ਹੈਂਕੜਬਾਜ਼ ਟਰੰਪ ਦੀ ਐੇਸ ਵੇਲੇ ਹਾਲਤ ਅਜਿਹੀ ਹੈ ਕਿ ‘ਕੱਲ੍ਹ ਮੀਆਂ ਹਜਾਮ ਸਭ ਕਾ ਮੂੰਡਤੇ ਫਿਰਤੇ ਥੇ ਸਰ/ਆਜ ਇਸ ਕੂਚੇ ਮੇਂ ਉਨਕੀ ਹਜਾਮਤ ਹੋ ਗਈ’! ਇਹ ਓਹੀ ਟਰੰਪ ਹੈ ਜੋ ਕੁਝ ਸਮਾਂ ਪਹਿਲਾਂ ਅੱਖ ਦੇ ਫੋਰ ’ਚ ਵਿਸ਼ਵ ਦੇ ਹਰ ਉਸ ਮੁਲਕ ਨੂੰ ਟਰੇਡ ਟੈਰਿਫ (ਟੈਕਸ) ਲਗਾਉਣ ਦੀ ਫਟਾਕ ਦੇਣੀ ਧਮਕੀ ਦੇ ਦਿੰਦਾ ਸੀ ਜੋ ਇਸ ਦੇ ਵਿਰੁੱਧ ਜਾਣ ਦੀ ਜੁਰਅਤ ਕਰਦਾ ਸੀ ਤੇ ਟੈਰਿਫ ਠੋਕ ਵੀ ਦਿੰਦਾ ਸੀ।
ਡੋਨਾਲਡ ਟਰੰਪ ਦੀ ਦਿਨ-ਬ-ਦਿਨ ਵਧ ਰਹੀ ਟਰੰਪਗਿਰੀ/ਬੁਰਛਾਗਰਦੀ ਤੋਂ ਉਸ ਦੇ ਆਪਣੇ ਹੀ ਸਾਥੀ ਅਤੇ ਸਹਿਯੋਗੀ ਹੁਣ ਟਾਲਾ ਵੱਟਣ ਲਗ ਪਏ ਹਨ। ਦੁਨੀਆ ਦਾ ਸੁਪਰ-ਡਾਨ ਅਲੱਗ-ਥਲੱਗ ਹੁੰਦਾ ਜਾ ਰਿਹੈ। ਆਹ ਅਜੇ ਹੁਣੇ ਹੀ ਉਸ ਦੇ ਇਕ ਨਜ਼ਦੀਕੀ ਜੋਅ ਕੈਂਟ, ਡਾਇਰੈਕਟਰ ਯੂਐੱਸ ਨੈਸ਼ਨਲ ਕਾਊਂਟਰ-ਟੈਰੇਰਿਜ਼ਮ ਸੈਂਟਰ ਨੇ ਆਪਣੀ ‘ਜ਼ਮੀਰ’ ਦੀ ਆਵਾਜ਼ ਸੁਣ ਕੇ ਅਸਤੀਫ਼ਾ ਦੇ ਦਿੱਤਾ ਹੈ। ਸੋਸ਼ਲ ਮੀਡੀਆ ਪੋਸਟ ’ਤੇ ਇਸ ਉੱਚ ਅਮਰੀਕੀ ਅਧਿਕਾਰੀ ਨੇ ਕਿਹੈ ਕਿ ਉਹ ਆਪਣੀ ਅੱਛੀ ਜ਼ਮੀਰ ਕਾਰਨ ਟਰੰਪ ਪ੍ਰਸ਼ਾਸਨ ਦੁਆਰਾ ਈਰਾਨ ਵਿਰੁੱਧ ਵਿੱਢੀ ਜੰਗ ਦਾ ਸਮਰਥਨ ਨਹੀਂ ਕਰ ਸਕਦਾ …ਕਿਉਂਕਿ ਈਰਾਨ ਤੋਂ ਸਾਡੇ ਦੇਸ਼ ਲਈ ਕੋਈ ਖ਼ਤਰਾ ਨਹੀਂ ਹੈ। ਇਹ ਗੱਲ ਸਹੀ ਹੈ ਕਿ ਅਸੀਂ ਇਹ ਜੰਗ ਇਜ਼ਰਾਈਲ ਅਤੇ ਉਸ ਦੀ ਸ਼ਕਤੀਸ਼ਾਲੀ ਅਮਰੀਕੀ ਲੌਬੀ ਦੇ ਦਬਾਅ ਹੇਠ ਸ਼ੁਰੂ ਕੀਤੀ ਹੈ। ਉਸ ਨੇ ਟਰੰਪ ਨੂੰ ਆਪਣੇ ਇਸ ਰਾਹ ਨੂੰ ਮੋੜਾ ਪਾਉਣ ਲਈ ਵੀ ਕਿਹਾ ਹੈ।
