਂ ਨੂੰ ਵੀ ਛੁੱਟੀ ਦਿੱਤੀ ਜਾ ਰਹੀ ਹੈ ਪਰ ਨੌਜਵਾਨ, ਖ਼ਾਸ ਕਰਕੇ ਮਹਿਲਾਵਾਂ ਬੱਚੇ ਨਹੀਂ ਚਾਹੁੰਦੀਆਂ। ਉਹ ਸਰਕਾਰ ਦੇ ਕਿਸੇ ਪ੍ਰਲੋਭਨ ਵਿਚ ਨਹੀਂ ਫਸ ਰਹੀਆਂ। ਇਹੀ ਹਾਲਤ ਜਾਪਾਨ ਦੀ ਵੀ ਹੈ। ਉੱਥੇ ਵੀ ਘੱਟ ਬੱਚੇ ਜਨਮ ਲੈ ਰਹੇ ਹਨ। ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿਚ ਵੀ ਅਜਿਹਾ ਹੀ ਹੈ। ਰੂਸ ਵਿਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੋ ਔਰਤ ਦਸ ਬੱਚੇ ਪੈਦਾ ਕਰੇਗੀ, ਉਸ ਨੂੰ ‘ਮਦਰ ਹੀਰੋਇਨ’ ਕਿਹਾ ਜਾਵੇਗਾ ਅਤੇ ਦਸ ਲੱਖ ਰੂਬਲ ਦਾ ਇਨਾਮ ਦਿੱਤਾ ਜਾਵੇਗਾ। ਨੇਤਾ ਕੁਝ ਵੀ ਕਹਿੰਦੇ ਰਹਿਣ, ਲੋਕ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੇ। ਖ਼ਾਸ ਤੌਰ ’ਤੇ ਮਹਿਲਾਵਾਂ ਕਹਿ ਰਹੀਆਂ ਹਨ ਕਿ ਉਹ ਕੋਈ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹਨ!
ਆਖ਼ਰ ਮਹਿਲਾਵਾਂ ਇੰਨੀਆਂ ਜਾਗਰੂਕ ਤਾਂ ਹੋ ਹੀ ਗਈਆਂ ਹਨ ਕਿ ਉਹ ਬੱਚਿਆਂ ਦੇ ਜਨਮ ਅਤੇ ਉਨ੍ਹਾਂ ਦੀ ਪਰਵਰਿਸ਼ ਦੇ ਮੁਕਾਬਲੇ ਆਪਣੇ ਸੁੱਖ ਅਤੇ ਖ਼ੁਸ਼ੀਆਂ ਬਾਰੇ ਪਹਿਲਾਂ ਸੋਚ ਰਹੀਆਂ ਹਨ। ਵਿਸ਼ਵ ਅਤੇ ਆਪਣੇ ਦੇਸ਼ ਵਿਚ ਅਜਿਹੇ ਜੋੜਿਆਂ ਦੀ ਗਿਣਤੀ ਵੀ ਵਧ ਰਹੀ ਹੈ ਜੋ ਬੱਚੇ ਚਾਹੁੰਦੇ ਹੀ ਨਹੀਂ ਹਨ।
-ਸ਼ਮਾ ਸ਼ਰਮਾ
-(ਲੇਖਿਕਾ ਸਾਹਿਤਕਾਰ ਹੈ)।