ਸ਼ੁਕਰ ਹੈ, ਟਰੰਪ ਦੇ ਕਿਸੇ ਸੀਨੀਅਰ ਅਧਿਕਾਰੀ ਦੀ ਜ਼ਮੀਰ ਤਾਂ ਅਜੇ ਜ਼ਿੰਦਾ ਹੈ। ਕੈਂਟ ਇਕ ਸਨਮਾਨਯਾਫ਼ਤਾ ਹੰਢਿਆ ਹੋਇਆ ਸਾਬਕਾ ਫ਼ੌਜੀ ਅਧਿਕਾਰੀ ਹੈ ਅਤੇ ਟਰੰਪ ਦਾ ਲੰਬੇ ਸਮੇਂ ਤੋਂ ਹਮਾਇਤੀ ਰਿਹਾ ਹੈ। ਬੇਸ਼ੱਕ ਟਰੰਪ ਨੇ ਆਪਣੇ ਘੁਮੰਡੀ ਸੁਭਾਅ ਮੁਤਾਬਕ ਕੈਂਟ ਦੇ ਅਸਤੀਫ਼ੇ ਨੂੰ ਆਈ-ਗਈ ਕਰਦਿਆਂ ਕਿਹਾ ਹੈ ਕਿ ‘ਚੰਗੀ ਗੱਲ ਹੈ ਕਿ ਉਹ ਛੱਡ ਗਿਆ। ਉਹ ਚੰਗਾ ਬੰਦਾ ਹੈ ਪਰ ‘ਸੁਰੱਖਿਆ ਮਾਮਲਿਆਂ ’ਚ ਕਮਜ਼ੋਰ ਹੈ। ਪਰ ਇਸ ਅਸਤੀਫ਼ੇ ਨਾਲ ਇਕ ਗੱਲ ਸਾਫ਼ ਹੋ ਗਈ ਹੈ ਕਿ ਟਰੰਪ ਦੇ ਕਈ ਸਾਥੀ ਵੀ ਉਸ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹਨ। ਸਾਥੀ ਤਾਂ ਸਾਥੀ, ਅਮਰੀਕਾ ਦੇ ਸਹਿਯੋਗੀ ਦੇਸ਼ ਵੀ ਟਰੰਪ ਤੋਂ ਟਾਲਾ ਵੱਟਣ ਲੱਗ ਪਏ ਹਨ। ਬਰਤਾਨੀਆ, ਜੋ ਅਮਰੀਕਾ ਦੇ ਪਿੱਛੇ ਇੰਜ ਤੁਰਦਾ ਰਿਹੈ ਜਿਵੇਂ ਕੋਈ ਨਿੱਕਾ ਭਰਾ ਵੱਡੇ ਭਰਾ ਦਾ ਝੱਗਾ ਫੜ ਕੇ ਮਗਰ-ਮਗਰ ਤੁਰਦਾ ਹੋਵੇ, ਉਹ ਵੀ ਹੁਣ ਟਰੰਪ ਦੀਆਂ ਨੀਤੀਆਂ ਤੋਂ ਕਿਨਾਰਾ ਕਰਨ ਲੱਗ ਪਿਆ ਹੈ। ਟਰੰਪ ਨੇ ਨਾਟੋ ਅਤੇ ਹੋਰ ਮੁਲਕਾਂ ਤੋਂ ਆਪਣੇ ਜੰਗੀ ਬੇੜੇ ਭੇਜਣ ਦੀ ਅਪੀਲ ਕੀਤੀ ਸੀ ਤਾਂ ਕਿ ਹੋਰਮੁਜ਼ ਜਲਡਮਰੂ ਨੂੰ ਈਰਾਨ ਦੀ ਘੇਰਾਬੰਦੀ ਤੋਂ ਮੁਕਤ ਕਰਵਾ ਕੇ ਉਸ ਜਲ-ਮਾਰਗ ’ਚ ਫਸੇ ਤੇਲ/ਗੈਸ ਲਿਜਾ ਰਹੇ ਸਮੁੰਦਰੀ ਜਹਾਜ਼ਾਂ ਨੂੰ ਅੱਗੇ ਤੋਰਿਆ ਜਾ ਸਕੇ ਤੇ ਇਨ੍ਹਾਂ ਪਦਾਰਥਾਂ ਦੀ ਕਿੱਲਤ ਤੋਂ ਵਿਸ਼ਵ ਨੂੰ ਬਚਾਇਆ ਜਾ ਸਕੇ ਪਰ ਕਿਸੇ ਵੀ ਦੇਸ਼ ਨੇ ਹਾਮੀ ਨਹੀਂ ਭਰੀ। ਸਗੋਂ ਸਪੇਨ, ਜਰਮਨੀ, ਬਰਤਾਨੀਆ, ਦੱਖਣੀ ਕੋਰੀਆ, ਜਾਪਾਨ, ਚੀਨ ਸਮੇਤ ਹੋਰ ਮੁਲਕਾਂ ਨੇ ਆਪਣੇ ਬੇੜੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨ ਨੇ ਤਾਂ ਅਮਰੀਕਾ ਨੂੰ ਆਪਣੇ ਫ਼ੌਜੀ ਟਿਕਾਣਿਆਂ ਦੀ ਵਰਤੋਂ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਹੈ। ਉਸ ਨੇ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਕੀਤੀ ਜਾ ਰਹੀ ਜੰਗ ਨੂੰ ਗ਼ੈਰ-ਕਾਨੂੰਨੀ ਅਤੇ ਮਾਨਵੀ ਹਿੱਤਾਂ ਦੇ ਉਲਟ ਗਰਦਾਨਿਆ ਹੈ। ਨਾਟੋ ਮੁਲਕ ਵੀ ਟਰੰਪ ਦੀ ਗੱਲ ਨਹੀਂ ਮੰਨ ਰਹੇ ਹਨ। ਅਮਰੀਕੀ ਸਦਰ ਦੀ ਹਾਲਤ ‘ਖਸਿਆਨੀ ਬਿੱਲੀ ਖੰਭਾ ਨੋਚੇ’ ਵਾਲੀ ਬਣ ਗਈ ਹੈ। ਉਹ ਨਾਟੋ ਮੁਲਕਾਂ ਵਿਰੁੱਧ ਝੱਗ ਛੱਡ ਰਿਹਾ ਹੈ। ਉਨ੍ਹਾਂ ਉੱਪਰ ਲੋੜ ਵੇਲੇ ਅਮਰੀਕਾ ਨਾਲ ਨਾਂ ਖੜ੍ਹਨ ਦੇ ਇਲਜ਼ਾਮ ਲਗਾ ਰਿਹਾ ਹੈ ਅਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਿਹਾ ਹੈ।
ਹੈਂਕੜਬਾਜ਼ ਟਰੰਪ ਦੀ ਐੇਸ ਵੇਲੇ ਹਾਲਤ ਅਜਿਹੀ ਹੈ ਕਿ ‘ਕੱਲ੍ਹ ਮੀਆਂ ਹਜਾਮ ਸਭ ਕਾ ਮੂੰਡਤੇ ਫਿਰਤੇ ਥੇ ਸਰ/ਆਜ ਇਸ ਕੂਚੇ ਮੇਂ ਉਨਕੀ ਹਜਾਮਤ ਹੋ ਗਈ’! ਇਹ ਓਹੀ ਟਰੰਪ ਹੈ ਜੋ ਕੁਝ ਸਮਾਂ ਪਹਿਲਾਂ ਅੱਖ ਦੇ ਫੋਰ ’ਚ ਵਿਸ਼ਵ ਦੇ ਹਰ ਉਸ ਮੁਲਕ ਨੂੰ ਟਰੇਡ ਟੈਰਿਫ (ਟੈਕਸ) ਲਗਾਉਣ ਦੀ ਫਟਾਕ ਦੇਣੀ ਧਮਕੀ ਦੇ ਦਿੰਦਾ ਸੀ ਜੋ ਇਸ ਦੇ ਵਿਰੁੱਧ ਜਾਣ ਦੀ ਜੁਰਅਤ ਕਰਦਾ ਸੀ ਤੇ ਟੈਰਿਫ ਠੋਕ ਵੀ ਦਿੰਦਾ ਸੀ।
ਹਾਂ,ਚੀਨ ਨੇ ਬਰਾਬਰ ਟੈਰਿਫ ਲਾਇਆ ਤਾਂ ਟਰੰਪ ਦੀ ਅਕਲ ਟਿਕਾਣੇ ਆ ਗਈ ਸੀ। ਸਾਡੇ ਆਪਣੇ ਮੁਲਕ ਉੱਪਰ ਇਸ ਨੇ ਰੂਸ ਤੋਂ ਕੱਚਾ ਤੇਲ ਖ਼ਰੀਦਣ ਕਾਰਨ 25% ਵਧੇਰੇ ਟੈਰਿਫ ਲਗਾਇਆ ਸੀ ਜੋ ਬਾਅਦ ’ਚ ਘਟਾ ਦਿੱਤਾ ਤੇ ਹੁਣ ਤਾਂ ਬੜੀ ‘ਖੁੱਲ੍ਹਦਿਲੀ’ ਦਿਖਾ ਕੇ ਸਾਨੂੰ ਇਕ ਮਹੀਨੇ ਲਈ ਰੂਸ ਤੋਂ ਕੱਚਾ ਤੇਲ ਖ਼ਰੀਦਣ ਦੀ ‘ਖੁੱਲ੍ਹ’ ਹੀ ਦੇ ਦਿੱਤੀ ਹੈ। ਟਰੰਪ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਨੂੰ ਦਿੱਲੀ ਦੀ ਬਜਾਏ ਵ੍ਹਾਈਟ ਹਾਊਸ ਤੋਂ ਚਲਾਇਆ ਜਾ ਰਿਹਾ ਹੈ? ਹੁਣ ਸਾਨੂੰ ਟਰੰਪ ਦੱਸੇਗਾ ਕਿ ਅਸੀਂ ਕੱਚਾ ਤੇਲ ਕਿਸ ਤੋਂ ਖ਼ਰੀਦਣਾ ਹੈ ਜਾਂ ਕਿਸ ਤੋਂ ਨਹੀਂ? ਯੁੱਧ ਦੌਰਾਨ ਵੀ ਅਸੀਂ ਈਰਾਨ ਸਬੰਧੀ ਆਪਣੀ ਕੂਟਨੀਤੀ ਕਾਰਨ ਆਪਣੇ ਗੈਸ/ਤੇਲ ਦੇ ਦੋ ਸਮੁੰਦਰੀ ਜਹਾਜ਼ ਜੰਗ-ਗ੍ਰਸਤ ਜਲਮਾਰਗ ਹੋਰਮੁਜ਼ ਤੋਂ ਆਪਣੇ ਦੇਸ਼ ਲਿਆਉਣ ‘’ਚ ਸਫਲ ਰਹੇ ਹਾਂ।
ਉਹੀ ਟਰੰਪ, ਜੋ ਟੈਰਿਫ ਦੀਆਂ ਧਮਕੀਆਂ ਦਿੰਦਾ ਸੀ, ਹੁਣ ਕਦੇ ਰੂਸ ਨਾਲ ਤੇ ਕਦੇ ਚੀਨ ਨਾਲ ਗੱਲਾਂ ਕਰਦਾ ਹੈ। ਨਾਟੋ ਅਤੇ ਦੂਸਰੇ ਮੁਲਕਾਂ ਅੱਗੇ ਹਾੜੇ ਕੱਢ ਰਿਹਾ ਹੈ ਕਿ ਉਹ ਆਪਣੇ ਜੰਗੀ ਬੇੜੇ ਭੇਜਣ ਤਾਂ ਕਿ ਹੋਰਮੁਜ਼ ਜਲਡਮਰੂ ਆਜ਼ਾਦ ਕਰਵਾਇਆ ਜਾ ਸਕੇ। ਯਾਨੀ, ਈਰਾਨ ਇਕੱਲੇ ਨੇ ਵਿਸ਼ਵ ਦੀ ਸੁਪਰਪਾਵਰ ਅਤੇ ਇਜ਼ਰਾਈਲ ਨੂੰ ਮੂਹਰੇ ਲਾ ਲਿਆ ਹੈ। ਉਸ ਨੇ ਇਨ੍ਹਾਂ ਦਾ ਨਾਸੀਂ ਧੂੰਆਂ ਕੱਢਿਆ ਹੋਇਆ ਹੈ। ਇਨ੍ਹਾਂ ਨੂੰ ਹੀ ਕਿਉਂ, ਈਰਾਨ ਤਾਂ ਖਾੜੀ ਦੇਸ਼ਾਂ, ਮੱਧ-ਪੂਰਬ ਅਤੇ ਹੋਰ ਨਾਲ ਦੇ ਦੇਸ਼ਾਂ, ਜਿਨ੍ਹਾਂ ’ਚ ਅਮਰੀਕੀ ਫ਼ੌਜੀ ਟਿਕਾਣੇ ਹਨ, ਉਨ੍ਹਾਂ ਉੱਪਰ ਤਾਬੜਤੋੜ ਹਮਲੇ ਕਰ ਰਿਹਾ ਹੈ। ਇਹ ਸਭ ਕੁਝ ਉਹ ਉਦੋਂ ਕਰ ਰਿਹਾ ਹੈ ਜਦ ਜੰਗ ਦੇ ਸ਼ੁਰੂਆਤੀ ਦਿਨਾਂ ਦੌਰਾਨ ਉਸ ਦਾ ਰਹਿਬਰ ਅਲੀ ਖਾਮਨੇਈ ਤੇ ਹੋਰ ਅਨੇਕ ਵੱਡੇ ਅਧਿਕਾਰੀ ਮਾਰੇ ਗਏ ਹਨ ਅਤੇ ਹੁਣ ਉਸ ਦਾ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਵੀ ਮਾਰਿਆ ਗਿਆ ਹੈ।
ਪੱਛਮੀ ਏਸ਼ੀਆ ਦੀ ਇਹ ਜੰਗ ਹੁਣ ਇਕ ਖੇਤਰੀ ਜੰਗ ਬਣ ਚੁੱਕੀ ਹੈ ਜੋ ਹਰ ਦਿਨ ਹੋਰ ਵਿਕਰਾਲ ਰੂਪ ਧਾਰਨ ਕਰ ਰਹੀ ਅਤੇ ਵਧੇਰੇ ਫੈਲ ਰਹੀ ਹੈ। ਟਰੰਪ ਦੀ ਚੌਧਰ ਨੇ ਸੰਸਾਰ ਨੂੰ ਤੀਸਰੇ ਵਿਸ਼ਵ ਯੁੱਧ ਦੇ ਕਗਾਰ ’ਤੇ ਖੜ੍ਹਾ ਕਰ ਦਿੱਤਾ ਹੈ। ਆਪਣੀ ਦੂਸਰੀ ਟਰਮ ਦੌਰਾਨ ਟਰੰਪ ਨੇ ਥਾਂ-ਥਾਂ ਫ਼ੌਜੀ ਪੰਗੇ ਲਏ ਹਨ। ਗਾਜ਼ਾ, ਸੋਮਾਲੀਆ, ਵੈਨੇਜ਼ੁਏਲਾ, ਕੈਰੇਬੀਅਨ ਇਲਾਕਿਆਂ ਤੋਂ ਇਲਾਵਾ ਹੁਣ ਉਸ ਨੇ ਈਰਾਨ ਵਿਰੁੱਧ 28 ਫਰਵਰੀ ਤੋਂ ਯੁੱਧ ਛੇੜਿਆ ਹੋਇਆ ਹੈ ਜਿਸ ਕਾਰਨ ਪੂਰੇ ਵਿਸ਼ਵ ਦੀ ਅਰਥ-ਵਿਵਸਥਾ ਅਤੇ ਘਰ -ਘਰ ਦੀਆਂ ਰਸੋਈਆਂ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈ।
ਸੈਂਕੜੇ ਲੋਕਾਂ ਦੀਆਂ ਮੌਤਾਂ ਸਮੇਤ ਈਰਾਨ ਦੇ ਇਕ ਸਕੂਲ ਦੀਆਂ 165 ਛੋਟੀਆਂ ਬੱਚੀਆਂ ਮਾਰੀਆਂ ਗਈਆਂ।ਜੰਗ ਦੀਆਂ ਹੋਰ ਭਿਅੰਕਰ ਬਰਬਾਦੀਆਂ ਤਾਂ ਹਰ ਰੋਜ਼ ਮੀਡੀਆ ਰਾਹੀਂ ਅਸੀਂ ਦੇਖ-ਸੁਣ ਹੀ ਰਹੇ ਹਾਂ ਪਰ ਇਕ ਗੱਲ ਸਾਫ਼ ਹੈ ਕਿ ਟਰੰਪ ਆਪਣੇ ਸਮਰਥਕ ਰਾਸ਼ਟਰਾਂ ’ਚ ਅਲੱਗ-ਥਲੱਗ ਪੈ ਰਿਹਾ ਹੈ। ਉਸ ਦਾ ਆਪਣਾ ਗ੍ਰਾਫ ਹੇਠਾਂ ਡਿੱਗ ਰਿਹਾ, ਅਮਰੀਕਾ ’ਚ ਉਸ ਦਾ ਵਿਰੋਧ ਵਧ ਰਿਹਾ ਹੈ। ਨਵੰਬਰ ’ਚ ਹੋਣ ਵਾਲੀਆਂ ਮਿਡ-ਟਰਮ ਚੋਣਾਂ ’ਚ ਉਸ ਦੀ ਹਮਾਇਤ ਘਟਣ ਦਾ ਡਰ ਉਸ ਨੂੰ ਨਿਰੰਤਰ ਸਤਾ ਰਿਹਾ ਹੈ ਅਤੇ ਈਰਾਨ ਉਸ ਨੂੰ ਡਾਹ ਨਹੀਂ ਦੇ ਰਿਹਾ।
ਵਾੜ ’ਚ ਫਸੇ ਬਿੱਲੇ ਨੂੰ ਹੁਣ ਬਾਹਰ ਨਿਕਲਣ ਦਾ ਰਾਸਤਾ ਨਹੀਂ ਲੱਭ ਰਿਹਾ। ਉਸ ਦੀ ਹਾਲਤ ‘ਸੱਪ ਦੇ ਮੂੰਹ ਵਿਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ’ ਵਾਲੀ ਹੈ। ਟਰੰਪ ਦਾ ਹੰਕਾਰ ਹੀ ਉਸ ਦੀ ਹਾਰ ਬਣੇਗਾ। ਹਬੀਬ ਜਾਲਿਬ ਦੀਆਂ ਬੜੀਆਂ ਖ਼ੂਬਸੂਰਤ ਸਤਰਾਂ ਹਨ-“ਤੁਝ ਸੇ ਪਹਿਲੇ ਵੋਹ ਜੋ ਏਕ ਸ਼ਖ਼ਸ ਯਹਾਂ ਤਖਤ-ਨਸ਼ੀਂ ਥਾ, ਉਸ ਕੋ ਭੀ ਅਪਨੇ ਖ਼ੁਦਾ ਹੋਨੇ ਪੇ ਇਤਨਾ ਹੀ ਯਕੀਂ ਥਾ।”ਪਰ ਨਾਲ ਹੀ ਜਾਲਿਬ ਬੜਾ ਅਰਥ ਭਰਪੂਰ ਪ੍ਰਸ਼ਨ ਕਰਦੈ-“ਕੋਈ ਠਹਿਰਾ ਹੈ ਜੋ ਲੋਗੋਂ ਕੇ ਮੁਕਾਬਿਲ ਤੋ ਬਤਾਉ, ਵੋਹ ਕਹਾਂ ਹੈਂ ਜਿਨਹੇਂ ਨਾਜ਼ ਬਹੁਤ ਅਪਨੇ ਤਈਂ ਥਾ?”
ਲੋਕ ਬਣਾਉਂਦੇ ਹਨ ਅਤੇ ਲੋਕ ਹੀ ਲਾਹੁੰਦੇ ਹਨ। ‘ਹਮਾਰੇ ਹਾਥੋਂ ਕੇ ਤਰਾਸ਼ੇ ਹੂਏ ਪੱਥਰ ਕੇ ਸਨਮ/ ਆਜ ਬੁੱਤਖਾਨੇ ਮੇਂ ਖ਼ੁਦਾ ਬਨੇ ਬੈਠੇ ਹੈਂ’। ਪਰ ਡੋਨਾਲਡ ਟਰੰਪ ਵਰਗੇ ਖ਼ੁਦਾ ਬਣਨ ਵਾਲਿਆਂ ਲਈ ਇਕ ਗੱਲ ਤਾਂ ਪੱਕੀ ਹੈ-“ਜਿਨ ਬੁੱਤੋਂ ਪੇ ਆ ਜਾਤੀ ਹੈ ਖ਼ੁਦਾਈ ਮਿਜ਼ਾਜ,ਹਮ ਨੇ ਦੇਖਾ ਹੈ ਕਿ ਵੋਹ ਬੁੱਤ ਤੋੜ ਦੀਏ ਜਾਤੇ ਹੈਂ।’’
-ਪ੍ਰੋ. ਜਸਵੰਤ ਸਿੰਘ ਗੰਡਮ
-ਮੋਬਾਈਲ : 98766-55055